੧੯੮੪ ਦਾ ਸਾਲ ਭਾਰਤੀ ਸਿਆਸਤ ਦੇ ਇਤਿਹਾਸ ਵਿੱਚ ਸ਼ਾਇਦ ਸਦੀਆਂ ਤੱਕ ਯਾਦ ਕੀਤਾ ਜਾਂਦਾ ਰਹੇਗਾ। ਇਸਦੇ ਸਿਆਸੀ ਰੰਗ ਅਨੋਖੇ ਹਨ, ਇਸਦੀ ਵਿਚਾਰਧਾਰਾ ਵਿੱਚ ਇੱਕ ਅਜਿਹੀ ਖਿੱਚ ਅਤੇ ਕਸ਼ਿਸ਼ ਹੈ ਕਿ ੧੯੮੪ ਦੇ ਵਰ੍ਹੇ ਦਾ ਕੋਈ ਲੱਖ ਵਿਰੋਧੀ ਜਾਂ ਦੁਸ਼ਮਣ ਹੋਵੇ ਉਸਦੀ ਜ਼ੁਬਾਨ ਵੀ ਕਦੇ ਨਾ ਕਦੇ ਸੱਚ ਬੋਲਣ ਦਾ ਜਿਗਰਾ ਕਰ ਹੀ ਲ਼ੈਂਦੀ ਹੈ। ੧੯੮੪ ਦੇ ਵਰ੍ਹੇ ਨੇ ਸਿੱਖਾਂ ਨੂੰ ਬਹੁਤ ਪੀੜ ਦਿੱਤੀ ਹੈ। ਸਿੱਖਾਂ ਨੇ ਇੱਕ ਕੌਮ ਦੇ ਤੌਰ ਤੇ ਉਸ ਵਰ੍ਹੇ ਦੌਰਾਨ ਬਹੁਤ ਸਰੀਰਕ ਅਤੇ ਮਾਨਸਿਕ ਕਸ਼ਟ ਝੱਲਿਆ ਹੈ। ਭਾਰਤੀ ਸਿਆਸਤ ਦੀ ਤੋਰ ਇਸ ਇੱਕੋਂ ਵਰ੍ਹੇ ਨੇ ਬਦਲ ਕੇ ਰੱਖ ਦਿੱਤੀ। ਜਿਵੇਂ ਸੰਸਾਰ ਦੇ ਸਿਆਸੀ ਇਤਿਹਾਸ ਨੂੰ ਫਰਾਂਸ ਅਤੇ ਰੂਸ ਦੇ ਇਨਕਲਾਬ ਤੋਂ ਬਿਨਾ ਸਮਝਿਆ ਨਹੀ ਜਾ ਸਕਦਾ ਇਸੇ ਤਰ੍ਹਾਂ ਭਾਰਤ ਦੇ ਸਿਆਸੀ ਇਤਿਹਾਸ ਨੂੰ ਵੀ ੧੯੮੪ ਤੋਂ ਬਿਨਾ ਸਮਝਿਆ ਨਹੀ ਜਾਵੇਗਾ। ਬੇਸ਼ੱਕ ਭਾਰਤੀ ਸਟੇਟ ਬਹੁਤ ਯਤਨ ਕਰ ਰਹੀ ਹੈ ਕਿ ੧੯੮੪ ਦੇ ਇਤਿਹਾਸ ਨੂੰ ਭਾਰਤੀ ਇਤਿਹਾਸ ਚੋਂ ਅਤੇ ਖਾਸ ਕਰਕੇ ਸਿੱਖ ਸਿਮਰਤੀ ਵਿੱਚੋਂ ਖਤਮ ਕਰ ਦਿੱਤਾ ਜਾਵੇ ਪਰ ੧੯੮੪ ਦਾ ਇਤਿਹਾਸ ਏਨਾ ਮੂੰਹਜੋਰ ਹੈ ਕਿ ਲੱਖਾਂ ਯਤਨਾਂ ਦੇ ਬਾਵਜੂਦ ਵੀ ਇਹ ਵਾਰ ਵਾਰ ਉਬਾਲੇ ਮਾਰਦਾ ਰਹਿੰਦਾ ਹੈ।
ਪੱਤਰਕਾਰ ਸੰਜੇ ਸੂਰੀ ਦੀ ੧੯੮੪ ਦੇ ਵਰ੍ਹੇ ਬਾਰੇ ਹੁਣੇ ਜਿਹੇ ਇੱਕ ਕਿਤਾਬ ਛਪਕੇ ਆਈ ਹੈ। ਸੰਜੇ ਸੂਰੀ ਨੇ ਉਸ ਕਿਤਾਬ ਵਿੱਚ ੬ ਜੂਨ ਵਾਲੇ ਦਿਨ ਦਾ ਜਿਕਰ ਕੀਤਾ ਹੈ। ਉਸਨੇ ਦੱਸਿਆ ਹੈ ਕਿ ਉਹ ੬ ਜੂਨ ਨੂੰ ਸੰਤ ਜਰਨੈਲ ਸਿੰਘ ਦੇ ਪਿੰਡ ਰੋਡੇ ਵਿਖੇ ਆਪਣੇ ਅਖਬਾਰ ਲਈ ਰਿਪੋਰਟ ਕਰਨ ਗਿਆ। ਅੱਤ ਦੀ ਗਰਮੀ ਵਿੱਚ ਉਹ ਅਜਿਹੇ ਵਿਅਕਤੀ ਦੇ ਪਿੰਡ ਜਾ ਰਿਹਾ ਸੀ ਜਿਸਨੂੰ ਭਾਰਤ ਸਰਕਾਰ ਨੇ ਸਭ ਤੋਂ ਖਤਰਨਾਕ ਐਲਾਨ ਦਿੱਤਾ ਹੋਇਆ ਸੀ। ਉਸਨੇ ਦੱਸਿਆ ਕਿ ਰੋਡੇ ਪਿੰਡ ਦਾ ਹਰ ਸਿੱਖ ਉਸਨੂੰ ਸਤਿਕਾਰ ਨਾਲ ਮਿਲਿਆ। ਗਰਮੀ ਵਿੱਚ ਤਪੇ ਹੋਏ ਨੂੰ ਉਸਨੂੰ ਇੱਕ ਸਿੱਖ ਨੌਜਵਾਨ ਨੇ ਆਪਣੇ ਸਾਇਕਲ ਪਿੱਛੇ ਬਿਠਾ ਕੇ ਸੰਤਾਂ ਦੇ ਘਰ ਛੱਡਿਆ। ਘਰ ਪਹੁੰਚਣ ਤੇ ਉਸ ਦੁਖਦਾਈ ਦਿਨ ਮੌਕੇ ਵੀ ਜੋ ਉਸਦੀ ਸੇਵਾ ਕੀਤੀ ਗਈ, ਉਸਨੂੰ ਲੱਗਰ ਪਾਣੀ ਛਕਾਇਆ ਗਿਆ ਅਤੇ ਪੂਰੇ ਆਦਰ ਮਾਣ ਨਾਲ ਉਸਨੂੰ ਜਾਣਕਾਰੀ ਦਿੱਤੀ ਗਈ।
ਸੰਜੇ ਸੂਰੀ ਲਿਖਦਾ ਹੈ ਕਿ ੬ ਜੂਨ ਨੂੰ ਜਿਸ ਕੌਮ ਦਾ ਵੰਡਾ ਬੰਦਾ ਸ੍ਰੀ ਹਰਿਮੰਦਰ ਸਾਹਿਬ ਵਿੱਚ ਸ਼ਹਾਦਤ ਪਾ ਗਿਆ ਹੋਵੇ ਉਹ ਕੌਮ ਅਤੇ ਖਾਸ ਕਰਕੇ ਉਸਦੇ ਪਿੰਡ ਵਾਸੀ ਏਨੇ ਸਹਿਜ ਨਾਲ ਉਸਦੀ ਸ਼ਹੀਦੀ ਨੂੰ ਝੱਲ ਜਾਣ ਕਿ ਕਿਤੇ ਕਿਸੇ ਇੱਕ ਵੀ ਹਿੰਦੂ ਤੇ ਹਮਲਾ ਨਾ ਹੋਵੇ, ਇਹ ਬਹੁਤ ਕਮਾਲ ਦੀ ਗੱਲ ਸੀ। ਸੂਰੀ ਆਖਦਾ ਹੈ ਕਿ ਇਹ ਰੌਂਗਟੇ ਖੜ੍ਹੇ ਕਰ ਦੇਣ ਵਾਲੀ ਘਟਨਾ ਅਖਬਾਰਾਂ ਵਿੱਚ ਆ ਰਹੀਆਂ ਸੰਤਾਂ ਅਤੇ ਸਿੱਖਾਂ ਬਾਰੇ ਖਬਰਾਂ ਤੋਂ ਬਿਲਕੁਲ ਹੀ ਉਲਟ ਸੀ। ਉਹ ਆਖਦਾ ਹੈ ਕਿ ਮੈਂ ਉਸ ਪਿੰਡ ਵਿੱਚ ਇਕੱਲਾ ਹਿੰਦੂ ਸੀ, ਉਨ੍ਹਾਂ ਲੋਕਾਂ ਦੀ ਸ਼ਕਲ ਵਰਗਾ ਹਿੰਦੂ ਜਿਨ੍ਹਾਂ ਨੇ ਸ੍ਰੀ ਦਰਬਾਰ ਸਾਹਿਬ ਤੇ ਹਮਲਾ ਕੀਤਾ ਸੀ ਪਰ ਰੋਡੇ ਪਿੰਡ ਵਿੱਚੋਂ ਕਿਸੇ ਇੱਕ ਵੀ ਸਿੱਖ ਨੇ ਮੇਰੇ ਵੱਲ ਉਂਗਲ ਚੁੱਕ ਕੇ ਨਹੀ ਦੇਖਿਆ ਬਲਕਿ ਮੈਨੂੰ ਸਤਿਕਾਰ ਨਾਲ ਪ੍ਰਸ਼ਾਦਾ ਪਾਣੀ ਛਕਾਇਆ ਗਿਆ। ਦੂਜੇ ਪਾਸੇ ੧੯੮੪ ਵਿੱਚ ਹੀ ਇੰਦਰਾ ਗਾਂਧੀ ਦੇ ਕਤਲ ਤੋਂ ਬਾਅਦ ੩ ਹਜਾਰ ਸਿੱਖਾਂ ਨੂੰ ਇਸੇ ਕਰਕੇ ਕਤਲ ਕਰ ਦਿੱਤਾ ਗਿਆ ਕਿ ਉਨ੍ਹਾਂ ਦੀ ਸ਼ਕਲ ਇੰਦਰਾ ਗਾਂਧੀ ਤੇ ਗੋਲੀਆਂ ਚਲਾਉਣ ਵਾਲਿਆਂ ਨਾਲ ਮਿਲਦੀ ਸੀ।
ਪੰਜਾਬ ਵਿੱਚ ੬ ਜੂਨ ਨੂੰ ਸੰਤਾਂ ਦੇ ਪਿੰਡ ਪਹੁੰਚੇ ਇੱਕ ਹਿੰਦੂ ਦਾ ਸਤਿਕਾਰ ਕੀਤਾ ਗਿਆ ਪਰ ਦਿੱਲੀ ਵਿੱਚ ਇੰਦਰਾ ਗਾਂਧੀ ਦੇ ਕਤਲ ਤੋਂ ਬਾਅਦ ੩ ਹਜਾਰ ਸਿੱਖਾਂ ਨੂੰ ਕਤਲ ਕਰ ਦਿੱਤਾ ਗਿਆ।
ਸਿੱਖਾਂ ਦੇ ਸਹਿਜ ਜੀਵਨ ਅਤੇ ਅੱਤ ਦੀਆਂ ਮਾੜੀਆਂ ਹਾਲਤਾਂ ਵਿੱਚ ਵੀ ਆਪਣੇ ਗੂਰੂ ਵੱਲੋਂ ਦਰਸਾਏ ਮਾਰਗ ਤੇ ਤੁਰਨ ਦੀ ਇਹ ਅਨੋਖੀ ਘਟਨਾ ਹੈ ਜੋ ਇੱਕ ਹਿੰਦੂ ਪੱਤਰਕਾਰ ਨੇ ਬਿਆਨ ਕੀਤੀ ਹੈ। ਬੇਸ਼ੱਕ ਇਸ ਸੱਚ ਦੇ ਬਾਹਰ ਆਉਣ ਤੱਕ ੩੧ ਸਾਲ ਬੀਤ ਗਏ ਹਨ ਪਰ ਇਸ ਸੱਚ ਦਾ ਦਗਦਾ ਚਾਨਣ ਅੱਜ ਵੀ ਉਨਾਂ ਹੀ ਪਰਤਾਪੀ ਹੈ ਜਿੰਨਾ ੩੧ ਵਰ੍ਹੇ ਪਹਿਲਾਂ ਸੀ। ਬੇਸ਼ੱਕ ਭਾਰਤ ਸਰਕਾਰ ੧੯੮੪ ਦੇ ਘਟਨਾਕ੍ਰਮ ਬਾਰੇ ਅੱਜ ਵੀ ਸੱਚ ਦੇ ਬਾਹਰ ਆਉਣ ਤੇ ਪਾਬੰਦੀਆਂ ਲਾ ਰਹੀ ਹੈ ਪਰ ਸੱਚ ਏਨਾ ਪਰਤਾਪੀ ਹੈ ਕਿ ਉਹ ਲੱਖਾਂ ਦੀਵਾਰਾਂ ਤੋਂ ਬਾਅਦ ਵੀ ਬਾਹਰ ਆ ਜਾਂਦਾ ਹੈ।
ਇਤਿਹਾਸ ਵਿੱਚ ਪੜ੍ਹਦੇ ਸੀ ਕਿ ਮੁਗਲ ਕਾਲ ਦੌਰਾਨ ਜਦੋਂ ਕਿਸੇ ਬਾਦਸ਼ਾਹ ਨੇ ਪੁਛਿਆ ਕਿ ਮੇਰੀ ਸਲਤਨਤ ਨੂੰ ਚੁਣੌਤੀ ਦੇਣ ਵਾਲੇ ਇਹ ਕੌਣ ਹਨ, ਤਾਂ ਦੱਸਣ ਵਾਲਾ ਘਿਰਣਾਂ ਨਾਲ ਆਖਦਾ ਹੈ ਕਿ ਇਹ ਸਗ(ਕੁਤੇ) ਹਨ ਜੋ ਜੰਗਲਾਂ ਵਿੱਚ ਘੋੜਿਆਂ ਦੀਆਂ ਕਾਠੀਆਂ ਤੇ ਰਹਿੰਦੇ ਹਨ, ਨਾਮ ਸਿਮਰਨ ਕਰਦੇ ਹਨ ਅਤੇ ਰਾਤ ਵੇਲੇ ਹਮਲਾ ਕਰਕੇ ਸਭ ਕੁਝ ਲ਼ੁੱਟ ਲੈ ਜਾਂਦੇ ਹਨ। ਫਿਰ ਉਹ ਆਖਦਾ ਹੈ ਕਿ ਇਨ੍ਹਾਂ ਨੂੰ ਸਗ ਨਾ ਆਖੋ ਇਹ ਤਾਂ ਸ਼ੇਰ ਹਨ। ਸੰਜੇ ਸੂਰੀ ਦੀ ਸੱਚ ਬਿਆਨੀ ਨੇ ਉਹ ਪੁਰਾਤਨ ਇਤਿਹਾਸ ਫਿਰ ਦੁਹਰਾ ਦਿੱਤਾ ਹੈ। ਜਦੋਂ ੧੦੦ ਸਾਲ ਬਾਅਦ ਭਾਰਤੀ ਸੂਹੀਆ ਏਜੰਸੀਆਂ ਦੇ ਰਿਕਾਰਡ ਜਨਤਕ ਹੋਣਗੇ ਉਦੋਂ ਤੱਕ ਸਿੱਖਾਂ ਦੇ ਉਚੇ ਕਿਰਦਾਰ ਬਾਰੇ ਪਤਾ ਨਹੀ ਕਿੰਨੀਆਂ ਕਹਾਣੀਆਂ ਬਾਹਰ ਆਉਣਗੀਆਂ। ਇਹੋ ਹੀ ਸਿੱਖ ਕਿਰਦਾਰ ਦੀ ਬੁਲੰਦੀ ਹੈ ਅਤੇ ਇਹੋ ਹੀ ਸਿੱਖ ਇਤਿਹਾਸ ਦਾ ਅਸਲ ਸੱਚ ਹੈ।