ਪੰਜਾਬ ਦੀ ਵਿਧਾਨ ਸਭਾ ਵਿੱਚ ਸਦਨ ਦੇ ਆਖਰੀ ਇਜਲਾਸ ਵਾਲੇ ਦਿਨ ੨੮ ਅਗਸਤ ਨੂੰ ਹੋਈ ਸਰਵਜਨਕ ਤੇ ਜਨਤਕ ਬਹਿਸ ਇੱਕ ਅਹਿਮ ਇਜਲਾਸ ਹੋ ਨਿਬੜਿਆ । ਇਸ ਬਹਿਸ ਦਾ ਮੁੱਖ ਵਿਸ਼ਾਂ ਭਾਵੇਂ ਜਸਟਿਸ ਰਣਜੀਤ ਸਿੰਘ ਜਾਂਚ ਕਮਿਸ਼ਨ ਵੱਲੋਂ ੨੦੧੫ ਦੇ ਅਰਸ਼ੇ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਦੇ ਸਮੇਂ ਹੋਈਆਂ ਗੁਰੂ ਸਾਹਿਬ ਦੀਆਂ ਹੋਈਆਂ ਦੁਖਦਾਈ ਬੇਅਦਬੀ ਦੀਆਂ ਘਟਨਾਵਾਂ ਤੇ ਅਧਾਰਤ ਸੀ। ਪਰ ਇਸ ਬਹਿਸ ਦਾ ਝੁਕਾਅ ਅਕਾਲੀ ਦਲ ਬਾਦਲ ਦੀ ਪ੍ਰਮੁੱਖ ਲੀਡਰਸ਼ਿਪ ਵੱਲ ਵਧੇਰੇ ਰਿਹਾ ਹੈ। ਇਸ ਸਾਰੀ ਬਹਿਸ ਬਾਰੇ ਵਿਚਾਰ ਚਰਚਾ ਇੰਨੇ ਦਿਨਾਂ ਬਾਅਦ ਵੀ ਅੱਜ ਸਿੱਖ ਹਲਕਿਆ ਵਿੱਚ ਦੇਸ਼ ਤੇ ਵਿਦੇਸ਼ਾਂ ਵਿੱਚ ਚਰਚਾ ਦਾ ਮੁੱਖ ਵਿਸ਼ਾ ਬਣਿਆ ਹੋਇਆ ਹੈ। ਭਾਵੇਂ ਇਹ ਵਿਧਾਨ ਸਭਾ ਦੀ ਬਹਿਸ ਕੋਈ ਨਿਰਣਾਇਕ ਤੇ ਸਾਰਥਿਕਤਾ ਵਾਲਾ ਕਦਮ ਪੁੱਟਣ ਵਿੱਚ ਅਸਮਰਥ ਰਹੀ ਹੈ ਪਰ ਇੰਨਾ ਜਰੂਰ ਹੈ ਕਿ ਇਸ ਬਹਿਸ ਦੀ ਚਰਚਾ ਦੌਰਾਨ ਅਕਾਲੀ ਦਲ ਬਾਦਲ ਵੱਲੋਂ ਚੁੱਪ ਚੁਪੀਤੇ ਹੀ ਪਾਸਾ ਵੱਟ ਜਾਣਾ ਤੇ ਵਿਧਾਨ ਸਭਾ ਸ਼ੈਸਨ ਤੋਂ ਬਾਹਰ ਖੜੇ ਹੋ ਕੇ ਡਰਾਮੇਬਾਜੀ ਕਰਨੀ ਉਨਾਂ ਦੀ ਪ੍ਰਮੁੱਖ ਲੀਡਰਸ਼ਿਪ ਤੇ ਇੱਕ ਪ੍ਰਮਾਣਿਕ ਨਿਸ਼ਾਨੀਆਂ ਚਿੰਨ ਬਣ ਕੇ ਉਭਰਿਆ ਹੈ। ਇਸ ਬਹਿਸ ਦੌਰਾਨ ਇਹ ਨਿਚੋੜ ਕੱਢਿਆ ਗਿਆ ਹੈ ਕਿ ਜੋ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਇਸ ਜਾਂਚ ਕਮਿਸ਼ਨ ਦੀ ਜਾਂਚ ਨੂੰ ਵੀ ਪਹਿਲੀ ਅਕਾਲੀ ਦਲ ਬਾਦਲ ਦੀ ਸਰਕਾਰ ਵਾਂਗੂੰ ਸੀ.ਬੀ.ਆਈ ਦੀ ਜਾਂਚ ਦੇ ਖਾਤੇ ਪਾਉਣ ਦੇ ਦਿੱਤੇ ਹੁਕਮ ਨੂੰ ਆਪਣੀ ਪਾਰਟੀ ਦੇ ਵਿਧਾਨਕਾਰਾਂ ਦੇ ਭਾਰੀ ਵਿਰੋਧ ਦੇ ਕਾਰਨ ਇਸਨੂੰ ਮੁੜ ਪੰਜਾਬ ਪੁਲੀਸ ਦੇ ਘੇਰੇ ਵਿੱਚ ਲਿਆਉਣ ਲਈ ਵਿਧਾਨ ਸਭਾ ਦੀ ਇਸ ਬਹਿਸ ਵਿੱਚ ਮੰਨਣਾ ਪਿਆ। ਜੇ ਇਹੀ ਇਸ ਬਹਿਸ ਦਾ ਇੱਕ ਸਾਰਥਕ ਪਾਸਾ ਮੰਨ ਵੀ ਲਈਏ ਤਾਂ ਕੀ ਇਹ ਪੱਕੇ ਰੂਪ ਵਿੱਚ ਕਿਹਾ ਜਾ ਸਕਦਾ ਹੈ ਕਿ ਇਹ ਜਾਂਚ ਸੀ.ਬੀ.ਆਈ ਤੋਂ ਨਿਕਲ ਕੇ ਮੁੜ ਪੰਜਾਬ ਸਰਕਾਰ ਕੋਲ ਆ ਸਕੇਗੀ ਕਿ ਨਹੀਂ, ਇਹ ਅੱਜ ਵੀ ਵੱਡਾ ਸਵਾਲ ਹੈ। ਕਿਉਂਕਿ ਇਸਤੋਂ ਪਹਿਲਾਂ ਵੀ ਭਾਰਤ ਦੇ ਦੂਜੇ ਸੂਬੇ ਦੀਆਂ ਸਰਕਾਰਾਂ ਵੱਲੋਂ ਉਪਰਾਲੇ ਕੀਤੇ ਗਏ ਸਨ ਉਨਾਂ ਨੂੰ ਭਾਰਤ ਦੀ ਉਚ ਅਦਾਲਤ ਨੇ ਮੰਨਣ ਤੋਂ ਇਨਕਾਰ ਕਰ ਦਿੱਤਾ ਹੈ। ਇਸ ਕਦਮ ਨਾਲ ਇੱਕ ਗੱਲ ਤਾਂ ਤਹਿ ਹੈ ਕਿ ਇਸ ਜਾਂਚ ਵਿੱਚ ਉਠਾਏ ਗਏ ਮਹੱਤਵਪੂਰਨ ਸਵਾਲਾ ਦਾ ਹੱਲ ਕਿਸ ਤਣ-ਪੱਤਣ ਅਤੇ ਕਿੰਨੇ ਸਮੇਂ ਵਿੱਚ ਲੱਗਦਾ ਹੈ ਇਹ ਅਜੇ ਬੜਾ ਵੱਡਾ ਪ੍ਰਸ਼ਨ ਹੈ। ਕਿਉਂਕਿ ਇਸ ਪਿਛੇ ਜੋ ਕਾਂਗਰਸ ਸਰਕਾਰ ਦੇ ਮਨਸੂਬੇ ਸਾਹਮਣੇ ਆਏ ਹਨ ਉਹ ਪ੍ਰਤੱਖ ਰੂਪ ਵਿੱਚ ਇਹ ਜਾਪ ਰਹੇ ਹਨ ਕਿ ਭਾਰਤ ਦੀ ਕਾਂਗਰਸ ਪਾਰਟੀ ਇਸ ਜਾਂਚ ਕਮਿਸ਼ਨ ਦੇ ਰੋਲੇ ਰੱਪੇ ਰਾਹੀਂ ਆਪਣੀਆਂ ਕੇਂਦਰੀ ਤੇ ਸੂਬਾ ਸਰਕਾਰਾਂ ਵੇਲੇ ਸਿੱਖ ਕੌਮ ਨੂੰ ਕੁਚਲਣ ਲਈ ਜੋ ਤਾਨਾਸ਼ਾਹੀ ਤੇ ਕਤਲੇਆਮ ਵਰਗੇ ਕਦਮ ਚੁੱਕੇ ਗਏ ਸਨ ਤੇ ਜਿਸ ਦੌਰਾਨ ਸਿੱਖ ਕੌਮ ਦੇ ਸਰਬਉਚ ਸਥਾਨ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਤੇ ਹਮਲਾ ਹੋਇਆ ਤੇ ਸਿੱਖ ਕੌਮ ਦਾ ਸ਼ਰੇਆਮ ਕਤਲੇਆਮ ਕੀਤਾ ਗਿਆ, ਇਸ ਵਿੱਚ ਅਕਾਲ ਤਖਤ ਸਾਹਿਬ ਵਰਗੇ ਸਥਾਨ ਨੂੰ ਭਾਰਤੀ ਫੌਜ ਦੁਆਰਾ ਢਹਿ ਢੇਰੀ ਕਰ ਦਿੱਤਾ ਗਿਆ, ਉਸਤੋਂ ਬਾਅਦ ਸਿੱਖ ਜਾਵਨੀ ਅੰਦਰ ਉਠੀ ਲਹਿਰ ਨੂੰ ਤਹਿਸ਼ ਨਹਿਸ਼ ਕਰਨ ਲਈ ਸਰਕਾਰੀ ਜਬਰ ਰਾਹੀਂ ਸਾਲਾਂ ਬੱਧੀ ਕੀਤੇ ਕਤਲੇਆਮ ਨੂੰ ਛੁਪਾ ਕੇ ਇਸ ਜਾਂਚ ਕਮਿਸ਼ਨ ਦੇ ਉਪਰਾਲੇ ਰਾਹੀਂ ਆਪਣੇ ਆਪ ਨੂੰ ਦੁੱਧ ਵਾਂਗ ਸਫੈਦ ਦੱਸਣ ਦੀ ਕੋਸ਼ਿਸ ਕੀਤੀ ਹੈ। ਕਾਂਗਰਸ ਅੱਜ ਆਪਣੇ ਆਪ ਨੂੰ ਪੰਜਾਬ ਤੇ ਸਿੱਖ ਕੌਮ ਦੇ ਗੁਰੂ, ਗੁਰੂ ਗ੍ਰੰਥ ਸਾਹਿਬ ਦੇ ਵੱਡੇ ਪੈਰੋਕਾਰ ਹੋਣ ਦਾ ਦਾਅਵਾ ਕਰ ਰਹੀ ਹੈ। ਉਹ ਆਪਣੇ ਪਰਿਵਾਰਕ ਪਿਛੋਕੜ ਰਾਹੀਂ ਆਪਣੇ ਆਪ ਨੂੰ ਸਿੱਖ ਕੌਮ ਦੀਆਂ ਸਿਰਮੌਰ ਹਸਤੀਆਂ ਦੇ ਅਸਲ ਵਾਰਿਸ ਦਰਸਾ ਰਹੇ ਹਨ, ਜਿਨਾਂ ਨੇ ਕਿਸੇ ਸਮੇਂ ਚਮਕੌਰ ਦੀ ਗੜੀ ਵਿੱਚ ਸ਼ਹੀਦ ਹੋਏ ਸਾਹਿਬਜ਼ਾਦਿਆਂ ਤੇ ਬਾਕੀ ਸਿੰਘਾਂ ਦਾ ਗੁਰੂ ਮਰਿਯਾਦਾ ਅਨੁਸਾਰ ਇਤਿਹਾਸ ਅਨੁਸਾਰ ਸਸਕਾਰ ਕੀਤਾ ਸੀ। ਇਸ ਇਤਿਹਾਸਕ ਪੱਖ ਨੂੰ ਬੜੀ ਸ਼ਿੱਦਤ ਨਾਲ ਕਾਂਗਰਸ ਦੇ ਵਿਧਾਨਕਾਰਾਂ ਨੇ ਇਸ ਬਹਿਸ ਦੌਰਾਨ ਉਚੇਚੇ ਤੌਰ ਤੇ ਦੱਸਿਆ ਸੀ।

ਇਸ ਬਹਿਸ ਨੂੰ ਲੈ ਕੇ ਸਿੱਖ ਕੌਮ ਦੇ ਮਨਾਂ ਅੰਦਰ ਜੋ ਵੱਡੀ ਚਰਚਾ ਹੋ ਰਹੀ ਹੈ ਉਹ ਇਹ ਹੈ ਕਿ ਇਸ ਬਹਿਸ ਨਾਲ ਅਕਾਲੀ ਦਲ ਬਾਦਲ ਦੀ ਪ੍ਰਮੁੱਖ ਪਰਿਵਾਰਕ ਲੀਡਰਸ਼ਿਪ ਸਵਾਲੀਆਂ ਚਿੰਨ ਦੇ ਘੇਰੇ ਅੰਦਰ ਹੈ। ਇਥੋਂ ਤੱਕ ਕੇ ਉਸਦੀ ਪ੍ਰਮਾਣਿਕਤਾ ਤੇ ਵੀ ਅਕਾਲੀ ਦਲ ਬਾਦਲ ਪਾਰਟੀ ਵੱਲੋਂ ਵੀ ਉਂਗਲਾਂ ਉਠ ਰਹੀਆਂ ਹਨ। ਇਸ ਬਹਿਸ ਦੌਰਾਨ ਜੋ ਦੂਸਰਾ ਪੱਖ ਉਜਾਗਰ ਹੋਇਆ ਹੈ ਉਹ ਇਹ ਹੈ ਕਿ ਸਿੱਖ ਕੌਮ ਦੇ ਮੁੱਖ ਅਸਥਾਨ ਅਕਾਲ ਤਖਤ ਸਾਹਿਬ ਦੇ ਮੌਜੂਦਾ ਮੁੱਖ ਸੇਵਾਦਾਰ ਜੋ ਕਿ ਅਕਾਲ ਤਖਤ ਦਾ ਸਾਹਿਬ ਦਾ ਜੱਥੇਦਾਰ ਹੈ ਤੇ ਇੱਕ ਹੋਰ ਪ੍ਰਮੁੱਖ ਸੇਵਾਦਾਰ ਦੀ ਨਿੱਜੀ ਜਿੰਦਗੀ ਤੇ ਪਿਛੋਕੜ ਬਾਰੇ ਇੱਕ ਡੂੰਘੀ ਝਾਤ ਹੋ ਨਿਬੜਿਆ ਹੈ ਜਿਸ ਪ੍ਰਤੀ ਇਸ ਬਹਿਸ ਦੌਰਾਨ ਤੱਖ ਸਾਹਮਣੇ ਆਏ ਹਨ ਤੇ ਸਿੱਖ ਕੌਮ ਦੇ ਮਨਾ ਅੰਦਰ ਇੰਨਾ ਦੇ ਆਦਰ ਸਰਕਾਰ ਪ੍ਰਤੀ ਡੂੰਘੀ ਸੱਟ ਵੱਜੀ ਹੈ। ਇਸ ਬਹਿਸ ਦਾ ਹੁਣ ਕੀ ਪ੍ਰਮਾਣਿਕ ਤੱਥ ਤੇ ਕਿੰਨੇ ਸਮੇਂ ਵਿੱਚ ਨਿਕਲਦਾ ਹੈ ਇਸ ਪ੍ਰਤੀ ਸਿੱਖ ਕੌਮ ਮਨਾਂ ਅੰਦਰ ਅਜੇ ਵੀ ਸਵਾਲ ਬਣਿਆ ਹੋਇਆ ਹੈ। ਪਰ ਇਹ ਜਰੂਰ ਹੈ ਕਿ ਇੰਨੇ ਘਟਨਾਕ੍ਰਮ ਤੋਂ ਬਾਅਦ ਇਹ ਤੱਥ ਵਾਰ-ਵਾਰ ਸਾਹਮਣੇ ਆ ਰਿਹਾ ਹੈ ਕਿ ਅਕਾਲੀ ਦਲ ਬਾਦਲ ਦੇ ਪ੍ਰਮੁੱਖ ਲੀਡਰ ਤੇ ਪ੍ਰਧਾਨ ਕਿਸੇ ਤਰਾਂ ਨਾਲ ਵੀ ਇੰਨਾ ਉਠੇ ਗੰਭੀਰ ਸਵਾਲਾਂ ਤੋਂ ਨਾਵਾਕਫ ਹਨ ਤੇ ਵਕਤੀ ਵਾਵਰੋਲਾ ਸਮਝ ਕੇ ਦਿਨ ਪ੍ਰਤੀ ਦਿਨ ਜਨਤਕ ਤੌਰ ਤੇ ਅਣਗੌਲਿਆਂ ਕਰਦੇ ਦਿਖਾਈ ਦੇ ਰਹੇ ਹਨ। ਇਸੇ ਤਰਾਂ ਹੀ ਜਿਹੜੇ ਜੱਥੇਦਾਰਾਂ ਦੀ ਕਾਰਜ਼ਸਾਲੀ ਅਤੇ ਉਨਾਂ ਦੀ ਨਿੱਜੀ ਜ਼ਿੰਦਗੀ ਦੀ ਕਹਾਣੀ ਬਾਰੇ ਜੋ ਸਵਾਲ ਉਠੇ ਹਨ ਉਨਾਂ ਪ੍ਰਤੀ ਉਹ ਅੱਜ ਵੀ ਅਵੇਸਲੇ ਹੀ ਜਾਪਦੇ ਹਨ, ਪਰ ਸਿੱਖ ਮਨਾਂ ਅੰਦਰ ਇਨਾਂ ਦੇ ਮਾਣ ਸਤਿਕਾਰ ਪ੍ਰਤੀ ਪੂਰੀ ਢਾਹ ਲੱਗ ਚੁੱਕੀ ਹੈ। ਜਿਸ ਕਾਰਨ ਇਹ ਜਨਤਕ ਰੂਪ ਵਿੱਚ ਵਿਚਰਨ ਤੋਂ ਵੀ ਅਸਮਰਥ ਜਾਪ ਰਹੇ ਹਨ। ਬੁਰਜ ਜਵਾਹਰ ਸਿੰਘ ਤੇ ਬਰਗਾੜੀ ਦੀ ਘਟਨਾ ਤੋਂ ਬਾਅਦ ਜੋ ਘਟਨਾਕ੍ਰਮ ਵਾਪਰਿਆ ਉਸ ਦੌਰਾਨ ਜੋ ਗੁਰਸਿੱਖ ਪਰਿਵਾਰਾਂ ਨੂੰ ਉਸ ਸਮੇਂ ਦੀ ਅਕਾਲੀ ਬਾਦਲ ਸਰਕਾਰ ਦੇ ਜੁਲਮ ਤੇ ਤਸੱਦਦ ਦਾ ਸ਼ਿਕਾਰ ਹੋਣਾ ਪਿਆਂ ਤੇ ਜਿਸਦਾ ਦਰਦ ਉਹ ਅੱਜ ਵੀ ਹੰਢਾ ਰਹੇ, ਉਨਾਂ ਘਟਨਾਵਾਂ ਬਾਰੇ ਨਾ ਤਾਂ ਕੋਈ ਵਿਚਾਰ ਚਰਚਾ ਹੋਈ ਹੈ, ਨਾ ਕੋਈ ਇਨਸਾਫ ਮਿਲਿਆ ਹੈ, ਇੰਨਾ ਬੇਅਦਬੀ ਦੀਆਂ ਘਟਨਾਵਾਂ ਵਿਚੋਂ ਇੰਨਾਂ ਗੁਰਸਿੱਖਾਂ ਤੇ ਪਈ ਸਰਕਾਰੀ ਮਾਰ ਦਾ ਪੱਖ ਅੱਜ ਤੱਕ ਅਣਗੌਲਿਆਂ ਹੀ ਚਲਿਆ ਆ ਰਿਹਾ ਹੈ।

ਇਸ ਸੰਵਾਦ ਤੇ ਬਹਿਸ ਤੋਂ ਬਾਅਦ ਪੰਜਾਬ ਦੀ ਸੱਤਾਧਾਰੀ ਪਾਰਟੀ, ਅਕਾਲੀ ਦਲ ਤੇ ਆਮ ਆਦਮੀ ਪਾਰਟੀ ਕਿਸੇ ਨਾ ਕਿਸੇ ਰੂਪ ਵਿੱਚ ਰਾਜਨੀਤਿਕ ਲਾਹਾ ਲੈਣ ਦੀ ਤਾਕ ਵਿੱਚ ਹਨ। ਪਰ ਇੱਕ ਗੱਲ ਪ੍ਰਤੱਖ ਹੈ ਕਿ ਭਾਰਤੀ ਅਵਾਮ ਅੰਦਰ ਸਿੱਖ ਕੌਮ ਪਹਿਲਾਂ ਹੀ ਆਪਣੇ ਆਪ ਨੂੰ ਅਸੁਰੱਖਿਅਤ ਸਮਝ ਰਹੀ ਹੈ ਪਰ ਹੁਣ ਪਿਛਲੇ ਕੁਝ ਸਮੇਂ ਤੋਂ ਸਿੱਖਾਂ ਦੇ ਗੁਰੂ ਸਾਹਿਬ ਦੀ ਸੁਰੱਖਿਆ ਨੂੰ ਲੈ ਕੇ ਵੀ ਸਵਾਲ ਉੱਠ ਖੜੇ ਹਨ।