ਭਾਰਤ ਦੇ ਅਜਾਦੀ ਦਿਵਸ ਪੰਦਰਾਂ ਅਗਸਤ 1947 ਨੂੰ ਇਤਿਹਾਸਕ ਮੁਕਾਮ ਸਮਝਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰਾਮ ਮੰਦਰ ਦੀ ਉਸਾਰੀ ਦਾ ਦਿਨ 5 ਅਗਸਤ 2020 ਨੂੰ ਇਤਿਹਾਸਕ ਪੱਖ ਤੋਂ ਜੋੜ ਕੇ ਆਪਣੇ ਭਾਸ਼ਣ ਵਿੱਚ ਇਸ ਦਿਨ ਨੂੰ ਵੀ ਇਤਿਹਾਸਕ ਐਲਾਨਿਆ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਮੁਤਾਬਕ ਰਾਮ ਮੰਦਰ ਦੀ ਉਸਾਰੀ ਵਾਲਾ ਦਿਨ ਵੀ ਭਾਰਤ ਦੇ ਇਤਿਹਾਸ ਵਿੱਚ ਉਨਾਂ ਹੀ ਇਤਿਹਾਸਕ ਹੈ ਜਿੰਨਾਂ ਭਾਰਤ ਦੀ ਅਜਾਦੀ ਵਾਲਾ ਦਿਨ। ਪ੍ਰਧਾਨ ਮੰਤਰੀ ਮੋਦੀ ਮੁਤਾਬਕ ਉਨਾਂ ਵੱਲੋਂ ਦਿੱਤੇ ਭਾਸ਼ਣ ਅਨੁਸਾਰ ਰਾਮ ਮੰਦਰ ਦੀ ਉਸਾਰੀ ਭਾਰਤ ਦੀ ਹੋਂਦ ਦਾ ਉਸੇ ਤਰਾਂ ਹੀ ਇੱਕ ਪ੍ਰਤੀਕ ਹੈ ਜਿਸ ਤਰਾਂ ਭਾਰਤ ਦੀ ਅਜਾਦੀ ਵਾਲੇ ਦਿਨ ਤਿਰੰਗਾ ਲਹਿਰਾਇਆ ਗਿਆ ਸੀ। ਉਨਾਂ ਦੇ ਕਹਿਣ ਅਨੁਸਾਰ ਰਾਮ ਮੰਦਰ ਦੀ ਉਸਾਰੀ ਵਾਲਾ ਨਿਰਮਾਣ ਚਿੰਨ ਸਦੀਆਂ ਤੋਂ ਦਬੇ-ਕੁਚਲੇ ਹਿੰਦੂ ਧਰਮ ਤੇ ਰਾਸਟਰਵਾਦ ਦੀ ਅਜਾਦੀ ਦਾ ਦਿਨ ਹੈ। ਜਿਸ ਤਰਾਂ 15 ਅਗਸਤ ਦੀ ਮਹੱਤਤਾ ਸਾਲਾਂ ਤੋਂ ਭਾਰਤੀ ਲੋਕਾਂ ਦੇ ਗੁਲਾਮੀ ਵਾਲੇ ਦਿਨਾਂ ਤੋਂ ਮੁਕਤ ਹੋ ਕੇ ਅਜਾਦੀ ਵਾਲਾ ਦਿਨ ਹੈ ਉਸੇ ਤਰਾਂ ਦੀ ਮਹੱਤਤਾ ਇਸ ਉਸਾਰੀ ਵਾਲੇ ਦਿਨ ਦੀ ਵੀ ਹੈ। ਰਾਮ ਮੰਦਰ ਦੀ ਉਸਾਰੀ ਦੇ ਦਿਨ ਦੀ ਤੁਲਨਾ ਅਜਾਦੀ ਦਿਵਸ ਨਾਲ ਕਰਕੇ ਪ੍ਰਧਾਨ ਮੰਤਰੀ ਮੋਦੀ ਨੇ ਭਾਰਤ ਅੰਦਰ ਬਹੁ-ਗਿਣਤੀ ਦੀ ਭਾਵਨਾ ਅਨੁਸਾਰ ਭਾਰਤ ਦਾ ਨਿਰਮਾਣ ਕਰਨ ਦਾ ਦਾਅਵਾ ਕੀਤਾ ਹੈ ਅਤੇ ਦੂਜੀਆਂ ਘੱਟ ਗਿਣਤੀ ਕੌਮਾਂ ਨੂੰ ਇਸ ਪ੍ਰਤੀ ਸਤਿਕਾਰ ਤੇ ਸਦਭਾਵਨਾ ਰੱਖਣ ਲਈ ਪ੍ਰਰਿਤ ਕੀਤਾ ਹੈ। ਰਾਮ ਮੰਦਰ ਦੀ ਉਸਾਰੀ ਦਾ ਚਿੰਨ ਇਹ ਵੀ ਸਾਬਿਤ ਕਰਦਾ ਹੈ ਕਿ ਭਾਰਤ ਅੰਦਰ ਬਹੁ-ਗਿਣਤੀ ਸਰਕਾਰ ਦੇ ਨਾਲ-ਨਾਲ ਹਿੰਦੂ ਧਰਮ ਦੇ ਨਿਸ਼ਾਨ ਚਿੰਨ ਤੇ ਪਛਾਣ ਦਾ ਵੀ ਪ੍ਰਤੀਕ ਹੈ ਤੇ ਇਸ ਨਾਲ ਹਿੰਦੂ ਰਾਸ਼ਟਰਵਾਦ ਦੀ ਸਰਕਾਰ ਹੋਣ ਦਾ ਵੀ ਪ੍ਰਤੱਖ ਨਿਸ਼ਾਨ ਹੈ ਜਿਸ ਨਾਲ ਇਹ ਸਾਬਿਤ ਹੁੰਦਾ ਹੈ ਕਿ ਭਾਰਤ ਅੰਦਰ ਹਿੰਦੂ ਰਾਸ਼ਟਰਵਾਦ ਪ੍ਰਬਲ ਹੋ ਗਿਆ ਹੈ। ਇਸ ਨਿਸ਼ਾਨਦੇਹੀ ਨੇ ਭਾਰਤ ਦੀ ਸਿਆਸਤ ਅੰਦਰ ਭਾਰਤੀ ਜਨਤਾ ਪਾਰਟੀ ਦੀ ਪੂਰਨ ਪਕੜ ਨੂੰ ਵੀ ਸਾਬਿਤ ਕੀਤਾ ਹੈ ਜਿਸ ਰਾਹੀਂ ਦੂਸਰੀਆਂ ਵਿਰੋਧੀ ਧਿਰਾਂ ਨੂੰ ਪੂਰੀ ਤਰਾਂ ਸਿਆਸਤ ਤੋਂ ਵੱਖ ਕਰਕੇ ਖਾਮੋਸ਼ ਕਰ ਦਿੱਤਾ ਹੈ। ਕਿਉਂ ਕਿ ਵਿਰੋਧੀ ਧਿਰਾਂ ਹਿੰਦੂ ਭਾਵਨਾਵਾਂ ਦੇ ਸੰਵੇਦਨਸ਼ੀਲ ਮੁੱਦੇ ਤੇ ਕਿਸੇ ਤਰਾਂ ਦੀ ਪ੍ਰਤੀਕਰਮ ਕਰਨ ਤੋਂ ਅਸਮਰਥ ਰਹੀਆਂ ਹਨ। ਇਸ ਯੁੱਗ ਦੀ ਅਰੰਭਤਾ ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨਹਿਰੂਵਾਦ ਦੀ ਸਿਆਸਤ ਨੂੰ ਪੂਰੀ ਤਰਾਂ ਵਰਿਆਮ ਲਾ ਕੇ ਰਾਸ਼ਟਰਵਾਦ ਦੀ ਮਜਬੂਤ ਸਿਆਸਤ ਵਿੱਚ ਬਦਲ ਦਿੱਤਾ ਹੈ। ਇਸ ਨੲਲ ਵਿਰੋਧੀ ਧਿਰਾਂ ਖਾਸ ਕਰਕੇ ਕਾਂਗਰਸ ਪਾਰਟੀ ਨੂੰ ਜੋ ਆਪ ਕਦੇ ਧਰਮ ਦੀ ਸਿਆਸਤ ਕਰਿਆ ਕਰਦਾ ਸੀ (ਭਾਵੇਂ ਜਨਤਕ ਤੌਰ ਤੇ ਧਰਮ ਨਿਰਪੱਖ ਘੋਸਿਤ ਕਰਦਾ ਸੀ) ਨੂੰ ਲੰਮੀ ਖਾਮੋਸ਼ੀ ਵਿੱਚ ਧਕੇਲ ਦਿੱਤਾ ਹੈ ਜਿੱਥੇ ਉਨਾਂ ਨੂੰ ਸਿਰਫ ਨਮੋਸ਼ੀ ਦਾ ਹੀ ਸਾਹਮਣਾ ਕਰਨਾ ਪੈ ਰਿਹਾ ਹੈ। ਕਾਂਗਰਸ ਪਾਰਟੀ ਨੂੰ ਅਤੇ ਵਿਰੋਧੀ ਧਿਰਾਂ ਨੂੰ ਕੋਈ ਰਾਹ ਨਹੀਂ ਲੱਭ ਰਿਹਾ ਕਿ ਉਹ ਕਦੋਂ ਤੇ ਕਿਸ ਤਰਾਂ ਆਪਣੀ ਹੋਂਦ ਨੂੰ ਬਰਕਾਰ ਰੱਖਣ ਲਈ ਸਿਆਸੀ ਤੌਰ ਤੇ ਕੁਝ ਘੋਸ਼ਿਤ ਕਰਨ। ਅੱਜ ਸੰਸਾਰ ਅੰਦਰ ਭਾਰਤੀ ਦੀ ਸਿਆਸਤ ਵਾਂਗ ਧਰਮ ਅਤੇ ਰਾਸਟਰਵਾਦ ਦੀ ਸਿਆਸਤ ਦਾ ਬੋਲਬਾਲਾ ਹੈ ਜਿਸ ਰਾਹੀਂ ਦੇਸ਼ਾਂ ਦੇ ਸ਼ਾਸਕ ਆਪਣੀ ਰਾਸਟਰਵਾਦੀ ਸੋਚ ਤੇ ਧਰਮ ਦੇ ਅਧਾਰ ਤੇ ਆਪਣੀ ਰਾਜਨੀਤਕ ਸੱਤਾ ਨੂੰ ਬਰਕਰਾਰ ਰੱਖਣਾ ਚਾਹੁੰਦੇ ਹਨ। ਇਸ ਬਾਰੇ ਮੁੱਖ ਉਦਾਹਰਣ ਅਮਰੀਕਾ ਦੇ ਰਾਸਟਰਪਤੀ ਦੀ ਵੀ ਹੈ ਤੇ ਰਸ਼ੀਆ ਦੇ ਸ਼ਾਸਕ ਦੀ ਵੀ ਹੈ। ਇਸ ਤੋਂ ਵੀ ਮਜਬੂਤ ਉਦਾਹਰਣ ਤੁਰਕੀ ਦੇ ਮੌਜੂਦਾ ਰਾਸ਼ਟਰਪਤੀ ਅਰੋਧੋਗਨ ਦੀ ਹੈ ਜਿਸ ਨੇ ਆਪਣੇ 17 ਸਾਲ ਦੇ ਰਾਜ ਨੂੰ ਹੋਰ ਮਜਬੂਤ ਕਰਨ ਲਈ ਇੱਕ ਪੁਰਾਤਨ ਗਿਰਜਾ ਘਰ ਜੋ ਹੁਣ ਅਜਾਇਬ ਘਰ ਸੀ, ਨੂੰ ਮਸਜਿਸ ਵਿੱਚ ਤਬਦੀਲ ਕਰ ਦਿੱਤਾ ਹੈ। ਇਸੇ ਤਰਾਂ ਇੰਨਾ ਕਦਮਾਂ ਤੇ ਚੱਲਦਿਆਂ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹਿੰਦੂ ਭਾਵਨਾਵਾਂ ਨੂੰ ਵਰਗਲਾ ਕੇ ਮਸਜਿਦ ਦੀ ਥਾਂ ਤੇ ਮੰਦਰ ਦੀ ਉਸਾਰੀ ਕਰਵਾ ਦਿੱਤੀ ਤਾਂ ਕਿ ਰਾਸਟਰਵਾਦ ਦੀ ਭਾਵਨਾ ਨੂੰ ਭਾਰਤ ਅੰਦਰ ਹੁਲਾਰਾ ਮਿਲ ਸਕੇ। ਇੱਕ ਪਾਸੇ 5 ਅਗਸਤ 2020 ਨੂੰ ਭਾਰਤ ਦੇ ਅਧੁਨਿਕ ਵਿਕਾਸ ਤੇ ਹਿੰਦੂ ਰਾਸ਼ਟਰ ਹੋਣ ਦਾ ਪ੍ਰਤੀਕ ਮੰਨਿਆ ਜਾ ਰਿਹਾ ਹੈ ਦੂਜੇ ਪਾਸੇ ਭਾਰਤ ਦੇ ਹੀ ਇੱਕ ਸੂਬੇ ਕਸ਼ਮੀਰ ਵਿੱਚ ਇਸੇ 5 ਅਗਸਤ ਦੇ ਦਿਨ 2019 ਨੂੰ ਇੱਕ ਗਹਿਰੀ ਖਾਮੋਸ਼ੀ ਮਿਲੀ ਸੀ। ਜਿਸ ਨੂੰ ਮੋਦੀ ਸਰਕਾਰ ਆਪਣੀ ਵੱਡੀ ਪ੍ਰਾਪਤੀ ਦੱਸ ਰਹੀ ਹੈ। ਉੱਥੇ ਕਬਰਾਂ ਵਰਗੀ ਚੁੱਪ ਵਿੱਚ ਹਜ਼ਾਰਾਂ ਕਸ਼ਮੀਰੀਆਂ ਤੇ ਸਿਆਸੀ ਲੀਡਰਾਂ ਨੂੰ ਕੈਦ ਕਰਕੇ ਫੌਜੀ ਬਲਾਂ ਦੇ ਸਹਿਯੋਗ ਨਾਲ ਵੱਡੀ ਪ੍ਰਾਪਤੀ ਤੇ ਜਿੱਤ ਦਰਸਾਈ ਜਾ ਰਹੀ ਹੈ। ਇਸੇ ਤਰਾਂ ਭਾਰਤ ਦੇ ਮੁਸਲਮਾਨਾਂ ਤੋਂ ਨਾਸਰਿਕਤਾ ਦਾ ਹੱਕ ਵੀ ਇੱਕ ਸੋਧ ਬਿੱਲ ਰਾਹੀਂ ਖੋਹ ਲਿਆ ਹੈ ਤੇ ਉਨਾਂ ਨੂੰ ਖਾਮੋਸ਼ ਕਰ ਦਿੱਤਾ ਹੈ। ਭਾਰਤ ਦੀ ਇਸ ਸਰਕਾਰ ਅਧੀਨ ਕੋਵਿਡ ਦੀ ਭਿਅੰਕਰ ਮਾਰ ਸਦਕਾ ਅਰਥ ਵਿਵਸਥਾ ਦਿਨੋ ਦਿਨ ਲੜਖੜਾ ਰਹੀ ਹੈ ਤੇ 100 ਮਿਲੀਅਨ ਤੋਂ ਵੱਧ ਲੋਕ ਬੇਰੁਜ਼ਗਾਰ ਹੋ ਚੁੱਕੇ ਹਨ ਜਿਸ ਨਾਲ ਸਧਾਰਨ ਇਨਸਾਨ ਦੋ ਵਕਤ ਦੀ ਰੋਟੀ ਦੀ ਘੁੰਮਣਘੇਰੀ ਵਿੱਚ ਗੁਆਚ ਚੁੱਕਿਆ ਹੈ। ਇਹ ਸਾਰੇ ਮੁੱਦੇ ਰਾਮ ਮੰਦਰ ਦੀ ਨੀਂਹ ਦੀ ਉਸਾਰੀ ਵਿੱਚ ਦਫਲਾਏ ਜਾ ਰਹੇ ਹਨ। ਇਸ ਰਾਮ ਮੰਦਰ ਦੇ ਨਿਰਮਾਣ ਨਾਲ ਭਾਰਤੀ ਜਨਤਾ ਪਾਰਟੀ ਨੇ ਸਦੀਆਂ ਤੋਂ ਦਬੀਆਂ ਹੋਈਆਂ ਹਿੰਦੂ ਭਾਵਨਾਵਾਂ ਨੂੰ ਅਜਾਦੀ ਦੀ ਦਿਸ਼ਾ ਦਿਖਾ ਭਾਰਤ ਅੰਦਰ ਹਿੰਦੂ ਰਾਸ਼ਟਰ ਦੀ ਪੱਕੇ ਪੈਰੀਂ ਨੀਂਹ ਦਾ ਵੀ ਨਿਰਮਾਣ ਕਰ ਦਿੱਤਾ ਹੈ।