ਭਾਰਤ ਦੇ ਤਿੰਨ ਸੂਬਿਆਂ ਵਿੱਚ ਹਾਲ ਵਿੱਚ ਹੀ ਚੋਣਾਂ ਹੋ ਕੇ ਹਟੀਆਂ ਹਨ। ਇਨ੍ਹਾਂ ਤਿੰਨਾਂ ਰਾਜਾਂ ਦੇ ਚੋਣ ਨਤੀਜਿਆਂ ਨੇ ਭਾਰਤ ਦੇ ਸਿਆਸੀ ਦਰਸ਼ਕਾਂ ਨੂੰ ਕਾਫੀ ਹੈਰਾਨ ਕਰ ਦਿੱਤਾ ਹੈ। ਭਾਰਤੀ ਜਨਤਾ ਪਾਰਟੀ ਅਤੇ ਇਸਦੀਆਂ ਸਹਿਯੋਗੀ ਜਥੇਬੰਦੀਆਂ ਨੇ ਤਿੰਨੇ ਰਾਜਾਂ ਦੀਆਂ ਵਿਧਾਨ ਸਭਾਵਾਂ ਤੇ ਆਪਣਾਂ ਅਧਿਕਾਰ ਜਮਾ ਲਿਆ ਹੈ। ਤ੍ਰਿਪੁਰਾ, ਨਾਗਾਲ਼ੈਂਡ ਅਤੇ ਮੇਘਾਲਿਆ ਵਿੱਚ ਭਾਰਤੀ ਜਨਤਾ ਪਾਰਟੀ ਨੇ ਆਪਣੇ ਸਹਿਯੋਗੀਆਂ ਨਾਲ ਸਰਕਾਰ ਬਣਾ ਲਈ ਹੈ। ਮੇਘਾਲਿਆ, ਜਿੱਥੇ ਕਾਂਗਰਸ ਸਭ ਤੋਂ ਵੱਡੀ ਪਾਰਟੀ ਦੇ ਤੌਰ ਤੇ ਉਭਰੀ ਸੀ ਵਿੱਚ ਵੀ ਭਾਜਪਾ ਨੇ ਸਿਆਸੀ ਤਿੜਕਮਬਾਜ਼ੀ ਨਾਲ ਸਰਕਾਰ ਬਣਾ ਲਈ ਹੈ। ਤ੍ਰਿਪੁਰਾ ਵਿੱਚ ਖੱਬੇਪੱਖੀਆਂ ਦੇ ੨੫ ਸਾਲਾਂ ਦੇ ਰਾਜ ਨੂੰ ਭਾਜਪਾ ਦੇ ਭਗਵੇਂ ਰੰਗ ਦੀ ਸਿਆਸੀ ਰੰਗਤ ਨੇ ਫਿੱਕਾ ਪਾ ਦਿੱਤਾ ਹੈ।

ਇਨ੍ਹਾਂ ਤਿੰਨੇ ਰਾਜਾਂ ਦੀਆਂ ਚੋਣਾਂ ਦੇ ਨਤੀਜੇ ਆਉਣ ਦੇ ਨਾਲ ਹੀ ਭਗਵਾਂ ਰੰਗ ਦੀ ਰਾਜਨੀਤੀ ਕਰ ਰਹੇ ਸਿਆਸਤਦਾਨਾਂ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ ਹੈ ਅਤੇ ਉਨ੍ਹਾਂ ਨੇ ਅਸਿੱਧੇ ਤੌਰ ਤੇ ਆਪਣੇ ਪੈਰੋਕਾਰਾਂ ਨੂੰ, ਜੋ ਕੁਝ ਵੀ ਉਹ ਕਰਨਾ ਚਾਹੁੰਣ, ਕਰਨ ਦੇ ਇਸ਼ਾਰੇ ਦੇ ਦਿੱਤੇ ਹਨ। ਆਪਣੀ ਲੀਡਰਸ਼ਿੱਪ ਦੇ ਇਸ਼ਾਰਿਆਂ ਨੂੰ ਸਮਝਦੇ ਹੋਏ ਭਗਵਾਂ ਬ੍ਰਿਗੇਡ ਦੇ ਕਾਰਕੰਨਾ ਨੇ ਤ੍ਰਿਪੁਰਾ ਵਿੱਚ ਲੱਗੀ ਮਾਰਕਸੀ ਚਿੰਤਕ, ਲੈਨਿਨ ਦੀ ਮੂਰਤੀ ਨੂੰ ਬਿਲਕੁਲ ਉਸੇ ਤਰ੍ਹਾਂ ਡੇਗ ਦਿੱਤਾ ਹੈ ਜਿਵੇਂ, ਇਰਾਕ ਦੀ ਰਾਜਧਾਨੀ ਬਗਦਾਦ ਤੇ ਕਬਜਾ ਕਰਦਿਆਂ ਅਮਰੀਕੀ ਫੌਜ ਦੇ ਹਮਾਇਤੀਆਂ ਨੇ, ਸਦਾਮ ਹੁਸੈਨ ਦੀ ਮੂਰਤੀ ਨੂੰ ਡੇਗ ਦਿੱਤਾ ਸੀ। ਭਾਜਪਾ ਦੇ ਹਮਾਇਤੀਆਂ ਨੇ, ਲੈਨਿਨ ਦੀ ਮੂਰਤੀ ਨੂੰ ਡੇਗ ਕੇ ਇਹ ਸੰਦੇਸ਼ ਦੇ ਦਿੱਤਾ ਹੈ ਕਿ,ਭਗਵਾਂ ਰਾਜ ਅਧੀਨ ਕਿਸੇ ਵੀ ਵੱਖਰੇ ਵਿਚਾਰਾਂ ਵਾਲੇ ਨੂੰ ਬਰਦਾਸ਼ਤ ਨਹੀ ਕੀਤਾ ਜਾਵੇਗਾ। ਉਨ੍ਹਾਂ ਨੇ ਇਹ ਸੰਦੇਸ਼ ਵੀ ਦੇ ਦਿੱਤਾ ਹੈ ਕਿ, ਹਿੰਦੂਵਾਦ ਤੋਂ ਵੱਖਰੀ ਵਿਚਾਰਧਾਰਾ ਰੱਖਣ ਵਾਲੇ ਹਰ ਧਰਮ, ਫਿਰਕੇ ਅਤੇ ਵਿਚਾਰਧਾਰਾ ਨੂੰ ਸਰਕਾਰੀ ਮਸ਼ੀਨਰੀ ਦੀ ਮਦਦ ਨਾਲ ਤਬਾਹ ਕਰ ਦਿੱਤਾ ਜਾਵੇਗਾ।

ਭਾਜਪਾ ਦੇ ਪ੍ਰਧਾਨ, ਅਮਿਤ ਸ਼ਾਹ ਨੇ ਆਪਣੇ ਤਾਜ਼ਾ ਭਾਸ਼ਣ ਵਿੱਚ ਆਖਿਆ ਹੈ ਕਿ, ਭਾਜਪਾ ਦੇ ਸੁਨਹਿਰੀ ਦਿਨ ਹਾਲੇ ਆਉਣੇ ਬਾਕੀ ਹਨ। ਇਸਦਾ ਸਪਸ਼ਟ ਮਤਲਬ ਹੈ ਕਿ ਭਾਜਪਾ ਆਪਣੇ ਮਨ ਵਿੱਚ, ਸਮੁੱਚੀ ਵਿਰੋਧੀ ਧਿਰ ਨੂੰ ਖਤਮ ਕਰਕੇ, ਦੇਸ਼ ਦੀਆਂ ਸਾਰੀਆਂ ਲੋਕ ਸਭ ਸੀਟਾਂ। ਸਾਰੇ ਭਾਰਤ ਦੀਆਂ ਸਾਰੀਆਂ ਵਿਧਾਨ ਸਭਾ ਸੀਟਾਂ ਅਤੇ ਸਾਰੇ ਦੇਸ਼ ਦੀਆਂ ਸਾਰੀਆਂ ਕੌਂਸਲ ਅਤੇ ਪੰਚਾਇਤੀ ਸੀਟਾਂ ਨੂੰ ਆਪਣੇ ਅਧੀਨ ਕਰਨ ਦਾ ਸੁਪਨਾ ਸਮੋਈ ਬੈਠੀ ਹੈ। ਕਿਸੇ ਸਿਆਸੀ ਪਾਰਟੀ ਲਈ ਇਹ ਸੁਪਨਾ ਕੋਈ ਬੁਰੀ ਗੱਲ ਨਹੀ ਹੁੰਦਾ। ਕਿਉਂਕਿ ਹਰ ਸਿਆਸੀ ਪਾਰਟੀ ਚਾਹੁੰਦੀ ਹੈ ਕਿ ਉਸਦੀ ਵਿਚਾਰਧਾਰਾ ਪੂਰੇ ਦੇਸ਼ ਵਿੱਚ ਫੈਲੇ।ਪਰ ਇਸ ਵਿਚਾਰਧਾਰਕ ਵਾਧੇ ਲਈ ਹਰ ਪਾਰਟੀ ਜਮਹੂਰੀ ਢੰਗ ਤਰੀਕੇ ਅਪਨਾਉਂਦੀ ਹੈ। ਕਦੇ ਗੁਰੂਘਰਾਂ ਨੂੰ ਤਬਾਹ ਕਰ ਦੇਣਾਂ, ਕਦੇ ਮਸਜਿਦ ਨੂੰ ਤਬਾਹ ਕਰ ਦੇਣਾਂ ਅਤੇ ਕਦੇ ਲੈਨਿਨ ਦੀ ਮੂਰਤੀ ਨੂੰ ਤਬਾਹ ਕਰ ਦੇਣਾਂ, ਇਹ ਕਿਸੇ ਜਮਹੂਰੀ ਪਾਰਟੀ ਦੇ ਲੱਛਣ ਨਹੀ ਹਨ। ਭਾਰਤ ਦੇ ਵਿਕਾਸ ਦਾ ਨਾਅਰਾ ਦੇਣ ਵਾਲੇ ਨਰਿੰਦਰ ਮੋਦੀ ਦਾ ਹਾਲੀਆ ਜੇਤੂ ਭਾਸ਼ਣ ਇਹ ਗੱਲ ਸਪਸ਼ਟ ਕਰਦਾ ਹੈ ਕਿ ਉਸਦੇ ਮਨ ਵਿੱਚ ਕੀ ਪਿਆ ਹੈ। ਆਉਣ ਵਾਲੇ ਮਹੀਨੇ, ਉਨ੍ਹਾਂ ਚੰਗਾ ਸੋਚਣ ਵਾਲੀਆਂ ਰੂਹਾਂ ਲਈ ਔਖੇ ਹੋ ਸਕਦੇ ਹਨ ਜੋ ਭਾਰਤ ਦੇ ਬਹੁ-ਕੌਮੀ ਸਰੂਪ ਨੂੰ ਬਰਕਰਾਰ ਰੱਖਣਾਂ ਚਾਹੁੰਦੇ ਹਨ।

ਇਸੇ ਨਾਲ ਹੀ ਭਾਰਤ ਦੀ ਬਦਲ ਰਹੀ ਸਿਆਸੀ ਤਸਵੀਰ ਦੇਸ਼ ਦੀ ਉਸ ਸਿਵਲ ਸੁਸਾਇਟੀ ਲਈ ਵੀ ਚੁਣੌਤੀ ਬਣਕੇ ਉਭਰ ਰਹੀ ਹੈ ਜੋ ਸਿੱਖਾਂ ਖਿਲਾਫ ਹਰ ਛੋਟੀ ਜਿਹੀ ਗੱਲ ਤੇ ਅੱਗ ਬਬੂਲਾ ਹੋ ਜਾਂਦੀ ਹੈ ਅਤੇ ਹੁਣ ਹਿੰਦੂ ਸ਼ਾਵਨਵਾਦ ਨੂੰ ਮੂਕ ਦਰਸ਼ਕ ਬਣਕੇ ਦੇਖ ਰਹੀ ਹੈ।

ਇਸ ਵੇਲੇ ਵੱਡੀ ਚੁਣੌਤੀ ਚੰਗਾ ਸੋਚਣ ਵਾਲੀ ਸਿਵਲ ਸੁਸਾਇਟੀ ਅਤੇ ਵਿਰੋਧੀ ਪਾਰਟੀਆਂ ਸਿਰ ਆਉਂਦੀ ਹੈ। ਜੇ ਭਾਜਪਾ ਵਿਰੋਧੀ ਧਿਰਾਂ ਇੱਕਜੁੱਟ ਨਾ ਹੋਈਆਂ ਅਤੇ ਜੇ ਉਹ ਇੱਕ ਇੱਕ ਸੀਟ ਲਈ ਕੁੱਕੜਖੇਹ ਉਡਾਉਂਦੀਆਂ ਰਹੀਆਂ ਤਾਂ ਦੇਸ਼ ਵਿੱਚ ਅਗਲੇ ਸਾਲ ਮਚਣ ਵਾਲੇ ਘਮਸਾਣ ਨੂੰ ਕੋਈ ਨਹੀ ਰੋਕ ਸਕੇਗਾ। ਜਿਹੜੇ ਲੈਨਿਨ ਦੀ ਮੂਰਤੀ ਨੂੰ ਡੇਗਣ ਦੀ ਸ਼ਰੇਆਮ ਹਮਾਇਤ ਕਰ ਰਹੇ ਹਨ ਉਹ ਇਸੇ ਬੇਸ਼ਰਮੀ ਨਾਲ ਹੀ ਸਿੱਖਾਂ ਅਤੇ ਹੋਰ ਘੱਟ ਗਿਣਤੀਆਂ ਦੇ ਕਤਲੇਆਮ ਦੀ ਵੀ ਹਮਾਇਤ ਕਰਨਗੇ। ਮੀਡੀਆ ਉਨ੍ਹਾਂ ਦਾ ਆਪਣਾਂ ਹੈ। ਚੀਫ ਜਸਟਿਸ ਉਨ੍ਹਾਂ ਦਾ ਆਪਣਾਂ ਹੈ। ਚੋਣ ਕਮਿਸ਼ਨ ਉਨ੍ਹਾਂ ਦਾ ਆਪਣਾਂ ਹੈ।

ਸੋ, ਅਗਲੇ ਸਾਲ ਹੋਣ ਵਾਲੇ ਕਤਲੇਆਮਾਂ ਤੋਂ ਬਚਣ ਲਈ ਹਿੰਦੂ ਫਿਰਕਪ੍ਰਸਤੀ ਦੀ ਇਸ ਹਨੇਰੀ ਨੂੰ ਹੁਣ ਹੀ ਡੱਕਣ ਦੇ ਯਤਨ ਸ਼ੁਰੂ ਹੋਣੇ ਚਾਹੀਦੇ ਹਨ।