ਪੰਜਾਬ ਵਿੱਚ ਵੋਟਾਂ ਦਾ ਰਾਮ ਰੌਲਾ ਖਤਮ ਹੋ ਗਿਆ ਹੈ। ਪਿਛਲੇ ਇੱਕ ਸਾਲ ਤੋਂ ਧਰਮ, ਸਮਾਜ ਅਤੇ ਆਮ ਲੋਕਾਂ ਲਈ ਆਪਣੇ ਫਰਜ਼ਾਂ ਤੋਂ ਮੂੰਹ ਮੋੜਕੇ ਮਹਿਜ਼ ਚੋਣਾਂ ਜਿੱਤਣ ਲਈ ਕਾਹਲੇ ਰਾਜਨੀਤੀਵਾਨਾਂ ਨੇ ਨੈਤਿਕਤਾ ਦੇ ਸਾਰੇ ਹੱਦਾਂ ਬੰਨੇ ਤੋੜ ਦਿੱਤੇ। ਕਿਸੇ ਨੇ ਚੋਣਾਂ ਵਿੱਚ ਜਿੱਤ ਪ੍ਰਾਪਤ ਕਰਨ ਲਈ ਸ਼ਰਾਬ ਵੰਡਣ ਦੇ ਯਤਨ ਕੀਤੇ, ਕਿਸੇ ਨੇ ਪੈਸੇ ਅਤੇ ਕਿਸੇ ਨੇ ਆਪਣਾਂ ਧਰਮ ਹੀ ਵੇਚਣ ਤੇ ਲਾ ਦਿੱਤਾ।
ਵੋਟਾਂ ਪੈਣ ਤੋਂ ਕੁਝ ਦਿਨ ਪਹਿਲ ਆਪਣੇ ਆਪ ਨੂੰ ਪੰਥਕ ਪਾਰਟੀ ਅਤੇ ਸ਼ਹੀਦਾਂ ਦੀ ਜਥੇਬੰਦੀ ਅਖਵਾਉਣ ਵਾਲੇ ਅਕਾਲੀ ਦਲ ਨੇ ਇੱਕ ਅਜਿਹੇ ਵਿਵਾਦਗ੍ਰਸਤ ਡੇਰੇਦਾਰ ਦੇ ਪੈਰ ਫੜਨ ਦੇ ਯਤਨ ਕੀਤੇ ਜਿਸ ਬਾਰੇ ਸਿੱਖਾਂ ਦੀ ਸੁਪਰੀਮ ਅਥਾਰਟੀ ਸ੍ਰੀ ਅਕਾਲ ਤਖਤ ਸਾਹਿਬ ਤੋਂ ਇਹ ਹੁਕਮਨਾਮਾ ਜਾਰੀ ਹੋਇਆ ਹੈ ਕਿ ਕਿਸੇ ਵੀ ਸਿੱਖ ਨੇ ਉਸ ਨਾਲ ਸਾਂਝ ਨਹੀ ਰੱਖਣੀ ਕਿਉਂਕਿ ਉਹ ਡੇਰੇਦਾਰ ਸਿੱਖ ਪਰੰਪਰਾਵਾਂ ਦਾ ਘਾਣ ਕਰਨ ਵਾਲਿਆਂ ਦੇ ਨਾਲ ਖੜ੍ਹਾ ਹੈ। ਇਸਦੇ ਬਾਵਜੂਦ ਵੀ ਆਪਣੇ ਆਪ ਨੂੰ ਪੰਥ ਪ੍ਰਤੀ ਜੁਆਬਦੇਹ ਅਖਵਾਉਣ ਵਾਲੀ ਪਾਰਟੀ ਨੇ ਨਾ ਕੇਵਲ ਉਸ ਡੇਰੇਦਾਰ ਦੇ ਪੈਰ ਫੜੇ ਬਲਕਿ ਉਸਨੂੰ ਇਹ ਵਿਸ਼ਵਾਸ਼ ਵੀ ਦਿਵਾਇਆ ਕਿ ਜੇ ਅਕਾਲੀ ਦਲ ਫਿਰ ਚੋਣਾਂ ਜਿੱਤ ਜਾਂਦਾ ਹੈ ਤਾਂ ਉਸ ਡੇਰੇਦਾਰ ਦੇ ਦੀਵਾਨ ਸਾਰੇ ਪੰਜਾਬ ਵਿੱਚ ਸਰਕਾਰੀ ਸਰਪ੍ਰਸਤੀ ਹੇਠ ਲਗਵਾਏ ਜਾਣਗੇ।
ਅਸੀਂ ਸ਼ਮਝਦੇ ਹਾਂ ਕਿ ਇਹ ਸਿੱਖ ਰਾਜਨੀਤੀ ਦੇ ਨਿਘਾਰ ਦੀ ਸਿਖਰ ਹੈ ਜਿੱਥੇ ਕੌਮ ਦੇ ਸਿਧਾਂਤ ਅਤੇ ਪੰਥ ਦੀਆਂ ਪਰੰਪਰਾਵਾਂ ਨੂੰ ਟਿੱਚ ਜਾਣਕੇ ਡੇਰੇਦਾਰਾਂ ਦੇ ਪੈਰ ਪੰਜਾਬ ਵਿੱਚ ਮਜਬੂਤ ਕਰਨ ਦੇ ਖੁੱਲੇ ਹੋਕਰੇ ਮਾਰੇ ਗਏ। ੧੯੭੮ ਦੇ ਸਿੱਖ ਦੁਖਾਂਤ ਦੀ ਨੀਹ ਵੀ ਅਕਾਲੀ ਦਲ ਦੀ ਅਜਿਹੀ ਕਮਜੋਰੀ ਕਾਰਨ ਹੀ ਰੱਖੀ ਗਈ ਸੀ ਜਿਸ ਅਧੀਨ ਅਕਾਲੀ ਦਲ ਦੀ ਸਰਕਾਰ ਨੇ ਡੇਰੇਦਾਰਾਂ ਨੂੰ ਖੁੱਲ਼੍ਹ ਖੇਡਣ ਦਿੱਤੀ ਅਤੇ ਉਨ੍ਹਾਂ ਤੇ ਬਣਦੀ ਕਨੂੰਨੀ ਕਾਰਵਾਈ ਵੀ ਨਾ ਕੀਤੀ। ਅਕਾਲੀ ਦਲ ਦੀ ੧੯੭੮ ਵਿੱਚ ਸ਼ੁਰੂ ਹੋਈ ਸਿੱਖ ਵਿਰੋਧੀ ਖੇਡ ੨੦੧੭ ਵਿੱਚ ਆਪਣੀ ਚਰਮ ਸੀਮਾ ਤੇ ਪਹੁੰਚ ਗਈ ਹੈ ਜਿਸ ਵਿੱਚ ਅਕਾਲੀ ਦਲ ਹੁਣ ਅਸਿੱਧੇ ਜਾਂ ਲੁਕਵੇਂ ਤੌਰ ਤੇ ਨਹੀ ਬਲਕਿ ਸਿੱਧੇ ਅਤੇ ਸਪਸ਼ਟ ਰੂਪ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮਾਂ ਨੂੰ ਵਿਸਾਰ ਕੇ, ਆਪਣੀ ਸਿਆਸੀ ਚੌਧਰ ਨੂੰ ਬਰਕਰਾਰ ਰੱਖਣ ਦੇ ਯਤਨ ਕਰ ਰਿਹਾ ਹੈ। ਅਕਾਲੀ ਦਲ ਸਪਸ਼ਟ ਰੂਪ ਵਿੱਚ ਸਿੱਖ ਸਿਧਾਂਤਾਂ ਨੂੰ ਤਿਲਾਂਜਲੀ ਦੇ ਰਿਹਾ ਹੈ ਜੋ ਉਸਦੇ ਇਤਿਹਾਸ ਲਈ ਅਤੇ ਸਿੱਖ ਇਤਿਹਾਸ ਲਈ ਕਾਫੀ ਦੁਖਦਾਈ ਹੈ। ਸ਼ਹੀਦਾਂ ਦੇ ਖੂਨ ਨਾਲ ਹੋਂਦ ਵਿੱਚ ਆਈ ਸਾਡੀ ਆਪਣੀ ਪਾਰਟੀ ਅੱਜ ਮਹਿਜ਼ ਸੱਤਾ ਦਾ ਸੁਆਦ ਮਾਨਣ ਲਈ ਕਿੰਨੀ ਨੀਵੀਂ ਡਿਗ ਰਹੀ ਹੈ ਇਸਦਾ ਹਰ ਪੰਥ-ਦਰਦੀ ਸਿੱਖ ਨੂੰ ਝੋਰਾ ਹੈ।
ਗੁਰੂ ਸਾਹਿਬ ਨੇ ਸਿੱਖ ਸਿਧਾਂਤਾਂ ਵਿੱਚ ਕਦੇ ਵੀ ਆਪਣੇ ਅਕੀਦੇ ਅਤੇ ਸਿਧਾਂਤ ਨਾਲ ਸਮਝੌਤਾ ਨਾ ਕਰਨ ਦੀ ਤਾਕੀਦ ਕੀਤੀ ਸੀ ਅਤੇ ਸਿੱਖ ਇਤਿਹਾਸ ਗਵਾਹ ਹੈ ਕਿ ਗੁਰੂ ਸਾਹਿਬ ਨੇ ਆਪ, ਉਨ੍ਹਾਂ ਦੇ ਪਰਿਵਾਰ ਨੇ ਅਤੇ ਲੱਖਾਂ ਸਿੰਘ-ਸਿੰਘਣੀਆਂ ਨੇ ਕਦੇ ਵੀ ਵੀ ਆਪਣੀ ਜਾਨਾਂ ਦੀ ਪਰਵਾਹ ਨਾ ਕਰਦੇ ਹੋਏ ਸਿਧਾਂਤ ਦਾ ਪਰਚਮ ਬੁਲੰਦ ਰੱਖਿਆ ਸੀ।
ਮੌਜੂਦਾ ਸਮੇਂ ਵਿੱਚ ਵੀ ਹਜਾਰਾਂ ਸਿੰਘ-ਸਿੰਘਣੀਆਂ ਨੇ ਸਿੱਖ ਸਿਧਾਂਤਾਂ ਦੀ ਰਾਖੀ ਲਈ ਨਾ ਕੇਵਲ ਘੋਰ ਤਸ਼ੱਦਦ ਝੱਲਿਆ ਬਲਕਿ ਆਪਣੀਆਂ ਜਾਨਾ ਦੀ ਪਰਵਾਹ ਕੀਤੇ ਬਿਨਾ ਖਾਲਸਾ ਪੰਥ ਦੀ ਵਿਲੱਖਣਤਾ ਦੇ ਝੰਡੇ ਗੱਡੇ। ਸੰਤ ਜਰਨੈਲ ਸਿੰਘ ਜੀ ਦੀ ਅਗਵਾਈ ਹੇਠ ਅਰੰਭ ਹੋਈ ਕੌਮੀ-ਸਵੈਮਾਣ ਦੀ ਲੜਾਈ ਵਿੱਚ ਅਣਗਿਣਤ ਗੁੰਮਨਾਨ ਸੂਰਮਿਆਂ ਨੇ ਆਪਣੀ ਜੰਗਜੂ ਕਲਾ ਦੇ ਜੌਹਰ ਦਿਖਾਏ।
ਇਸ ਸੰਦਰਭ ਵਿੱਚ ਅਕਾਲੀ ਦਲ ਦਾ ਮੌਜੂਦਾ ਸੰਕਟ ਪੰਥ ਲਈ ਘਾਤਕ ਹੈ। ਅਸੀਂ ਸਮਝਦੇ ਹਾਂ ਕਿ ਅਕਾਲੀ ਦਲ ਨੂੰ ਸਿੱਖ ਸਿਧਾਂਤਾਂ ਨਾਲ ਖਿਲਵਾੜ ਕਰਨ ਤੋਂ ਰੋਕਣ ਲਈ ਇਸਨੂੰ ਸੱਤਾ ਤੋਂ ਬਾਹਰ ਕਰਨਾ ਬਹੁਤ ਜਰੂਰੀ ਹੈ। ਪੰਜਾਬ ਦੀ ਸੱਤਾ ਤੋਂ ਬਾਹਰ ਹੋਣ ਤੋਂ ਬਾਅਦ ਅਕਾਲੀ ਦਲ ਵਿੱਚ ਅੰਦਰੂਨੀ ਕਲੇਸ਼ ਛਿੜੇਗਾ ਅਤੇ ਉਸ ਘੜਮੱਸ ਵਿੱਚੋਂ ਸ਼ਹੀਦਾਂ ਦੇ ਸੁਪਨਿਆਂ ਨੂੰ ਪਰਣਾਏ ਹੋਏ ਜੁਝਾਰੂ ਸਿੱਖਾਂ ਦੇ ਹੱਥ ਅਕਾਲੀ ਦਲ ਦੀ ਵਾਗਡੋਰ ਆਵੇਗੀ।
ਅਸੀਂ ਸਮਝਦੇ ਹਾਂ ਕਿ ਅਕਾਲੀ ਦਲ ਨੂੰ ਸਿੱਖਾਂ ਦੇ ਸੁਪਨਿਆਂ ਦੀ ਪਾਰਟੀ ਬਣਾਉਣ ਲਈ ਅਤੇ ੧੯੮੪ ਤੋਂ ਬਾਅਦ ਸਿੱਖ ਪੰਥ ਦੀ ਸ਼ਅਨ ਲਈ ਸੰਘਰਸ਼ ਕਰਨ ਵਾਲੇ ਨੌਜਵਾਨਾਂ ਨੂੰ ਅਕਾਲੀ ਦਲ ਦੀ ਵਾਗਡੋਰ ਫੜਾਉਣ ਲਈ ਅਕਾਲੀ ਦਾ ਦਾ ਸੱਤਾ ਵਿੱਚੋਂ ਬਾਹਰ ਹੋਣਾਂ ਬਹੁਤ ਜਰੂਰੀ ਹੈ।