ਮਰਹੂਮ ਦੀਪ ਸਿੱਧੂ ਵੱਲੋਂ ਖੜ੍ਹੀ ਕੀਤੀ ਗਈ ਜਥੇਬੰਦੀ, ਵਾਰਸ ਪੰਜਾਬ ਦੇ ਇਸ ਵੇਲੇ ਦੋ ਧੜਿਆਂ ਵਿੱਚ ਵੰਡੀ ਹੋਈ ਹੈ। ਇੱਕ ਧੜੇ ਵੱਲੋਂ ਨੌਜਵਾਨ ਅੰਮ੍ਰਿਤਪਾਲ ਸਿੰਘ ਅਗਵਾਈ ਕਰ ਰਹੇ ਹਨ ਜਦੋਂਕਿ ਦੂਜੇ ਪਾਸੇ ਦੀਪ ਸਿੱਧੂ ਦਾ ਪਰਵਾਰ ਦਾਅਵਾ ਕਰ ਰਿਹਾ ਹੈ ਕਿ ਜਥੇਬੰਦੀ ਦੇ ਅਸਲੀ ਵਾਰਸ ਉਹ ਹਨ। ਪਰਵਾਰ ਵਾਲੇ ਪਾਸੇ ਦੀਪ ਸਿੱਧੂ ਦੇ ਚਾਚਾ ਸਰਦਾਰ ਬਿਧੀ ਸਿੰਘ, ਦੀਪ ਦੇ ਸਾਥੀ ਰਹੇ ਭਾਈ ਪਲਵਿੰਦਰ ਸਿੰਘ ਤਲਵਾੜਾ ਅਤੇ ਉਸਦਾ ਭਰਾ ਮਨਦੀਪ ਸਿੱਧੂ ਸ਼ਾਮਲ ਹਨ।

ਅੰਮ੍ਰਿਤਪਾਲ ਸਿੰਘ ਕਿਉਂਕਿ ਵਿਦੇਸ਼ ਵਿੱਚ ਰਹਿ ਰਹੇ ਸਨ ਇਸ ਲਈ ਵਾਰਸ ਪੰਜਾਬ ਜਥੇਬੰਦੀ ਦੇ ਦੋਵੇਂ ਧੜੇ ਆਪੋ ਆਪਣੇ ਢੰਗ ਨਾਲ ਸਰਗਰਮੀਆਂ ਕਰ ਰਹੇ ਸਨ, ਜੋ ਨਾ ਹੋਣ ਦੇ ਬਰਾਬਰ ਹੀ ਸਨ। ਹੁਣ ਤੱਕ ਵਾਰਸ ਪੰਜਾਬ ਦੇ ਜਥੇਬੰਦੀ ਵੱਲੋਂ ਜੋ ਵੀ ਸਰਗਰਮੀਆਂ ਹੋਈਆਂ ਉਹ ਪੰਥਕ ਭਲੇ ਨਾਲੋਂ ਜਿਆਦਾ ਦੂਸਰੇ ਧੜੇ ਨੂੰ ਇਹ ਦਰਸਾਉਣ ਤੱਕ ਸੀਮਤ ਹਨ ਕਿ ਅਸੀਂ ਹੀ ਜਥੇਬੰਦੀ ਦੇ ਅਸਲ ਮਾਲਕ ਹਾਂ। ਪੰਥਕ ਸੇਵਾ ਨਾਲੋਂ ਧੜੇਬੰਦੀ ਅਤੇ ਜਿੱਦ ਹੁਣ ਤੱਕ ਭਾਰੂ ਰਹਿੰਦੀ ਰਹੀ ਹੈ।

ਹੁਣ ਭਾਈ ਅੰਮ੍ਰਿਤਪਾਲ ਸਿੰਘ ਵਿਦੇਸ਼ ਤੋਂ ਵਾਪਸ ਪੰਜਾਬ ਆ ਗਏ ਹਨ। ਕੁਝ ਮੀਡੀਆ ਚੈਨਲਾਂ ਨਾਲ ਉਨ੍ਹਾਂ ਨੇ ਗੱਲਬਾਤ ਵੀ ਕੀਤੀ ਹੈ। ਉਨ੍ਹਾਂ ਦੀ ਗੱਲਬਾਤ ਤੋਂ ਲਗਦਾ ਹੈ ਕਿ ਬੇਸ਼ੱਕ ਉਹ ਦੀਪ ਸਿੱਧੂ ਦੇ ਹਾਣਦਾ ਤਾਂ ਨਹੀ ਹੈ ਪਰ ਪੰਥਕ ਸਫਾਂ ਵਿੱਚ ਜਿਸ ਤਰ੍ਹਾਂ ਦਾ ਖਲਾਅ ਪੈਦਾ ਹੋ ਗਿਆ ਹੋਇਆ ਹੈ ਉਸ ਸਥਿਤੀ ਵਿੱਚ ਉਸਨੂੰ ਪਰਵਾਨ ਕਰਨ ਵਿੱਚ ਕੋਈ ਔਕੜ ਵੀ ਨਹੀ ਹੋਣੀ ਚਾਹੀਦੀ। ਸਾਡੇ ਕੋਲ ਹੋਰ ਕੋਈ ਬਦਲ ਮੌਜੂਦ ਹੀ ਨਹੀ ਹੈ। ਉਸਦੀ ਗੱਲਬਾਤ ਤੋਂ ਲਗਦਾ ਹੈ ਕਿ ਉਹ ਬੇਈਮਾਨ ਨਹੀ ਹੈ।

ਭਾਈ ਅੰਮ੍ਰਿਤਪਾਲ ਸਿੰਘ ਕਿਉਂਕਿ ਤਾਜ਼ੇ ਤਾਜ਼ੇ ਵਿਦੇਸ਼ ਤੋਂ ਆਏ ਹਨ ਤਾਂ ਉਨ੍ਹਾਂ ਦੇ ਰਾਹ ਵਿੱਚ ਜੋ ਚੁਣੌਤੀਆਂ ਆ ਸਕਦੀਆਂ ਹਨ ਆਪਾਂ ਉਨ੍ਹਾਂ ਉੱਤੇ ਉਂਗਲ ਧਰ ਸਕਦੇ ਹਾਂ।

ਪਹਿਲੀ ਗੱਲ ਤਾਂ ਇਹ ਹੈ ਕਿ ਉਨ੍ਹਾਂ ਦੀ ਕੁਝ ਦਿਨਾਂ ਜਾਂ ਮਹੀਨਿਆਂ ਦੀ ਸਰਗਰਮੀ ਤੋਂ ਬਾਅਦ ਜੋ ਨੌਜਵਾਨ ਦੁਚਿੱਤੀ ਵਿੱਚ ਹਨ ਜੇ ਉਹ ਉਨ੍ਹਾਂ ਦੀ ਬੇਨਤੀ ਤੇ ਨਾਲ ਤੁਰ ਪੈਂਦੇ ਹਨ ਤਾਂ ਸਾਰੇ ਨੌਜਵਾਨ ਅੰਮ੍ਰਿਤਪਾਲ ਸਿੰਘ ਵਿੱਚੋਂ ਦੀਪ ਸਿੱਧੂ ਨੂੰ ਭਾਲਣਗੇ। ਉਨ੍ਹਾਂ ਦੀ ਇੱਛਾ ਹੋਵੇਗੀ ਕਿ ਅੰਮ੍ਰਿਤਪਾਲ ਸਿੰਘ ਦੀਪ ਸਿੱਧੂ ਵਾਂਗ ਹੀ ਨੌਜਵਾਨਾਂ ਦੇ ਦਿਲਾਂ ਨੂੰ ਹੁਲਾਰਾ ਦੇਵੇ।

ਇਹ ਗੱਲ ਦੀਪ ਸਿੱਧੂ ਦੇ ਹਮਾਇਤੀਆਂ ਨੂੰ ਵੀ ਅਤੇ ਖੁਦ ਅੰਮ੍ਰਿਤਪਾਲ ਸਿੰਘ ਨੂੰ ਵੀ ਸਮਝ ਲੈਣੀ ਚਾਹੀਦੀ ਹੈ ਕਿ ਇਤਿਹਾਸ ਵਿੱਚ ਕਦੇ ਵੀ ਕਿਸੇ ਲੀਡਰ ਦੀ ਕਾਪੀ ਨਹੀ ਹੋਇਆ ਕਰਦੀ। ਹਰ ਲੀਡਰ ਦੀ ਆਪਣੀ ਸੋਚ ਦੀ ਉਡਾਰੀ ਹੁੰਦੀ ਹੈ। ਆਪਣੀ ਜਥੇਬੰਦਕ ਯੋਗਤਾ ਹੁੰਦੀ ਹੈ।ਆਪਣਾਂ ਕੰਮ ਕਰਨ ਦਾ ਢੰਗ ਹੁੰਦਾ ਹੈ ਅਤੇ ਆਪੋ ਆਪਣੀ ਮਿਕਨਾਤੀਸੀ ਸ਼ਖਸ਼ੀਅਤ ਹੁੰਦੀ ਹੈ। ਜੇ ਅੰਮ੍ਰਿਤਪਾਲ ਸਿੰਘ ਖੁਦ ਨੂੰ ਦੀਪ ਸਿੱਧੂ ਬਣਨ ਦੀ ਇੱਛਾ ਪਾਲੇਗਾ ਤਾਂ ਉਹ ਇਸ ਰਾਜਨੀਤੀ ਵਿੱਚ ਰੁਲ ਜਾਵੇਗਾ। ਜੇ ਵਾਰਸ ਪੰਜਾਬ ਦੇ ਜਥੇਬੰਦੀ ਦੇ ਹਮਾਇਤੀ ਅੰਮ੍ਰਿਤਪਾਲ ਸਿੰਘ ਵਿੱਚੋਂ ਦੀਪ ਸਿੱਧੂ ਭਾਲਣਗੇ ਤਾਂ ਉਹ ਵੀ ਵਕਤ ਦੀ ਧੂੜ ਵਿੱਚ ਰੁਲ ਜਾਣਗੇ। ਅਸੀਂ ਦੇਖਿਆ ਕਿ ਕਿੰਨੇ ਲੋਕਾਂ ਨੇ ਸੰਤ ਜਰਨੈਲ ਸਿੰਘ ਵਰਗਾ ਬਣਨ ਦੀ ਕੋਸ਼ਿਸ਼ ਕੀਤੀ। ਪਰ ਕੋਈ ਨਹੀ ਬਣ ਸਕਿਆ। ਕੋਈ ਬਣ ਸਕਦਾ ਹੀ ਨਹੀ ਕਿਉਂਕਿ ਲੀਡਰਸ਼ਿੱਪ ਦੇ ਗੁਣ ਹਰ ਵਿਅਕਤੀ ਵਿੱਚ ਵੱਖਰੇ ਹੁੰਦੇ ਹਨ। ਜੇ ਵਾਰਸ ਪੰਜਾਬ ਦੇ ਜਥੇਬੰਦੀ ਵਾਲੇ ਪੰਥ ਲਈ ਅਤੇ ਪੰਜਾਬ ਲਈ ਸੁਹਿਰਦ ਹਨ ਤਾਂ ਉਨ੍ਹਾਂ ਨੂੰ ਅੰਮ੍ਰਿਤਪਾਲ ਸਿੰਘ ਵਿੱਚੋਂ ਦੀਪ ਸਿੱਧੂ ਨਹੀ ਭਾਲਣਾਂ ਚਾਹੀਦਾ। ਉਸਨੂੰ ਅੰਮ੍ਰਿਤਪਾਲ ਸਿੰਘ ਬਣਕੇ ਹੀ ਵਿਚਰਨਾ ਪਵੇਗਾ ਅਤੇ ਦੀਪ ਸਿੱਧੂ ਵੱਲੋਂ ਅਰੰਭੀ ਲਹਿਰ ਨੂੰ ਆਪਣੀ ਸੋਚ ਦੀ ਉਡਾਰੀ ਅਤੇ ਜਥੇਬੰਦਕ ਯੋਗਤਾ ਅਨੁਸਾਰ ਅੱਗੇ ਵਧਾਉਣਾਂ ਪਵੇਗਾ।

ਅੰਮ੍ਰਿਤਪਾਲ ਸਿੰਘ ਲਈ ਦੂਜੀ ਵੱਡੀ ਚੁਣੌਤੀ ਜਥੇਬੰਦਕ ਕਾਰਜਾਂ ਦੌਰਾਨ ਵਿਚਰਨ ਦੀ ਹੋਵੇਗੀ। ਦੀਪ ਸਿੱਧੂ ਕਿਉਂਕਿ ਆਪਣੇ ਆਪ ਵਿੱਚ ਸਮਰਥ ਸੀ। ਉਸਨੂੰ ਕਿਸੇ ਦੀ ਮੁਥਾਜੀ ਦੀ ਲੋੜ ਨਹੀ ਸੀ। ਉਹ ਜੋ ਕੁਝ ਵੀ ਕਹਿੰਦਾ ਸੀ ਜਾਂ ਕਰਦਾ ਸੀ ਆਪਣੀ ਰੂਹ ਦੇ ਰਾਹੀਂ ਕਹਿੰਦਾ ਕਰਦਾ ਸੀ। ਉਹ ਕਿਸੇ ਤੇ ਨਿਰਭਰ ਨਹੀ ਸੀ। ਹੋਂਦ ਦੀ ਲੜਾਈ ਅਤੇ ਨਸਲਾਂ ਦੀ ਲੜਾਈ ਦੇ ਜੋ ਸੰਕਲਪ ਉਹ ਲੈਕੇ ਆਇਆ ਉਹ ਉਸਦੀ ਰੂਹ ਵਿੱਚੋਂ ਉਪਜੇ ਸਨ। ਦੀਪ ਸਿੱਧੂ ਦੇ ਨਾਲ ਜੋ ਜਥੇਬੰਦਕ ਟੀਮ ਉਸਰੀ ਸੀ ਉਨ੍ਹਾਂ ਨੂੰ ਦੀਪ ਸਿੱਧੂ ਦੀ ਲੋੜ ਸੀ ਆਪਣੀ ਰਾਜਨੀਤਿਕ ਸਿੱਖਿਆ ਨੂੰ ਪਰਚੰਡ ਕਰਨ ਲਈ ਅਤੇ ਰਾਜਨੀਤਿਕ ਤੌਰ ਤੇ ਆਪਣੇ ਆਪ ਨੂੰ ਅੱਗੇ ਵਧਾਉਣ ਲਈ। ਅੰਮ੍ਰਿਤਪਾਲ ਸਿੰਘ ਕਿਉਂਕਿ ਇੱਕ ਰਾਜਨੀਤਿਕ ਵਕਫੇ ਤੋਂ ਬਾਅਦ ਪਰਗਟ ਹੋਇਆ ਹੈ ਇਸ ਲਈ ਉਸਨੂੰ ਜਥੇਬੰਦਕ ਤੌਰ ਤੇ ਵਿਚਰਨ ਲਈ ਦੀਪ ਦੇ ਹਮਾਇਤੀਆਂ ਦੀ ਲੋੜ ਹੋਵੇਗੀ ਜੋ ਉਸਦੀ ਕਮਜੋਰੀ ਸਾਬਤ ਹੋਵੇਗੀ। ਦੀਪ ਕਿਸੇ ਤੇ ਨਿਰਭਰ ਨਹੀ ਸੀ, ਅੰਮ੍ਰਿਤਪਾਲ ਸਿੰਘ ਨੂੰ ਨਿਰਭਰ ਹੋਣਾਂ ਪਵੇਗਾ। ਇਸ ਨਿਰਭਰਤਾ ਵਿੱਚ ਫਿਰ ਹਰ ਕੋਈ ਅੰਮ੍ਰਿਤਪਾਲ ਸਿੰਘ ਨੂੰ ਆਪਣੇ ਢੰਗ ਨਾਲ ਚਲਾਉਣ ਦੇ ਯਤਨ ਕਰੇਗਾ। ਇਹ ਵੱਡਾ ਅੜਿੱਕਾ ਅੰਮ੍ਰਿਤਪਾਲ ਸਿੰਘ ਦੇ ਰਾਹ ਵਿੱਚ ਆਵੇਗਾ।

ਤੀਜੀ ਚੁਣੌਤੀ ਸਿਮਰਨਜੀਤ ਸਿੰਘ ਮਾਨ ਨਾਲ ਉਨ੍ਹਾਂ ਦੇ ਰਿਸ਼ਤੇ ਵਿੱਚੋਂ ਉਭਰੇਗੀ। ਦੀਪ ਸਿੱਧੂ ਜਦੋਂ ਸਿਮਰਨਜੀਤ ਸਿੰਘ ਮਾਨ ਨਾਲ ਜੁੜਿਆ ਤਾਂ ਉਹ ਇੱਕ ਬਰਾਬਰ ਦੀ ਧਿਰ ਬਣਕੇ ਜੁੜਿਆ। ਦੀਪ ਦਾ ਆਪਣਾਂ ਕਦ ਉਸ ਵੇਲੇ ਪੰਜਾਬ ਵਿੱਚ ਸਿਮਰਨਜੀਤ ਸਿੰਘ ਮਾਨ ਦੇ ਬਰਾਬਰ ਬਣ ਗਿਆ ਸੀ। ਸਿਮਰਨਜੀਤ ਸਿੰਘ ਮਾਨ ਨੂੰ ਆਪਣੀ ਰਾਜਨੀਤਿਕ ਪਾਰੀ ਖੇਡਣ ਲਈ ਦੀਪ ਸਿੱਧੂ ਦੀ ਲੋੜ ਸੀ ਨਾ ਕਿ ਦੀਪ ਨੂੰ। ਇਸ ਲਈ ਸਿਮਰਨਜੀਤ ਸਿੰਘ ਮਾਨ ਨੇ ਦੀਪ ਸਿੱਧੂ ਨੂੰ ਪਰਵਾਨ ਕਰ ਲਿਆ। ਵਰਨਾ ਸਿਮਰਨਜੀਤ ਸਿੰਘ ਮਾਨ, ਪਰਕਾਸ਼ ਸਿੰਘ ਬਾਦਲ ਵਾਂਗ ਕਿਸੇ ਸੂਝਵਾਨ ਨੂੰ ਆਪਣੇ ਨੇੜੇ ਨਹੀ ਲੱਗਣ ਦੇਂਦੇ। ਉਨ੍ਹਾਂ ਦੀ ਸੋਚ ਇਹ ਹੈ ਕਿ ਸਮੁੱਚੀ ਪਾਰਟੀ ਵਿੱਚੋਂ ਸਿਰਫ ਮੈਂ ਹੀ ਸੀਟ ਜਿੱਤਾਂ ਬਾਕੀ ਤਾਂ ਮੇਰੀ ਜਿੱਤ ਲਈ ਸਰਗਰਮੀਆਂ ਹੀ ਕਰਨ।

ਹੁਣ ਜਦੋਂ ਅੰਮ੍ਰਿਤਪਾਲ ਸਿੰਘ, ਸਿਮਰਨਜੀਤ ਸਿੰਘ ਮਾਨ ਤੋਂ ਜੂਨੀਅਰ ਹੋਕੇ ਉਨ੍ਹਾਂ ਨਾਲ ਵਿਚਰਨਗੇ ਤਾਂ ਮਾਨ ਸਾਹਬ ਬਹੁਤ ਦੇਰ ਇਸ ਰਿਸ਼ਤੇ ਨੂੰ ਨਿਭਣ ਨਹੀ ਦੇਣਗੇ। ਸੋ ਉਨ੍ਹਾਂ ਨੂੰ ਮਾਨ ਸਾਹਬ ਨਾਲ ਆਪਣੇ ਰਿਸ਼ਤੇ ਬਾਰੇ ਅਤੇ ਉਸ ਰਿਸ਼ਤੇ ਵਿੱਚ ਭਵਿੱਖ ਵਿੱਚ ਪੈਣ ਵਾਲੀਆਂ ਤਰੇੜਾਂ ਬਾਰੇ ਪਹਿਲਾਂ ਹੀ ਸੁਚੇਤ ਹੋਕੇ ਤੁਰਨਾ ਪਵੇਗਾ। ਬਾਅਦ ਵਿੱਚ ਉਨ੍ਹਾਂ ਦਾ ਨਿੱਜੀ ਨੁਕਸਾਨ ਵੀ ਹੋਵੇਗਾ ਅਤੇ ਜਥੇਬੰਦੀ ਦਾ ਵੀ।