ਸਾਹਿਬ ਸ੍ਰੀ ਗੁਰੂ ਗਰੰਥ ਸਾਹਿਬ ਜੀ ਦੀ ਬੇਅਦਬੀ ਦੇ ਮਾਮਲੇ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗੁਰਬਚਨ ਸਿੰਘ ਅਤੇ ਅਕਾਲੀ ਦਲ ਦੀ ਲੀਡਰਸ਼ਿੱਪ ਦਾ ਨੰਗ ਸਾਹਮਣੇ ਆ ਜਾਣ ਤੋਂ ਬਾਅਦ ਹੁਣ ਅਕਾਲੀ ਦਲ ਨੇ ਨੁਕਸਾਨ ਦੀ ਭਰਪਾਈ ਵਾਲੀ ਮੁਹਿੰਮ ਵਿੱਢ ਦਿੱਤੀ ਹੈ। ਇੱਕ ਪਾਸੇ ‘ਬਜ਼ੁਰਗ’ ਸਿਆਸਤਦਾਨ ਹਾਲੇ ਵੀ ਆਪਣੀ ਅੜੀ ਤੇ ਕਾਇਮ ਹੈ ਅਤੇ ਨੱਕ ਤੇ ਮੱਖੀ ਨਹੀ ਬਹਿਣ ਦੇ ਰਿਹਾ ਪਰ ਦੂਜੇ ਪਾਸੇ ਆਪਣੀਆਂ ਗਲਤੀਆਂ ਕਾਰਨ ਕੰਬ ਰਹੇ ਅੰਦਰ ਨੂੰ ਕੋਈ ਠੁੰਮਣਾਂ ਦੇਣ ਲਈ ਅਕਾਲੀ ਦਲ ਨੇ ਕੋਸ਼ਿਸ਼ਾਂ ਤੇਜ਼ ਕਰ ਦਿੱਤੀਆਂ ਹਨ।
ਟਕਸਾਲੀ ਕਹੇ ਜਾਂਦੇ ਅਕਾਲੀਆਂ ਵੱਲ਼ੋਂ ਅਕਾਲੀ ਦਲ ਦੀ ਲੀਡਰਸ਼ਿੱਪ ਖਿਲਾਫ ਕੱਢੇ ਗਏ ਜਾਂ ਜਾਣਬੁੱਝ ਕੇ ਕਢਵਾਏ ਗਏ ਗੁੱਸੇ ਕਾਰਨ ਹੁਣ ‘ਟਕਸਾਲੀ’ ਅਕਾਲੀਆਂ ਦੀਆਂ ਮੀਟਿੰਗਾਂ ਹੋਣ ਦੇ ਚਰਚੇ ਹਨ ਜੋ ਕਿ ਇੱਕ ਹਫਤੇ ਤੋਂ ਵੱਧ ਸਰਗਰਮ ਰਹਿਣ ਦੀ ਉਮੀਦ ਨਹੀ ਹੈ। ਟਕਸਾਲੀ ਕਹੇ ਜਾਂਦੇ ਅਕਾਲੀਆਂ ਦੇ ਗੁੱਸੇ ਨੂੰ ਠੰਢਾ ਕਰਨ ਲਈ ਜਾਂ ਉਨ੍ਹਾਂ ਨੂੰ ਇਹ ਧਰਵਾਸ ਦੇਣ ਲਈ ਕਿ ਹਾਲੇ ਵੀ ਪਾਰਟੀ ਵਿੱਚ ਤੁਹਾਡੀ ਕੋਈ ਪੁੱਛ-ਪਰਤੀਤ ਹੈਗੀ ਆ ਉਨ੍ਹਾਂ ਤੋਂ ਸਲਾਹਾਂ ਲਈਆਂ ਜਾ ਰਹੀਆਂ ਹਨ।
ਟਕਸਾਲੀ ਕਹੇ ਜਾਂਦੇ ਅਕਾਲੀ ਸਭ ਕੁਝ ਦੇ ਬਾਵਜੂਦ ਹਾਲੇ ਵੀ ਅਸਲ ਮੁੱਦੇ ਵੱਲ ਨਹੀ ਆ ਰਹੇ ਕਿਉਂਕਿ ਇਸ ਹਮਾਮ ਵਿੱਚ ਸਾਰੇ ਨੰਗੇ ਹਨ। ਇਨ੍ਹਾਂ ਅਕਾਲੀਆਂ ਨੇ ਸੁਝਾਅ ਦਿੱਤਾ ਹੈ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗੁਰਬਚਨ ਸਿੰਘ ਨੂੰ ਬਦਲ ਦਿੱਤਾ ਜਾਵੇ। ਸੁਖਦੇਵ ਸਿੰਘ ਢੀਂਡਸਾ ਨੇ ਤਾਂ ਸ਼ਰੇਆਮ ਇਸ ਸਬੰਧੀ ਬਿਆਨ ਵੀ ਦੇ ਦਿੱਤਾ ਹੈ। ਇਹ ਸਰਗਰਮੀ ਪ੍ਰਕਾਸ਼ ਸਿੰਘ ਬਾਦਲ ਅਤੇ ਸੁਖਬੀਰ ਸਿੰਘ ਬਾਦਲ ਨੂੰ ਬਿਲਕੁਲ ਫਿੱਟ ਬੈਠ ਰਹੀ ਹੈ। ਕਿਉਂਕਿ ਇਸ ਤਰ੍ਹਾਂ ਕਰਨ ਨਾਲ ਉਨ੍ਹਾਂ ਦੀਆਂ ਆਪਣੀਆਂ ਗੱਦੀਆਂ ਬਚੀਆਂ ਰਹਿ ਜਾਂਦੀਆਂ ਹਨ। ਬੇਸ਼ੱਕ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਬਦਲਣ ਦੀਆਂ ਕੋਸ਼ਿਸ਼ਾਂ ਕਾਫੀ ਦੇਰ ਤੋਂ ਜਾਰੀ ਹਨ ਪਰ ਹਰ ਵਾਰ ਅਖੀਰ ਵਿੱਚ ਆ ਕੇ ਕੋਈ ਨਾ ਕੋਈ ਅੜਿੱਕਾ ਪੈ ਹੀ ਜਾਂਦਾ ਹੈ।
ਖੈਰ ਸਾਡਾ ਮੱਤ ਹੈ ਕਿ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਬਦਲ ਦੇਣ ਨਾਲ ਇਹ ਮਸਲਾ ਹੱਲ ਨਹੀ ਹੋਵੇਗਾ ਬਲਕਿ ਸਿੱਖਾਂ ਦੀ ਸਿਰਮੌਰ ਜਥੇਬੰਦੀ ਅਕਾਲੀ ਦਲ ਦੇ ਸਮੁੱਚੇ ਢਾਂਚੇ ਅਤੇ ਕਿਰਦਾਰ ਨੂੰ ਬਦਲਣ ਦੀ ਲੋੜ ਹੈ। ਅਕਾਲੀ ਦਲ ਸਾਡੇ ਬਜ਼ੁਰਗਾਂ ਦੀ ਪਾਰਟੀ ਹੈ। ਇਹ ਭਾਰਤ ਦੀਆਂ ਹੋਰਨਾ ਰਾਜਸੀ ਪਾਰਟੀਆਂ ਵਾਂਗ ਮਹਿਜ਼ ਪਾਰਟੀ ਨਹੀ ਹੈ ਬਲਕਿ ਇੱਕ ਕੌਮ ਦੇ ਜੀਵਨ ਜਾਂਚ ਦੀ ਤਰਜ਼ਮਾਨੀ ਕਰਦੀ ਹੈ। ਉਸ ਜੀਵਨ ਜਾਂਚ ਦੇ ਕੇਂਦਰੀ ਬਿੰਦੂ, ਹਮੇਸ਼ਾ ਸੱਚ ਬੋਲਣਾਂ ਅਤੇ ਸੱਚਾ ਜੀਵਨ ਜੀਊਣਾਂ, ਸਿੱਖ ਕਿਰਦਾਰ ਦੀ ਉਹ ਬੁਲੰਦੀ ਕਾਇਮ ਰੱਖਣੀ ਜੋ ਪੁਰਾਤਨ ਸਿੰਘਾਂ ਨੇ ਕਾਇਮ ਰੱਖੀ, ਦਿੱਲੀ ਦੀ ਸੱਤਾ ਤੇ ਕਾਬਜ ਹਰ ਜਾਲਮ ਦੇ ਖਿਲਾਫ ਸੰਘਰਸ਼ ਕਰਕੇ ਖਾਲਸਾ ਜੀ ਦੇ ਬੋਲਬਾਲੇ ਲਈ ਤਤਪਰ ਹੋਣਾਂ, ਇਸ ਕਾਰਜ ਲਈ ਸ਼ਹਾਦਤਾਂ ਦੇਣ ਤੋਂ ਵੀ ਨਹੀ ਝਿਜਕਣਾਂ। ਆਪਣੇ ਨਿੱਜੀ ਜੀਵਨ ਵਿੱਚ ਸਿੱਖ ਕਿਰਦਾਰ ਨੂੰ ਕਾਇਮ ਰੱਖਣਾਂ ਅਤੇ ਹਰ ਵੇਲੇ ਵਾਹਿਗੁਰੂ ਦੇ ਸਿਮਰਨ ਵਿੱਚ ਰੰਗੇ ਰਹਿਕੇ ਦੁਨਿਆਵੀ ਅਤੇ ਰਾਜਸੀ ਕਾਰਜ ਕਰਨੇ। ਰਾਜਨੀਤੀ ਸਿੱਖਾਂ ਲਈ ਧੰਦਾ ਨਹੀ ਸੀ ਬਲਕਿ ਮਾਂ ਧਰਤੀ ਪੰਜਾਬ ਨੂੰ ਅਜ਼ਾਦ ਫਿਜ਼ਾ ਵਿੱਚ ਜਿਉਣ ਦਾ ਇੱਕ ਸੰਘਰਸ਼ ਸੀ।
ਪਰ ਬਦਕਿਸਮਤੀ ਵਸ ਇੱਕ ਅਜਿਹੇ ‘ਵਾਹਦ ਆਗੂ’ ਨੇ ਅਕਾਲੀ ਦਲ ਦੇ ਉਸ ਉਚੇ ਸੁੱਚੇ ਕਿਰਦਾਰ ਨੂੰ ਨੇਸਤੋ-ਨਬੂਦ ਕਰਕੇ ਸਾਡੇ ਬਜ਼ੁਰਗਾਂ ਦੀ ਪਾਰਟੀ ਨੂੰ ਹਥਿਆ ਲਿਆ ਹੈ ਜਿਸ ਲਈ ਧਰਮ, ਗਰੰਥ ਅਤੇ ਕਿਰਦਾਰ ਸਿਰਫ ਵੋਟਾਂ ਤੱਕ ਸੀਮਤ ਹੋ ਕੇ ਰਹਿ ਗਏ ਹਨ। ਰਾਜਨੀਤੀ ਹੁਣ ਸਿਰਫ ਧੰਦਾ ਬਣਕੇ ਰਹਿ ਗਈ ਹੈ।
ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਹੇਠ ਅਕਾਲੀ ਦਲ ਦਾ ਉਚਾ ਸੁੱਚਾ ਕਿਰਦਾਰ ਹੀ ਬਦਲ ਕੇ ਰੱਖ ਦਿੱਤਾ ਗਿਆ ਹੈ ਇਸੇ ਲਈ ਹੁਣ ਸਾਹਿਬ ਸ੍ਰੀ ਗੁਰੂ ਗਰੰਥ ਸਾਹਿਬ ਜੀ ਦੇ ਬੇਪਤੀ ਵੀ ਅਕਾਲੀਆਂ ਦੇ ਇੱਕ ਹਿੱਸੇ ਨੂੰ ਕੋਈ ਮਾੜੀ ਨਹੀ ਲਗਦੀ। ਉਹ ਹਾਲੇ ਵੀ ਇੱਕ ਬਜ਼ੁਰਗ ਆਗੂ ਦੇ ਹੱਕ ਵਿੱਚ ਨਾਅਰੇ ਮਾਰਨ ਨੂੰ ਹੀ ਆਪਣੀ ਜਿੰਮੇਵਾਰੀ ਸਮਝ ਰਹੇ ਹਨ। ਇਸ ਸਥਿਤੀ ਵਿੱਚ ਹਾਲਾਤ ਇਹ ਮੰਗ ਕਰਦੇ ਹਨ ਕਿ ਅਸੀਂ ਅਕਾਲੀ ਦਲ ਨੂੰ ਆਪਣੇ ਬਜ਼ੁਰਗਾਂ ਦੀ ਉਹ ਮਾਣਮੱਤੀ ਲਹਿਰ ਜਾਂ ਪਾਰਟੀ ਬਣਾਉਣ ਲਈ ਤਤਪਰ ਹੋਈਏ ਜਿਸ ਦੀ ਸਰਗਰਮੀ ਦਾ ਕੇਂਦਰ ਹੀ ਸਾਹਿਬ ਸ੍ਰੀ ਗੁਰੂ ਗਰੰਥ ਸਾਹਿਬ ਹੁੰਦੇ ਸਨ। ਗੁਰੂ ਸਾਹਿਬ ਦੀ ਓਟ ਆਸਰੇ ਨਾਲ ਅਤੇ ਸਿੱਖ ਅਰਦਾਸ ਦੀ ਰਵਾਇਤ ਨਾਲ ਅਕਾਲੀ ਦਲ ਦੇ ਸਾਰੇ ਕਾਰਜ ਚਲਦੇ ਰਹੇ ਹਨ।
ਹੁਣ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਬਦਲ ਦੇਣ ਨਾਲ ਕੰਮ ਨਹੀ ਚੱਲੇਗਾ ਕਿਉਂਕਿ ਉਸਨੂੰ ਵੀ ਅਕਾਲੀ ਦਲ ਦੇ ਨਵੇਂ ਪੋਚ ਨੇ ਹੀ ਭ੍ਰਿਸ਼ਟ ਕੀਤਾ ਹੈ। ਉਹ ਵੀ ਅਕਾਲੀ ਦਲ ਦੀ ਆਧੁਨਿਕ ਕਾਇਆਕਲਪ ਦਾ ਹੀ ਸ਼ਿਕਾਰ ਹੈ। ਇਤਿਹਾਸ ਵਿੱਚ ਇਹ ਕਦੇ ਨਹੀ ਹੋਇਆ ਕਿ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੇ ਕਿਰਦਾਰ ਬਾਰੇ ਸਿੱਖਾਂ ਨੇ ਉਂਗਲ ਚੁੱਕੀ ਹੋਵੇ।
ਹੁਣ ਜੇ ਅਜਿਹਾ ਹੋ ਰਿਹਾ ਹੈ ਤਾਂ ਉਸ ‘ਵਾਹਦ ਆਗੂ’ ਦੀਆਂ ਲਾਲਸਾਵਾਂ ਭਰੀਆਂ ਕਾਰਵਾਈਆਂ ਕਾਰਨ ਹੋ ਰਿਹਾ ਹੈ ਜਿਸ ਲਈ ਧਰਮ ਸਿਰਫ ਵੋਟਾਂ ਤੱਕ ਸੀਮਤ ਹੈ।
ਇਸ ਲਈ ਆਓ ਅਕਾਲੀ ਦਲ ਦੀ ਪੁਨਰਸੁਰਜੀਤੀ ਲਈ ਹੰਭਲਾ ਮਾਰੀਏ। ਜਿਨ੍ਹਾਂ ਨੇ ਸਾਡੇ ਬਜ਼ੁਰਗਾਂ ਦੀ ਪਾਰਟੀ ਨੂੰ ਬੰਦੂਕ ਦੀ ਨੋਕ ਤੇ ਹਥਿਆ ਲਿਆ ਹੈ ਉਨ੍ਹਾਂ ਤੋਂ ਅਕਾਲੀ ਦਲ ਨੂੰ ਮੁਕਤ ਕਰਵਾਉਣ ਦੇ ਯਤਨ ਕਰੀਏ।