ਪਾਣੀਆਂ ਦਾ ‘ਰਾਖਾ’ ਅੱਜਕੱਲ਼੍ਹ ਫਿਰ ਸਰਗਰਮ ਹੈ। ਇੱਕ ਵਾਰ ਫਿਰ ਉਹ ਮਾਸੂਮ ਸਿੱਖਾਂ ਨੂੰ ਆਪਣੀ ਝੂਠ ਦੀ ਦੁਕਾਨ ਪਾਕੇ ਭਰਮਾਉਣ ਦਾ ਯਤਨ ਕਰ ਰਿਹਾ ਹੈ। ਹੁਣ ਕਦੇ ਉਹ ਪੰਜਾਬ ਤੋਂ ਬਾਹਰ ਜਾ ਰਹੇ ਪਣੀਆਂ ਦਾ ਮੁੱਲ ਮੰਗ ਰਿਹਾ ਹੈ ਅਤੇ ਕਦੇ ਨਹਿਰ ਵਾਲੀ ਜਮੀਨ ਕਿਸਾਨਾਂ ਨੂੰ ਵਾਪਸ ਦੇਣ ਦੇ ਡਰਾਮੇ ਕਰ ਰਿਹਾ ਹੈ। ਪਾਣੀਆਂ ਦੇ ‘ਰਾਖੇ’ ਦੇ ਇਰਾਦੇ ਕਦੇ ਵੀ ਪੰਜਾਬ ਲਈ ਨੇਕ ਨਹੀ ਰਹੇ। ਭਾਵੇਂ ਉਹ ਪੰਜਾਬ ਦੀਆਂ ਵੋਟਾਂ ਲੈਕੇ ਜਿੱਤਦਾ ਹੈ ਪਰ ਧੜਕਣ ਉਸਦੀ ਹਮੇਸ਼ਾ ਦਿੱਲੀ ਦੀ ਧੜਕਣ ਨਾਲ ਹੀ ਧੜਕਦੀ ਹੈ। ਪੰਜਾਬ ਦੇ ਜੀਵਨ ਲਈ ਸਭ ਤੋਂ ਗੰਭੀਰ ਚੁਣੌਤੀ ਬਣੇ ਪਾਣੀ ਨਾਲ ਵੀ ਉਹ ਹਮੇਸ਼ਾ ਹੀ ਖੇਡਾਂ ਹੀ ਖੇਡਦਾ ਰਿਹਾ ਹੈ। ਉਹ ਲੋਕਾਂ ਨੂੰ ਕੁਰਬਾਨੀ ਕਰਨ ਦੇ ਹੋਕੇ ਦੇਂਦਾ ਹੈ ਪਰ ਆਪ ਵਕਤ ਦੇ ਹਿੰਦੂ ਹਾਕਮਾਂ ਨਾਲ ਯਾਰੀ ਨਿਭਾਉਂਦਾ ਹੈ।

ਆਪਣੇ ਰਾਜਨੀਤਿਕ ਜੀਵਨ ਦੌਰਾਨ ਕਦੇ ਵੀ ਪਾਣੀਆਂ ਦੇ ‘ਰਾਖੇ’ ਨੇ ਪੰਜਾਬ ਦੇ ਹਿੱਤ ਬਚਾਉਣ ਲਈ ਗੰਭੀਰਤਾ ਨਹੀ ਦਿਖਾਈ। ਉਸਦੀ ਅੱਖ ਸਿਰਫ ਰਾਜਗੱਦੀ ਤੇ ਰਹੀ ਹੈ ਭਾਵੇਂ ਇਸ ਲਈ ਸਮੁੱਚੇ ਪੰਜਾਬ ਅਤੇ ਸਿੱਖਾਂ ਦੇ ਹਿੱਤ ਕਿਉਂ ਨਾ ਵੇਚਣੇ ਪੈਣ। ਉਹ ਜਿਸ ਕੌਮ ਦਾ ਖਾਂਦਾ ਹੈ ਉਸੇ ਕੌਮ ਦੀ ਪਿੱਠ ਵਿੱਚ ਛੁਰਾ ਮਾਰਨ ਵਿੱਚ ਫਖਰ ਮਹਿਸੂਸ ਕਰਦਾ ਹੈ। ਇੱਕ ਵਾਰ ਨਹੀ ਬਲਕਿ ਵਾਰ ਵਾਰ ਉਹ ਸਿੱਖਾਂ ਦੀ ਪਿੱਠ ਵਿੱਚ ਛੁਰਾ ਮਾਰਦਾ ਰਿਹਾ ਹੈ।

ਉਸਦੀ ਤਨਖਾਹ ਤੇ ਪਲਦੇ ਕਰਿੰਦੇ ਉਸਨੂੰ ‘ਸੰਤ ਸਿਆਸਤਦਾਨ’ ਆਖਦੇ ਹਨ ਪਰ ਉਹ ਅਜਿਹਾ ਰਾਜਨੀਤੀਵਾਨ ਹੈ ਜੋ ਹਮੇਸ਼ਾ ਸੰਤਾਂ ਨਾਲ ਹੀ ਵੈਰ ਕਮੁਉਂਦਾ ਰਿਹਾ ਹੈ।

ਜਿਸ ਪਾਣੀ ਦੀ ਰਾਖੀ ਲਈ ਕਾਂਗਰਸੀ ਲੀਡਰ ਗਿਆਨੀ ਜੈਲ ਸਿੰਘ ਨੇ ਇੰਦਰਾ ਗਾਂਧੀ ਕੋਲ ਰੋਸ ਜਾਹਰ ਕੀਤਾ ਸੀ ਉਸ ਪਾਣੀ ਨੂੰ ਲੁਟਾਉਣ ਲਈ ਪਾਣੀ ਦੇ ‘ਰਾਖੇ’ ਨੇ ਪਲ ਵੀ ਨਾ ਲਾਇਆ।

੍ਹਹਰਿਆਣਾਂ ਵਿਧਾਨ ਸਭਾ ਦੇ ਰਿਕਾਰਡ ਵਿੱਚ ਚੌਧਰੀ ਦੇਵੀ ਲਾਲ ਦਾ ਭਾਸ਼ਣ ਜੋ ਪਾਣੀਆਂ ਦੇ ‘ਰਾਖੇ’ ਦੇ ਨਿੱਜੀ ਤੁਅਲਕਾਤਾਂ ਦੀ ਬਦੌਲਤ ਨਹਿਰ ਬਣਾਉਣ ਲਈ ਧੰਨਵਾਦ ਭਰਿਆ ਹੈ ਆਪਣੀ ਸਾਰੀ ਕਹਾਣੀ ਆਪ ਕਹਿ ਰਿਹਾ ਹੈ। ਪਾਣੀਆਂ ਦਾ ‘ਰਾਖਾ’ ਹਮੇਸ਼ਾ ਆਪਣੇ ਨਿੱਜੀ ਹਿੱਤਾਂ ਦੀ ਹੀ ਪਰਵਾਹ ਕਰਦਾ ਹੈ। ਆਪਣੇ ਨਿੱਜੀ ਹਿੱਤਾਂ ਲਈ ਪੰਜਾਬ ਦੇ ਸਾਰੇ ਹਿੱਤ ਵੇਚ ਦੇਣ ਦਾ ਉਸ ਨੂੰ ਕੋਈ ਵੀ ਉਜਰ ਨਹੀ ਹੈ।

ਪੰਜਾਬ ਦੇ ਪਾਣੀਆਂ ਨੂੰ ਬਚਾਉਣ ਲਈ ਦੋ ਤਰ੍ਹਾਂ ਦੀ ਲੜਾਈ ਲੜਨ ਦੀ ਲੋੜ ਹੈ। ਇੱਕ ਤਾਂ ਧਰਮ-ਯੁੱਧ ਮੋਰਚੇ ਵਾਂਗ ਕੇਂਦਰ ਸਰਕਾਰ ਨਾਲ ਸਿੱਧੀ ਸਿਆਸੀ ਟੱਕਰ ਦੀ ਅਤੇ ਦੂਜਾ ਪੰਜਾਬ ਦੇ ਪਾਣੀਆਂ ਦੀ ਮਾਲਕੀ ਸਬੰਧੀ ਕਨੂੰਨੀ ਤੌਰ ਤੇ ਤਕੜੇ ਹੋਕੇ ਆਪਣਾਂ ਕੇਸ ਪੇਸ਼ ਕਰਨ ਲਈ ਪਰ ਪਾਣੀਆਂ ਦਾ ‘ਰਾਖਾ’ ਤਾਂ ਆਪਣੀ ਹੀ ਖੇਡ ਖੇਡਣੀ ਚਾਹੁੰਦਾ ਹੈ। ਉਸਨੂੰ ਪਤਾ ਹੈ ਕਿ ਪੰਜਾਬ ਦੀ ਸੂਬੇਦਾਰੀ ਦਿੱਲੀ ਦੀ ਖੁਸ਼ਨੂਦੀ ਹਾਸਲ ਕਰੇ ਤੋਂ ਬਿਨਾ ਨਹੀ ਮਿਲ ਸਕਦੀ। ਇਸ ਲਈ ਉਹ ਦਿੱਲੀ ਨਾਲ ਆਢਾ ਲਾਉਣ ਦੀ ਕਦੇ ਵੀ ਗੱਲ ਨਹੀ ਕਰਦਾ ਉਸਦਾ ਮੁੱਖ ਮਕਸਦ ਤਾਂ ਆਪਣੀ ਗੱਦੀ ਬਚਾਈ ਰੱਖਣ ਦਾ ਹੈ। ਸਿੱਖਾਂ ਨੂੰ ਮੂਰਖ ਬਣਾਉਣਾਂ ਤਾਂ ਉਸਦੀ ਖੱਬੇ ਹੱਥ ਦੀ ਖੇਡ ਹੈ।

ਉਹ ਅਜਿਹੀ ਖੇਡ ਖੇਡਦਾ ਹੈ ਕਿ ੨੧ਵੀਂ ਸਦੀ ਦੇ ਅੱਤ-ਆਧੁਨਿਕ ਯੁੱਗ ਵਿੱਚ ਵੀ ਪੜ੍ਹੀ ਹੋਈ ਪੀੜ੍ਹੀ ਵਿੱਚੋਂ ਕੋਈ ਉਸਦੇ ਦਿਲ ਦੀ ਗੱਲ ਨਹੀ ਬੁਝ ਰਿਹਾ ਹਲਾਂਕਿ ਉਹ ਦਿਲ ਦੀ ਗੱਲ ਕੋਈ ਗੁੱਝੀ ਨਹੀ ਹੈ। ਪੰਜਾਬ ਦੀ ਸਿਆਸਤ ਨੂੰ ਸਮਝਣ ਵਾਲੀ ਹਰ ਗੰਭੀਰ ਅੱਖ ਪਾਣੀਆਂ ਦੇ ‘ਰਾਖੇ’ ਦੀ ਪੰਜਾਬ ਧਰੋਹੀ ਨੂੰ ਸਹਿਜੇ ਵੀ ਪਹਿਚਾਣ ਸਕਦੀ ਹੈ ਪਰ ਸਭ ਕੁਝ ਹੋਣ ਦੇ ਬਾਵਜੂਦ ਵੀ ਅੱਜ ਵੀ ਪੰਜਾਬ ਵਿੱਚ ਮੁਰਦਘਾਟ ਵਰਗਾ ਸੰਨਾਟਾ ਛਾਇਆ ਹੋਇਆ ਹੈ। ਪਾਣੀਆਂ ਦੇ ‘ਰਾਖੇ’ ਦੀ ਜਾਬਰ ਪੁਲਿਸ ਮਸ਼ੀਨਰੀ ਅੱਗੇ ਕੋਈ ਵੀ ਮੂੰਹ ਖੋਲ਼੍ਹਣ ਨੂੰ ਤਿਆਰ ਨਹੀ ਹੈ।

ਬਸ ਇਹੋ ਹੀ ਪਾਣੀਆਂ ਦੇ ‘ਰਾਖੇ’ ਦੀ ਅਸਲ ਪ੍ਰਾਪਤੀ ਹੈ। ਉਹ ਆਪਣੀ ਗੱਦੀ ਹਥਿਆਉਣ ਲਈ ਲੋਕਾਂ ਦੇ ਹਜਾਰਾਂ ਪੁੱਤ ਮਰਵਾ ਵੀ ਸਕਦਾ ਹੈ ਅਤੇ ਵਕਤ ਆਉਣ ਤੇ ਆਪ ਵੀ ਮਾਰ ਸਕਦਾ ਹੈ। ਪਰ ਪੰਜਾਬ ਦੇ ਪਾਣੀਆਂ ਦੀ ਰਾਖੀ ਲਈ ਸੱਚੀ ਅਤੇ ਸੁੱਚੀ ਲੜਾਈ ਲੜਨ ਦੀ ਉਸ ਵਿੱਚ ਹਿੰਮਤ ਨਹੀ ਹੈ। ਉਹ ਕਰਨਾਟਕਾ ਵਾਂਗ ਨਹਿਰਾਂ ਤੋਂ ਪਾਣੀ ਬੰਦ ਕਰਨ ਦਾ ਸਾਹਸੀ ਕਦਮ ਨਹੀ ਚੁੱਕ ਸਕਦਾ। ਮੀਡੀਆ ਨੂੰ ਇਸ਼ਤਿਹਾਰਾਂ ਦੀ ਬੁਰਕੀ ਪਾਕੇ ਉਸਨੇ ਆਪਣੇ ਬਾਰੇ ਅਜਿਹਾ ਭਰਮ ਜਾਲ ਬੁਣ ਲਿਆ ਹੋਇਆ ਹੈ ਕਿ ਕੋਈ ਵੀ ਉਸਦੇ ੫੦ ਸਾਲਾਂ ਦੇ ਸਿਆਸੀ ਗੁਨਾਹਾਂ ਬਾਰੇ ਜੁਬਾਨ ਨਹੀ ਖੋਲ਼੍ਹ ਰਿਹਾ। ਬਸ ਇਹੋ ਹੀ ਪਾਣੀਆਂ ਦੇ ‘ਰਾਖੇ’ ਦੀ ਪ੍ਰਾਪਤੀ ਹੈ।

ਹੁਣ ਜਦੋਂ ਦਿੱਲੀ ਕਨੂੰਨੀ ਰਾਹਾਂ ਰਾਹੀਂ ਸਪਸ਼ਟ ਰੂਪ ਵਿੱਚ ਪੰਜਾਬ ਨਾਲ ਦੁਸ਼ਮਣੀ ਦੀ ਦੂਜੀ ਪਾਰੀ ਖੇਡਣ ਦਾ ਐਲਾਨ ਕਰ ਰਹੀ ਹੈ ਉਸ ਵੇਲੇ ਰਾਜਸਥਾਨ ਅਤੇ ਹਰਿਆਣੇ ਨੂੰ ਜਾਂਦਾ ਸਾਰਾ ਪਾਣੀ ਇੱਕਦਮ ਬੰਦ ਕਰ ਦੇਣ ਦਾ ਦਲੇਰਾਨਾ ਕਦਮ ਪੁੱਟਣ ਦੀ ਲੋੜ ਸੀ। ਸਾਰਾ ਪਾਣੀ ਬੰਦ ਕਰਕੇ ਦਿੱਲੀ ਨਾਲ ਲੜਾਈ ਦੀਆਂ ਸਪਸ਼ਟ ਲਕੀਰਾਂ ਖਿੱਚੇ ਤੋਂ ਬਿਨਾ ਪੰਜਾਬ ਦੇ ਪਾਣੀਆਂ ਦੀ ਰਾਖੀ ਨਹੀ ਹੋ ਸਕਦੀ। ਪਰ ਪੰਜਾਬ ਦੇ ਪਾਣੀਆਂ ਦਾ ‘ਰਾਖਾ’ ਉਸ ਮਿੱਟੀ ਦਾ ਬਣਿਆ ਹੋਇਆ ਨਹੀ ਹੈ। ਉਸਨੇ ਕਦੇ ਵੀ ਉਸ ਥਾਂ ਤੇ ਮਲ਼੍ਹਮ ਨਹੀ ਲਗਾਈ ਜਿੱਥੇ ਸੱਟ ਲੱਗੀ ਹੁੰਦੀ ਹੈ। ਹਮੇਸ਼ਾ ਸਿੱਖਾਂ ਨੂੰ ਮੂਰਖ ਬਣਾਉਣ ਲਈ ਉਹ ਦਿੱਲੀ ਨੂੰ ਭਾਉਂਦੇ ਫੈਸਲੇ ਕਰਦਾ ਰਿਹਾ ਹੈ।

ਪੰਜਾਬ ਦੇ ਪਾਣੀ ਪੰਜਾਬ ਦੀ ਜਿੰਦ ਜਾਨ ਹਨ। ਇਨਾਂ ਨੂੰ ਬਚਾਉਣ ਦੇ ਇਵਜ਼ ਵੱਜੋਂ ਭਾਈ ਬਲਵਿੰਦਰ ਸਿੰਘ ਜਟਾਣਾਂ ਅਤੇ ਭਾਈ ਚਰਨਜੀਤ ਸਿੰਘ ਚੰਨੀ ਨੂੰ ਆਪਣੇ ਪਰਿਵਾਰਕ ਮੈਂਬਰਾਂ ਦੀ ਬਲੀ ਵੀ ਦੇਣੀ ਪਈ ਸੀ, ਪਰ ਪਾਣੀਆਂ ਦਾ ‘ਰਾਖਾ’ ਅਤੇ ਉਸਦਾ ਕਮਾਊ ਪੁੱਤ ਪਾਣੀਆਂ ਦੀ ਰਾਖੀ ਦੇ ਨਾਅ ਤੇ ਸੂਬੇਦਾਰੀ ਕਰ ਰਹੇ ਹਨ।

ਪੰਜਾਬ ਨੂੰ ਅਜਿਹੇ ਪਾਣੀਆਂ ਦੇ ‘ਰਾਖੇ’ ਤੋਂ ਬਚਾਉਣ ਦੀ ਫੌਰੀ ਅਤੇ ਸਖਤ ਲੋੜ ਹੈ।