ਪੰਜਾਬ ਅੰਦਰ ਪਿਛਲੇ ਸ਼ੁੱਕਰਵਾਰ ਤੋਂ ਅਖਬਾਰ ਅਤੇ ਹੋਰ ਮੀਡੀਆਂ ਰਾਹੀਂ ਇੱਕ ਵਿਸ਼ਾ ਬੇਹੱਦ ਚਰਚਾ ਵਿੱਚ ਹੈ ਜਿਸ ਵਿੱਚ ਪੰਜਾਬ ਦੇ ਨੌਜਵਾਨਾਂ ਅੰਦਰ ਗੈਂਗਸਟਰ ਰੁਝਾਨ ਪ੍ਰਤੀ ਉਤਸਕਤਾ ਦਾ ਵਧਣਾ ਸਾਹਮਣੇ ਆ ਰਿਹਾ ਹੈ। ਇਸੇ ਗੈਂਗਸਟਰ ਖਿੱਚ ਵਿੱਚ ਖਿਚਿਆ ਇੱਕ ਨੌਜਵਾਨ ਹਰਜਿੰਦਰ ਸਿੰਘ ਭੁੱਲਰ ਉਰਫ ਵਿੱਕੀ ਗੌਂਡਰ ਨਾਮੀ ਸਿੱਖ ਨੌਜਵਾਨ ਦਾ ਪੁਲੀਸ ਮੁਕਾਬਲੇ ਵਿੱਚ ਮਾਰਿਆ ਜਾਣਾ ਵਿਸ਼ੇਸ਼ ਚਰਚਾ ਦਾ ਵਿਸ਼ਾ ਹੈ।

ਪਿਛਲੇ ਕਈ ਸਾਲਾਂ ਤੋਂ ਖਾਸ ਕਰ ਅਕਾਲੀ ਸਰਕਾਰ ਦੇ ਲੰਮੇ ਰਾਜ ਦੌਰਾਨ ਗੈਂਗਸਟਰ ਬਣਨ ਦਾ ਆਕਰਸ਼ਣ ਨੌਜਵਾਨ ਪੀੜੀ ਲਈ ਖਿੱਚ ਦਾ ਕਾਰਨ ਬਣਿਆ ਹੋਇਆ ਹੈ। ਇੰਨਾਂ ਪਿਛਲੇ ਕੁਝ ਸਾਲਾਂ ਦੇ ਸਮੇਂ ਦੌਰਾਨ ਪੁਲੀਸ ਦੇ ਵੇਰਵਿਆਂ ਮੁਤਾਬਕ ਪੰਜਾਬ ਅੰਦਰ ੫੫ ਗੈਂਗਸਟਰ ਗਰੁੱਪ ਹਨ ਤੇ ਪੁਲੀਸ ਅਨੁਸਾਰ ੫੦੦ ਤੋਂ ਉਪਰ ਨੌਜਵਾਨ ਇੰਨਾਂ ਗਰੁੱਪਾਂ ਨਾਲ ਸਬੰਧਤ ਹਨ। ਵਿੱਕੀ ਗੌਂਡਰ ਪਿਛਲੇ ੫ ਸਾਲਾਂ ਤੋਂ ਪੰਜਾਬ ਪੁਲੀਸ ਲਈ ਇੱਕ ਵੱਡੀ ਚੁਣੌਤੀ ਬਇਆ ਹੋਇਆ ਸੀ। ਖਾਸ ਕਰਕੇ ਜਦੋਂ ਦਾ ਨਾਭੇ ਦੀ ਜੇਲ ਵਿਚੋਂ ਇਹ ਫਰਾਰ ਹੋਣ ਵਿੱਚ ਕਾਮਯਾਬ ਹੋ ਗਿਆ ਸੀ। ਨਾਭਾ ਜੇਲ ਪੰਜਾਬ ਦੀ ਅਤਿ ਸੁਰੱਖਿਅਤ ਜੇਲ ਮੰਨੀ ਜਾਂਦੀ ਹੈ, ਇਸ ਤੋਂ ਪਹਿਲਾਂ ਵੀ ਵਿੱਕੀ ਗੌਂਡਰ ਜੋ ਸਿੱਖ ਪਰਿਵਾਰ ਨਾਲ ਸਬੰਧਿਤ ਸੀ, ਉਪਰ ਦਿਨ ਦਿਹਾੜੇ ਪੁਲੀਸ ਦੀ ਗ੍ਰਿਫਤ ਅੰਦਰ ਹੀ ਸੁੱਖਾ ਕਾਹਲਵਾਂ, ਜੋ ਪਹਿਲਾਂ ਇਸਦਾ ਦੋਸਤ ਸੀ ਨੂੰ ਮਾਰ ਮੁਕਾਉਣਾ ਤੇ ਫੇਰ ਪੰਜਾਬ ਦੀ ਮੁੱਖ ਸੜਕ ਤੇ ਖੜ ਕੇ ਉਸਦੀ ਲਾਸ਼ ਤੇ ਭੰਗੜਾ ਪਾਉਣਾ ਪੰਜਾਬ ਦੇ ਅਖਬਾਰਾਂ ਦੀ ਮੁੱਖ ਸੁਰਖੀ ਬਣਿਆ ਸੀ। ਸੁੱਖਾ ਕਾਹਲਵਾਂ ਵੀ ਪੁਲੀਸ ਮੁਤਾਬਕ ਆਪਣੇ ਸਮੇਂ ਦਾ ਨਾਮੀਂ ਗੈਂਗਸਟਰ ਦੱਸਿਆ ਜਾਂਦਾ ਸੀ। ਸੁੱਖਾ ਕਾਹਲਵਾਂ ਦੇ ਨਿਆਂਇਕ ਹਿਰਾਸਤ ਵਿੱਚ ਕਤਲ ਤੋਂ ਬਾਅਦ ਹਰਜਿੰਦਰ ਸਿੰਘ ਭੁੱਲਰ ਉਰਫ ਵਿੱਕੀ ਗੌਂਡਰ ਪੰਜਾਬ ਅੰਦਰ ਇੱਕ ਪ੍ਰਮੁੱਖ ਗੈਂਗਸਟਰ ਦੇ ਰੂਪ ਵਿੱਚ ਵਿੱਚ ਉਭਰਿਆ।

ਇਸ ਭੂਮਿਕਾ ਨੂੰ ਵਿੱਕੀ ਗੌਂਡਰ ਵੱਲੋਂ ਤੇ ਉਸਦੇ ਸਹਿਯੋਗੀਆਂ ਵੱਲੋਂ ਸ਼ੋਸਲ ਮੀਡੀਆਂ ਰਾਹੀਂ ਕਾਫੀ ਪ੍ਰਚਾਰਿਆ ਗਿਆ। ਉਸਦੇ ਇਸ ਵਿਹਾਰ ਨੂੰ ਪੰਜਾਬ ਦੀ ਨੌਜਵਾਨੀ ਨੇ ਬੜੀ ਉਸਸੁਕਤਾ ਨਾਲ ਵੇਖਿਆ ਤੇ ਸੁਣਿਆਂ। ਇਥੋਂ ਤੱਕ ਕੇ ਜਦੋਂ ਵਿੱਕੀ ਗੌਂਡਰ ਥੋੜੇ ਚਿਰ ਬਾਅਦ ਫੜਿਆ ਵੀ ਗਿਆ ਤੇ ਨਾਭਾ ਜੇਲ ਵਿੱਚ ਉਸਨੂੰ ਡੱਕ ਦਿੱਤਾ ਗਿਆ ਤੇ ਉਸਤੋਂ ਬਾਅਦ ਵੀ ਇਸਨੇ ਜੇਲ ਅੰਦਰੋਂ ਸ਼ੋਸਲ ਮੀਡੀਆ ਰਾਹੀਂ ਆਪਣੀ ਭੂਮਿਕਾ ਨੂੰ ਬਣਾਈ ਰੱਖਿਆ। ਇਸਦੇ ਚੱਲਦਿਆਂ ਹੀ ਇਸਨੇ ਜੇਲ ਅੰਦਰੋਂ ਹੀ ਪੰਜਾਬ ਦੇ ਇੱਕ ਹੋਰ ਮਸ਼ਹੂਰ ਸਿੱਖ ਨੌਜਵਾਨ ਜਸਵਿੰਦਰ ਸਿੰਘ ਉਰਫ ਰੌਕੀ, ਜੋ ਕਿ ਆਪਣੇ ਆਪ ਵਿੱਚ ਵੀ ਇੱਕ ਨਾਮੀਂ ਹਸਤੀ ਤੇ ਵੱਡੇ ਗੈਂਗਸਰ ਵਜੋਂ ਜਾਣਿਆ ਜਾਂਦਾ ਸੀ, ਦਾ ਦਿਨ ਦਿਹਾੜੇ ਕਤਲ ਕਰਕੇ ਜਿੰਮਾਂ ਵੀ ਵਿੱਕੀ ਗੋਂਡਰ ਨੇ ਆਪਣੇ ਸਿਰ ਲਿਆ ਸੀ। ਇਥੋਂ ਤੱਕ ਕਿ ਇਸਦੇ ਹੌਸਲੇ ਇੰਨੇ ਬੁਲੰਦ ਦਰਸਾਏ ਗਏ ਕਿ ਉਹ ਜੇਲ ਦੇ ਅੰਦਰੋਂ ਹੀ ਪੰਜਾਬ ਅੰਦਰ ਚੱਲੇ ਸਿੱਖ ਸੰਘਰਸ਼ ਦੇ ਸਮੇਂ ਵਾਂਗ ਵੱਡੇ ਵੱਡੇ ਪੁਲੀਸ ਅਫਸਰਾਂ ਨੂੰ ਦਬਕਾਉਂਦਾ ਰਿਹਾ।

ਨਾਭੇ ਦੀ ਜੇਲ ਤੋੜਨ ਤੋਂ ਬਾਅਦ ਵਿੱਕੀ ਗੌਂਡਰ ਪੰਜਾਬ ਦੇ ਨੌਜਵਾਨਾਂ ਅੰਦਰ ਚਰਚਾ ਦਾ ਵਿਸ਼ਾ ਬਣਿਆ ਰਿਹਾ। ਹੁਣ ਇਸਦੇ ਪੁਲੀਸ ਮੁਕਾਬਲੇ ਵਿੱਚ ਕਤਲ ਹੋਣ ਤੋਂ ਬਾਅਦ ਇਸਦੇ ਪਿੰਡ ਸਰਾਵਾਂ ਬੋਦਲਾ (ਮਲੋਟ-ਫਾਜਿਲਕਾ) ਵਿਖੇ ਅੰਤਿਮ ਯਾਤਰਾ ਵਿੱਚ ਹਜ਼ਾਰਾਂ ਦੀ ਤਾਦਾਦ ਵਿੱਚ ਬਜੁਰਗ ਤੇ ਨੌਜਵਾਨ ਉਸਦੇ ਘਰਦਿਆਂ ਨਾਲ ਸ਼ਾਮਿਲ ਹੋਏ। ਜਿਥੇ ਬੜੇ ਮਾਣ ਨਾਲ ਨੌਜਵਾਨਾਂ ਵੱਲੋਂ ਉਸਦੀ ਮ੍ਰਿਤਕ ਦੇਹ ਦੀਆਂ ਫੋਟੋਆਂ ਤੇ ਵੀਡੀਓ ਲਏ ਗਏ। ਜਿਸਨੂੰ ਸ਼ੋਸਲ ਮੀਡੀਆ ਰਾਹੀਂ ਕਾਫੀ ਪ੍ਰਚਾਰਿਆ ਗਿਆ। ਪੰਜਾਬ ਅੰਦਰ ਖਾਸ ਕਰਕੇ ਸਿੱਖ ਨੌਜਵਾਨੀ ਅੰਦਰ ਗੈਂਗਸਟਰ ਰੁਝਾਨ ਕਾਫੀ ਪ੍ਰਚਲਿਤ ਹੋ ਰਿਹਾ ਹੈ। ਪੁਲੀਸ ਦੀ ਸਖਤੀ ਦੇ ਬਾਵਜੂਦ ਇਹ ਰੁਝਾਨ ਪ੍ਰਫੁੱਲਤ ਹੋ ਰਿਹਾ ਹੈ। ਸੂਝਵਾਨ ਬੰਦੇ ਤੇ ਪੰਜਾਬੀ ਇਸ ਰੁਝਾਨ ਦੇ ਵਧਣ ਦੇ ਆਪਣੇ ਆਪਣੇ ਪੱਧਰ ਤੇ ਕਾਰਨ ਲੱਭ ਰਹੇ ਹਨ।

ਪੰਜਾਬ ਅੰਦਰ ਵਧੀ ਬੇਰੁਜਗਾਰੀ ਅਤੇ ਰਾਤੋ ਰਾਤ ਮਸ਼ਹੂਰ ਹੋ ਕੇ ਸੁਰਖੀਆਂ ਬਣਨਾ ਵੀ ਇੱਕ ਕਾਰਨ ਮੰਨਿਆ ਜਾ ਰਿਹਾ ਹੈ। ਪਿਛਲੇ ਲੰਮੇ ਸਮੇਂ ਤੋਂ ਪੰਜਾਬ ਅੰਦਰ ਵੱਡੇ ਪੱਧਰ ਤੇ ਪ੍ਰਚਾਰੀ ਜਾ ਰਹੀ ਨਵੇਂ ਰੂਪ ਦੀ ਪੰਜਾਬੀ ਗਾਇਕੀ ਦਾ ਸੱਭਿਆਚਾਰ ਵੀ ਇੱਕ ਕਾਰਨ ਮੰਨਿਆ ਜਾ ਰਿਹਾ ਹੈ। ਇਸੇ ਰੁਝਾਨ ਨਾਲ ਸਬੰਧਿਤ ਖੰਨਾ ਨਜ਼ਦੀਕ ਦਾ ਰੁਪਿੰਦਰ ਗਾਂਧੀ ਜੋ ਕੁਝ ਸਾਲ ਪਹਿਲਾਂ ਖੰਨਾ ਤੋਂ ਲੈ ਕੇ ਚੰਡੀਗੜ੍ਹ ਤੱਕ ਨੌਜਵਾਨਾਂ ਵਿੱਚ ਆਪਣਾ ਪ੍ਰਭਾਵ ਰੱਖਦਾ ਸੀ, ਨੂੰ ਵੀ ਗੈਂਗਸਟਰਾਂ ਦੀ ਆਪਸੀ ਖਹਿਬਾਜੀ ਕਾਰਨ ਕੁਝ ਸਮਾਂ ਪਹਿਲਾਂ ਕਤਲ ਕਰ ਦਿੱਤਾ ਗਿਆ ਸੀ। ਇਸਦੇ ਜੀਵਨ ਤੇ ਬਣੀ ਫਿਲਮ ‘ਦ ਗੈਂਗਸਟਰ ਰੁਪਿੰਦਰ ਗਾਧੀ’ ਪੰਜਾਬ ਦੇ ਨੌਜਵਾਨਾਂ ਵਿੱਚ ਕਾਫੀ ਪ੍ਰਚਲਤ ਹੋਈ ਹੈ। ਇਸਨੂੰ ਪੰਜਾਬ ਅੰਦਰ ਪੰਜਾਬੀ ਫਿਲਮੀ ਟੀ.ਵੀ ਚੈਨਲਾਂ ਰਾਹੀਂ ਅਕਸਰ ਹੀ ਦਿਖਾਇਆ ਜਾਂਦਾ ਹੈ। ਪੰਜਾਬ ਦਾ ਇਹ ਇੱਕ ਨਵਾਂ ਰੁਖ, ਜੋ ਨੌਜਵਾਨ ਪੀੜੀ ਨੂੰ ਇੰਨਾ ਪ੍ਰਭਾਵਤ ਕਰ ਰਿਹਾ, ਦਰਸਾਉਂਦਾ ਹੈ ਕਿ ਪੰਜਾਬ ਦੀ ਨੌਜਵਾਨੀ ਜੋ ਕਿ ਕਾਫੀ ਹੱਦ ਤੱਕ ਅੱਜ ਦਿਸ਼ਾਹੀਣ ਦਿਖਾਈ ਦੇ ਰਹੀ। ਜੋ ਕਿ ਚੱਲ ਰਹੀ ਰਾਜਨੀਤਿਕ ਪ੍ਰਕਿਰਿਆ ਤੇ ਰਾਜਨੀਤਿਕ ਸ਼ਖਸ਼ੀਅਤਾਂ ਤੋਂ ਵੀ ਨਿਰਾਸ਼ ਦਿਖਾਈ ਦੇ ਰਹੀ ਹੈ। ਇਸ ਖਲਾਅ ਦਾ ਵੱਡਾ ਕਾਰਨ ਪੰਜਾਬ ਦੀ ਨੌਜਵਾਨੀ ਲਈ ਕੋਈ ਨਾਇਕ ਭੂਮਿਕਾ ਵਾਲੀ ਸੱਜਰੀ ਸਖਸ਼ੀਅਤ ਨਜ਼ਰ ਨਹੀਂ ਆ ਰਹੀ ਹੈ ਜੋ ਉਨਾਂ ਦੇ ਅੰਦਰ ਝਾਤ ਮਾਰ ਕੇ ਉਨਾਂ ਨੂੰ ਇੱਕ ਵਾਰ ਫੇਰ ਸ਼ਹੀਦ ਸੰਤ ਜਰਨੈਲ ਸਿੰਘ ਭਿੰਡਰਾਵਾਲਾ ਵਾਂਗੂੰ ਹਲੂਣਾ ਦੇ ਸਕੇ।

ਪੰਜਾਬ ਅੰਦਰ ਪਿਛਲੇ ਲੰਮੇ ਸਮੇਂ ਤੋਂ ਪੈ ਰਹੀ ਚਿੱਟੇ ਦੀ ਮਾਰ, ਰਾਜਨੀਤਿਕ ਨੇਤਾਵਾਂ ਵੱਲੋਂ ਚੋਣਾਂ ਜਿੱਤਣ ਲਈ ਨੌਜਵਾਨਾਂ ਨੂੰ ਗੁੰਡਾਗਰਦੀ ਵੱਲ ਉਕਸਾਉਣਾ, ਪੰਜਾਬ ਵਿੱਚ ਹੋ ਰਹੀ ਕਿਸਾਨੀ ਤੇ ਮਜ਼ਦੂਰੀ ਦੀ ਦੁਰਦਸ਼ਾ, ਰੋਜ਼ ਦਿਹਾੜੇ ਕਈ ਕਈ ਖੁਦਕਸ਼ੀਆਂ, ਸਕੂਲਾਂ ਕਾਲਜਾਂ ਦੀ ਪਛੜ ਰਹੀ ਵਿਦਿਆ, ਵਿਦਿਆ ਦਾ ਨਿੱਜੀ ਕਰਨ ਤੇ ਆਰਥਿਕ ਪੱਖੋ ਵੱਧ ਰਿਹਾ ਸਮਾਜਿਕ ਪਾੜਾ, ਗੈਂਗਸਟਰ ਸੱਭਿਆਚਾਰ ਦਾ ਗੀਤਾਂ ਰਾਹੀਂ ਪ੍ਰਚਾਰ, ਡੇਰਾਵਾਦ ਦਾ ਵਧਣਾ ਫੁੱਲਣਾ ਤੇ ਉਸਨੂੰ ਰਾਜਨਤਿਕ ਮੰਤਵਾਂ ਲਈ ਵਰਤਣਾ ਇਹ ਸਭ ਅਜਿਹੇ ਕਾਰਨ ਹਨ ਜੋ ਪੰਜਾਬ ਦੀ ਨੌਜਵਾਨੀ ਨੂੰ ਅਜਿਹਾ ਰਾਹ ਚੁਣਨ ਲਈ ਮਜ਼ਬੂਰ ਕਰ ਰਹੇ ਹਨ। ਇਸਨੂੰ ਮੁਕਾਉਣ ਲਈ ਪੰਜਾਬ ਪੁਲੀਸ ਵੱਲੋਂ ਪਿਛਲੇ ਕੁਝ ਸਮੇਂ ਤੋਂ ਬਣਾਏ ਜਾ ਰਹੇ ਪਹਿਲਾਂ ਵਾਂਗ ਪੁਲੀਸ ਮੁਕਾਬਲੇ ਵੀ ਇਸ ਸਮੱਸਿਆ ਦਾ ਹੱਲ ਨਹੀਂ ਹਨ। ਕਿਉਂਕਿ ਹਿੰਸਾ ਸਦਾ ਹੀ ਹਿੰਸਾ ਨੂੰ ਉਕਸਾਉਂਦੀ ਹੈ। ਇਸ ਲਈ ਸਰਕਾਰਾਂ, ਰਾਜਨੀਤਿਕ ਲੀਡਰਾਂ ਤੇ ਧਾਰਮਿਕ ਉੱਚ ਸਖਸ਼ੀਅਤਾਂ ਨੂੰ ਪੰਜਾਬ ਅੰਦਰ ਆਏ ਇਸ ਨਵੇਂ ਮੋੜ ਨੂੰ ਠੱਲਣ ਲਈ ਗੰਭੀਰਤਾ ਨਾਲ ਯਤਨ ਕਰਨੇ ਬਣਦੇ ਹਨ। ਤਾਂ ਜੋ ਵਿੱਕੀ ਗੋਂਡਰ ਵਰਗੇ ਨੌਜਵਾਨ ਜੋ ਇੱਕ ਬਹੁਤ ਹੋਣਹਾਰ ਤ ਕੌਮੀ ਨਾਮੀਂ ਖਿਡਾਰੀ ਸੀ, ਇਸ ਰੁਝਾਨ ਕਰਕੇ ਪੁਲੀਸ ਦੀਆਂ ਗੋਲੀਆਂ ਦਾ ਸ਼ਿਕਾਰ ਨਾ ਹੋਣ।

ਇਸ ਗੈਂਗਵਾਰ ਦੀ ਦਾਸਤਾਨ ਪ੍ਰਭਜੋਤ ਸਿੰਘ ਉਰਫ ਡਿੰਪੀ (ਚੰਦਭਾਵ) ਦੇ ਕਤਲ ਤੋਂ ਬਾਅਦ ਖੁੱਲੇ ਰੂਪ ਵਿੱਚ ਪੰਜਾਬ ਵਿੱਚ ਉਜਾਗਰ ਹੋਈ ਸੀ। ਇਸੇ ਦਾਸਤਾਨ ਦੀ ਕੜੀ ਵਿੱਚ ਰੌਕੀ ਵੀ ਸਾਮਲ ਹੈ। ਜਿਸਤੇ ਡਿੰਪੀ ਨੂੰ ਮਾਰਨ ਦਾ ਇਲਜ਼ਾਮ ਸੀ ਤੇ ਉਹ ਦੋਵੇਂ ਪਹਿਲਾਂ ਨਜ਼ਦੀਕੀ ਸਾਥੀ ਸਨ। ਇਸੇ ਰੌਕੀ ਨੂੰ ਮਰਵਾਉਣ ਦੇ ਦਾਅਵੇ ਤੋਂ ਬਾਅਦ ਵਿੱਕੀ ਗੋਂਡਰ ਦਾ ਨਾਮ ਗੈਂਗਸਟਰਾਂ ਦੀ ਪਹਿਲੀ ਕਤਾਰ ਵਿੱਚ ਆ ਗਿਆ ਸੀ।

ਇਥੇ ਇਹ ਵੀ ਦੱਸਣਾ ਹੈ ਕਿ ਪੰਜਾਬ ਦੀ ਸਿੱਖ ਨੌਜਵਾਨੀ ਅੰਦਰ ਹਮੇਸ਼ਾ ਹੀ ਬਾਗਪੁਣਾ ਤੇ ਖੁਨ ਵਿੱਚ ਜੋਸ਼ ਦਾ ਹੋਣਾ ਸੁਭਾਵਿਕ ਹੈ। ਇਸ ਜੋਸ਼ ਤੇ ਬਾਗੀਪੁਣੇ ਨੂੰ ਦਿਸ਼ਾ ਵਿੱਚ ਲਿਆਉਣ ਲਈ ਪੰਜਾਬ ਦੀ ਸਿੱਖ ਨੌਜਵਾਨੀ ਨੇ ਇੱਕ ਨਾਇਕ ਦੀ ਸਰਪ੍ਰਸ਼ਤੀ ਤੋਂ ਬਿਨਾਂ ਸਿੱਖ ਸੰਘਰਸ਼ ਸਮੇਂ ਮੰਜਲ ਲੱਭ ਕੇ ਗਵਾਈ ਹੈ। ਇਸੇ ਤਰਾਂ ਅੱਜ ਦਾ ਸਿੱਖ ਨੌਜਵਾਨ ਇਸੇ ਸਰਪ੍ਰਸਤੀ ਤੋਂ ਹੀਣਾ ਹੋ ਕੇ ਆਪਣੇ ਰਾਹ ਤੋਂ ਭਟਕਦਾ ਨਜ਼ਰ ਆ ਰਿਹਾ। ਪਰ ਇਥੇ ਇਹ ਵੀ ਖਦਸ਼ਾ ਹੈ ਕਿ ਇਹ ਪੁਲੀਸ ਤੇ ਨੌਜਵਾਨਾਂ ਵਿੱਚ ਪਾੜੇ ਦਾ ਕਾਰਨ ਨਾ ਬਣ ਜਾਵੇ। ਜਿਸ ਦਾ ਖਮਿਆਜਾ ਹਮੇਸ਼ਾ ਸਿੱਖ ਨੌਜਵਾਨ ਹੀ ਉਤਾਰਦੇ ਰਹੇ ਹਨ।

ਪਰ ਦੂਸਰੇ ਪਾਸੇ ਇਹ ਵਿਚਾਰਨਯੋਗ ਹੈ ਕਿ ਵਿੱਕੀ ਗੌਂਡਰ ਉਰਫ ਹਰਜਿੰਦਰ ਸਿੰਘ ਬੁੱਲਰ ਵਰਗੇ ਨੌਜਵਾਨ ਅੱਜ ਦੀ ਨੌਜਵਾਨ ਪੀੜੀ ਲਈ ਨਾਇਕ ਬਣ ਕ ਉਭਰ ਰਹੇ ਹਨ ਜਿਸਦੀ ਝਲਕ ਉਸਦੇ ਸਸਕਾਰ ਸਮੇਂ ਪ੍ਰਤੱਖ ਦਿਖਾਈ ਦੇ ਰਹੀ ਸੀ।