ਭਾਰਤ ਦੀ ਆਰਥਿਕਤਾ ਇਸ ਵੇਲ਼ੇ ਵੱਡੇ ਸੰਕਟ ਦਾ ਸਾਹਮਣਾਂ ਕਰ ਰਹੀ ਹੈ। ਰੁਪਏ ਦੀ ਕੀਮਤ ਲਗਾਤਾਰ ਡਿੱਗ ਰਹੀ ਹੈ, ਨਵਾਂ ਨਿਵੇਸ਼ ਹੋ ਨਹੀ ਰਿਹਾ, ਨਿਵੇਸ਼ਕਾਰ ਪੈਸਾ ਲਾਉਣ ਤੋਂ ਮੂੰਹ ਮੋੜ ਰਹੇ ਹਨ, ਮਹਿੰਗਾਈ ਵਧ ਰਹੀ ਹੈ ਅਤੇ ਵਿਦੇਸ਼ੀ ਕਰਜ਼ਾ ਸਿਰ ਚੜ੍ਹ ਰਿਹਾ ਹੈ। ਲੋਕ ਮਹਿੰਗਾਈ ਕਾਰਨ ਕਰਾਹ ਰਹੇ ਹਨ ਅਤੇ ਸਿਆਸੀ ਦੁਸ਼ਮਣੀ ਦੇ ਰੰਗ ਵਿੱਚ ਰੰਗੀ ਵਿਰੋਧੀ ਧਿਰ ਖ਼ੁਸ਼ੀਆਂ ਮਨਾ ਰਹੀ ਹੈ। ਭਾਰਤ ਵਿੱਚ ਆਰਥਿਕ ਸੁਧਾਰਾਂ ਦੇ ਪਿਤਾਮਾ ਮੰਨੇ ਜਾਂਦੇ ਡਾਕਟਰ ਮਨਮੋਹਨ ਸਿੰਘ ਦੇ ਆਪ ਪ੍ਰਧਾਨ ਮੰਤਰੀ ਹੋਣ ਦੇ ਬਾਵਜੂਦ ਇਹ ਸਾਰਾ ਕੁਝ ਵਾਪਰ ਰਿਹਾ ਹੈ ਅਤੇ ਆਮ ਲੋਕਾਂ ਵਿੱਚ ਡਾਕਟਰ ਮਨਮੋਹਨ ਸਿੰਘ ਦੀ ਆਰਥਿਕ ਕਾਬਲੀਅਤ ਬਾਰੇ ਬਹੁਤ ਸਾਰੀਆਂ ਅਫਵਾਹਾਂ ਉਡ ਰਹੀਆਂ ਹਨ।
੧੯੪੭ ਵਿੱਚ ਅਜ਼ਾਦੀ ਪ੍ਰਾਪਤ ਕਰਨ ਤੋਂ ਬਾਅਦ ਇੱਕ ਪ੍ਰਭੂਸੱਤਾਪੂਰਨ ਮੁਲਕ ਬਣ ਜਾਣ ਦੇ ਬਾਵਜੂਦ ਭਾਰਤ ਦੀਆਂ ਆਰਥਿਕ ਸਮੱਸਿਆਵਾਂ ਇਸ ਦੇ ਨਾਲ ਹੀ ਚਲਦੀਆਂ ਰਹੀਆਂ ਹਨ। ਦੂਜੀ ਸੰਸਾਰ ਜੰਗ ਤੋਂ ਬਾਅਦ ਜਦੋਂ ਦੁਨੀਆਂ ਭਰ ਵਿੱਚ ਸਨਅਤੀਕਰਨ ਅਤੇ ਸ਼ਹਿਰੀਕਰਨ ਦਾ ਰੁਝਾਨ ਅਰੰਭ ਹੋਇਆ ਉਸ ਵੇਲੇ ਸੰਸਾਰ ਦੀ ਆਰਥਿਕਤਾ ੩ ਫੀਸਦੀ ਦੀ ਦਰ ਨਾਲ ਵਿਕਾਸ ਕਰ ਰਹੀ ਸੀ ਪਰ ਉਸੇ ਸਮੇਂ ਦੌਰਾਨ ਭਾਰਤ ਦੀ ਆਰਥਿਕਤਾ ੧ ਫੀਸਦੀ ਤੋਂ ਥੋੜੀ ਜਿਹੀ ਉਪਰ ਸੀ ਭਾਵ ੧.੩ ਫੀਸਦੀ ਦੀ ਦਰ ਨਾਲ ਵਿਕਾਸ ਕਰ ਰਹੀ ਸੀ। ਉਸਦਾ ਵੱਡਾ ਕਾਰਨ ਨਵੇਂ ਅਜ਼ਾਦ ਹੋਏ ਭਾਰਤ ਦਾ ਕੋਈ ਵਿਕਾਸ ਮਾਡਲ ਨਾ ਹੋਣਾਂ ਸੀ। ਦੇਸ਼ ਦੀ ਵਾਗਡੋਰ ਸੰਭਾਲਣ ਵਾਲੇ ਪੰਡਿਤ ਜਵਾਹਰ ਲਾਲ ਨਹਿਰੂ ਦੇ ਸਾਹਮਣੇ ਦੇਸ਼ ਦੀ ਆਰਥਿਕ ਤਰੱਕੀ ਨਾਲੋਂ ਮੁਲਕ ਨੂੰ ਰਾਜਨੀਤਿਕ ਤੌਰ ਤੇ ਇਕਜੁੱਟ ਰੱਖਣ ਦੀ ਚੁਣੌਤੀ ਬਹੁਤ ਵੱਡੀ ਸੀ। ਇਸੇ ਲਈ ਉਨ੍ਹਾਂ ਆਰਥਿਕ ਮਾਡਲ ਦਾ ਸੁਭਾਅ ਆਰਥਿਕ ਹੋਣ ਨਾਲੋਂ ਸਿਆਸੀ ਵੱਧ ਸੀ। ਉਨ੍ਹਾਂ ਨੇ ਪੂੰਜੀਵਾਦ-ਸਮਾਜਵਾਦ ਦਾ ਸਾਂਝਾ ਵਿਕਾਸ ਮਾਡਲ ਅਪਣਾਇਆ ਤਾਂ ਕਿ ਮੁਲਕ ਵਿੱਚ ਰਹਿੰਦੀਆਂ ਵੱਖ ਵੱਖ ਘੱਟ ਗਿਣਤੀਆਂ ਦੀਆਂ ਆਪਣੀਆਂ ਨਿਵੇਕਲੀਆਂ ਧਾਰਮਿਕ ਅਤੇ ਸਿਆਸੀ ਅਕਾਂਖਿਆਵਾਂ ਨੂੰ ਆਰਥਿਕ ਸਰਗਰਮੀ ਵਿੱਚ ਤਬਦੀਲ ਕਰਕੇ ਖਤਮ ਕਰ ਦਿੱਤਾ ਜਾ ਸਕੇ। ਸਿਆਸੀ ਪਹੁੰਚ ਵਾਲੇ ਇਸ ਆਰਥਿਕ ਮਾਡਲ ਨੇ ਨਾ ਤਾਂ ਪੰਡਿਤ ਨਹਿਰੂ ਦੀਆਂ ਚਿਤਵੀਆਂ ਸਿਆਸੀ ਗਿਣਤੀਆਂ ਮਿਣਤੀਆਂ ਨੂੰ ਹੀ ਫਲ ਲਾਏ ਅਤੇ ਨਾ ਹੀ ਉਸ ਮਾਡਲ ਨੇ ਦੇਸ਼ ਦਾ ਆਰਥਿਕ ਵਿਕਾਸ ਹੀ ਕੀਤਾ। ੧੯੪੭ ਤੋਂ ੧੯੮੦ ਤੱਕ ਮੁਲਕ ੩ ਫੀਸਦੀ ਦੀ ਵਿਕਾਸ ਦਰ ਨਾਲ ਜਾਂ ਇਸ ਤੋਂ ਵੀ ਘੱਟ ਦਰ ਨਾਲ ਅੱਗੇ ਵਧਦਾ ਰਿਹਾ। ਗਵਾਂਢੀਆਂ ਨਾਲ ਲੜਾਈਆਂ ਅਤੇ ਸਰਹੱਦਾਂ ਤੇ ਉਤਪਨ ਹੋਈ ਸਥਿਤੀ ਨੇ ਹਾਲਤ ਹੋਰ ਵਿਗਾੜ ਦਿੱਤੀ। ੧੯੮੦ ਤੋਂ ਬਾਅਦ ਦੇਸ਼ ਦੀ ਆਰਥਿਕਤਾ ਨੂੰ ਕੁਝ ਹੁਲਾਰਾ ਮਿਲਿਆ ਜਦੋਂ ਮੁਲਕ ਦੇ ਕੁਝ ਅਮੀਰ ਘਰਾਣਿਆਂ ਨੇ ਆਪਣੀਆਂ ਨਿੱਜੀ ਸਨਅਤਾਂ ਨਾਲ ਅਤੇ ਸਰਕਾਰੀ ਖੇਤਰ ਦੀਆਂ ਸਨਅਤੀ ਇਕਾਈਆਂ ਨਾਲ ਮਿਲਕੇ ਕੁਝ ਸਾਂਝੇ ਯਤਨ ਕੀਤੇ । ੧੯੮੦ ਤੋਂ ਲੈਕੇ ੨੦੦੨ ਤੱਕ ਭਾਰਤ ਦੀ ਵਿਕਾਸ ਦਰ ੬ ਫੀਸਦੀ ਰਹੀ। ਇਸੇ ਦੌਰਾਨ ਅਬਾਦੀ ਦੇ ਵਾਧੇ ਵਿੱਚ ਵੀ ਕਮੀ ਆਈ ਜੋ ੨.੨ ਫੀਸਦੀ ਤੋਂ ਘਟਕੇ ੧.੭ ਫੀਸਦੀ ਰਹਿ ਗਈ। ਇਸ ਵਿੱਚ ੧੯੯੧ ਦੀਆਂ ਆਰਥਿਕ ਉਦਾਰੀਕਰਨ ਦੀਆਂ ਨੀਤੀਆਂ ਨੇ ਵੀ ਹਿੱਸਾ ਪਾਇਆ। ਨਿਵੇਸ਼ ਨੂੰ ਵਿਦੇਸ਼ੀ ਕੰਪਨੀਆਂ ਲ਼ਈ ਖੋਹਲਣ ਕਰਕੇ ਮੁਲਕ ਵਿੱਚ ਵਿਦੇਸ਼ੀ ਕਰੰਸੀ ਆਉਣ ਲੱਗੀ ਅਤੇ ਮੁਲਕ ਦੇ ਵਿਦੇਸ਼ੀ ਕਰੰਸੀ ਦੇ ਭੰਡਾਰ ਵਧਣ ਲੱਗੇ ਜਿਸ ਨਾਲ ਦੇਸ਼ ਨੇ ਵਿਦੇਸ਼ੀ ਕਰਜ਼ਾ ਲਾਹੁਣ ਵਿੱਚ ਕੁਝ ਸੌਖ ਮਹਿਸੂਸ ਕੀਤੀ।
੨੦੦੮ ਵਿੱਚ ਜਦੋਂ ਸੰਸਾਰ ਭਰ ਵਿੱਚ ਆਰਥਿਕ ਮੰਦੀ ਛਾਈ ਹੋਈ ਸੀ ਉਸ ਵੇਲੇ ਚੀਨ, ਭਾਰਤ, ਰੂਸ ਅਤੇ ਬਰਾਜ਼ੀਲ ਤਰੱਕੀ ਦੇ ਰਸਤੇ ਤੇ ਛਾਲਾਂ ਮਾਰ ਕੇ ਅੱਗੇ ਵਧ ਰਹੇ ਸਨ। ਆਰਥਿਕ ਖੇਤਰ ਵਿੱਚ ਇਨ੍ਹਾਂ ਚਾਰਾਂ ਮੁਲਕਾਂ ਨੂੰ ਭੜੀਚ ਮੁਲਕਾਂ ਦੇ ਤੌਰ ਤੇ ਜਾਣਿਆਂ ਜਾਂਦਾ ਹੈ। ਭਾਰਤ ਦੀ ਇਸ ਤਰੱਕੀ ਨੂੰ ਦੇਖਦਿਆਂ ਹੀ ਸੰਸਾਰ ਭਰ ਵਿੱਚ ਇਹ ਗੱਲ ਮੀਡੀਆ ਮੈਨੇਜਮੈਂਟ ਨਾਲ ਧੁਮਾਈ ਗਈ ਕਿ ਅਗਲੀ ਸਦੀ ਏਸ਼ੀਆ ਦੀ ਸਦੀ ਹੋਵੇਗੀ, ਜਿਸ ਵਿੱਚ ਭਾਰਤ ਅਤੇ ਚੀਨ ਬਹੁਤ ਪ੍ਰਮੁੱਖ ਰੋਲ ਨਿਭਾਉਣਗੇ। ਸੰਸਾਰ ਦੀ ਆਰਥਿਕਤਾ ਬਾਰੇ ਡੂੰਘੀ ਸਮਝ ਰੱਖਣ ਵਾਲੇ ਇਹ ਜਾਣਦੇ ਸਨ ਕਿ ਇਹ ਸਿਰਫ ਹਵਾਈ ਗੱਲਾਂ ਹਨ। ਅਮਰੀਕੀ ਇਜਾਰੇਦਾਰੀ ਨੂੰ ਆਰਥਿਕ ਅਤੇ ਸਿਆਸੀ ਖੇਤਰ ਵਿੱਚ ਚੁਣੌਤੀ ਦੇਣ ਵਾਲੀ ਸ਼ਕਤੀ ਹਾਲੇ ਨਜ਼ਰ ਨਹੀ ਆ ਰਹੀ।
ਕੁਝ ਸਮਾਂ ਪਹਿਲਾਂ ਅਮਰੀਕਾ ਦੀ ਸਟੈਨਲੇ ਮੌਰਗਨ ਇੰਸਟੀਚਿਉਟ ਵਿੱਚ ਵਿਕਾਸ ਕਰ ਰਹੇ ਮੁਲਕਾਂ ਬਾਰੇ ਖੋਜ ਕਰ ਰਹੇ ਭਾਰਤੀ ਅਰਥ ਸ਼ਾਸ਼ਤਰੀ ਰੁਚਿਰ ਸ਼ਰਮਾ ਦਾ ਇੱਕ ਬਹੁਤ ਹੀ ਖੋਜ ਭਰਪੂਰ ਲੇਖ ਛਪਿਆ ਸੀ (Broken BRIC’s) ਜਿਸ ਵਿੱਚ ਉਨ੍ਹਾਂ ਨੇ ਦੱਸਿਆ ਸੀ ਕਿ ਸੰਸਾਰ ਦੇ ੧੮੦ ਮੁਲਕਾਂ ਵਿੱਚੋਂ ਸਿਰਫ ੩੫ ਹੀ ਵਿਕਸਤ ਮੁਲਕ ਹਨ ਬਾਕੀ ਪਿਛਲੇ ਕਈ ਦਹਾਕਿਆਂ ਤੋਂ ਵਿਕਾਸਸ਼ੀਲ ਹਨ ਅਤੇ ਅਗਲੇ ਕਈ ਦਹਾਕੇ ਵੀ ਉਨ੍ਹਾਂ ਦੇ ਵਿਕਾਸਸ਼ੀਲ਼ ਰਹਿਣ ਦੀ ਹੀ ਸੰਭਾਵਨਾ ਹੈ। ਉਨ੍ਹਾਂ ਆਖਿਆ ਸੀ ਕਿ ਸੰਸਾਰ ਆਰਥਿਕਤਾ ਦਾ ਇਹ ਨਿਯਮ ਹੈ ਕਿ ਕੋਈ ਵੀ ਮੁਲਕ ੧੦ ਸਾਲਾਂ ਤੱਕ ਲਗਾਤਾਰ ੫ ਫੀਸਦੀ ਤੋਂ ਜਿਆਦਾ ਦੀ ਵਿਕਾਸ ਦਰ ਨਾਲ ਅੱਗੇ ਨਹੀ ਵਧ ਸਕਿਆ। ੧੦ ਸਾਲਾਂ ਤੋਂ ਬਾਅਦ ਗਿਰਾਵਟ ਆਉਂਦੀ ਹੀ ਆਉਂਦੀ ਹੈ। ਸਿਰਫ ਮਲੇਸ਼ੀਆ, ਦੱਖਣੀ ਕੋਰੀਆ ਅਤੇ ਸਿੰਘਾਪੁਰ ਹੀ ਦੋ ਦਹਾਕਿਆਂ ਤੱਕ ੫ ਫੀਸਦੀ ਦੀ ਦਰ ਨਅਲ ਅੱਗੇ ਵਧ ਸਕੇ ਹਨ।
੨੦੦੯ ਵਿੱਚ ਜਦੋਂ ਕਾਂਗਰਸ ਦੀ ਅਗਵਾਈ ਵਾਲੀ ਸਰਕਾਰ ਨੇ ਸੱਤਾ ਦੁਬਾਰਾ ਸੰਭਾਲੀ ਸੀ ਉਸ ਵੇਲੇ ਲਗਦਾ ਸੀ ਕਿ ਲੋਕਾਂ ਨੇ ਕੁਝ ਵੀ ਗਲਤ ਨਹੀ ਕੀਤਾ ਆਰਥਿਕਤਾ ੨੦੦੮ ਦੇ ਵੱਡੇ ਝਟਕੇ ਨੂੰ ਝੱਲ ਗਈ ਸੀ ਅਤੇ ਵਿਕਾਸ ਦਰ ੭ ਫੀਸਦੀ ਸੀ ੨੦੧੦ ਵਿੱਚ ਤਾਂ ਇਹ ੧੦ ਫੀਸਦੀ ਤੱਕ ਪਹੁੰਚ ਗਈ ਸੀ। ਮਹਿੰਗਾਈ ਘੱਟ ਸੀ ਅਤੇ ਆਰਥਿਕ ਸਮੱਸਿਆਵਾਂ ਵੀ ਜਿਆਦਾ ਨਹੀ ਸਨ। ਸਰਕਾਰ ਲੋਕਾਂ ਦੀਆਂ ਰਾਜਸੀ ਅਤੇ ਸਮਾਜਕ ਸਮੱਸਿਆਵਾਂ ਵੱਲ ਧਿਆਨ ਦੇਣ ਲੱਗ ਪਈ ਸੀ ਪਰ ੨੦੧੨ ਵਿੱਚ ਹੀ ਭਾਰਤ ਦੀ ਆਰਥਿਕਤਾ ਨੇ ਡਿਗਣਾਂ ਅਰੰਭ ਕਰ ਦਿੱਤਾ। ਵਿਕਾਸ ਘਟ ਗਿਆ, ਬਜਟ ਘਾਟਾ ਵਧਣ ਲੱਗ ਪਿਆ, ਮਹਿੰਗਾਈ ਵਧ ਗਈ। ਲਵੀਸ਼ ਭੰਡਾਰੀ ਅਤੇ ਸੂਰੀਆਕਾਂਤ ਯਾਦਵ ਵਰਗੇ ਆਰਥਿਕ ਮਾਹਰਾਂ ਨੇ ਟਿੱਪਣੀ ਕੀਤੀ ਕਿ ਮੁਲਕ ਆਰਥਿਕ ਸੰਕਟ ਵਿੱਚ ਜਾਣਾਂ ਸ਼ੁਰੂ ਹੋ ਗਿਆ ਹੈ ਕਿਉਂਕਿ ਆਰਥਿਕ ਨਾ ਬਰਾਬਰੀ ਲਈ ਵਰਤੇ ਜਾਂਦੇ GINI coefficient ਵਿੱਚ ਭਾਰਤ ਦਾ ਨੰਬਰ ੦.੩੫ ਤੋਂ ਡਿੱਗ ਕੇ ੦.੬੫ ਹੋ ਗਿਆ ਸੀ। ਉਸੇ ਵੇਲੇ ਆਰਥਿਕ ਵਿਗਿਆਨੀ ਰੁਚਿਰ ਸ਼ਰਮਾਂ ਨੇ ਭਾਰਤ ਦੇ ਵਾਪਸ ਪਰਤ ਆਉਣ ਬਾਰੇ ੫੦-੫੦ ਦੀ ਸ਼ਰਤ ਰੱਖੀ ਸੀ ਕਿਉਂਕਿ ਆਰਥਿਕ ਵਿਕਾਸ ਦੀ ਵਾਪਸੀ ਦੇ ਲੱਛਣ ਠੀਕ ਨਹੀ ਸਨ।
ਹੁਣ ਸਵਾਲ਼ਾਂ ਦਾ ਸਵਾਲ ਇਹ ਹੈ ਕਿ ਭਾਰਤ ਦੇ ਵਿਕਾਸ ਮਾਡਲ ਵਿੱਚ ਅਜਿਹੀ ਕੀ ਖਾਮੀ ਹੈ ਕਿ ਉਹ ਏਨੀ ਵੱਡੀ ਅਬਾਦੀ ਅਤੇ ਸਾਧਨ ਹੋਣ ਦੇ ਬਾਵਜੂਦ ਚੀਨ ਵਾਂਗ ਅੱਗੇ ਨਹੀ ਵਧ ਸਕਿਆ?
ਦੇਸ਼ ਦੀ ਆਰਥਿਕ ਅਤੇ ਸਿਆਸੀ ਸਥਿਤੀ ਬਾਰੇ ਗੰਭੀਰ ਲੋਕਾਂ ਲਈ ਇਹ ਸੁਆਲ ਬਹੁਤ ਮਹੱਤਵਪੂਰਨ ਹੈ। ਦੋ ਸਾਲ ਪਹਿਲ਼ਾਂ ਜਦੋਂ ਚੀਨ ਵਿੱਚ ੨੪੦ ਬਿਲੀਅਨ ਡਾਲਰ ਦਾ ਨਿਵੇਸ਼ ਹੋਇਆ ਉਸ ਵੇਲੇ ਭਾਰਤ ਵਿੱਚ ਸਿਰਫ ੩੮ ਬਿਲੀਅਨ ਡਾਲਰ ਦਾ ਨਿਵੇਸ਼ ਹੋਇਆ। ਇਸ ਨਿਵੇਸ਼ ਦੇ ਪਾੜੇ ਨਾਲ ਹੀ ਭਾਰਤੀ ਆਰਥਿਕਤਾ ਦੀ ਸਾਰੀ ਕਹਾਣੀ ਸਮਝੀ ਜਾ ਸਕਦੀ ਹੈ। ਭਾਰਤੀ ਆਰਥਿਕਤਾ ਦੀ ਮਰਜ਼ ਇਸਦੇ ਵਿਕਾਸ ਮਾਡਲ ਵਿੱਚ ਹੀ ਪਈ ਹੈ। ਭਾਰਤੀ ਨੀਤੀਘਾੜੇ ਰਾਤੋਰਾਤ ਅਮੀਰ ਬਣਨ ਵਾਲੇ ਸੌਖੇ ਰਸਤੇ ਰਾਹੀਂ ਸਭ ਤੋਂ ਉਪਰਲੀ ਪੌੜੀ ਤੇ ਚੜ੍ਹਨ ਦੇ ਯਤਨ ਕਰਦੇ ਰਹੇ ਜੋ ਸਫਲ ਨਹੀ ਹੋ ਸਕੇ। ਦੁਨੀਆਂ ਭਰ ਦੇ ਮੁਲਕ ਇੱਕ ਸਹਿਜ ਅਵਸਥਾ ਵਿੱਚ ਆਰਥਿਕ ਤੌਰ ਤੇ ਜਵਾਨ ਹੋਏ ਹਨ। ਇਸ ਸਫਲਤਾ ਦਾ ਸਿਹਰਾ ਵਿਕਾਸ ਮਾਡਲ ਨੂੰ ਜਾਂਦਾ ਹੈ ਜੋ ਖੇਤੀ- ਸਨਅਤੀ ਇਨਕਲਾਬ- ਸੇਵਾਵਾਂ ਤੇ ਅਧਾਰਿਤ ਹੈ। ਖੇਤੀ ਤੋਂ ਬਾਅਦ ਹਰ ਪੱਛਮੀ ਮੁਲਕ ਵਿੱਚ ਸਨਅਤੀ ਇਨਕਲਾਬ ਆਇਆ ਫਿਰ ਸੇਵਾਵਾਂ ਦਾ ਇਨਕਲਾਬ ਆਇਆ। ਪਰ ਭਾਰਤ ਨੇ ਖੇਤੀ ਤੋਂ ਬਾਅਦ ਸਿੱਧੀ ਸੇਵਾਵਾਂ (Services) ਦੇ ਖੇਤਰ ਵਿੱਚ ਛਾਲ ਮਾਰਨ ਦੀ ਕੋਸ਼ਿਸ਼ ਕੀਤੀ ਜੋ ਸਫਲ ਨਹੀ ਹੋ ਸਕੀ, ਸਫਲ ਹੋਣੀ ਵੀ ਨਹੀ ਸੀ। ਚੀਨ ਨੇ ਪਿਛਲੇ ਦੋ ਦਹਾਕਿਆਂ ਦੌਰਾਨ ਬਰਾਮਦ ਮੁਖੀ ਘੱਟ ਲਾਗਤ ਵਾਲੀਆਂ ਚੀਜਾਂ ਜਿਵੇਂ ਖਿਡਾਉਣੇ, ਕੱਪੜੇ ਅਤੇ ਹੋਰ ਸਾਜੋਸਮਾਨ ਦੀਆਂ ਵਸਤਾਂ ਬਣਾਕੇ ਆਪਣੀ unskilled labour ਦੇ ਜੀਵਨ ਨੂੰ ਉੱਚਾ ਚੁੱਕਣ ਦਾ ਯਤਨ ਕੀਤਾ। ਉਸਦਾ ਨਿਸ਼ਾਨਾ ਅੱਤ ਦੇ ਪੜ੍ਹੇ ਲਿਖੇ ਨੌਜਵਾਨ ਹੀ ਨਹੀ ਸਨ ਬਲਕਿ ਗਰੀਬ ਅਤੇ ਅਣਸਿਖਿਅਤ ਲੇਬਰ ਸੀ ਜੋ ਬਹੁਤ ਵੱਡੀ ਗਿਣਤੀ ਵਿੱਚ ਉਪਲਬਧ ਸੀ। ਦਿਨ ਰਾਤ ਉਸਨੇ ਪੂਰੇ ਸੰਸਾਰ ਵਿੱਚ ਆਪਣੀਆਂ ਸਸਤੀਆਂ ਚੀਜਾਂ ਦਾ ਲੋਹਾ ਮਨਾਉਣ ਲਈ ਲਾ ਦਿੱਤਾ ਅਤੇ ਇੱਕ ਗਰੀਬ ਮੁਲਕ ਨੂੰ ਚੰਦ ਤੇ ਜਾਣ ਜੋਗਾ ਕਰ ਲਿਆ। ਭਾਰਤ ਪਹਿਲੇ ਦਿਨ ਤੋਂ ਹੀ ਬਰਾਮਦਮੁਖੀ ਵਿਕਾਸ ਮਾਡਲ ਤੋਂ ਟਾਲਾ ਵੱਟਕੇ ਸੇਵਾਵਾਂ ਅਤੇ ਵਪਾਰ ਨੂੰ ਸਾਹਮਣੇ ਰੱਖਕੇ ਚਲਦਾ ਰਿਹਾ ਜੋ ਆਰਥਿਕ ਭਾਸ਼ਾ ਵਿੱਚ ਪਾਏਦਾਰ ਮਾਡਲ ਨਹੀ ਹੈ। ਭਾਰਤ ਦੇ ਵਿਕਾਸ ਮਾਡਲ ਨੇ ਸਿਰਫ ਉਨ੍ਹਾਂ ਲਈ ਰੋਜ਼ੀ ਰੋਟੀ ਦੇ ਰਾਹ ਖੋਲੇ ਜੋ ਪਹਿਲਾਂ ਹੀ ਖਾਂਦੇ ਪੀਂਦੇ ਸਨ ਪਰ ਚੀਨ ਨੇ ਅੱਤ ਦੇ ਗਰੀਬ ਲੋਕਾਂ ਦੀ ਬਾਂਹ ਫੜੀ। ਪਿਛਲੇ ਦੋ ਦਹਾਕਿਆਂ ਤੋਂ ਭਾਰਤ consumerism ਦੇ ਅਧਾਰ ਤੇ ਹੀ ਅੱਗੇ ਵਧ ਰਿਹਾ ਹੈ, ਜਦੋਂ ਕਿ ਚੀਨ ਦੇ ਨਵੇਂ ਰਾਸ਼ਟਰਪਤੀ ਨੇ ਹੁਣ ਐਲਾਨ ਕੀਤਾ ਹੈ ਕਿ ਆਪਣੇ ਗਰੀਬ ਲੋਕਾਂ ਨੂੰ ਖਾਣ ਜੋਗੇ ਕਰਨ ਤੋਂ ਬਾਅਦ ਅਸੀਂ ਅਗਲੇ ਦਹਾਕੇ ਦੇ ਵਿਕਾਸ ਨੂੰ consumerism ਤੇ ਕੇਂਦਰਿਤ ਕਰਾਂਗੇ।
ਸੋ ਭਾਰਤ ਦੇ ਵਰਤਮਾਨ ਆਰਥਿਕ ਸੰਕਟ ਦੀਆਂ ਜੜ੍ਹ ਇਸਦੇ shortcut ਰਸਤੇ ਰਾਹੀਂ ਅੱਗੇ ਵਧਣ ਦੇ ਲਾਲਚ ਵਿੱਚ ਪਈਆਂ ਹਨ। ਵਿਕਾਸ ਦੀ ਚੇਨ ਦੀ ਇੱਕ ਪੂਰੀ ਕੜੀ ‘ਸਨਅਤੀ ਇਨਕਲ਼ਾਬ’ ਨੂੰ ਖਤਮ ਕਰਕੇ ਤੁਸੀਂ ਕਿਸ ਤਰ੍ਹਾਂ ਵਿਕਾਸ ਕਰ ਸਕਦੇ ਹੋ। ਆਰਥਿਕਤਾ ਦੇ ਸਹਿਜ ਨਿਯਮ ਨੂੰ ਉਲੰਘਕੇ ਕੀਤੇ ਵਿਕਾਸ ਰਾਹੀਂ ਸਿਰਫ ਸਟਾਕ ਮਾਰਕੀਟ ਦੇ ਅੰਕੜਿਆਂ ਨਾਲ ਹੇਰਫੇਰ ਕਰਕੇ ਦੁਨੀਆਂ ਨੂੰ ਵਧੀਆ ਤਸਵੀਰ ਪੇਸ਼ ਕੀਤੀ ਜਾ ਸਕਦੀ ਹੈ ਅਸਲ ਵਿਕਾਸ ਨਹੀ ਕੀਤਾ ਜਾ ਸਕਦਾ।