੧੯੭੭ ਵਿਚ ਸੰਯੁਕਤ ਰਾਸ਼ਟਰ ਦੁਆਰਾ ਅੰਤਰਰਾਸ਼ਟਰੀ ਮਹਿਲਾ ਦਿਵਸ ਦੇ ਰੂਪ ਵਿਚ ਪ੍ਰਵਾਨਿਤ ਹਰ ਵਰ੍ਹੇ ਅੱਠ ਮਾਰਚ ਨੂੰ ਮਨਾਇਆ ਜਾਂਦਾ ਹੈ।ਇਹ ਦਿਨ ਔਰਤਾਂ ਦੀਆਂ ਆਰਥਿਕ, ਸਮਾਜਿਕ, ਰਾਜਨੀਤਿਕ ਅਤੇ ਸੱਭਿਆਚਾਰਕ ਪ੍ਰਾਪਤੀਆਂ ਦਾ ਪ੍ਰਤੀਕ ਹੈ।ਇਸ ਤੋਂ ਇਲਾਵਾ ਇਹ ਸੰਸਾਰ ਪੱਧਰ ਤੇ ਔਰਤਾਂ ਦੇ ਸੰਘਰਸ਼, ਲੰਿਗਕ ਬਰਾਬਰਤਾ ਲਈ ਲੜਾਈ ਅਤੇ ਰਾਜਨੀਤਿਕ, ਸਮਾਜਿਕ ਅਤੇ ਸੱਭਿਆਚਾਰਕ ਖੇਤਰ ਵਿਚ ਦਰਪੇਸ਼ ਚੁਣੌਤੀਆਂ ਨੂੰ ਵਿਸ਼ੇਸ਼ ਰੂਪ ਨਾਲ ਦਰਸਾਉਂਦਾ ਹੈ।ਇਸ ਵਰੇ੍ਹ ਔਰਤ ਦਿਵਸ ਦਾ ਮੁੱਖ ਵਿਸ਼ਾ ਹੈ “ਚੁਣੌਤੀ ਦੇਣ ਦੀ ਚੌਣ ਕਰਨਾ”, ਚੁਣੌਤੀ ਮਿਲਿਆ ਸੰਸਾਰ ਬਹੁਤ ਹੀ ਸਚੇਤ ਸੰਸਾਰ ਹੰੁਦਾ ਹੈ।ਸਾਰੇ ਹੀ ਵਿਅਕਤੀਗਤ ਪੱਧਰ ’ਤੇ ਆਪਣੇ ਵਿਚਾਰਾਂ ਅਤੇ ਗਤੀਵਿਧੀਆਂ ਲਈ ਜ਼ਿੰਮੇਵਾਰ ਹੁੰਦੇ ਹਨ ਕਿਉਂਕਿ ਚੁਣੌਤੀ ਨਾਲ ਹੀ ਬਦਲਾਅ ਆਉਂਦਾ ਹੈ।ਇਸ ਕਰਕੇ ਆਓ ਚੁਣੌਤੀ ਦੇਣ ਨੂੰ ਚੁਣੀਏ।”

ਔਰਤਾਂ ਦੇ ਦਰਪੇਸ਼ ਚੁਣੌਤੀਆਂ ਨੂੰ ਵੀਹਵੀਂ ਸਦੀ ਦੇ ਸ਼ੂਰੂ ਵਿਚ ਜਿਆਦਾ ਪਛਾਣ ਮਿਲੀ ਜਦੋਂ ਪ੍ਰਚਲਿਤ ਉਤਪੀੜਨ ਅਤੇ ਸ਼ੋਸ਼ਣ ਨੇ ਉਨ੍ਹਾਂ ਨੂੰ ਇਸ ਦੇ ਵਿਰੁੱਧ ਅਵਾਜ਼ ਉਠਾਉਣ ਲਈ ਮਜਬੂਰ ਕੀਤਾ ਅਤੇ ਇਸ ਨੇ ਹੀ ਔਰਤ ਦਿਵਸ ਨੂੰ ਮਨਾਉਣ ਦਾ ਰਾਹ ਖੋਲਿਆ।ਇਸ ਤਰਾਂ ਦੇ ਉੱਦਮ ਲਈ ਪਹਿਲੀ ਕੋਸ਼ਿਸ਼ ਨਿਊ ਯੌਰਕ ਵਿਚ ੧੯੦੮ ਦੇ ਇਕ ਅੰਦੋਲਨ ਮਾਰਚ ਤੋਂ ਸ਼ੁਰੂ ਹੋਈ।ਇਸ ਤੋਂ ਬਾਅਦ ਜਰਮਨ ਸਮਾਜਵਾਦੀ ਕਲੇਰਾ ਜ਼ੈਟਕਿਨ ਨੇ ਔਰਤਾਂ ਦੇ ਅਧਿਕਾਰਾਂ ਦੇ ਹੱਕ ਵਿਚ ਅਵਾਜ਼ ਉਠਾਈ ਅਤੇ ੧੯੧੦ ਵਿਚ ਉਸ ਨੇ ਔਰਤਾਂ ਲਈ ਵਿਸ਼ੇਸ਼ ਦਿਨ ਦਾ ਪ੍ਰਸਤਾਵ ਰੱਖਿਆ।੧੯੧੧ ਤੱਕ ਅਮਰੀਕਾ ਅਤੇ ਯੁਰੋਪ ਵਿਚ ਔਰਤ ਦਿਵਸ ਹੌਂਦ ਵਿਚ ਆ ਚੁੱਕਿਆ ਸੀ।੧੯੧੩ ਵਿਚ ਅਧਿਕਾਰਿਕ ਤੌਰ ਤੇ ਇਸ ਨੂੰ ਮਨਾਉਣ ਲਈ ਅੱਠ ਮਾਰਚ ਦਾ ਦਿਨ ਚੁਣਿਆ ਗਿਆ; ਉਦੋਂ ਤੋਂ ਲੈ ਕੇ ਇਹ ਹੁਣ ਤੱਕ ਲਗਾਤਾਰ ਮਨਾਇਆ ਜਾਂਦਾ ਹੈ।ਔਰਤਾਂ ਨੇ ਜ਼ੋਰਦਾਰ ਢੰਗ ਨਾਲ ਜਨਤਕ ਖੇਤਰਾਂ ਵਿਚ ਹਿੱਸੇਦਾਰੀ, ਲੰਿਗਕ ਬਰਾਬਰੀ ਅਤੇ ਫੈਸਲੇ ਲੈਣ ਵਿਚ ਉਨ੍ਹਾਂ ਦੀ ਭਾਗੀਦਾਰੀ ਲਈ ਲਗਾਤਾਰ ਅਵਾਜ਼ ਬੁਲੰਦ ਕੀਤੀ ਹੈ।ਬਦਲਾਅ ਅਤੇ ਪ੍ਰਗਤੀ ਲਈ ਇਹ ਸੰਘਰਸ਼ ਅੱਜ ਵੀ ਜਾਰੀ ਹੈ ਜਿਸ ਵਿਚ ਲੱਖਾਂ ਔਰਤਾਂ ਨੇ ਆਪਣਾ ਯੋਗਦਾਨ ਪਾਇਆ ਹੈ ਅਤੇ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ ਹਨ।

ਇਹ ਧਿਆਨ ਵਿਚ ਰੱਖਣਾ ਬਹੁਤ ਜਰੂਰੀ ਹੈ ਕਿ ਇਹ ਸੰਘਰਸ਼ ਅਜੇ ਵੀ ਖਤਮ ਨਹੀਂ ਹੋਇਆ ਹੈ।ਕਾਫ਼ੀ ਬਦਲਾਅ ਅਤੇ ਸੰਘਰਸ਼ਾਂ ਦੇ ਬਾਵਜੂਦ ਵੀ ਸੰਸਾਰ ਪੱਧਰ ਤੇ ਲੰਿਗਕ ਬਰਾਬਰੀ ਅਜੇ ਵੀ ਇਕ ਭਰਮ ਹੀ ਹੈ। ਫੈਸਲਾ ਲੈਣ ਵਿਚ ਮਹਿਜ਼ ਔਰਤਾਂ ਦੀ ਹੌਂਦ ਨੂੰ ਹੀ ਪ੍ਰਤੀਕਾਤਮਕ ਰੂਪ ਵਿਚ ਪੇਸ਼ ਕੀਤਾ ਜਾਂਦਾ ਹੈ।ਨੌਕਰੀ ਖੇਤਰ ਵਿਚ ੨.੭ ਬਿਲੀਅਨ ਔਰਤਾਂ ਅਜਿਹੀਆਂ ਹਨ ਜਿਹਨਾਂ ਨੂੰ ਕਾਨੂੰਨੀ ਪਾਬੰਦੀਆਂ ਕਰਕੇ ਮਰਦਾਂ ਦੇ ਮੁਕਾਬਲੇ ਆਪਣੀ ਮਰਜ਼ੀ ਦੀ ਨੌਕਰੀ ਨਹੀਂ ਮਿਲਦੀ ਹੈ, ਰਾਜਨੀਤਿਕ ਖੇਤਰ ਵਿਚ ਸੰਸਦ ਮੈਂਬਰਾਂ ਦੇ ਰੂਪ ਵਿਚ ੨੫ ਪ੍ਰਤੀਸ਼ਤ ਤੋਂ ਵੀ ਘੱਟ ਔਰਤਾਂ ਹਨ ਅਤੇ ਤਿੰਨ ਵਿਚੋਂ ਇਕ ਔਰਤ ਲੰਿਗ ਅਧਾਰਿਤ ਹਿੰਸਾ ਦਾ ਸ਼ਿਕਾਰ ਹੁੰਦੀ ਹੈ।੨੦ ਕਰੋੜ ਤੋਂ ਵੀ ਵੱਧ ਔਰਤਾਂ ਹਰ ਸਾਲ ਖਤਨੇ ਦਾ ਸ਼ਿਕਾਰ ਹੁੰਦੀਆਂ ਹਨ, ੧੩ ਕਰੋੜ ਤੋਂ ਵੀ ਵੱਧ ਲੜਕੀਆਂ ਸਕੂਲੀ ਸਿੱਖਿਆ ਤੋਂ ਵਾਂਝੀਆਂ ਰਹਿ ਜਾਂਦੀਆਂ ਹਨ। ਅੱਜ ਵੀ ਭਾਰਤ ਵਿਚ ੪੦ ਪ੍ਰਤੀਸ਼ਤ ਲੜਕੀਆਂ ਨੂੰ ਮੁੱਢਲੀ ਸਿੱਖਿਆ ਵੀ ਨਹੀਂ ਮਿਲਦੀ ਅਤੇ ੫੦ ਪ੍ਰਤੀਸ਼ਤ ਤੋਂ ਜਿਆਦਾ ਲੜਕੀਆਂ ਨੂੰ ਬਾਲਗ ਹੋਣ ਤੋਂ ਪਹਿਲਾਂ ਹੀ ਵਿਆਹ ਦਿੱਤਾ ਜਾਂਦਾ ਹੈ।ਜਾਇਦਾਦ ਦੇ ਨੱਬੇ ਪ੍ਰਤੀਸ਼ਤ ਅਧਿਕਾਰ ਅਜੇ ਵੀ ਮਰਦਾਂ ਕੋਲ ਹਨ। ਤਨਖ਼ਾਹ ਦੇ ਪੱਧਰ ਤੇ ਔਰਤਾਂ ਨਾਲ ਭਿਆਨਕ ਵਿਤਕਰਾ ਕੀਤਾ ਜਾਂਦਾ ਹੈ ਅਤੇ ਹੁਣ ਤੱਕ ੯੦੦ ਨੋਬਲ ਇਨਾਮਾਂ ਵਿਚੋਂ ਮਹਿਜ਼ ੫੭ ਔਰਤਾਂ ਨੂੰ ਇਸ ਨਾਲ ਨਵਾਜਿਆ ਗਿਆ ਹੈ।ਅੱਤ ਦੀਆਂ ਮੁਸ਼ਕਿਲ ਹਾਲਾਤਾਂ ਵਿਚ ਔਰਤਾਂ ਅਜੇ ਵੀ ਆਪਣੀ ਜਿੰਦਗੀ ਦੇ ਅਧਿਕਾਰ ਦੀ ਲੜਾਈ ਲੜ ਰਹੀਆਂ ਹਨ।

ਰੂਸੀ ਕ੍ਰਾਂਤੀ, ਫਾਸੀਵਾਦੀ-ਵਿਰੋਧੀ ਸੰਘਰਸ਼ ਅਤੇ ਯੁਰੋਪ ਵਿਚ ਹੋਏ ਸਾਰੇ ਸੰਘਰਸ਼ਾਂ ਵਿਚ ਮਹੱਤਵਪੂਰਨ ਯੋਗਦਾਨ ਦੇ ਬਾਵਜੂਦ ਅਜੇ ਵੀ ਲੰਿਗਕ ਬਰਾਬਰਤਾ ਔਰਤਾਂ ਦੇ ਹਿੱਸੇ ਨਹੀਂ ਆਈ ਹੈ। ਪੂਰੇ ਸੰਸਾਰ ਵਿਚ ਮਹਿਜ਼ ੨੨ ਦੇਸ਼ਾਂ ਵਿਚ ਔਰਤਾਂ ਰਾਜਨੀਤਿਕ ਪ੍ਰਮੱੁਖ ਹਨ, ਸਿਰਫ ਤਿੰਨ ਦੇਸ਼ਾਂ ਵਿਚ ਪੰਜਾਹ ਪ੍ਰਤੀਸ਼ਤ ਤੋਂ ਵਧ ਔਰਤਾਂ ਸੰਸਦ ਮੈਂਬਰ ਹਨ ਅਤੇ ੧੧੯ ਦੇਸ਼ਾਂ ਵਿਚ ਕਦੇ ਵੀ ਔਰਤਾਂ ਰਾਜਨੀਤਿਕ ਪ੍ਰਮੁੱਖ ਨਹੀਂ ਰਹੀਆਂ ਹਨ।ਸਿਹਤ ਦੇ ਖੇਤਰ ਵਿਚ ਵੀ ਪੂਰੇ ਸੰਸਾਰ ਵਿਚ ਮਹਿਜ਼ ੨੪.੭ ਪ੍ਰਤੀਸ਼ਤ ਔਰਤਾਂ ਕੋਲ ਸਿਹਤ ਮੰਤਰਾਲਾ ਹੈ।ਅਸੀ ਅੱਜ ਵੀ ਲੰਿਗ ਅਧਾਰਿਤ ਸਮਾਜਿਕ ਅਤੇ ਆਰਥਿਕ ਸੁਰੱਖਿਆ ਦੀ ਚਾਹ ਹੀ ਕਰ ਰਹੇ ਹਾਂ।ਇਸ ਤਰਾਂ ਦੀਆਂ ਨਾ-ਬਰਾਬਰੀਆਂ ਅਤੇ ਸ਼ੋਸ਼ਣ ਨੂੰ ਖਤਮ ਕਰਨ ਦੀ ਜਰੂਰਤ ਹੈ।ਲੰਿਗਕ ਨਾ-ਬਰਾਬਰਤਾ ਪ੍ਰਚਲਿਤ ਧਾਰਨਾ ਨੂੰ ਪ੍ਰਸ਼ਨ ਦੇ ਘੇਰੇ ਵਿਚ ਲੈ ਕੇ ਆਉਂਦੀ ਹੈ ਕਿ ਜਮਹੂਰੀਅਤ ਨਾਲ ਅਜ਼ਾਦੀ ਵੀ ਆਉਂਦੀ ਹੈ ਅਤੇ ਆਧੁਨਿਕਤਾ ਪ੍ਰਗਤੀਵਾਦੀ ਵਿਚਾਰਾਂ ਦੀ ਸਮਾਨਅਰਥੀ ਹੈ।ਇਹ ਇਕ ਭਰਮ ਹੈ ਕਿਉਂਕਿ ਵਿਕਸਿਤ ਅਤੇ ਵਿਕਾਸਸ਼ੀਲ ਖੇਤਰ ਦੋਹੇਂ ਹੀ ਪਿੱਤਰਵਾਦੀ ਸੋਚ ਨਾਲ ਭਰੇ ਹੋਏ ਹਨ।

ਪਰੰਪਰਾਗਤ ਰੂਪ ਵਿਚ ਭਾਰਤ ਵਿਚ ਔਰਤਾਂ ਮਿਥਿਹਾਸਕ ਸਮੇਂ ਤੋਂ ਹੀ ਪਿੱਤਰਵਾਦੀ ਸੱਤਾ ਕਰਕੇ ਸ਼ੋਸ਼ਿਤ ਹੁੰਦੀਆਂ ਰਹੀਆਂ ਹਨ।ਆਪਣੀ ਪਵਿੱਤਰਤਾ ਅਤੇ ਇੱਜਤ ਦਾ ਸਬੂਤ ਦੇਣ ਲਈ ਉਨ੍ਹਾਂ ਨੂੰ ਅੱਗ ਵਿਚੋਂ ਵੀ ਲੰਘਣਾ ਪਿਆ ਫਿਰ ਵੀ ਉਹ ਆਪਣੇ ਆਪ ਨੂੰ ਸਾਬਿਤ ਨਹੀਂ ਕਰ ਪਾਈਆਂ।ਮਹਿਜ਼ ਕਿਸੇ ਹੋਰ ਲਈ ਮਨ ਵਿਚ ਭਾਵਨਾਵਾਂ ਹੋੋਣ ਦੇ ਸ਼ੱਕ ਤੋਂ ਹੀ ਇਕ ਬੇਟੇ ਦੁਆਰਾ ਆਪਣੇ ਬਾਪ ਦੇ ਹੁਕਮਾਂ ’ਤੇ ਆਪਣੀ ਮਾਂ ਦਾ ਸਿਰ ਕਲਮ ਕਰ ਦਿੱਤਾ ਜਾਂਦਾ ਹੈ, ਉਸੇ ਬੇਟੇ ਨੂੰ ਬਾਅਦ ਵਿਚ ਭਗਵਾਨ ਵਜੋਂ ਪੂਜਿਆ ਵੀ ਜਾਂਦਾ ਹੈ। ਸਤੀ ਦੀ ਪ੍ਰਥਾ ਵੀ ਭਾਰਤ ਵਿਚ ਧਾਰਮਿਕ ਪਰੰਪਰਾ ਮੰਨੀ ਜਾਂਦੀ ਰਹੀ ਹੈ।ਇੱਥੋਂ ਤੱਕ ਸਿੱਖ ਮਹਾਰਾਜੇ ਦੀ ਆਖਰੀ ਰਾਣੀ ਨੂੰ ਛੱਡ ਕੇ ਸਾਰੀਆਂ ਰਾਣੀਆਂ ਨੂੰ ਸਿੱਖ ਹੋਣ ਦੇ ਬਾਵਜੂਦ ਵੀ ਸਤੀ ਹੋਣਾ ਪਿਆ ਸੀ।ਮਿਥਿਹਾਸ ਦੇ ਪ੍ਰਚਾਰਕਾਂ ਅਤੇ ਦੂਜਿਆਂ ਦੁਆਰਾ ਵੈਸੇ ਤਾਂ ਔਰਤ ਨੂੰ ਬਹੁਤ ਉੱਚਾ ਦਰਜਾ ਦਿੱਤਾ ਜਾਂਦਾ ਹੈ, ਪਰ ਵਿਵਹਾਰ ਵਿਚ ਚੀਜਾਂ ਬਿਲਕੁਲ ਵੱਖਰੀਆਂ ਹਨ।ਕੁਝ ਕੁ ਪ੍ਰਾਚੀਨ ਗ੍ਰੰਥਾਂ ਵਿਚ ਔਰਤ ਨੂੰ ਚੁੜੈਲ਼ ਕਹਿ ਕੇ ਉਸ ਦੀ ਨਿੰਦਾ ਕੀਤੀ ਗਈ ਹੈ ਜੋ ਕਿ ਸਮਾਜ ਅਤੇ ਸੱਭਿਆਚਾਰ ਦਾ ਨਾਸ਼ ਕਰ ਸਕਦੀ ਹੈ।ਇਹਨਾਂ ਗ੍ਰੰਥਾਂ ਨੇ ਬਹੁਤ ਸਾਰੇ ਮਿੱਥ ਸਿਰਜੇ ਹਨ ਕਿ ਨੈਤਿਕ ਕਦਰਾਂ-ਕੀਮਤਾਂ ਦੇ ਘਾਣ ਲਈ ਅਸਲ ਵਿਚ ਔਰਤ ਹੀ ਜ਼ਿੰਮੇਵਾਰ ਹੈ।ਇਹਨਾਂ ਗ੍ਰੰਥਾਂ ਵਿਚ ਲਿਖਿਆ ਗਿਆ ਹੈ: ਬਾਘਣੀ ਉਪਾਯਾ ਬਾਘਣੀ ਨਿਪਾਯਾ ਬਾਘਣੀ ਪਾਲੀ ਕਾਯਾ, ਬਾਘਣੀ ਡਾਕਰੈ ਜ਼ੋਰੀਯੋ ਪਾਖਰੈਂ, ਅਨੁਭਈ ਗੋਰਖ ਕਾਯਾ।

ਧਾਰਮਿਕ ਗ੍ਰੰਥਾਂ ਵਿਚ ਵੀ ਔਰਤ ਦੀ ਨਿੰਦਾ ਕੀਤੀ ਗਈ ਹੈ।ਇਸ ਸਾਰੀ ਨਿੰਦਾ ਦਾ ਮਕਸਦ ਔਰਤ ਨੂੰ ਅਧੀਨਗੀ ਵਾਲਾ ਦਰਜਾ ਦੇਣਾ ਸੀ।ਭਾਰਤੀ ਔਰਤਾਂ ਦੇ ਮੁਕਾਬਲੇ ਪੱਛਮ ਵਿਚ ਔਰਤਾਂ ਨੇ ਪ੍ਰਚਲਿਤ ਮਿੱਥਾਂ ਨੂੰ ਤੋੜਿਆ ਹੈ ਅਤੇ ਕਾਫੀ ਹੱਦ ਉਨ੍ਹਾਂ ਨੂੰ ਬਰਾਬਰ ਦਰਜਾ ਦੇਣ ਦੀਆਂ ਕੋਸ਼ਿਸ਼ਾਂ ਹੋਈਆਂ ਹਨ।ਭਾਰਤੀ ਸੱਭਿਆਚਾਰ ਵਿਚ ਮਨੂ ਸਮਿ੍ਰਤੀ ਵਰਗੀਆਂ ਲਿਖਤਾਂ ਵਿਚ ਔਰਤ ਦਾ ਦਰਜਾ ਗੁਲਾਮ ਦੇ ਬਰਾਬਰ ਮੰਨਿਆ ਗਿਆ ਹੈ ਅਤੇ ਏਨਾ ਸਮਾਂ ਬੀਤਣ ਤੇ ਵੀ ਇਹਨਾਂ ਵਿਚ ਕੋਈ ਸੁਧਾਰ ਨਹੀਂ ਕੀਤਾ ਗਿਆ ਹੈ।ਇਕ ਲਿਖਤ ਵਿਚ ਔਰਤ ਬਾਰੇ ਲਿਖਿਆ ਹੈ: ਬਾਲਯਾ ਵਾ ਯੁਵਤਯਾ ਵਾ ਵਿਦਯਾ ਵਾਪਿ ਯੋਸ਼ਿਤਾ; ਨ ਸਵਤੰਤਰੇਯਣ ਕਰਵਯੰ ਕਿਚਿੰਤਕਾਰਯ ਗ੍ਰਹੇਸ਼ਵਪਿ।ਇਸ ਦਾ ਭਾਵ ਇਹ ਹੈ ਕਿ ਔਰਤ ਦੀ ਕੋਈ ਅਜ਼ਾਦ ਹਸਤੀ ਨਹੀਂ ਹੈ, ਉਸ ਨੇ ਅਧੀਨਗੀ ਵਾਲੀ ਜਿੰਦਗੀ ਹੀ ਜਿਉਂਣੀ ਹੈ। ਤ੍ਰਾਸਦੀ ਇਹ ਵੀ ਹੈ ਕਿ ਉਸ ਨੂੰ ਆਦਮੀ ਦੀ ਮੁਕਤੀ ਅਤੇ ਅਧਿਆਤਮਕ ਵਿਕਾਸ ਦੇ ਰਾਹ ਵਿਚ ਰੋੜ੍ਹਾ ਮੰਨਿਆ ਜਾਂਦਾ ਹੈ।ਇੱਥੋ ਤੱਕ ਕਿ ਮਹੱਤਰਵਪੂਰਨ ਧਾਰਮਿਕ ਪਰੰਪਰਾਵਾਂ ਵਿਚ ਵੀ ਮਰਦ ਦੀ ਹੀ ਪ੍ਰਧਾਨਤਾ ਰਹੀ ਹੈ ਜਿਨ੍ਹਾਂ ਨੇ ਔਰਤ ਨੂੰ ਭੋਗ-ਵਿਲਾਸ ਦੀ ਵਸਤੂ ਅਤੇ ਕਮਤਰ ਅਕਲ ਵੀ ਸਮਝਿਆ ਹੈ।ਪ੍ਰਸਿੱਧ ਦਾਰਸ਼ਨਿਕ ਜਿਵੇਂ ਸੁਕਰਾਤ ਵੀ ਔਰਤ ਦਾ ਦਰਜਾ ਨੀਵਾਂ ਸਮਝਦਾ ਸੀ।ਅਰਸਤੂ ਵੀ ਔਰਤ ਨੂੰ ਅਪੂਰਣ ਆਦਮੀ ਮੰਨਦਾ ਸੀ ਜੋ ਕਿ ਵਿਕਾਸ ਦੀ ਪ੍ਰੀਕਿਰਿਆ ਵਿਚ ਆਦਮੀ ਤੋਂ ਹੇਠਲੇ ਦਰਜੇ ਤੇ ਸੀ। ਉਹ ਮੰਨਦਾ ਸੀ ਕਿ ਔਰਤਾਂ ਵਿਚ ਇੱਛਾ ਸ਼ਕਤੀ ਦੀ ਘਾਟ ਹੁੰਦੀ ਹੈ ਇਸ ਕਰਕੇ ਉਹ ਖ਼ੁਦਮੁਖਤਿਆਰ ਸ਼ਖ਼ਸੀਅਤ ਦੀ ਮਾਲਕ ਨਹੀਂ ਹੋ ਸਕਦੀ।ਪ੍ਰਸਿੱਧ ਭਾਰਤੀ ਕਵੀ ਅਤੇ ਸੰਤ ਤੁਲਸੀ ਦਾਸ ਨੇ ਔਰਤਾਂ ਨੂੰ ਪਸ਼ੂਆਂ ਅਤੇ ਸ਼ੂਦਰਾਂ ਦੀ ਸ਼੍ਰੇਣੀ ਵਿਚ ਰੱਖਿਆ ਸੀ।ਇਹ ਸਾਰੇ ਹੀ ਧਰਮਾਂ ਵਿਚ ਚੱਲਦਾ ਆਇਆ ਹੈ, ਗ੍ਰੰਥਾਂ ਵਿਚ ਲਿਖੀਆਂ ਚੰਗੀਆਂ ਗੱਲਾਂ ਵਿਚ ਰੋਜ-ਮੱਰਾ ਦੀ ਜਿੰਦਗੀ ਵਿਚ ਉਤਾਰਨ ਦੀ ਕੋਸ਼ਿਸ਼ ਨਹੀਂ ਕੀਤੀ ਗਈ।ਸਿੱਖ ਧਰਮ ਦੀ ਸਥਾਪਨਾ ਤੋਂ ਬਾਅਦ ਸਿੱਖ ਗੁਰੂਆਂ ਨੇ ਸਮਾਜ ਵਿਚ ਬਦਲਾਅ ਲੈ ਕੇ ਆਉਣ ਲਈ ਕੰਮ ਕੀਤੇ ਅਤੇ ਔਰਤਾਂ ਨਾਲ ਸੰਬੰਧਿਤ ਸਮਾਜਿਕ ਜੰਜੀਰਾਂ ਨੂੰ ਵੀ ਤੋੜਨ ਦੀ ਕੋਸ਼ਿਸ਼ ਕੀਤੀ।ਸਮਾਨਤਾ ਵਾਲਾ ਸਮਾਜ ਸਿਰਜਣ ਲਈ, ਗੁਰੂਆਂ ਨੇ ਆਪਣੀ ਗੁਰਬਾਣੀ ਵਿਚ ਔਰਤਾਂ ਨੂੰ ਸਮਾਜਿਕ-ਰਾਜਨੀਤਿਕ ਅਤੇ ਅਧਿਆਤਮਕ ਪਛਾਣ ਦਿੱਤੀ ।ਪਰ ਸਿੱਖ ਔਰਤਾਂ ਅੱਜ ਵੀ ਧਾਰਮਿਕ ਗਤੀਵਿਧੀਆਂ ਵਿਚ ਬਰਾਬਰ ਦਾ ਦਰਜਾ ਪਾਉਣ ਲਈ ਸੰਘਰਸ਼ ਕਰ ਰਹੀਆਂ ਹਨ।

ਹਰ ਇਤਿਹਾਸਿਕ ਦੌਰ ਵਿਚ ਲੋਕਾਂ ਨੇ ਆਪਣੀ ਬਿਰਥਾ ਵਿਅਕਤ ਕਰਨ ਅਤੇ ਅਨਿਆਂ ਖਿਲਾਫ ਆਪਣਾ ਵਿਰੋਧ ਜਤਾਉਣ ਲਈ ਬਹੁਤ ਹੀ ਸ਼ਕਤੀਸ਼ਾਲੀ ਬੋਲਾਂ ਵਾਲੇ ਗੀਤਾਂ ਦੀ ਵਰਤੋਂ ਕੀਤੀ ਹੈ।ਔਰਤਾਂ ਪ੍ਰਤੀ ਨਾ-ਬਰਾਬਰਤਾ ਅਤੇ ਸਮਾਨਤਾ ਦੀ ਘਾਟ ਦੀ ਸੂਰਤ ਵਿਚ ਵੀ ਗੀਤਾਂ ਨੇ ਉਨ੍ਹਾਂ ਨੂੰ ਅਵਾਜ਼ ਅਤੇ ਦਲੇਰੀ ਦਿੱਤੀ ਹੈ।ਵਿਕਸਿਤ ਅਤੇ ਪੱਛਮੀ ਸੰਸਾਰ ਵਿਚ ਔਰਤਾਂ ਦੀ ਪ੍ਰਗਤੀ ਹੌਲੀ-ਹੌਲੀ ਵਾਪਰੀ ਹੈ, ਪਰ ਦੱਖਣੀ ਏਸ਼ੀਆ ਜਿਸ ਵਿਚ ਭਾਰਤ ਵੀ ਸ਼ਾਮਿਲ ਹੈ, ਔਰਤਾਂ ਅਜੇ ਵੀ ਸੰਘਰਸ਼ ਕਰ ਰਹੀਆਂ ਹਨ ਅਤੇ ਹਾਸ਼ੀਏ ਉੱਤੇ ਹੀ ਹਨ।ਨਿਊ ਯੌਰਕ ਟਾਈਮਜ਼ ਦੀ ਨਾਮੀ ਪੱਤਰਕਾਰ ਬਾਰਬਰਾ ਕਰੌਸੈਟ ਨੇ ਕਾਫੀ ਸਮਾਂ ਪਹਿਲਾਂ ਟਿੱਪਣੀ ਕੀਤੀ ਸੀ ਕਿ ਭਾਰਤੀ ਵਿਆਹ ਅਜੇ ਵੀ ਪਹਿਲੀ ਰਾਤ ਨੂੰ ਬਲਾਤਕਾਰ ਰਾਹੀ ਹੀ ‘ਪੂਰਨ’ ਹੁੰਦੇ ਹਨ।ਥਾਮਸਨ ਰਿਊਟਰਜ਼ ਫਾਊਂਡੇਸ਼ਨ ਦੇ ਦਰਜੇ ਮੁਤਾਬਿਕ ਭਾਰਤ ਔਰਤਾਂ ਲਈ ਖਤਰਨਾਕ ਦੇਸ਼ ਹੈ।ਹਰ ਸਾਲ ੩੨,੦੩੨ ਬਲਾਤਕਾਰ ਦੇ ਕੇਸ ਦਰਜ ਕੀਤੇ ਜਾਂਦੇ ਹਨ ਅਤੇ ਬਹੁਤ ਸਾਰੇ ਕੇਸ ਤਾਂ ਸਾਹਮਣੇ ਹੀ ਨਹੀਂ ਆਉਂਦੇ।ਇਸ ਦਾ ਭਾਵ ਔਸਤਨ ਹਰ ਰੋਜ ੯੦ ਬਲਾਤਕਾਰ ਹੁੰਦੇ ਹਨ।ਬਲਾਤਕਾਰ ਦੇ ਕੇਸ ਦਿਨੋਂ-ਦਿਨ ਵਧ ਰਹੇ ਹਨ ਅਤੇ ਔਰਤਾਂ ਖਿਲਾਫ ਅਪਰਾਧ ਦੇ ਲੱਖਾਂ ਕੇਸ ਅਦਾਲਤਾਂ ਵਿਚ ਲਟਕ ਰਹੇ ਹਨ।ਉੱਚ ਅਦਾਲਤ ਦੇ ਜੱਜ ਵੀ ਭਿਆਨਕ ਬਲਾਤਕਾਰ ਦੇ ਕੇਸ ਵਿਚ ਵੀ ਮਸਲੇ ਨੂੰ ਅਦਾਲਤ ਦੇ ਬਾਹਰ ਹੀ ਨਿਪਟਾਉਣ ਦੀ ਸਲਾਹ ਦਿੰਦੇ ਹਨ।ਜੈਂਡਰ ਨੂੰ ਲੈ ਕੇ ਸੰਵੇਦਨਸ਼ੀਲਤਾ ਨਿਆਂਪਾਲਿਕਾ ਵਿਚ ਬਹੁਤ ਮਹੱਤਵਪੂਰਨ ਰੋਲ ਅਦਾ ਕਰਦੀ ਹੈ ਕਿਉਂਕਿ ਇੱਥੇ ਔਰਤਾਂ ਦੀ ਮੌਜੂਦਗੀ ਨਾਂਹ ਦੇ ਬਰਾਬਰ ਹੀ ਹੈ।ਅੰਤਰਰਾਸ਼ਟਰੀ ਔਰਤ ਦਿਵਸ ਦਾ ਇਤਿਹਾਸ ਅਨਿਆਂ ਅਤੇ ਸ਼ੋਸ਼ਣ ਖਿਲਾਫ ਔਰਤਾਂ ਦੀ ਇਕਜੁੱਟਤਾ ਅਤੇ ਲੜਾਈ ਦਾ ਪ੍ਰਤੀਕ ਹੈ ਜਿਸ ਨੂੰ ਰੋਜ-ਮੱਰਾ ਦੇ ਪੱਧਰ ਤੇ ਕਾਇਮ ਰੱਖਣਾ ਬਹੁਤ ਜਰੂਰੀ ਹੈ।ਅੰਤ, ਇਹਨਾਂ ਸ਼ਬਦਾਂ ਵਿਚ ਕਿਹਾ ਜਾ ਸਕਦਾ ਹੈ:

ਬਦਲ ਜਾਓ ਵਕਤ ਕੇ ਸਾਥ ਯਾ ਫਿਰ ਵਕਤ ਕੋ ਬਦਲਨਾ ਹੈ

ਮਜਬੂਰੀਓਂ ਕੋ ਮਤ ਕੋਸੋ ਹਰ ਹਾਲ ਮੇਂ ਚਲਨਾ ਸੀਖੋ।