ਸੰਸਾਰ ਰਾਜਨੀਤੀ ਵਿੱਚ ਇਸ ਵੇਲੇ ਕਾਫੀ ਦਿਲਚਸਪ ਫੇਰਬਦਲ ਹੁੰਦੇ ਦੇਖੇ ਜਾ ਸਕਦੇ ਹਨ। ਪਿਛਲੇ ਕਈ ਮਹੀਨਆਂ ਤੋਂ ਸੰਸਾਰ ਰਾਜਨੀਤੀ ਵੱਡੀਆਂ ਤਬਦੀਲੀਆਂ ਅਤੇ ਵੰਗਾਰਾਂ ਦਾ ਸਾਹਮਣਾਂ ਕਰ ਰਹੀ ਹੈ। ਸੰਸਾਰ ਪੱਧਰ ਤੇ ਵੱਡੀਆਂ ਤਾਕਤਾਂ ਦੇ ਟਕਰਾਅ ਅਤੇ ਵਪਾਰ ਦੀਆਂ ਹਿਰਸੀ ਬਿਰਤੀਆਂ ਨੇ ਸਮੁੱਚੇ ਸੰਸਾਰ ਦੀ ਆਰਥਿਕਤਾ ਅਤੇ ਰਾਜਨੀਤੀ ਨੂੰ ਬਹੁਤ ਵੱਡੇ ਝਟਕੇ ਦੇ ਦਿੱਤੇ ਹਨ।
ਇਸੇ ਸੰਦਰਭ ਵਿੱਚ ਤਾਜ਼ਾ ਝਟਕਾ ਡੌਨਲਡ ਟਰੰਪ ਦੀ ਅਮਰੀਕਾ ਦੇ ਪ੍ਰਧਾਨ ਵੱਜੋਂ ਚੋਣ ਦਾ ਲੱਗਾ ਹੈ। ਜੂਨ ਮਹੀਨੇ ਵਿੱਚ ਬਰਤਾਨੀਆ ਵੱਲ਼ੋਂ ਯੂਰਪੀ ਯੂਨੀਅਨ ਤੋਂ ਬਾਹਰ ਹੋ ਜਾਣ ਦੇ ਫੈਸਲੇ ਤੋਂ ਬਾਅਦ ਡੌਨਲਡ ਟਰੰਪ ਦੀ ਅਮਰੀਕੀ ਪ੍ਰਧਾਨ ਵੱਜੋਂ ਜਿੱਤ ਨੇ ਸੰਸਾਰ ਦੀ ਰਾਜਨੀਤੀ ਦੀ ਦਿਸ਼ਾ ਬਦਲ ਦਿੱਤੀ ਹੈ।
ਬਰਤਾਨੀਆ ਦੇ ਲੋਕਾਂ ਵੱਲੋਂ ਯੂਰਪੀ ਯੂਨੀਅਨ ਤੋਂ ਬਾਹਰ ਹੋ ਜਾਣ ਦੇ ਫਤਵੇ ਤੋਂ ਬਾਅਦ ਟਰੰਪ ਦੀ ਜਿੱਤ ਨੂੰ ਦੋ ਢੰਗਾਂ ਨਾਲ ਦੇਖਿਆ ਜਾ ਰਿਹਾ ਹੈ।
ਰਾਜਨੀਤੀ ਦੇ ਇੱਕ ਸਕੂਲ ਵੱਲ਼ੋਂ ਤਾਂ ਇਸ ਨੂੰ ਸਥਾਪਤ ਸੱਤਾ ਅਤੇ ਸਿਸਟਮ ਦੇ ਖਿਲਾਫ ਮਿਹਨਤੀ ਲੋਕਾਂ ਦੇ ਦੀ ਬਗਾਵਤ ਵੱਜੋਂ ਦੇਖਿਆ ਜਾ ਰਿਹਾ ਹੈ। ਸੰਸਾਰ ਰਾਜਨੀਤੀ ਦੇ ਇਸ ਸਕੂਲ ਦਾ ਕਹਿਣਾਂ ਹੈ ਕਿ ਗਲੋਬਲਾਈਜ਼ੇਸ਼ਨ ਦੀ ਹਨੇਰੀ ਨੇ ਮਿਹਨਤ ਕਰਨ ਵਾਲੇ ਅਤੇ ਗਰੀਬੀ ਨਾਲ ਦੋ ਚਾਰ ਹੋ ਰਹੇ ਲੋਕਾਂ ਲਈ ਸਮਾਜ ਵਿੱਚ ਕੋਈ ਥਾਂ ਨਹੀ ਛੱਡੀ ਹੈ। ਉਨ੍ਹਾਂ ਦਾ ਇਨਸਾਨ ਦੇ ਤੌਰ ਤੇ ਵਜੂਦ ਹੌਲੀ ਹੌਲੀ ਖਤਮ ਹੰਦਾ ਜਾ ਰਿਹਾ ਹੈ। ਆਰਥਿਕਤਾ ਦੀ ਦੁਨੀਆਂ ਵਿੱਚ ਉਹ ਮਸ਼ੀਨ ਦੇ ਪੁਰਜੇ ਬਣ ਗਏ ਹਨ। ਮੈਨੇਜਰਾਂ ਦੇ ਬੋਨਸ ਦੀ ਲਾਲਸਾ ਨੇ ਕਾਮਿਆਂ ਦਾ ਕਚੂੰਮਰ ਕੱਢਕੇ ਰੱਖ ਦਿੱਤਾ ਹੈ। ਕਾਮੇ ਇਨਸਾਨੀ ਜਿੰਦਗੀ ਦੀ ਸਭ ਤੋਂ ਹੇਠਲੀ ਪੌੜੀ ਤੇ ਧੱਕ ਦਿੱਤੇ ਗਏ ਹਨ।
ਜਿਵੇਂ ਅਰਜੁਨ ਅੱਪਾਦੁਰਾਈ ਨੇ ਆਖਿਆ ਹੈ ਕਿ ਗਲੋਬਲਾਈਜ਼ੇਸ਼ਨ ਵਿੱਚ ਕਾਮਿਆਂ ਅਤੇ ਕੀੜੇ ਮਕੌੜਿਆਂ ਵਿੱਚ ਕੋਈ ਥਾਂ ਨਹੀ ਬਚੀ। ਸੰਸਾਰ ਰਾਜਨੀਤੀ ਅਤੇ ਸੰਸਾਰ ਆਰਥਿਕਤਾ ਕਾਮਿਆਂ ਨੂੰ ਖਤਮ ਕਰ ਦੇਣ ਦੀ ਰਾਹ ਤੇ ਚੱਲ ਰਹੇ ਹਨ। ਉਹ ਸਮਝਦੇ ਹਨ ਕਿ ਇਹ ਕੀੜੇ ਮਕੌੜੇ ਸਾਡੀ ਸੰਪੂਰਨਤਾ ਵਿੱਚ ਅੜਿੱਕਾ ਹਨ।
ਪਰ ਬਰਤਾਨੀਆ ਦੀ ਘਟਨਾ ਅਤੇ ਹੁਣ ਡੌਨਲਡ ਟਰੰਪ ਦੀ ਜਿੱਤ ਨੇ ਮਿਹਨਤੀ ਲੋਕਾਂ ਦੇ ਸੱਤਾ ਅਤੇ ਸਥਾਪਤੀ ਦੇ ਖਿਲਾਫ ਬਗਾਵਤ ਨੂੰ ਪਰਚੰਡ ਕਰ ਦਿੱਤਾ ਹੈ।
ਬਰਤਾਨੀਆ ਵਿੱਚ ਵੀ ਯੂਰਪ ਤੋਂ ਬਾਹਰ ਹੋਣ ਦੀ ਸਭ ਤੋਂ ਜਿਆਦਾ ਵੋਟ ਉਨ੍ਹਾਂ ਖੇਤਰਾਂ ਵਿੱਚੋਂ ਹੀ ਪਈ ਹੈ ਜਿੱਥੇ ਲੇਬਰ ਪਾਰਟੀ ਦਾ ਗੜ੍ਹ ਹੈ। ਡੌਨਲਡ ਟਰੰਪ ਨੂੰ ਵੀ ਡੈਮੋਕਟੇਰਸ ਦੇ ਗੜ੍ਹ ਵਿੱਚੋਂ ਵੋਟਾਂ ਮਿਲੀਆਂ ਹਨ।
ਸੰਸਾਰ ਰਾਜਨੀਤੀ ਨੂੰ ਇੱਕ ਵੱਖਰੇ ਅੰਦਾਜ਼ ਤੋਂ ਦੇਖਣ ਵਾਲਾ ਸਕੂਲ ਬਰਤਾਨੀਆ ਦੀ ਘਟਨਾ ਅਤੇ ਡੌਨਲਡ ਟਰੰਪ ਦੀ ਜਿੱਤ ਨੂੰ ਵੱਡੀਆਂ ਕੌਮਾਂ ਵੱਲ਼ੋਂ ਆਪਣੀ ਸਿਆਸੀ ਚੌਧਰ ਬਰਕਰਾਰ ਰੱਖਣ ਦੀ ਕਸਰਤ ਵੱਜੋਂ ਦੇਖ ਰਿਹਾ ਹੈ।
ਬਰਤਾਨੀਆ ਵਿੱਚ ਯੂਰਪ ਤੋਂ ਬਾਹਰ ਹੋਣ ਦੀ ਜੋ ਸਿਆਸੀ ਲੜਾਈ ਲੜੀ ਗਈ ਉਹ ਆਰਥਿਕਤਾ ਨਾਲ਼ੋਂ ਵਿਦੇਸ਼ੀ ਲੋਕਾਂ ਖਿਲਾਫ ਇੱਕ ਨਫਰਤ ਵੱਜੋਂ ਜਿਆਦਾ ਲੜੀ ਗਈ। ਹਰ ਕੋਈ ਆਪਣੇ ਮੁਲਕ ਨੂੰ ਆਪਣੀ ਸਿਆਸੀ ਚੌਧਰ ਅਧੀਨ ਰੱਖਣ ਦੀ ਲਾਲਸਾ ਕਾਰਨ ਹੀ ਬਰਤਾਨੀਆ ਦੇ ਤੋੜ-ਵਿਛੋੜੇ ਦੇ ਹੱਕ ਵਿੱਚ ਵੋਟ ਪਾ ਕੇ ਆਇਆ।
ਇਹੋ ਕੁਝ ਅਮਰੀਕਾ ਵਿੱਚ ਹੋਇਆ ਹੈ। ਟਰੰਪ ਨੇ ਵਿਦੇਸ਼ੀਆਂ ਨੂੰ ਬਾਹਰ ਭਜਾ ਦੇਣ ਦਾ ਜਿਓਂ ਹੀ ਪੈਂਤੜਾ ਮੱਲਿਆ ਉਸਦੇ ਹੱਕ ਵਿੱਚ ਹਵਾ ਵਗਣੀ ਅਰੰਭ ਹੋ ਗਈ।
ਸੰਸਾਰ ਰਾਜਨੀਤੀ ਵਿੱਚ ਕੌਮਾਂ ਦੀ ਹੋਂਦ ਦੇ ਅਧਾਰ ਤੇ ਜੋ ਸਫਬੰਦੀ ਹੋ ਰਹੀ ਹੈ, ਬਰਤਾਨੀਆ ਅਤੇ ਅਮਰੀਕਾ ਨੇ ਉਸ ਵਿੱਚ ਪਹਿਲ ਕਰ ਲਈ ਹੈ। ਹਰ ਬਹੁ-ਗਿਣਤੀ ਕੌਮ ਆਪਣੀ ਸਿਆਸੀ ਚੌਧਰ ਅਤੇ ਹੰਕਾਰ ਬਰਕਰਾਰ ਰੱਖਣ ਲਈ ਕਾਹਲੀ ਹੈ। ਉਹ ਆਪਣੇ ਘੇਰੇ ਵਿੱਚ ਕਿਸੇ ਦੂਜੇ ਦਾ ਦਖਲ ਬਰਦਾਸ਼ਤ ਨਹੀ ਕਰ ਸਕਦੀ।
ਕਥਿਤ ਲਿਬਰਲ ਰਾਜਨੀਤੀ ਆਪਣੀ ਮੌਤ ਆਪ ਹੀ ਮਰ ਸਕਦੀ ਹੈ, ਕਿਉਂਕਿ ਕੌਮਾਂ ਨੇ ਆਪਣੀ ਸਿਆਸੀ ਹੋਂਦ ਦੇ ਆਪ ਮਾਲਕ ਬਣਨ ਦਾ ਨਿਸ਼ਚਾ ਕਰ ਲਿਆ ਹੈ। ਲੜਾਈ ਦੀਆਂ ਲਕੀਰਾਂ ਸਾਫ ਅਤੇ ਸਪਸ਼ਟ ਖਿੱਚੀਆਂ ਗਈਆਂ ਹਨ।
ਇਸ ਸੰਦਰਭ ਵਿੱਚ ਦੋ ਸਾਲ ਪਹਿਲਾਂ ਭਾਰਤ ਵਿੱਚ ਨਰਿੰਦਰ ਮੋਦੀ ਦੇ ਪ੍ਰਧਾਨ ਮੰਤਰੀ ਬਣਨ ਦੇ ਸਿਆਸੀ ਘਟਨਾ-ਚੱਕਰ ਨੂੰ ਵੀ ਦੇਖਿਆ ਜਾ ਸਕਦਾ ਹੈ। ਏਨੀਆਂ ਛੋਟੀਆਂ ਕੌਮਾਂ ਵਿੱਚ ਵੰਡੇ ਭਾਰਤ ਵਿੱਚੋਂ ਜੇ ਅਖੰਡ ਭਾਰਤ ਅਤੇ ਇੱਕੋ ਕੌਮ ਦੇ ਰਾਜ ਦਾ ਸੁਪਨਾ ਪਾਲ ਰਹੀ ਭਾਜਪਾ ਨੂੰ ਪੂਰਨ ਬਹੁਮਤ ਮਿਲਿਆ ਤਾਂ ਇਸਦੇ ਵੱਡੇ ਸਿਆਸੀ ਕਾਰਨ ਹਨ।
ਇਸ ਸੰਦਰਭ ਵਿੱਚ ਧਰਮ-ਨਿਰਪੱਖਤਾ ਦੇ ਛਲਾਵੇ ਵਿੱਚ ਆਪਣੀ ਕੌਮੀ ਜਿੰਦਗੀ ਖਰਾਬ ਕਰ ਰਹੀਆਂ ਸਿੱਖਾਂ ਵਰਗੀਆਂ ਕੌਮਾਂ ਨੂੰ ਸਮਝ ਲੈਣਾਂ ਚਾਹੀਦਾ ਹੈ ਕਿ ਕਿਸੇ ਵੱਡੇ ਦੇਸ਼ ਵਿੱਚ ਛੋਟੇ ਛੋਟੇ ਰਾਜਸੀ ਫਾਇਦੇ ਲੈਣ ਦਾ ਵਕਤ ਹੁਣ ਬੀਤ ਗਿਆ ਹੈ। ਹੁਣ ਸਮਾਂ ਆਪਣੀ ਕੌਮ ਦੀ ਅਸਲੀ ਸਿਆਸੀ ਚੌਧਰ ਨੂੰ ਬਰਕਰਾਰ ਕਰਨ ਦਾ ਹੈ ਜੋ ਅਜ਼ਾਦ ਮੁਲਕ ਤੋਂ ਬਿਨਾ ਨਹੀ ਹੋ ਸਕਦੀ। ਸੰਸਾਰ ਪੱਧਰ ਤੇ ਜੋ ਕੌਮੀ ਲਕੀਰਾਂ ਖਿੱਚੀਆਂ ਗਈਆਂ ਹਨ ਸਿੱਖਾਂ ਨੂੰ ਆਪਣੀ ਕੌਮ ਦਾ ਭਵਿੱਖ ਇਸ ਸਫਬੰਦੀ ਤੋਂ ਹੀ ਤੈਅ ਕਰਨਾ ਚਾਹੀਦਾ ਹੈ।
ਇਸ ਵੇਲੇ ਕੀਤੀ ਸਿਆਣਪ ਕੌਮ ਲਈ ਕੋਈ ਰੰਗ ਲਿਆ ਸਕਦੀ ਹੈ ਕਿਉਂਕਿ ਕੌਮਾਂ ਦੀ ਸੰਸਾਰ-ਪੱਧਰੀ ਸਫਬੰਦੀ ਵਿੱਚ ਜੋ ਲੀਡਰਸ਼ਿੱਪ ਸਾਹਮਣੇ ਆ ਰਹੀ ਹੈ ਉਹ ਸਿਆਸੀ ਤੌਰ ਤੇ ਬਹੁਤੀ ਚਤੁਰ ਅਤੇ ਸਿਆਣੀ ਨਹੀ ਹੈ। ਡੌਨਲਡ ਟਰੰਪ, ਨਾਈਜਲ ਫਰਾਜ ਅਤੇ ਨਰਿੰਦਰ ਮੋਦੀ ਵਰਗੇ ਲੋਕ ਜਦੋਂ ਸੰਸਾਰ ਰਾਜਨੀਤੀ ਤੇ ਆ ਜਾਣ ਉਸ ਵੇਲੇ ਕੰਮ ਕਰਨਾ ਸੌਖਾ ਹੋ ਜਾਂਦਾ ਹੈ।