1969 ਦੀਆ ਚੋਣਾਂ ਤੋਂ ਬਾਅਦ ਪਹਿਲੀ ਵਾਰ ਪੰਜਾਬ ਵਿੱਚ ਰਾਜਨੀਤਕ ਅਨਿਸਚਿਤਤਾ ਵਾਲਾ ਮਹੌਲ ਬਣਿਆ ਹੋਇਆ ਹੈ। 20 ਫਰਵਰੀ ਨੂੰ ਪੰਜਾਬ ਦੀ ਅਗਲੀ ਵਿਧਾਨ ਸਭਾ ਲਈ ਵੋਟਾਂ ਪੈਣੀਆਂ ਹਨ। ਇਸ ਵਾਰ ਪੰਜ-ਧਿਰੀ ਮੁਕਾਬਲੇ ਪੰਜਾਬ ਵਿੱਚ ਵੇਖਣ ਨੂੰ ਮਿਲ ਰਹੇ। ਪੰਜਾਬ ਦੀ ਰਾਜਨੀਤੀ ਨੂੰ ਨੇੜੇ ਤੋਂ ਦੇਖਣ ਵਾਲੇ ਇਸ ਵਾਰ ਕਾਫੀ ਹੈਰਾਨ ਹਨ, ਕਿਉਂਕਿ ਵੋਟਾਂ ਪੈਣ ਤੋਂ 10 ਦਿਨ ਪਹਿਲਾਂ ਤੱਕ ਵੀ ਕਿਸੇ ਨੂੰ ਇਹ ਅੰਦਾਜ਼ਾ ਨਹੀ ਹੈ ਕਿ ਕਿਹੜੀ ਧਿਰ ਪੰਜਾਬ ਵਿੱਚ ਸਰਕਾਰ ਬਣਾਉਣ ਦੇ ਸਮਰੱਥ ਹੋਵੇਗੀ। ਤਿੰਨ ਰਵਾਇਤੀ ਪਾਰਟੀਆਂ ਵਿੱਚ ਇਸ ਵੇਲੇ ਕਾਂਟੇ ਦੀ ਟੱਕਰ ਆਖੀ ਜਾ ਸਕਦੀ ਹੈ। ਕਾਂਗਰਸ, ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਆਪੋ ਆਪਣੇ ਢੰਗ ਨਾਲ ਲੋਕਾਂ ਨੂੰ ਆਪਣੇ ਵੱਲ ਖਿੱਚਣ ਲਈ ਯਤਨਸ਼ੀਲ ਹਨ। ਕੁਝ ਸਿਆਸੀ ਹਲਕਿਆਂ ਵਿੱਚ ਇਹ ਖਦਸ਼ਾ ਪਰਗਟਾਇਆ ਜਾ ਰਿਹਾ ਹੈ ਕਿ ਇਸ ਵਾਰ ਪੰਜਾਬ ਵਿੱਚ ਲਟਕਵੀਂ ਵਿਧਾਨ ਸਭਾ ਵਰਗੇ ਨਤੀਜੇ ਆ ਸਕਦੇ ਹਨ।
ਪੰਜਾਬ ਦਾ ਚੋਣ ਇਤਿਹਾਸ ਦੱਸਦਾ ਹੈ ਕਿ ਪਿਛਲੇ 50 ਸਾਲਾਂ ਦੌਰਾਨ ਕਦੇ ਵੀ ਇੱਥੇ ਲਟਕਵੀਂ ਵਿਧਾਨ ਸਭਾ ਦਾ ਮਹੌਲ ਪੈਦਾ ਨਹੀ ਹੋਇਆ। 1967 ਅਤੇ 1969 ਦੀਆਂ ਚੋਣਾਂ ਵੇਲੇ ਹੀ ਪੰਜਾਬ ਵਿੱਚ ਲਟਕਵੀਂ ਵਿਧਾਨ ਸਭਾ ਸਾਹਮਣੇ ਆਈ ਸੀ। ਪਰ 1972 ਤੋਂ ਬਾਅਦ ਅੱਜ ਤੱਕ ਪੰਜਾਬ ਦੇ ਲੋਕਾਂ ਨੇ ਜਦੋਂ ਵੀ ਵੋਟਾਂ ਪਾਈਆਂ ਹਨ ਤਾਂ ਕਿਸੇ ਇੱਕ ਪਾਰਟੀ ਦੇ ਹੱਕ ਵਿੱਚ ਗਰਜਵਾਂ ਫਤਵਾ ਦਿੱਤਾ ਹੈ ਭਾਵੇਂ ਉਹ ਕਾਂਗਰਸ ਹੋਵੇ ਜਾਂ ਅਕਾਲੀ ਦਲ।
ਬੇਸ਼ੱਕ ਭਾਰਤ ਦੇ ਵੱਡੇ ਟੈਲੀਵਿਜ਼ਨ ਚੈਨਲਾਂ ਨੇ ਪਿਛਲੇ ਦਿਨੀ ਆਪਣੇ ਆਖਰੀ ਸਰਵੇਖਣ ਕਰਕੇ ਲੋਕਾਂ ਦੀ ਦਿਲ ਦੀ ਅਵਾਜ਼ ਸਭ ਦੇ ਸਾਹਮਣੇ ਰੱਖਣ ਦਾ ਯਤਨ ਕੀਤਾ ਹੈ, ਪਰ ਕੁਝ ਗੂੜ੍ਹੇ ਸਿਆਸੀ ਮਾਹਰ ਇਨ੍ਹਾਂ ਸਰਵੇਖਣਾਂ ਨੂੰ ਅਸਲੀਅਤ ਦੇ ਬਿਲਕੁਲ ਨੇੜੇ ਨਹੀ ਮੰਨਦੇ। ਜਿਹੜੇ ਰਾਜਸੀ ਮਾਹਰ ਪੰਜਾਬ ਵਿੱਚ ਹਰ ਤਿੰਨ ਮਹੀਨੇ ਬਾਅਦ ਲੋਕਾਂ ਦੇ ਦਿਲ ਦੀ ਗੱਲ ਜਾਨਣ ਲਈ ਸਰਵੇਖਣ ਕਰਦੇ ਰਹੇ ਹਨ ਉਨ੍ਹਾਂ ਦਾ ਕਹਿਣਾਂ ਹੈ ਕਿ ਪੰਜਾਬ ਦੇ 80ਫੀਸਦੀ ਵੋਟਰ ਚੋਣਾਂ ਤੋਂ ਦੋ ਮਹੀਨੇ ਪਹਿਲਾਂ ਹੀ ਆਪਣਾਂ ਮਨ ਬਣਾ ਚੁੱਕੇ ਹੁੰਦੇ ਹਨ। ਬਾਹਰ ਉ੍ਹਹ ਭਾਵੇਂ ਜੋ ਮਰਜੀ ਆਖੀ ਜਾਣ ਪਰ ਉਹ ਫੈਸਲਾ ਕਰ ਚੁੱਕੇ ਹੁੰਦੇ ਹਨ ਕਿ ਕਿਸ ਪਾਰਟੀ ਨੂੰ ਵੋਟ ਪਾਉਣੀ ਹੈ। ਸਿਰਫ 20 ਫੀਸਦੀ ਵੋਟਰ ਹੀ ਅਜਿਹੇ ਹੁੰਦੇ ਹਨ ਜੋ ਆਖਰੀ ਮੌਕੇ ਤੇ ਆਕੇ ਫੈਸਲਾ ਕਰਦੇ ਹਨ। ਸਿਆਸੀ ਭਾਸ਼ਾ ਵਿੱਚ ਇਨ੍ਹਾਂ ਨੂੰ ਫਲੋਟਿੰਗ ਵੋਟਰ ਆਖਦੇ ਹਨ। ਇਸ ਸੰਦਰਭ ਵਿੱਚ ਭਾਰਤੀ ਟੈਲੀਵਿਜ਼ਨ ਚੈਨਲਾਂ ਦੇ ਤਾਜ਼ਾ ਸਰਵੇਖਣਾਂ ਨੂੰ ਪੰਜਾਬ ਨਾਲ ਜੁੜੇ ਹੋਏ ਸਿਆਸੀ ਮਾਹਰ ਜਿਆਦਾ ਮਹੱਤਤਾ ਨਹੀ ਦੇਂਦੇ।
ਇਸ ਵੇਲੇ ਸਾਡੀ ਸਮਝ ਅਨੁਸਾਰ ਜੋ ਸਥਿਤੀ ਹੈ ਉ੍ਹਹ ਇਹ ਹੈ ਕਿ ਕਾਂਗਰਸ ਆਪਣੇ ਅੰਦਰੂਨੀ ਕਲੇਸ਼ ਦੇ ਬਾਵਜੂਦ ਵੱਡੀ ਪਾਰਟੀ ਦੇ ਤੌਰ ਤੇ ਸਾਹਮਣੇ ਆ ਸਕਦੀ ਹੈ, ਅਕਾਲੀ ਦਲ ਦੂਜੇ ਨੰਬਰ ਤੇ ਰਹਿ ਸਕਦਾ ਹੈ। ਆਮ ਆਦਮੀ ਪਾਰਟੀ ਮਾਲਵੇ ਵਿੱਚ ਲਗਭਗ 35 ਸੀਟਾਂ ਤੇ ਮਜਬੂਤ ਟੱਕਰ ਦੇ ਰਹੀ ਹੈ।ਇਨ੍ਹਾਂ ਵਿੱਚੋਂ ਉਹ ਕਿੰਨੀਆਂ ਸੀਟਾਂ ਜਿੱਤਦੀ ਹੈ, ਇਹ ਪੱਕ ਨਾਲ ਕੁਝ ਨਹੀ ਕਿਹਾ ਜਾ ਸਕਦਾ।
ਪੰਜਾਬ ਦੇ ਲੋਕ ਰਵਾਇਤੀ ਰਾਜਨੀਤੀ ਤੋਂ ਬਹੁਤ ਬਦਜ਼ਨ ਹੋ ਚੁੱਕੇ ਹਨ। ਇਨ੍ਹਾਂ ਰਵਾਇਤੀ ਚਿਹਰਿਆਂ ਨੇ ਉਨ੍ਹਾਂ ਦਾ ਚੈਨ ਖੋਹ ਲਿਆ ਜਾਪਦਾ ਹੈ। ਉ੍ਹਹ ਕਿਸੇ ਤਬਦੀਲੀ ਲਈ ਤਾਂਘ ਰਹੇ ਹਨ ਇਸੇ ਲਈ ਆਮ ਆਦਮੀ ਪਾਰਟੀ ਨੂੰ ਮਾਲਵੇ ਵਿੱਚ ਵੱਡਾ ਹੁੰਗਾਰਾ ਮਿਲ ਰਿਹਾ ਹੈ। ਆਮ ਆਦਮੀ ਪਾਰਟੀ ਦੀ ਜੋ ਤਸਵੀਰ ਮਾਲਵੇ ਵਿੱਚ ਹੈ ਉਹ ਮਾਝੇ ਅਤੇ ਦੁਆਬੇ ਵਿੱਚ ਨਹੀ ਹੈ। ਉੱਥੇ ਉਨ੍ਹਾਂ ਨੇ ਵੋਟਰਾਂ ਦੇ ਮਨਾਂ ਵਿੱਚ ਆਪਣੀ ਥਾਂ ਜਰੂਰ ਬਣਾਈ ਹੈ ਪਰ ਹਾਲੇ ਸੀਟਾਂ ਜਿੱਤਣ ਵਾਲੀ ਸਥਿਤੀ ਵਿੱਚ ਨਹੀ ਹੈ। ਮਾਝੇ ਵਿੱਚ ਅਕਾਲੀ ਦਲ, ਕਾਂਗਰਸ ਨੂੰ ਤਕੜੀ ਟੱਕਰ ਦੇ ਰਿਹਾ ਹੈ।
ਦੁਆਬੇ ਵਿੱਚ ਕਾਂਗਰਸ ਦਾ ਰਵਾਇਤੀ ਵੋਟ ਬੈਂਕ ਕਾਫੀ ਮਜਬੂਤ ਹੈ ਪਰ ਇੱਥੇ ਨਾਲ ਦੀ ਨਾਲ ਅਕਾਲੀ ਦਲ ਦਾ ਵੋਟ ਬੈਂਕ ਵੀ ਕਾਫੀ ਮਜਬੂਤ ਹੈ। ਇੱਥੇ ਵੀ ਫਸਵੀਂ ਟੱਕਰ ਦੇ ਅਸਾਰ ਹਨ।
ਪੰਥਕ ਵੋਟ ਇਸ ਵਾਰ ਸੰਗਠਤ ਹੁੰਦੀ ਨਜ਼ਰ ਆ ਰਹੀ ਹੈ। ਪਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਅਤੇ ਹੋਰ ਬੰਦੀ ਸਿੰਘਾਂ ਦੀ ਰਿਹਾਈ ਦੇ ਮਾਮਲੇ ਤੇ ਪੰਥਕ ਵੋਟ ਦਾ ਇੱਕ ਵੱਡਾ ਹਿੱਸਾ ਸੰਗਠਤ ਹੋਕੇ ਭੁਗਤ ਸਕਦਾ ਹੈ। ਇਹ ਕਿਸ ਪਾਸੇ ਜਾਂਦਾ ਹੈ ਹਾਲੇ ਇਹ ਦੇਖਣ ਵਾਲੀ ਗੱਲ ਹੋਵੇਗੀ। 1985 ਅਤੇ 1989 ਦੀਆਂ ਚੋਣਾਂ ਤੋਂ ਬਾਅਦ ਪੰਥਕ ਵੋਟ ਪਹਿਲੀ ਵਾਰ ਸੰਗਠਤ ਹੁੰਦੀ ਦਿਖ ਰਹੀ ਹੈ।
ਪੰਜਾਬ ਦਾ ਚੋਣ ਦ੍ਰਿਸ਼ ਰੌਚਕ ਅਤੇ ਅਨਿਸਚਿਤ ਹੁੰਦਾ ਨਜ਼ਰ ਆ ਰਿਹਾ ਹੈ।