੧੦ ਨਵੰਬਰ ਦੇ ਸਰਬੱਤ ਖਾਲਸਾ ਤੋਂ ਬਾਅਦ ਸਿੱਖ ਵਿਦਵਾਨਾਂ ਵਿੱਚ ਇਹ ਬਹਿਸ ਤੁਰ ਪਈ ਹੈ ਕਿ ਖਾਲਸਾ ਪੰਥ ਦਾ ਏਨਾ ਵੱਡਾ ਇਕੱਠ ਕੌਮ ਨੂੰ ਕੋਈ ਸਿਧਾਂਤਕ ਸੇਧ ਦੇਣ ਵਿੱਚ ਕਾਮਯਾਬ ਨਹੀ ਹੋ ਸਕਿਆ ਅਤੇ ਇਹ ਵੀ ਇਸ ਇਕੱਠ ਦਾ ਸੁਨਹਿਰਾ ਮੌਕਾ ਕੌਮ ਨੇ ਗਵਾ ਲਿਆ ਹੈ। ਬਹੁਤ ਸਾਰੇ ਸੀਨੀਅਰ ਸਿੱਖ ਪੱਤਰਕਾਰਾਂ ਅਤੇ ਵਿਦਵਾਨਾਂ ਨੇ ਸਰਬੱਤ ਖਾਲਸਾ ਦੇ ਵੱਡੇ ਇਕੱਠ ਨੂੰ ਇਸ ਨਜ਼ਰ ਤੋਂ ਹੀ ਦੇਖਿਆ ਹੈ। ਆਪਣੀ ਇਮਾਨਦਾਰੀ ਦੇ ਬਾਵਜੂਦ ਸਿੱਖ ਪੱਤਰਕਾਰ ਅਤੇ ਵਿਦਵਾਨ ਕੌਮ ਦੀ ਮਾਨਸਿਕ ਹਾਲਤ ਦਾ ਅੰਦਾਜ਼ਾ ਲਾਉਣ ਵਿੱਚ ਨਾਕਾਮਯਾਬ ਰਹੇ ਹਨ।
ਸਰਬੱਤ ਖਾਲਸਾ ਦਾ ਇਕੱਠ ਜਿਸ ਸਥਿਤੀ ਅਤੇ ਅਵਸਥਾ ਵਿੱਚ ਬੁਲਾਇਆ ਗਿਆ ਸੀ ਉਸ ਵਿੱਚ ਕਿਸੇ ਵੀ ਕਿਸਮ ਦੇ ਸਿਧਾਂਤਕ ਜਾਂ ਵਿਦਵਤਾ ਵਾਲੇ ਫੈਸਲੇ ਲੈਣ ਦੀ ਗੁੰਜਾਇਸ਼ ਹੀ ਨਹੀ ਸੀ। ਸਰਬੱਤ ਖਾਲਸਾ ਕੋਈ ਸੈਮੀਨਾਰ ਨਹੀ ਸੀ ਜਿੱਥੇ ਵੱਡੇ ਵਿਦਵਾਨਾ ਨੇ ਆਪਣੀ ਬੌਧਿਕਤਾ ਦੇ ਚਮਤਕਾਰਾਂ ਰਾਹੀਂ ਕੌਮ ਸਾਹਮਣੇ ਕੋਈ ਵੱਡੇ ਬੌਧਿਕ ਕਾਰਜ ਰੱਖਣੇ ਸਨ।
ਸਰਬੱਤ ਖਾਲਸਾ ਤਾਂ ਪਲ ਪਲ ਜਿਬ੍ਹਾਂ ਹੋ ਰਹੀ ਕੌਮ ਦੇ ਉਨ੍ਹਾਂ ਦਰਦਮੰਦਾਂ ਦਾ ਇਕੱਠ ਸੀ ਜੋ ਗੁਰੂ ਦੇ ਪਰੇਮ, ਵਿੱਚ ਰੱਤੇ ਹੋਏ ਆਪਣੀ ਸ਼ਖਸ਼ੀਅਤ ਨਾਲ਼ੋਂ ਪਲ ਪਲ ਕੁਝ ਨਾ ਕੁਝ ਟੁੱਟਦਾ ਮਹਿਸੂਸ ਕਰ ਰਹੇ ਹਨ। ਇਹ ਇਕੱਠ ਗੁਰੂ ਦੇ ਪ੍ਰੇਮ ਵਿੱਚ ਰੱਤੀਆਂ ਹੋਈਆਂ ਰੂਹਾਂ ਦਾ ਇਕੱਠ ਸੀ ਜੋ ਪਿਛਲੇ ੩੦ ਸਾਲਾਂ ਤੋਂ ਗੁਰੂ ਦੇ ਆਸਰੇ ਹਰ ਕਿਸਮ ਦੇ ਸਿਆਸੀ ਅਤੇ ਫੌਜੀ ਜਬਰ ਦਾ ਸਾਹਮਣਾ ਕਰਦੀਆਂ ਆ ਰਹੀਆਂ ਸਨ। ਆਪਣੇ ਗੁਰੂ ਅਤੇ ਆਪਣੇ ਗੁਰੂ-ਪੰਥ ਨਾਲ ਵਫਾ ਪਾਲਣ ਵਾਲੀਆਂ ਸ਼ਹੀਦੀ ਆਤਮਾਵਾਂ ਦਾ ਇਕੱਠ ਸੀ ਸਰਬੱਤ ਖਾਲਸਾ। ਆਪਣੇ ਆਪਣੇ ਟਰੈਕਟਰਾਂ ਟਰਾਲੀਆਂ, ਸਕੂਟਰਾਂ ਮੋਟਰਸਾਈਕਲਾਂ ਅਤੇ ਕਾਰਾਂ ਸਾਈਕਲਾਂ ਤੇ ਗੁਰੂ ਪੰਥ ਦੇ ਝੰਡੇ ਲਹਿਰਾ ਕੇ ਸਰਬੱਤ ਖਾਲਸਾ ਵਿੱਚ ਪਹੁੰਚੀਆਂ ਸਿੱਖ ਸੰਗਤਾਂ ਉ%ਥੇ ਕਿਸੇ ਗਿਆਨ ਧਿਆਨ ਦੀਆਂ ਗੱਲਾਂ ਸੁਣਨ ਨਹੀ ਸਨ ਆਈਆਂ। ਕੌਮ ਉਸ ਮੌਕੇ ਤਾਂ ਪਿਛਲੇ ੩੦ ਸਾਲਾਂ ਦੇ ਗਮ, ਗੁੱਸੇ, ਬੇਇਜ਼ਤੀ ਅਤੇ ਘੋਰ ਨਸਲਕੁਸ਼ੀ ਦੇ ਸੰਤਾਪ ਨੂੰ ਛੰਡਣ ਲਈ ਆਈ ਸੀ। ਉਹ ਕਿਸੇ ਲੀਡਰ ਜਾਂ ਪ੍ਰਬੰਧਕ ਦੀ ਮੁਥਾਜ ਨਹੀ ਸੀ, ਉਹ ਆਪਣੇ ਗੁਰੂ ਨੂੰ ਇਹ ਯਕੀਨ ਦਿਵੁਣ ਆਏ ਸਨ ਕਿ ਹਜਾਰਾਂ ਦੁਸ਼ਵਾਰੀਆਂ ਦੇ ਬਾਵਜੂਦ ਉਨ੍ਹਾਂ ਨੇ ਬੇਦਾਵੇ ਤੇ ਅੰਗੂਠਾ ਨਹੀ ਲਾਇਆ। ਪੰਥ ਦੀ ਮਾਸੂਮ ਰੁਹਾਨੀਅਤ ਦਾ ਇਕੱਠ ਸੀ ਸਰਬੱਤ ਖਾਲਸਾ। ਕੌਮ ਜਿਸ ਪੀੜ ਅਤੇ ਸੰਤਾਪ ਵਿੱਚੋਂ ਲੰਘ ਰਹੀ ਹੈ ਉਸ ਸੰਤਾਪ ਨੂੰ ਗੁਰੂ ਦੀ ਬਖਸ਼ਿਸ਼ ਅਤੇ ਖ਼ੰਡੇ ਦੀ ਲਿਸ਼ਕਦੀ ਲੋਅ ਨਾਲ ਆਪਣੀ ਮਾਨਸਿਕਤਾ ਤੋਂ ਲਾਹ ਦੇਣ ਅਤੇ ਮੁੜ ਤਰੋਤਾਜ਼ਾ ਹੋਣ ਦੇ ਚਾਅ ਨਾਲ ਆਈ ਸੀ ਸਿੱਖ ਸੰਗਤ।
ਉਨ੍ਹਾਂ ਲਈ ਸਰਬੱਤ ਖਾਲਸਾ ਕੋਈ ਕਾਇਦੇ ਕਨੂੰਨ ਬਣਾਉਣ ਦੀ ਕਵਾਇਦ ਨਹੀ ਸੀ। ਸਿੱਖ ਸੰਗਤ ਜਿਸ ਅਵਸਥਾ ਵਿੱਚ ਵਿਚਰ ਰਹੀ ਸੀ ਉਸ ਅਵਸਥਾ ਵਿੱਚ ਕਿਸੇ ਗਿਆਨ ਧਿਆਨ ਦੀ ਗੱਲ ਸੁਣਨ ਦਾ ਕਿਸੇ ਵੀ ਕੌਮ ਕੋਲ ਕੋeੀ ਵਕਤ ਨਹੀ ਹੁੰਦਾ। ਜਦੋਂ ਸੁਆਲ ਕਿਸੇ ਕੌਮ ਦੀ ਸਦਾ ਸਦਾ ਲਈ ਮੌਤ ਹੋ ਜਾਣ ਦਾ ਖੜ੍ਹਾ ਹੋਵੇ ਉਸ ਵੇਲੇ ਕੋਈ ਵੀ ਕੌਮ ਗਿਆਨ ਧਿਆਨ ਦੀਆਂ ਗੱਲਾਂ ਵੱਲ ਧਿਆਨ ਨਹੀ ਦੇਂਦੀ। ਕੌਮ ਦੀਆਂ ਅੱਖਾਂ ਵਿੱਚ ਸਿਰਫ ਅਤੇ ਸਿਰਫ ਆਪਣੀ ਸਦੀਵੀ ਮੌਤ ਤੋਂ ਬਚਣ ਦੇ ਹੀਲੇ ਵਸੀਲੇ ਕਰਨ ਦਾ ਸੁਆਲ ਸਭ ਤੋਂ ਵੱਡਾ ਹੁੰਦਾ ਹੈ। ਜਿਸ ਵੇਲੇ ਕੌਮਾਂ ਅਜਿਹੀ ਅਵਸਥਾ ਵਿੱਚ ਗੁਜ਼ਰਦੀਆਂ ਹਨ ਉਸ ਵੇਲੇ ਲਹੂ ਵਿੱਚ ਭਿੱਜੇ ਬੋਲ ਹੀ ਕੌਮ ਦੀ ਮਾਨਸਿਕਤਾ ਨੂੰ ਕੋਈ ਢਾਰਸ ਦੇ ਸਕਦੇ ਹਨ। ਸਰਬੱਤ ਖਾਲਸਾ ਵਾਲੇ ਦਿਨ ਸਿੱਖ ਕੌਮ ਉਸ ਅਵਸਥਾ ਵਿੱਚ ਹੀ ਗੁਜ਼ਰ ਰਹੀ ਸੀ। ਉਹ ਕਿਸੇ ਨੂੰ ਸੁਣਨ ਨਹੀ ਸੀ ਆਈ ਬਲਕਿ ਦਹਿਸ਼ਤ ਦੀ ਪੰਡ ਨੂੰ ਤਲਵਾਰਾਂ ਦੀ ਛਾਂ ਹੇਠ ਵਗਾਹ ਮਾਰਨ ਲਈ ਆਈ ਸੀ। ਇਸੇ ਲਈ ਭਾਈ ਜਗਤਾਰ ਸਿੰਘ ਹਵਾਰਾ ਵਰਗੇ ਲੀਡਰ ਤੋਂ ਹੇਠਾਂ ਉੁਹ ਕਿਸੇ ਨੂੰ ਕਬੂਲ ਕਰਨ ਲਈ ਰਾਜ਼ੀ ਹੀ ਨਹੀ ਸੀ। ਕੌਮ ਨੇ ਪਿਛਲੇ ੩ ਦਹਾਕਿਆਂ ਦੌਰਾਨ ਮੌਤ ਦੇਖੀ ਹੀ ਨਹੀ ਬਲਕਿ ਮੌਤ ਨੂੰ ਹੰਢਾਇਆ ਹੈ। ਕੌਮ ਪਲ ਪਲ ਮੌਤ ਨੂੰ ਜਿਊਂਦੀ ਰਹੀ ਹੈ। ਕਤਲਾਂ, ਕੁਰਕੀਆਂ, ਬੇਇਜ਼ਤੀਆਂ ਅਤੇ ਕੈਦਾਂ ਦੀ ਝੰਬੀ ਹੋਈ ਕੌਮ ਕੋਲ਼ੋਂ ਇਸ ਅਵਸਥਾ ਵਿੱਚ ਕਿਸੇ ਬੌਧਿਕ ਫੈਸਲੇ ਦੀ ਉਮੀਦ ਨਹੀ ਸੀ ਕੀਤੀ ਜਾ ਸਕਦੀ। ਗੁਰੂ ਦੇ ਨਾਦੀ ਪੁੱਤਰ ਆਪਣੇ ਗੁਰੂ ਨਾਲ ਪ੍ਰੀਤ ਨਿਭਾਉਣ ਅਤੇ ਉਸਨੂੰ ਯਕੀਨ ਦਿਵਾਉਣ ਦੇ ਮਨਸ਼ੇ ਨਾਲ ਟਰਾਲੀਆਂ ਭਰ ਭਰ ਕੇ ਪਹੁੰਚੇ ਸਨ ਕਿ ਉਹ ਹਾਲੇ ਮਰੇ ਨਹੀ ਹਨ।
ਡਾਕਟਰ ਗੰਡਾ ਸਿੰਘ ਦੇ ਸ਼ਬਦਾਂ ਵਿੱਚ, ਅਜਿਹੀ ਅਵਸਥਾ ਵਿੱਚ ਤਾਂ ਕੌਮ ਦੇ ਸਿਰਫ ੫ ਫੀਸਦੀ ਹਿੱਸੇ ਨੂੰ ਹੀ ਗੰਭੀਰ ਅਤੇ ਬੌਧਿਕ ਗੱਲਾਂ ਦੀ ਸਮਝ ਪੈਂਦੀ ਹੈ ਬਾਕੀ ਸਮਝ ਤਾਂ ਉਦੋਂ ਹੀ ਆਉਂਦੀ ਹੈ ਜਦੋ ਖੰਡਾ ਲਿਸ਼ਕਦਾ ਹੈ।
ਸਿੱਖ ਵਿਦਵਾਨ ਸਿੱਖ ਕੌਮ ਦੀ ਜਿਸ ਮਾਨਸਿਕਤਾ ਨੂੰ ੨੧ਵੀਂ ਸਦੀ ਵਿੱਚ ਵੀ ਨਹੀ ਸਮਝ ਸਕੇ ਉਸਨੂੰ ਲੈਫਟੀਨੈਂਟ ਕਰਨਲ ਸਰ ਮੈਲਕਮ ਨੇ ੧੮੦੫ ਵਿੱਚ ਹੀ ਸਮਝ ਲਿਆ ਸੀ। ਉਨ੍ਹਾਂ ਸਮਿਆਂ ਵਿੱਚ ਲਿਖੀ ਹੋਈ ਆਪਣੀ ਕਿਤਾਬ (Sketch of The Sikhs) ਵਿੱਚ ਸਰ ਮੈਲਕਮ ਨੇ ਲਿਖਿਆ:
“The Sikh nation, throughout their early history, always appeared, like a suppressed flame, to rise into higher splendour from every attempt to crush them, had become, while they were oppressed, as formidable for their union, as far their determined courage and unconquerable spirit of resistance: but a state of persecution and distress was the one most favourable for the action of a constitution like theirs; which formed upon general and abstract principles, required constant and great sacrifices of personal advantage to the public good…”
ਸਰਬੱਤ ਖਾਲਸਾ ਦੇ ਸਮੱਚੇ ਵਰਤਾਰੇ ਨੂੰ ਇਸ ਦਿਸ਼ਾ ਵਿੱਚ ਦੇਖਣ ਦੀ ਲੋੜ ਹੈ। ਦਾ ਟ੍ਰਿਬਿਊਨ ਦੀ ਪੱਤਰਕਾਰ ਨਾਲ ਗੱਲ ਕਰਦੇ ਹੋਏ ਚਮਕੌਰ ਸਾਹਿਬ ਦੀ ਜੂਹ ਵਿੱਚ ਵਸੇ ਪਿੰਡ ਭੈਰੋ ਮਾਜਰਾ ਦੇ ਸਿੱਖ ਨੌਜਵਾਨਾਂ ਨੇ ਇਸ ਸਚਾਈ ਨੂੰ ਅਨਭੋਲ ਹੀ ਪ੍ਰਗਟ ਕਰ ਦਿੱਤਾ ਹੈ, ਉਨ੍ਹਾਂ ਆਖਿਆ ਕਿ ਅਸੀਂ ਤਾਂ ਆਪਣੇ ਗੁਰੂ ਨਾਲ ਪ੍ਰੀਤ ਨਿਭਾਉਣ ਗਏ ਸਾਂ। ਸਾਡਾ ਇਸ ਗੱਲ ਨਾਲ ਕੋਈ ਸਬੰਧ ਨਹੀ ਕਿ ਨਵੇਂ ਜਥੇਦਾਰਾਂ ਦਾ ਪਿਛੋਕੜ ਕੀ ਹੈ, ਅਸੀਂ ਸਮਝਦੇ ਹਾਂ ਕਿ ਉਹ ਪੁਰਾਣੇ ਸਿਸਟਮ ਨਾਲ਼ੋਂ ਤਾਂ ਚੰਗੇ ਹੀ ਹੋਣਗੇ।
ਸਰਬੱਤ ਖਾਲਸਾ ਦੇ ਵਰਤਾਰੇ ਜਿਸਦਾ ਅਸੀਂ ਉਪਰ ਵਰਨਣ ਕੀਤਾ ਹੈ ਨੂੰ ਇੱਕ ਸਿੱਖ ਸ਼ਾਇਰ ਦੀ ਨਜ਼ਰ ਨਾਲ ਇਸ ਤਰ੍ਹਾਂ ਦੇਖਿਆ ਜਾ ਸਕਦਾ ਹੈ-
ਨਹੀ ਮੁਲਕ ਜਿਨ੍ਹਾਂ ਦਾ ਆਪਣਾਂ
ਕੱਖ ਨੀ ਉਨ੍ਹਾਂ ਦੇ ਪੱਲੇ
ਜੋ ਯੁੱਧ ਵਿਚਾਲੇ ਰਹਿ ਗਿਆ
ਖੁਸੀ ਹੋਈ ਸ਼ਾਨ ਦਾ
ਜਮੀਰ ਜਿਨ੍ਹਾਂ ਦੀ ਜਾਗਦੀ
ਜਖਮ ਰਹਿਣਗੇ ਅੱਲ਼੍ਹੇ
ਸੋ ਸਰਬੱਤ ਖਾਲਸਾ ਉਨ੍ਹਾਂ ਜਾਗਦੀਆਂ ਜਮੀਰਾਂ ਵਾਲਿਆਂ ਦਾ ਇਕੱਠ ਸੀ ਜਿਨ੍ਹਾਂ ਦੇ ਮਨ ਵਿੱਚ ਖੁਸੀ ਹੋਈ ਸ਼ਾਨ ਦਾ ਯੁੱਧ ਵਿਚਾਲੇ ਰਹਿ ਜਾਣ ਦੇ ਜ਼ਖਮ ਹਾਲੇ ਵੀ ਅੱਲ਼੍ਹੇ ਹਨ। ਫੱਟ ਖਾਧੀ ਕੌਮ ਜਿਸ ਤਰ੍ਹਾਂ ਦਾ ਵਿਹਾਰ ਕਰਦੀ ਹੈ ਸਰਬੱਤ ਖਾਲਸਾ ਦੌਰਾਨ ਕੌਮ ਵੱਲ਼ੋਂ ਦਿਖਾਏ ਜਾਬਤੇ ਨੇ ਇਹ ਸਿੱਧ ਕਰ ਦਿੱਤਾ ਹੈ। ਇਸ ਨੂੰ ਨੀਵੇਂ ਪੱਧਰ ਦੀਆਂ ਗਿਣਤੀਆਂ ਮਿਣਤੀਆਂ ਨਾਲ ਦੇਖਣ ਦੀ ਲੋੜ ਨਹੀ ਹੈ।