ਪੰਜਾਬ ਦੇ ਅੱਜ ਦੇ ਰਾਜਨੀਤਿਕ ਮੰਚ ਬਾਰੇ ਲੰਮੇ ਸਮੇਂ ਤੋਂ ਵਿਚਾਰ ਚਰਚਾ ਚੱਲ ਰਹੀ ਹੈ। ਇਸਦਾ ਇਹ ਵੀ ਮੁੱਖ ਕਾਰਨ ਹੈ ਕਿ ਆਉਣ ਵਾਲੇ ਸਮੇਂ ੨੦੧੯ ਵਿੱਚ ਰਾਸ਼ਟਰੀ ਸਰਕਾਰ ਲਈ ਪਾਰਲੀਮੈਂਟਰੀ ਚੋਣਾਂ ਹੋਣੀਆਂ ਹਨ। ਰਾਸ਼ਟਰੀ ਪੱਧਰ ਤੇ ਜਦੋਂ ਤੋਂ ਭਾਜਪਾ ਸਰਕਾਰ ਮਜ਼ਬੂਤ ਰੂਪ ਵਿੱਚ ੨੦੧੪ ਤੋਂ ਹੋਂਦ ਵਿਚ ਆਈ ਹੈ ਉਸ ਸਮੇਂ ਤੋਂ ਹੀ ਭਾਜਪਾ ਆਪਣੀ ਪਕੜ ਨੂੰ ਰਾਸ਼ਟਰੀ ਪੱਧਰ ਤੇ ਮਜ਼ਬੂਤ ਕਰਨ ਦੀ ਮਨਸਾ ਨਾਲ ਵਿਉਂਤਬੰਦੀ ਉਸਾਰ ਰਹੀ ਹੈ। ਭਾਜਪਾ ਦਾ ਮੁੱਖ ਉਦੇਸ਼ ਸੂਬੇ ਨਾਲ ਸਬੰਧਤ ਰਾਜਨੀਤਿਕ ਪਾਰਟੀਆਂ ਦੇ ਅਕਸ਼ ਤੇ ਪ੍ਰਭਾਵ ਨੂੰ ਮੱਧਮ ਕਰਨਾ ਮੰਨਿਆ ਜਾ ਰਿਹਾ ਹੈ। ਪੰਜਾਬ ਦੇ ਰਾਜਨੀਤਿਕ ਮਹੌਲ ਵਿੱਚ ਵੀ ਸਿੱਖਾਂ ਦੀ ਮੁੱਖ ਪ੍ਰਤੀਨਿਧ ਰਾਜਨੀਤਿਕ ਪਾਰਟੀ ਸ਼੍ਰੋਮਣੀ ਅਕਾਲੀ ਦਲ ਦਾ ਅਕਸ ਤੇ ਪ੍ਰਭਾਵ ਵੀ ਭਾਵੇਂ ੨੦੧੭ ਦੀਆਂ ਪੰਜਾਬ ਚੋਣਾਂ ਤੋਂ ਪਹਿਲਾਂ ਹੀ ਸਿੱਖਾਂ ਦੇ ਮਨਾਂ ਅੰਦਰੋਂ ਖੁਰਨ ਲੱਗ ਪਿਆ ਸੀ। ਹੁਣ ਕਾਂਗਰਸ ਦੇ ਸੱਤਾ ਵਿੱਚ ਆਉਣ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਬਾਦਲ ਸਿੱਖਾਂ ਤੇ ਪੰਜਾਬੀ ਭਾਈਚਾਰੇ ਦੇ ਮਨਾਂ ਅੰਦਰ ਆਪਣੀ ਪਕੜ ਨੂੰ ਬੁਰੀ ਤਰਾਂ ਗਵਾ ਰਿਹਾ ਹੈ। ਭਾਵੇਂ ਕਿ ਕਾਂਗਰਸ ਸਰਕਾਰ ਦੇ ਪੰਦਰਾਂ ਮਹੀਨਿਆਂ ਦੇ ਕਾਰਜਕਾਲ ਦੌਰਾਨ ਪੰਜਾਬ ਦੇ ਲੋਕਾਂ ਅੰਦਰ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਪ੍ਰਤੀ ਨਿਰਾਸ਼ਾ ਜਰੂਰ ਝਲਕ ਰਹੀ ਹੈ। ਇਸੇ ਤਰਾਂ ਪੰਜਾਬ ਵਿੱਚ ਮੁੱਖ ਵਿਰੋਧੀ ਧਿਰ ਵਜੋਂ ਉਭਰੀ ਆਮ ਆਦਮੀ ਪਾਰਟੀ ਵੀ ਆਪਣੇ ਵਜੂਦ ਨੂੰ ਪੰਜਾਬੀਆਂ ਤੇ ਖਾਸ ਕਰਕੇ ਸਿੱਖਾਂ ਦੇ ਮਨਾਂ ਵਿਚੋਂ ਕਾਫੀ ਹੱਦ ਤੱਕ ਗਵਾ ਚੁੱਕੀ ਹੈ। ਇਸਦੇ ਬਾਵਜੂਦ ਸ਼੍ਰੋਮਣੀ ਅਕਾਲੀ ਦਲ ਬਾਦਲ ਪੰਜਾਬ ਵਿੱਚ ਸਿੱਖਾਂ ਦੇ ਮਨਾਂ ਅੰਦਰ ਆਪਣਾ ਪ੍ਰਭਾਵ ਛੱਡਣ ਵਿੱਚ ਅਸਮਰਥ ਦਿਖਾਈ ਦੇ ਰਿਹਾ ਹੈ। ਇਸ ਬਾਰੇ ਸੌਖਿਆਂ ਹੀ ਅੰਦਾਜ਼ਾ ਪਿਛਲੇ ਸਾਲ ਗੁਰਦਾਸਪੁਰ ਦੀ ਪਾਰਲੀਮੈਂਟਰੀ ਚੋਣ ਦੀ ਹਾਰ ਤੋਂ ਲਗਾਇਆ ਜਾ ਸਕਦਾ ਹੈ। ਇਸੇ ਤਰਾਂ ਪਿਛਲੇ ਕੁਝ ਸਮੇਂ ਵਿੱਚ ਸ਼੍ਰੋਮਣੀ ਅਕਾਲੀ ਦਲ ਦਾ ਗੜ੍ਹ ਸਮਝੀ ਜਾਂਦੀ ਸ਼ਾਹਕੋਟ ਦੀ ਜ਼ਿਮਨੀ ਚੋਣ ਸਮੇਂ ਵੀ ਭਾਵੇਂ ਸ਼੍ਰੋਮਣੀ ਅਕਾਲੀ ਦਲ ਦਾ ਉਮੀਦਰਵਾਰ ੪੦,੦੦੦ ਤੋਂ ਉਪਰ ਵੋਟਾਂ ਲੈ ਗਿਆ ਸੀ ਪਰ ਕਾਂਗਰਸ ਦੇ ਉਮੀਦਰਵਾਰ ਤੋਂ ਬੁਰੀ ਤਰਾਂ ਹਾਰ ਗਿਆ ਸੀ। ਇੰਨਾਂ ਦੋਵਾਂ ਚੋਣਾਂ ਤੋਂ ਇਹ ਵੀ ਸਾਹਮਣੇ ਆਇਆ ਹੈ ਕਿ ਪੰਜਾਬ ਵਿੱਚ ਆਪ ਪਾਰਟੀ ਮੁੱਖ ਵਿਰੋਧੀ ਪਾਰਟੀ ਹੋਣ ਦੇ ਬਾਵਜੂਦ ਵੀ ਆਪਣੇ ਉਮੀਰਦਵਾਰਾਂ ਦੀਆਂ ਜਮਾਨਤਾਂ ਵੀ ਨਹੀਂ ਬਚਾ ਸਕੀ। ਇਸੇ ਤਰਾਂ ਦਾ ਹਾਲ ਸ੍ਰ: ਸਿਮਰਨਜੀਤ ਸਿੰਘ ਮਾਨ ਵੱਲੋਂ ਖੜੇ ਕੀਤੇ ਉਮੀਦਵਾਰ ਦਾ ਹੋਇਆ ਹੈ। ਬਾਕੀ ਵੀ ਪੰਜਾਬ ਅੰਦਰ ਵਿਚਰ ਰਹੀਆਂ ਰਾਜਨੀਤਕ ਪਾਰਟੀਆਂ ਬੀ.ਸੀ.ਪੀ., ਬਹੁਜਨ ਸਮਾਜ ਪਾਰਟੀ ਖੱਬੇ ਧਿਰਾਂ ਦੀਆਂ ਪਾਰਟੀਆਂ ਤੇ ਕਿਸਾਨ ਸੰਗਠਨ ਪੰਜਾਬ ਅੰਦਰ ਆਪਣਾ ਰਾਜਨੀਤਿਕ ਪ੍ਰਭਾਵ ਇੱਕ ਤਰਾਂ ਨਾਲ ਗਵਾ ਚੁੱਕੇ ਹਨ। ਇਸ ਸਾਰੀ ਰਾਜਨੀਤਿਕ ਖੇਡ ਵਿੱਚ ਪੰਜਾਬ ਦੀ ਮੁੱਖ ਵਿਰੋਧੀ ਧਿਰ ਆਪ ਤੇ ਸਿਮਰਨਜੀਤ ਸਿੰਘ ਮਾਨ ਦੇ ਪ੍ਰਭਾਵ ਵਾਲੀ ਪਾਰਟੀ ਲਈ ਸਿੱਖਾਂ ਅੰਦਰ ਕੋਈ ਵਧੀਆਂ ਜਗਾ ਨਹੀਂ ਬਣਾ ਸਕੀ। ਪਰ ਇਹ ਵੋਟ ਖੇਡ ਸ਼੍ਰੋਮਣੀ ਅਕਾਲੀ ਦਲ ਦੇ ਹੱਕ ਵਿੱਚ ਵੀ ਨਹੀਂ ਰਹੀ ਤੇ ਇਹ ਸਾਰੀ ਵੋਟ ਕੈਪਟਨ ਅਮਰਿੰਦਰ ਸਿੰਘ ਨੂੰ ਹੀ ਗਈ ਹੈ। ਉਹ ਭਾਵੇਂ ਗੁਰਦਾਸਪੁਰ ਹੋਵੇ ਜਾਂ ਸ਼ਾਹਕੋਟ। ਸ਼੍ਰੋਮਣੀ ਅਕਾਲੀ ਦਲ ਦਾ ਅਕਸ ਤੇ ਪ੍ਰਭਾਵ ਸਿੱਖਾਂ ਦੇ ਮਨਾਂ ਅੰਦਰੋਂ ਉਤਰਨਾ ਕੋਈ ਵਧੇਰੇ ਚੰਗਾ ਕਦਮ ਨਹੀਂ ਹੈ। ਕਿਉਂਕਿ ਦੂਸਰੀਆਂ ਪੰਥਕ ਧਿਰਾਂ ਵੀ ਭਾਵੇਂ ਸਿੱਖਾਂ ਦੇ ਮਨਾਂ ਅੰਦਰ ਧਾਰਮਿਕ ਤੇ ਭਾਵਨਾਤਮਿਕ ਜਗਾ ਰੱਖਦੀਆਂ ਹਨ ਪਰ ਉਹ ਅੱਜ ਵੀ ਰਾਜਨੀਤਿਕ ਪੱਧਰ ਤੇ ਸਿੱਖਾਂ ਦੇ ਮਨਾਂ ਵਿੱਚ ਨਹੀਂ ਉਤਰ ਸਕੀਆਂ ਹਨ। ਦੂਸਰੇ ਪਾਸੇ ਰਾਸਟਰੀ ਪੱਧਰ ਤੇ ਭਾਰਤ ਦੇ ਪ੍ਰਧਾਨ ਮੰਤਰੀ ਮੋਦੀ ਵੱਲੋਂ ਆਪਣੀ ਮੁੱਖ ਵਿਰੋਧੀ ਧਿਰ ਕਾਂਗਰਸ ਨੂੰ ਲਗਾਤਾਰ ਪਛਾੜਿਆ ਜਾ ਰਿਹਾ ਹੈ ਤੇ ਤਕਰੀਬਨ ਭਾਰਤ ਦੇ ਹਰ ਕੋਨੇ ਵਿੱਚ ਭਾਜਪਾ ਦੀ ਸਰਕਾਰ ਬਣਾਉਣ ਦੀ ਕਾਮਯਾਬੀ ਹਾਸਲ ਕਰ ਲਈ ਹੈ। ਪ੍ਰਧਾਨ ਮੰਤਰੀ ਵੱਲੋਂ ਆਪਣੀਆਂ ਚੋਣ ਸਭਾਵਾਂ ਵਿੱਚ ਤੇ ਹੋਰ ਰਾਸ਼ਟਰੀ ਰਾਜਨੀਤਿਕ ਮੰਚਾ ਉਪਰ ਕਾਂਗਰਸ ਤੇ ਭਾਰਤ ਅੰਦਰ ਫੈਲੀ ਪਰਿਵਾਰਵਾਦ ਵਾਲੀ ਸਿਆਸਤ ਦੇ ਵਿਰੋਧ ਵਿੱਚ ਕਾਫੀ ਦ੍ਰਿੜਤਾ ਤੇ ਸਪੱਸ਼ਟਤਾ ਦਿਖਾਈ ਜਾ ਰਹੀ ਹੈ। ਇਸ ਪਰਿਵਾਰਵਾਦ ਸਿਆਸਤ ਦਾ ਪ੍ਰਭਾਵ ਸ਼੍ਰੋਮਣੀ ਅਕਾਲੀ ਦਲ ਬਾਦਲ ਤੇ ਵੀ ਕਿਸੇ ਨਾ ਕਿਸੇ ਰੂਪ ਵਿੱਚ ਪੈ ਰਿਹਾ ਹੈ। ਇਹ ਵੀ ਕਾਰਨ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੀ ਪਕੜ ਸਿੱਖਾਂ ਦੇ ਮਨਾਂ ਤੋਂ ਕਮਜ਼ੋਰ ਹੋ ਰਹੀ ਹੈ। ਆਉਣ ਵਾਲੀਆਂ ਭਾਰਤੀ ਪਾਰਲੀ ਮੈਂਟਰੀ ੨੦੧੯ ਦੀਆਂ ਚੋਣਾਂ ਨੂੰ ਲੈ ਕੇ ਭਾਵੇਂ ਸ਼੍ਰੋਮਣੀ ਅਕਾਲੀ ਦਲ ਬਾਦਲ ਲਗਾਤਾਰ ਯਤਨ ਕਰ ਰਿਹਾ ਹੈ ਤਾਂ ਜੋ ਉਹ ਆਪਣੀ ਪੰਜਾਬ ਤੇ ਸਿੱਖਾਂ ਦੇ ਮਨਾਂ ਅੰਦਰ ਪਕੜ ਨੂੰ ਮੁੜ ਤੋਂ ਮਜ਼ਬੂਤ ਕਰ ਸਕਣ। ਪਰ ਉਨਾਂ ਵੱਲੋਂ ਲੰਮਾ ਸਮਾਂ ਪੰਜਾਬ ਦੀ ਰਾਜ ਸੱਤਾ ਤੇ ਰਹਿਣ ਸਮੇਂ ਹੋਈਆਂ ਅਨੇਕਾਂ ਉਕਤਾਈਆਂ ਅੱਜ ਵੀ ਲੋਕਾਂ ਦੇ ਮਨਾਂ ਅੰਦਰ ਲਗਾਤਾਰ ਰੜਕ ਰਹੀਆਂ ਹਨ। ਭਾਵੇਂ ਇਹਨਾਂ ਦੇ ਲੰਮੇ ਕਾਰਜਕਾਲ ਦੌਰਾਨ ਪੰਜਾਬ ਦੀ ਨੌਜਵਾਨੀ ਖਾਸ ਕਰਕੇ ਪਿੰਡਾਂ ਦੇ ਨੌਜਵਾਨਾਂ ਵਿੱਚ ਲਚਾਰੀ ਪੈਦਾ ਕੀਤੀ ਹੈ ਤੇ ਇਸ ਤੋਂ ਵੀ ਵੱਧ ਭਿਆਨਕ ਚਿੱਟੇ ਦੇ ਨਸ਼ੇ ਨੇ ਬੁਰੀ ਤਰਾਂ ਖੋਰਾ ਲਾਇਆ ਹੈ। ਜਿਸਦਾ ਪ੍ਰਭਾਵ ਅੱਜ ਵੀ ਲਗਾਤਾਰ ਜਾਰੀ ਹੈ। ਪੰਜਾਬ ਦੀ ਨੌਜਵਾਨੀ ਖਾਸ ਕਰਕੇ ਪਿੰਡਾਂ ਦੀ ਸਿੱਖ ਨੌਜਵਾਨੀ ਬੁਰੀ ਤਰਾਂ ਇਸ ਨਸ਼ੇ ਦੀ ਗ੍ਰਿਫਤ ਵਿੱਚ ਹੈ। ਇਸੇ ਤਰਾਂ ਹੀ ਸ਼੍ਰੋਮਣੀ ਅਕਾਲੀ ਦਲ ਦੇ ਲੰਮੇ ਕਾਰਜਕਾਲ ਦੌਰਾਨ ਬਰਗਾੜੀ ਵਰਗੇ ਵੱਡੇ ਤੇ ਦੁਖਦਾਇਕ ਕਾਂਡ ਵਾਪਰੇ। ਉਸਦੇ ਵਿਰੋਧ ਤੇ ਰੋਸ ਵਿੱਚ ਬੈਠੀ ਸਿੱਖ ਸੰਗਤ ਨੂੰ ਪੰਜਾਬ ਦੀ ਹੀ ਪੁਲਿਸ ਨੇ ਆਪਣੀ ਤਾਕਤ ਨਾਲ ਗੋਲੀਆਂ ਵਰਾ ਕੇ ਖਿਦੇੜ ਦਿੱਤਾ। ਸ਼੍ਰੋਮਣੀ ਅਕਾਲੀ ਦਲ ਨੇ ਸਰਸਾ ਡੇਰੇ ਦੇ ਪੈਰੋਕਾਰਾਂ ਨੂੰ ਵੀ ਉਤਸ਼ਾਹਿਤ ਕੀਤਾ ਤੇ ਸਿੱਖਾਂ ਅੰਦਰ ਡੇਰਾਵਾਦ ਦੇ ਪ੍ਰਭਾਵ ਨੂੰ ਵੀ ਵਧਾਇਆ। ਇਹ ਸਭ ਕਾਰਨਾਂ ਕਰਕੇ ਸ਼੍ਰੋਮਣੀ ਅਕਾਲੀ ਦਲ ਨਫਰਤ ਦੀ ਪਾਤਰ ਬਣੀ ਤੇ ਇਸਦਾ ਖਮਿਆਜਾ ੨੦੧੭ ਦੀਆਂ ਚੋਣਾਂ ਵੇਲੇ ਇਸ ਪਾਰਟੀ ਨੂੰ ਭੁਗਤਣਾ ਪਿਆ। ਇੰਨੇ ਲੰਮੇ ਅਰਸੇ ਤੋਂ ਬਾਅਦ ਵੀ ਇੰਨਾ ਘਟਨਾਵਾਂ ਕਾਰਨ ਸ਼੍ਰੋਮਣੀ ਅਕਾਲੀ ਦਲ ਆਪਣੇ ਪ੍ਰਭਾਵ ਤੇ ਪਕੜ ਨੂੰ ਫਿਰ ਤੋਂ ਮਜ਼ਬੂਤ ਕਰਨ ਵਿੱਚ ਅਜੇ ਤੱਕ ਨਾਕਾਮਯਾਬ ਹੈ। ਹੁਣ ਜੋ ਪਿਛਲੇ ਪੰਜਾਹ ਦਿਨਾਂ ਦੇ ਕਰੀਬ ਤੋਂ ਬਰਗਾੜੀ ਤੇ ਬਹਿਬਲ ਕਲਾਂ ਵਰਗੇ ਦੁਖਦਾਇਕ ਕਾਂਡਾਂ ਦੇ ਰੋਸ ਤੇ ਇੰਨਾਂ ਪ੍ਰਤੀ ਇਨਸਾਫ ਲੈਣ ਲਈ ਬਰਗਾੜੀ ਮੋਰਚਾ ੧ ਜੂਨ ਤੋਂ ਪੂਰੇ ਉਤਸ਼ਾਹ ਨਾਲ ਸਿੱਖਾਂ ਦੇ ਮਨਾਂ ਅੰਦਰ ਆਪਣੀ ਪਕੜ ਬਣਾ ਰਿਹਾ ਹੈ, ਇਸਦਾ ਅੰਦਾਜ਼ਾ ਜਥੇਦਾਰ ਧਿਆਨ ਸਿੰਘ ਦੀ ਅਗਵਾਈ ਵਾਲੇ ਇਸ ਮੋਰਚੇ ਵਿੱਚ ਲਗਾਤਾਰ ਸਿੱਖਾਂ ਤੇ ਨੌਜਵਾਨਾਂ ਦੇ ਹਾਜ਼ਰੀ ਭਰਨ ਤੋਂ ਲਗਾਇਆ ਜਾ ਸਕਦਾ ਹੈ। ਇਸਤੋਂ ਵੀ ਸ਼੍ਰੋਮਣੀ ਅਕਾਲੀ ਦਲ ਬਾਦਲ ਨੇ ਆਪਣੀ ਦੂਰੀ ਕਾਇਮ ਰੱਖੀ ਹੋਈ ਹੈ। ਭਾਵੇਂ ਇੰਨਾਂ ਦੇ ਕੁਝ ਨੁਮਾਇੰਦੇ ਇਸ ਵਿੱਚ ਹਾਜ਼ਰੀ ਜਰੂਰ ਭਰ ਆਏਹਨ। ਇਹ ਬਰਗਾੜੀ ਮੋਰਚੇ ਵਿਚੋਂ ਕੀ ਸ਼੍ਰੋਮਣੀ ਅਕਾਲੀ ਦਲ ਦੇ ਬਦਲ ਵਜੋਂ ਕੋਈ ਪ੍ਰਭਾਵਸ਼ਾਲੀ ਰਾਜਨੀਤਿਕ ਆਗੂ ਉੱਭਰ ਸਕੇਗਾ ਕਿ ਨਹੀਂ ਇਸ ਲਈ ਇੰਤਜ਼ਾਰ ਰਹੇਗੀ। ਪਰ ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ ਸਿੱਖਾਂ ਅੰਦਰ ਅਕਸ ਬਚਾਉਣ ਲਈ ਗੰਭੀਰਤਾ ਨਾਲ ਸੋਚਣ ਲਈ ਮਜ਼ਬੂਰ ਹੋਣਾ ਚਾਹੀਦਾ ਹੈ। ਸਿੱਖ ਮਨਾ ਅੰਦਰ ਇਹ ਚਿੰਤਾ ਜਰੂਰ ਹੈ ਕਿ ਪਿਛਲੇ ਲੰਮੇ ਸਮੇਂ ਤੋਂ ਵਿਚਰ ਰਹੇ ਪੁਰਾਣੇ ਚਿਹਰੇ ਨਵਾਂ ਮਖੌਟਾ ਪਾ ਕੇ ਲੋਕਾਂ ਸਾਹਮਣੇ ਤਾਂ ਨਹੀਂ ਆ ਜਾਣਗੇ। ਪਰ ਸਿੱਖ ਮਨਾਂ ਨੂੰ ਇੱਕ ਮਜਬੂਤ ਤੇ ਦ੍ਰਿੜ ਸਿੱਖ ਆਗੂ ਦੀ ਨਵੀਂ ਉਮੀਦ ਜਰੂਰ ਹੈ।