ਅੱਜ ਵੰਡ ਨਾਲ ਸੰਬੰਧਿਤ ਜਿਆਦਾਤਰ ਯਾਦਾਂ ਨੂੰ ਕਲਾਤਮਕ ਪੇਸ਼ਕਾਰੀਆਂ, ਸਾਹਿਤ ਅਤੇ ਜਜ਼ਬਾਤੀ ਪ੍ਰਤੀਕਿਰਿਆਵਾਂ ਤੱਕ ਹੀ ਸੀਮਿਤ ਕਰ ਦਿੱਤਾ ਗਿਆ ਹੈ।ਮੌਖਿਕ ਇਤਿਹਾਸ ਇਸ ਗੱਲ ਵੱਲ ਇਸ਼ਾਰਾ ਕਰਦਾ ਹੈ ਕਿ ਵੰਡ ਸਮੇਂ ਹੋਈ ਜਿਆਦਾਤਰ ਹਿੰਸਾ ਉੱਪਰ ਤੋਂ ਹੇਠਾਂ ਤੱਕ ਚੱਲੇ ਰਾਜਨੀਤਿਕ ਅਲੰਕਾਰਾਂ ਅਤੇ ਲੁੱਟ-ਖਸੁੱਟ ਕਰਕੇ ਹੋਈ।ਇਸ ਵੰਡ ਕਰਕੇ ਧਰਮ ਦੇ ਅਧਾਰ ’ਤੇ ੧੦-੨੦ ਮਿਲੀਅਨ ਲੋਕ ੳੱੁਜੜ ਗਏ ਜਿਸ ਨੇ ਨਵੇਂ ਬਣੇ ਦੇਸ਼ਾਂ ਵਿਚ ਬਹੁਤ ਵੱਡੇ ਰਿਫਊਜੀ ਸੰਕਟ ਨੂੰ ਜਨਮ ਦਿੱਤਾ।ਇਸ ਸਮੇਂ ਦੌਰਾਨ ਵੱਡੇ ਪੱਧਰ ਤੇ ਹਿੰਸਾ ਵਾਪਰੀ ਜਿਸ ਵਿਚ ਵੰਡ ਤੋਂ ਪਹਿਲਾਂ ਅਤੇ ਵੰਡ ਸਮੇਂ ਲਗਭਗ ੨ ਮਿਲੀਅਨ ਲੋਕਾਂ ਨੇ ਆਪਣੀਆਂ ਜਾਨਾਂ ਗੁਆਈਆਂ।ਵੰਡ ਸਮੇਂ ਵਾਪਰੀ ਵਿਆਪਕ ਹਿੰਸਾ ਕਰਕੇ ਭਾਰਤ ਅਤੇ ਪਾਕਿਸਤਾਨ ਵਿਚ ਆਪਸੀ ਵਿਰੋਧ ਅਤੇ ਸ਼ੱਕ ਦਾ ਮਾਹੌਲ ਪੈਦਾ ਹੋ ਗਿਆ ਜਿਸ ਨੇ ਅੱਜ ਵੀ ਦੋਹਾਂ ਦੇ ਰਿਸ਼ਤਿਆਂ ਨੂੰ ਪ੍ਰਭਾਵਿਤ ਕੀਤਾ ਹੋਇਆ ਹੈ।ਉੱਤਰੀ ਭਾਰਤ ਅਤੇ ਪਾਕਿਸਤਾਨ ਵਿਚ ਹਿੰਸਾ ਉਸ ਸਮੇਂ ਖਤਮ ਹੋਈ ਜਦੋਂ ਗੋਰਖਾ ਅਤੇ ਮਦਰਾਸ ਰੈਜੀਮੈਂਟ, ਜੋ ਕਿ ਨਸਲੀ ਅਤੇ ਸੱਭਿਆਚਾਰਕ ਪੱਖੋਂ ਬਹੁਤ ਭਿੰਨ ਸਨ, ਨੂੰ ਲਿਆਂਦਾ ਗਿਆ।ਵੰਡ ਸਮੇਂ ਰਾਜਨੀਤਿਕ ਭਾਸ਼ਣਾਂ ਰਾਹੀ ਹਾਸ਼ੀਆਗ੍ਰਸਤ ਤੱਤਾਂ ਨੂੰ ਭੜਕਾਇਆ ਗਿਆ ਜਿਨ੍ਹਾਂ ਦੇ ਅਪਰਾਧੀ ਕਾਰਿਆਂ ਨੇ ਉਨ੍ਹਾਂ ਖੇਤਰਾਂ ਦੇ ਹਰ ਮਨੁੱਖ ਨੂੰ ਪ੍ਰਭਾਵਿਤ ਕੀਤਾ।ਭਾਰਤੀ ਫੌਜੀ ਬਲਾਂ ਵਿਚ ਪੈਦਾ ਹੋਈ ਅਵਿਵਸਥਾ ਅਤੇੇ ਸੱਤਾ ਵਲੋਂ ਧਾਰਨ ਕੀਤੀ ਚੁੱਪੀ ਨੇ ਇਸ ਕਤਲੋਗਾਰਤ ਨੂੰ ਹੋਰ ਵਧਾਵਾ ਦਿੱਤਾ ਜਿਸ ਨੂੰ ਕਿ ਰੋਕਿਆ ਜਾ ਸਕਦਾ ਸੀ।

ਵੰਡ ਨੂੰ ਅਗਸਤ ੧੯੪੭ ਵਿਚ ਪੰਜਾਬ ਦੀ ਵੰਡ ਰਾਹੀ ਨੇਪਰੇ ਚਾੜ੍ਹਿਆ ਗਿਆ।ਇਸ ਉਸ ਸਮਝੌਤੇ ਦਾ ਹਿੱਸਾ ਸੀ ਜੋ ਕਾਂਗਰਸ, ਮੁਸਲਿਮ ਲੀਗ ਅਤੇ ਪੰਜਾਬ ਦੇ ਸਿੱਖਾਂ ਵਿਚਕਾਰ ਅੰਗਰੇਜ਼ਾਂ ਦੁਆਰਾ ਕਰਵਾਇਆ ਗਿਆ।ਬਿਨਾਂ ਕਿਸੇ ਯੋਜਨਾਬੰਦੀ ਦੇ ਹੋਈ ਵੰਡ ਨੇ ਸੰਚਾਰ ਸਾਧਨਾਂ ਦੀ ਕਮੀ ਕਰਕੇ ਲੋਕਾਂ ਅਤੇ ਰੰਜਿਸ਼ਜਦਾ ਭਾਈਚਾਰਿਆਂ ਦੇ ਨੇਤਾਵਾਂ ਵਿਚ ਅਨਿਸ਼ਚਿਤ ਭਵਿੱਖ ਨੂੰ ਲੈ ਕੇ ਡਰ ਪੈਦਾ ਕਰ ਦਿੱੱਤਾ।ਇਸ ਸਮੇਂ ਅੰਗਰੇਜ਼ਾਂ ਦੀ ਸੱਤਾ ਦੀ ਚਮਕ ਫਿੱਕੀ ਪੈ ਰਹੀ ਸੀ ਅਤੇ ਰਾਜ ਦੀਆਂ ਸੰਸਥਾਵਾਂ ਅਤੇ ਉਨ੍ਹਾਂ ਦੇ ਕੰਮ-ਕਾਰ ਨੂੰ ਲੈ ਕੇ ਬੇਭਰੋਸਗੀ ਵਾਲੀ ਸਥਿਤੀ ਬਣੀ ਹੋਈ ਸੀ।ਇਸ ਨੇ ਅਜਿਹਾ ਰਾਜਨੀਤਿਕ ਅਤੇ ਸਮਾਜਿਕ ਮਾਹੌਲ ਪੈਦਾ ਕਰ ਦਿੱਤਾ ਜਿਸ ਵਿਚ ਲੋਕਾਂ ਵਿਚ ਸ਼ੱਕ, ਡਰ ਅਤੇ ਗੁੱਸੇ ਦੀ ਭਾਵਨਾ ਨੂੰ ਵਧਾਇਆ।ਇਸ ਤਰਾਂ ਦੀ ਸਥਿਤੀ ਵਿਚ ਕਿਰਿਆ ਅਤੇ ਪ੍ਰਤੀਕਿਰਿਆ ਨੇ ਕੁਝ ਅਜਿਹੇ ਕਾਰਿਆਂ ਨੂੰ ਜਨਮ ਦਿੱਤਾ ਜਿਸ ਦਾ ਨਤੀਜਾ ਅੰਤ ਭਾਰਤੀ ਬਰੇ-ਸਗੀਰ ਦੇ ਇਤਿਹਾਸ ਵਿਚ ਸਭ ਤੋਂ ਵੱਡੇ ਦੁਖਾਂਤ ਦੇ ਰੂਪ ਵਿਚ ਨਿਕਲਿਆ।

ਵੰਡ ਸਮੇਂ ਹੋਈ ਕਤਲੋਗਾਰਤ ਸੰਬੰਧੀ ਨਾ ਤਾਂ ਭਾਰਤ ਅਤੇ ਨਾ ਹੀ ਪਾਕਿਸਤਾਨ ਵਿਚ ਕੋਈ ਅਧਿਕਾਰਕ ਦਸਤਾਵੇਜ਼ ਮਿਲਦੇ ਹਨ।ਮਾਰਚ ੧੯੪੭ ਵਿਚ ਸ਼ੁਰੂ ਹੋਈ ਇਹ ਹਿੰਸਾ ੧੯੪੮ ਤੱਕ ਚੱਲੀ।ਵੱਖ-ਵੱਖ ਸ੍ਰੋਤਾਂ ਦੇ ਅਨੁਸਾਰ ਪੱਛਮੀ ਪੰਜਾਬ ਦੇ ਹਿੰਦੂਆਂ ਅਤੇ ਸਿੱਖਾਂ ਨੂੰ ਮਿਲਾ ਕੇ ਪੂਰਬੀ ਪੰਜਾਬ ਵਿਚ ਇਸ ਤੋਂ ਜਿਆਦਾ ਮੁਸਲਮਾਨ ਮਾਰੇ ਗਏ ਸਨ।ਇਕ ਸਮਝੌਤੇ ਉੱਪਰ ਪਹੁੰਚਣ ਦੇ ਦਬਾਅ ਹੇਠ ਰਾਸ਼ਟਰਵਾਦੀ ਨੇਤਾਵਾਂ ਜਿਵੇਂ ਨਹਿਰੂ ਜਿਸ ਨੇ ਹਿੰਦੂ ਕਾਂਗਰਸ ਦੀ ਖ਼ਾਤਰ ਅਤੇ ਜਿਨਾਹ ਨੇ ਮੁਸਲਿਮ ਲੀਗ ਦੀ ਪ੍ਰਧਾਨਤਾ ਕਰਦੇ ਹੋਏ ਧਰਮ ਦੇ ਅਧਾਰ ’ਤੇ ਦੇਸ਼ ਦੀ ਵੰਡ ਦੇ ਫੈਸਲੇ ਨੂੰ ਮੰਨ ਲਿਆ।ਬਹੁਤ ਸਾਰੇ ਵਿਦਵਾਨ ਮਹਿਜ਼ ਜਿਨਾਹ ਨੂੰ ਹੀ ਇਸ ਲਈ ਜ਼ਿੰਮੇਵਾਰ ਵੀ ਮੰਨਦੇ ਹਨ।ਪਰ ਇਹ ਧਿਆਨ ਦੇਣ ਯੋਗ ਗੱਲ ਹੈ ਕਿ ਅੰਗਰੇਜ਼, ਕਾਂਗਰਸ ਅਤੇੇ ਹਿੰਦੂ ਮਹਾਂਸਭਾ ਵੀ ਇਸ ਵਿਚ ਬਰਾਬਰ ਦੇ ਜ਼ਿੰਮੇਵਾਰ ਸਨ।੧੯੪੦ਵਿਆਂ ਤੱਕ ਭਾਰਤ ਦੇ ਮੁਸਲਮਾਨ ਕਦੇ ਵੀ ਵੱਖਰਾ ਰਾਜ ਨਹੀਂ ਸਨ ਚਾਹੁੰਦੇ, ਉਹ ਸੱਤਾ ਵਿਚ ਜਿਆਦਾ ਹਿੱਸੇਦਾਰੀ ਦੀ ਮੰਗ ਕਰਦੇ ਸਨ।ਇਹ ਇਕ ਕਾਰਣ ਸੀ ਕਿ ੧੯੪੬ ਵਿਚ ਉਨ੍ਹਾਂ ਨੇ ਭਾਰੀ ਗਿਣਤੀ ਵਿਚ ਮੁਸਲਿਮ ਲੀਗ ਦੇ ਪੱਖ ਵਿਚ ਵੋਟ ਪਾਈ।

੧੮੬੭ ਤੋਂ ਹੀ ਅਤੇ ਵੀਹਵੀਂ ਸਦੀ ਦੇ ਸ਼ੁਰੂ ਵਿਚ ਜਨਤਕ ਸਪੇਸ ਵਿਚ ਮੁਸਲਮਾਨਾਂ ਦੀ ਹਾਸ਼ੀਆਗ੍ਰਸਤ ਸਥਿਤੀ ਹੋਣ ਕਰਕੇ ਮੁਸਲਮਾਨਾਂ ਅਤੇ ਹਿੰਦੂਆਂ ਵਿਚ ਪਾੜ ਪੈਣਾ ਸ਼ੁਰੂ ਹੋ ਗਿਆ।ਬੁੱਧੀਮਾਨ ਵਕੀਲ ਜਿਨਾਹ ਨੇ ਆਪਣਾ ਪੱਖ ਸਮਝਦਾਰੀ ਨਾਲ ਰੱਖਿਆ ਅਤੇ ਉਹ ਭਾਰਤ ਦੇ ਮੁਸਲਮਾਨਾਂ ਨੂੰ ਯਕੀਨ ਦੁਆਉਣ ਵਿਚ ਸਫਲ ਰਿਹਾ ਕਿ ਬਹੁਗਿਣਤੀ ਹਿੰਦੂ ਭਾਰਤ ਵਿਚ ਉਨ੍ਹਾਂ ਦਾ ਭਵਿੱਖ ਜਿਆਦਾ ਸੁਰੱਖਿਅਤ ਨਹੀਂ ਸੀ।ਇਸ ਦੇ ਲਈ ਜਰੂਰੀ ਸੀ ਕਿ ਉਨ੍ਹਾਂ ਦੀ ਅਵਾਜ਼ ਨੂੰ ਸੁਣਿਆ ਜਾਵੇ।ਇਹ ਇਸ ਤਰਾਂ ਦੀ ਮੰਗ ਸੀ ਜੋ ਅਸੁਰੱਖਿਅਤ ਘੱਟ-ਗਿਣਤੀਆਂ ਇਤਿਹਾਸ ਦੇ ਵੱਖ-ਵੱਖ ਦੌਰਾਂ ਵਿਚ ਕਰਦੀਆਂ ਰਹੀਆਂ ਹਨ ਚਾਹੇ ਉਹ ਕੁਰਦ ਹੋਣ, ਜਾਂ ਰੂਸ ਵਿਚ ਚੇਚਨ, ਜਾਂ ਚੀਨ ਵਿਚ ਵੀਗਰ। ਸਾਨੂੰ ਇਹ ਵੀ ਨਹੀਂ ਭੁੱਲਣਾ ਚਾਹੀਦਾ ਕਿ ਭਾਰਤ ਵਿਚ ਮਿਜ਼ੋ, ਨਾਗਾ, ਕਸ਼ਮੀਰੀ ਅਤੇ ਸਿੱਖ ਵੀ ਇਸੇ ਕਤਾਰ ਵਿਚ ਆਉਂਦੇ ਹਨ।ਜਦੋਂ ਸਹਿ-ਹੌਂਦ ਬਹੁਤ ਘੁਟਣ ਭਰੀ ਹੋ ਜਾਵੇ ਤਾਂ ਅਲੱਗ ਹੋਣਾ ਜਾਂ ਟੁੱਟਣਾ ਲਾਜ਼ਮੀ ਹੋ ਜਾਂਦਾ ਹੈ।ਇਹ ਹੀ ਯੁਗੋਸਲਾਵੀਆ, ਚੈਕਸਲੋਵਾਕੀਆ, ਸੂਡਾਨ, ਇਥੋਪੀਆ, ਅਤੇ ੧੯੯੦ਵਿਆਂ ਵਿਚ ਵੱਡੇ ਪੱਧਰ ਤੇ ਸੋਵੀਅਤ ਯੂਨੀਅਨ ਦੇ ਸੰਬੰਧ ਵਿਚ ਦੇਖਿਆ ਜਾ ਸਕਦਾ ਹੈ।ਬ੍ਰਿਟਿਸ਼ ਬਸਤੀਵਾਦੀ ਰਾਜ ਦੀ ਵੰਡੋ ਅਤੇ ਰਾਜ ਕਰੋ ਦੀ ਨੀਤੀ ਨੇ ਬਸਤੀਵਾਦੀ ਹਕੂਮਤ ਨੂੰ ਬਣਾਈ ਰੱਖਣ ਲਈ ਲੋਕਾਂ ਵਿਚ ਧਾਰਮਿਕ ਵਿਰੋਧ ਨੂੰ ਭੜਕਾਇਆ ਜੋ ਕਿ ੧੯੪੭ ਵਿਚ ਆਪਣੀ ਚਰਮ ਸੀਮਾ ਤੇ ਪਹੁੰਚ ਗਿਆ।ਭਾਰਤ ਵਿਚ ਸੰਪ੍ਰਦਾਇਕ ਟਕਰਾਅ ਅਤੇ ਮੁਸਲਿਮ ਵੱਖਵਾਦ ਇਸ ਨੀਤੀ ਅਤੇ ਭਾਰਤ ਦੀਆਂ ਸਮਾਜਿਕ ਅਤੇ ਰਾਜਨੀਤਿਕ ਹਾਲਤਾਂ ਕਰਕੇ ਪੈਦਾ ਹੋਏ।

ਪੰਜ ਦਰਿਆਵਾਂ ਦੀ ਧਰਤੀ ਪੰਜਾਬ ਸਾਰਿਆਂ ਭਾਈਚਾਰਿਆਂ ਵਿਚੋਂ ਰਾਸ਼ਟਰੀ ਪੱਧਰ ਦਾ ਕੋਈ ਨੇਤਾ ਨਾ ਪੈਦਾ ਕਰ ਸਕੀ ਅਤੇ ਇਹ ਇਤਿਹਾਸ ਦੇ ਅਤਿ-ਨਾਜ਼ੁਕ ਮੌੜ ਤੇ ਇਸ ਲਈ ਤਬਾਹੀ ਦਾ ਸਬੱਬ ਬਣਿਆ।ਪੰਜਾਬ ਦੀ ਲੀਡਰਸ਼ਿਪ ਪੰਜਾਬ ਵਿਚ ਹੀ ਆਪਣੇ ਨਿੱਜੀ ਹਿੱਤਾਂ ਦੀ ਪੂਰਤੀ ਨਾਲ ਹੀ ਸੰਤੁਸ਼ਟ ਸੀ।ਸਿੱਖ ਲੀਡਰਸ਼ਿਪ ਵੀ ਇਸ ਰਵਾਇਤੀ ਕਮਜ਼ੋਰੀ ਦਾ ਸ਼ਿਕਾਰ ਬਣ ਗਈ।ਇਸ ਤੋਂ ਇਲਾਵਾ ਸਿੱਖ ਲੀਡਰਸ਼ਿਪ ਦੇ ਸਾਹਮਣੇ ਯੋਗ ਲੀਡਰਸ਼ਿਪ ਜਿਵੇਂ ਨਹਿਰੂ, ਗਾਂਧੀ ਅਤੇ ਜਿਨਾਹ ਆਦਿ ਸਨ ਜਿਸ ਨੇ ਉਨ੍ਹਾਂ ਨੂੰ ਸਵੈ-ਰੱਖਿਆਤਮਕ ਸਥਿਤੀ ਵਿਚ ਪਾ ਦਿੱਤਾ।ਸਭ ਤੋਂ ਮਹੱਤਵਪੂਰਨ ਸਿੱਖਾਂ ਦੀ ਪ੍ਰਮੁੱਖ ਪਾਰਟੀ ਅਕਾਲੀ ਦਲ ਦੀ ਲੀਡਰਸ਼ਿਪ ਵਿਚ ਲਗਾਤਾਰ ਬਦਲ ਰਹੀ ਰਾਜਨੀਤਿਕ ਸਥਿਤੀ ਨੂੰ ਸਮਝਣ ਅਤੇ ਹੁੰਗਾਰਾ ਦੇਣ ਦੀ ਲਚਕਤਾ ਅਤੇ ਯੋਗਤਾ ਦੀ ਘਾਟ ਸੀ।ਉਨ੍ਹਾਂ ਨੇ ਦੂਜੇ ਭਾਈਚਾਰਿਆਂ ਨਾਲ ਸੰਵਾਦ ਵਿਚੋਂ ਨਿਕਲਣ ਵਾਲੇ ਸੰਭਾਵੀ ਵਿਕਲਪਾਂ ਨੂੰ ਨਜ਼ਰਅੰਦਾਜ਼ ਕਰ ਦਿੱਤਾ।ਰਾਜਨੀਤੀ ਵਿਚ ਸੰਵਾਦੀ ਤਰਕ ਉਸ ਸਮੇਂ ਦੀ ਲੋੜ ਸੀ, ਪਰ ਉਸ ਸਮੇਂ ਦੀ ਬਿਮਾਰ ਲੀਡਰਸ਼ਿਪ ਬ੍ਰਿਟਿਸ਼ ਸਲਾਹ ਉੱਤੇ ਜਿਆਦਾ ਨਿਰਭਰ ਰਹੀ, ਪਰ ਵਿਵਹਾਰਕ ਰੂਪ ਵਿਚ ਵੱਖਰੇ ਫੈਸਲੇ ਲਏ।ਇਸ ਤਰਾਂ ਦੇ ਨਾਜ਼ੁਕ ਸਮੇਂ ਵਿਚ ਗਲਤ ਫੈਸਲਾ ਲੈਣ ਦਾ ਮਤਲਬ ਸਿੱਖਾਂ ਦੀ ਬਰਬਾਦੀ ਸੀ।

ਇਸ ਤਰ੍ਹਾਂ ਦੀ ਨਾਜ਼ੁਕ ਸਥਿਤੀ ਵਿਚ ਵੀ ਅਕਾਲੀ ਦਲ ਸਿੱਖਾਂ ਦੇ ਭਵਿੱਖ ਨੂੰ ਦਾਅ ’ਤੇ ਲਗਾ ਕੇ ਸਵੈ-ਛਵੀ ਲਈ ਹੀ ਕੰਮ ਕਰਦੀ ਰਹੀ।ਸਿੱਖਾਂ ਵਿਚ ਯੋਗ ਲੀਡਰਸ਼ਿਪ ਦੀ ਕਮੀ ਬਹੁਤ ਵੱਡਾ ਕਾਰਣ ਸੀ ਜਿਸ ਨੇ ਉਨ੍ਹਾਂ ਦੀਆਂ ਮੰਗਾਂ ਮੰਨੇ ਜਾਣ ਦੀ ਸੰਭਾਵਨਾ ਨੂੰ ਗ੍ਰਹਿਣ ਲਗਾ ਦਿੱਤਾ।ਸਿੱਖਾਂ ਕੋਲ ਉੱਚ ਪੱਧਰ ਦਾ ਪੜ੍ਹਿਆ-ਲਿਖਿਆ ਕੋਈ ਨੇਤਾ ਨਹੀਂ ਸੀ ਜੋ ਕਿ ਆਪਣੀ ਪ੍ਰਮੁੱਖਤਾ ਜ਼ਾਹਿਰ ਕਰ ਪਾਉਂਦਾ।ਸਿੱਖਾਂ ਵਿਚ ਲਗਾਤਾਰ ਗੁਣਵੱਤਾ ਵਾਲੀ ਲੀਡਰਸ਼ਿਪ ਦੀ ਘਾਟ ਰਹੀ।ਉਨ੍ਹਾਂ ਨੂੰ ਵਿਵਕੇਹੀਣ ਸਮਝਿਆ ਜਾਂਦਾ ਸੀ, ਪਰ ਉਨ੍ਹਾਂ ਨੇ ਇਸ ਕਮਜ਼ੋਰੀ ਨੂੰ ਦੂਰ ਕਰਨ ਲਈ ਕੁਝ ਨਹੀਂ ਕੀਤਾ।ਅਕਾਲੀ ਰਾਜਨੀਤੀ ਦਾ ਇਕ ਹੋਰ ਕਮਜ਼ੋਰ ਪੱਖ ਸੀ ਗੁਰੂਦੁਆਰਿਆਂ ਦੇ ਫੰਡ ਉੱਪਰ ਨਿਯੰਤ੍ਰਣ ਕਰਨ ਵੱਲ ਝੁਕਾਅ।ਗੁਰੂਦੁਆਰਿਆਂ ਦੀ ਆਮਦਨੀ, ਜ਼ਮੀਨ ਜਾਂ ਸੰਪੱਤੀ ਉੱਪਰ ਅਧਿਕਾਰ ਦੇ ਲੋਭ ਨੇ ਅਕਾਲੀਆਂ ਦੀ ਸ਼ਕਤੀ ਨੂੰ ਭਾਰੀ ਸੱਟ ਮਾਰੀ। ਉਹ ਗੁਰੂਦੁਆਰਿਆਂ ਦੇ ਫੰਡਾਂ ਉੱਪਰ ਨਿਯੰਤ੍ਰਣ ਕਰਨ ਲਈ ਸਭ ਕੁਝ ਵਾਰਨ ਨੂੰ ਤਿਆਰ ਸਨ।ਇਸ ਤਰਾਂ ਦੀਆਂ ਗਤੀਵਿਧੀਆਂ ਨੇ ਉਨ੍ਹਾਂ ਦੇ ਅੰਦੋਲਨ ਨੂੰ ਨੁਕਸਾਨ ਪਹੁੰਚਾਇਆ।

ਸਿੱਖ ਲੀਡਰਸ਼ਿਪ ਬਹੁਤ ਹੀ ਸਵਾਰਥੀ ਸੀ ਅਤੇ ਸਰਪ੍ਰਸਤੀ ਦੀ ਮੰਗ ਕਰ ਰਹੀ ਸੀ।ਉਨ੍ਹਾਂ ਵਿਚ ਸਿੱਖਾਂ ਲਈ ਨਿਸਵਾਰਥ ਕੰਮ ਕਰਨ ਦੀ ਭਾਵਨਾ ਨਹੀਂ ਸੀ।ਇਸ ਤਰਾਂ ਦੀਆਂ ਸਵਾਰਥੀ ਨੀਤੀਆਂ ਸਿੱਖਾਂ ਦੇ ਭਵਿੱਖ ਲਈ ਚੰਗਾ ਸੰਕੇਤ ਨਹੀਂ ਸਨ।ਅਕਾਲੀਆਂ ਦੇ ਰਾਜਨੀਤੀ ਵਿਚ ਆਪਣੇ ਉਦੇਸ਼ ਨੂੰ ਲੈ ਕੇ ਸੰਜੀਦਗੀ ਮੌਜੂਦ ਨਹੀਂ ਸੀ।ਉਨ੍ਹਾਂ ਨੇ ਆਪਣੇ ਆਪ ਨੂੰ ਰਾਸ਼ਟਰਵਾਦੀਆਂ ਵਜੋਂ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਜਿਸ ਨੇ ਉਨ੍ਹਾਂ ਵਿਚ ਉਲਝਣ ਨੂੰ ਵਧਾਇਆ ਕਿਉਂਕਿ ਉਨ੍ਹਾਂ ਦਾ ਅਸਲ ਵਿਚ ਏਜੰਡਾ ਸੰਪ੍ਰਦਾਇਕ ਸੀ।ਸਿੱਖ ਲੀਡਰਸ਼ਿਪ ਅਤੇ ਖਾਸ ਕਰਕੇ ਅਕਾਲੀਆਂ ਵਿਚ ਖੇਤਰੀ ਅਤੇ ਰਾਸ਼ਟਰੀ ਰਾਜਨੀਤੀ ਨੂੰ ਲੈ ਕੇ ਕੋਈ ਸਪੱਸ਼ਟਤਾ ਨਹੀਂ ਸੀ।ਉਨ੍ਹਾਂ ਦਾ ਜਿਆਦਾ ਝੁਕਾਅ ਰਾਸ਼ਟਰਵਾਦੀ ਸੀ, ਪਰ ਨਾਲ ਹੀ ਸਿੱਖਾਂ ਦੇ ਹਿੱਤਾਂ ਦੀ ਰਾਖੀ ਕਰਨ ਦੀ ਬੇਚੈਨੀ ਵੀ ਸੀ।ਸਿੱਖਾਂ ਅਤੇ ਉਨ੍ਹਾਂ ਦੀਆਂ ਰਾਜਨੀਤਿਕ ਮੰਗਾਂ ਲਈ ਰਾਸ਼ਟਰਵਾਦ ਮਾਫ਼ਿਕ ਨਹੀਂ ਸੀ ਕਿਉਂਕਿ ਉਨ੍ਹਾਂ ਦਾ ਸੰਘਰਸ਼ ਸੰਪ੍ਰਦਾਇਕ ਸੀ।ਸਿੱਖ ਧਰਮ ਨੇ ਹਿੰਦੂਵਾਦ ਵਿਚੋਂ ਬਹੁਤ ਸਾਰੇ ਅਨੁੲਾਈਆਂ ਨੂੰ ਆਕਰਿਸ਼ਤ ਕੀਤਾ।ਇਸ ਤਰਾਂ ਦੇ ਸੰਪਰਕ ਦਾ ਪ੍ਰਭਾਵ ਬਣਿਆ ਰਿਹਾ ਜਿਸ ਨੇ ਸਿੱਖਾਂ ਦੇ ਰਾਜਨੀਤਿਕ ਆਦਰਸ਼ਵਾਦ ਨੂੰ ਪ੍ਰਭਾਵਿਤ ਕੀਤਾ।ਕਾਂਗਰਸ ਨੇ ਬਹੁਤ ਸਾਰੇ ਮੁੱਦਿਆਂ ਉੱਪਰ ਲਗਾਤਾਰ ਸਿੱਖਾਂ ਨਾਲ ਧੋਖਾ ਕੀਤਾ, ਪਰ ਸਿੱਖ ਲੀਡਰਸ਼ਿਪ ਨੇ ਹਿੰਦੂਆਂ ਦੇ ਪ੍ਰਭਾਵ ਤੋਂ ਛੁਟਕਾਰਾ ਪਾਉਣ ਲਈ ਕੋਈ ਕਦਮ ਨਹੀਂ ਉਠਾਇਆ।ਕਾਂਗਰਸ ਨਾਲ ਖੁੱਲਮ-ਖੱੁਲਾ ਸਾਥ ਹੋਣ ਦੇ ਬਾਵਜੂਦ ਮਹੱਤਵਪੂਰਨ ਫੈਸਲਿਆਂ ਸਮੇਂ ਕਦੇ ਵੀ ਸਿੱਖ ਲੀਡਰਸ਼ਿਪ ਦੀ ਸਲਾਹ ਨਹੀਂ ਲਈ ਗਈ।ਇਸ ਦੇ ਬਾਵਜੂਦ ਵੀ ਅਕਾਲੀ ਅਤੇ ਸਿੱਖ ਲੀਡਰਸ਼ਿਪ ਸਿੱਖਾਂ ਨੂੰ ਕਾਂਗਰਸ ਪਾਰਟੀ ਦਾ ਹਿੱਸਾ ਬਣਨ ਲਈ ਪ੍ਰੇਰਦੀ ਰਹੀ।ਹਰ ਮਹੱਤਵਪੂਰਨ ਮੌਕੇ ਸਮੇਂ ਕਾਂਗਰਸ ਨੇ ਸਿੱਖ ਲੀਡਰਸ਼ਿਪ ਨੂੰ ਨਜ਼ਰਅੰਦਾਜ਼ ਕੀਤਾ ਪਰ ਅਕਾਲੀਆਂ ਨੇ ਰਾਜਨੀਤੀ ਵਿਚ ਖ਼ੁਦਮੁਖਤਿਆਰ ਹੋਣ ਦਾ ਹੌਂਸਲਾ ਕਦੇ ਨਾ ਕੀਤਾ।ਕਾਂਗਰਸ ਦੇ ਪ੍ਰਭਾਵ ਦੀ ਪ੍ਰਵਾਨਗੀ ਸਿੱਖਾਂ ਦੇ ਭਵਿੱਖ ਲਈ ਹਾਨੀਕਾਰਕ ਸਾਬਿਤ ਹੋਈ।

ਸਿੱਖਾਂ ਦਾ ਜਨਸੰਖਿਅਕ ਢਾਂਚਾ ਇਸ ਤਰਾਂ ਦੀ ਨਾਜ਼ੁਕ ਤਰੁੁੱਟੀ ਸੀ ਜਿਸ ਨੂੰ ਸਿੱਖ ਲੀਡਰ ਢੰਗ ਨਾਲ ਸੰਬੋਧਿਤ ਨਾ ਹੋ ਸਕੇ।ਤਿੰਨ ਸਿੱਖ ਲੀਡਰ ਜੋ ਕਿ ਬਹੁਤ ਹੀ ਮਹੱਤਵਪੂਰਨ ਸਨ ਅਤੇ ਜਿਨ੍ਹਾਂ ਨੇ ਉਸ ਸਮੇਂ ਦੀਆਂ ਗਤੀਵਿਧੀਆਂ ਨੂੰ ਪ੍ਰਭਾਵਿਤ ਕੀਤਾ, ਉਹ ਸਨ: ਬਲਦੇਵ ਸਿੰਘ ਜੋ ਕਿ ਅੰਤਰਿਮ ਸਰਕਾਰ ਦਾ ਮੰਤਰੀ ਹੋਣ ਨਾਤੇ ਲਗਾਤਾਰ ਵਾਇਸਰਾਇ ਨਾਲ ਸੰਪਰਕ ਵਿਚ ਰਹਿੰਦਾ ਸੀ।ਉਸ ਦੀ ਵਿਲੱਖਣ ਵਿਸ਼ੇਸ਼ਤਾ ਸੀ ਕਿ ਉਹ ਕੱਟੜ ਮੁਸਲਿਮ ਵਿਰੋਧੀ ਸੀ।ਦੂਜਾ ਪ੍ਰਮੁੱਖ ਨੇਤਾ ਸੀ ਮਾਸਟਰ ਤਾਰਾ ਸਿੰਘ ਜੋ ਕਿ ਬਹੁਤ ਜਜ਼ਬਾਤੀ ਸੀ ਅਤੇ ਤੀਜਾ ਨੇਤਾ ਗਿਆਨੀ ਕਰਤਾਰ ਸਿੰਘ ਅਕਾਲੀ ਦਾ ਪ੍ਰਮੁੱਖ ਵਕਤਾ ਅਤੇ ਪ੍ਰਧਾਨ ਸੀ।ਉਹ ਸਿੱਖਾਂ ਦਾ ਸਿਖਰਲਾ ਨੇਤਾ ਸੀ ਪਰ ਉਹ ਬਾਕੀ ਦੋ ਨੇਤਾਵਾ ਜਿੰਨਾ ਲੋਕਪ੍ਰਿਯ ਨਹੀ ਸੀ।ਉਸ ਵਿਚ ਆਪਣਾ ਮਨ ਬਣਾ ਸਕਣ ਦੀ ਯੋਗਤਾ ਦੀ ਘਾਟ ਸੀ।ਜਜ਼ਬਾਤੀ ਹੋਣ ਦੇ ਬਾਵਜੂਦ ਮਾਸਟਰ ਤਾਰਾ ਸਿੰਘ ਨੇ ਮੁਸਲਿਮ-ਵਿਰੋਧੀ ਗਤੀਵਿਧੀਆਂ ਵਿਚ ਹਿੱਸਾ ਲਿਆ।

ਸੰਯੁਕਤ ਪੰਜਾਬ ਵਿਚ ਸਿੱਖ ਕਿਸੇ ਵੀ ਜਿਲੇ ਵਿਚ ਬਹੁਗਿਣਤੀ ਵਿਚ ਨਹੀਂ ਸੀ।ਨਤੀਜਨ, ਸਿੱਖਾਂ ਦੀ ਖਿੰਡੀ-ਪੁੰਡੀ ਤਾਕਤ ਨੇ ਹੀ ਉਨ੍ਹਾਂ ਨੂੰ ਕਾਂਗਰਸ ਨਾਲ ਹੱਥ ਮਿਲਾਉਣ ਲਈ ਮਜਬੂਰ ਕੀਤਾ।ਇਕ ਯੋਗ ਸਿੱਖ ਲੀਡਰਸ਼ਿਪ ਹੀ ਯੋਗ ਨੀਤੀਆਂ ਨਾਲ ਉਸ ਸਮੇਂ ਚੁਣੌਤੀ ਦਾ ਸਾਹਮਣਾ ਕਰ ਸਕਦੀ, ਪਰ ਇਸ ਸਮੇਂ ਸਿੱਖ ਨਾ ਤਾਂ ਯੋਗ ਨੇਤਾ ਅਤੇ ਨਾ ਹੀ ਯੋਗ ਨੀਤੀ ਪੇਸ਼ ਕਰ ਸਕੇ।ਪੰਜਾਬ ਦੇ ਵੱਖ-ਵੱਖ ਹਿੱਸਿਆਂ ਵਿਚ ਭੜਕੀ ਸੰਪ੍ਰਦਾਇਕ ਹਿੰਸਾ ਬਹੁਤ ਹੀ ਵਿਚਲਿਤ ਕਰਨ ਵਾਲੀ ਸੀ।ਸਿੱਖਾਂ ਨੇ ਮੁਸਲਮਾਨਾਂ ਵਿਰੱੁਧ ਕਾਫੀ ਸ਼ਿਕਾਇਤਾਂ ਦਰਜ ਕਰਵਾਈਆਂ, ਪਰ ਮੁਸਲਿਮ ਲੀਗ ਨਾਲ ਉਨ੍ਹਾਂ ਦੀ ਵਿਰੋਧਤਾ ਨੂੰ ਉਹ ਸਹੀ ਢੰਗ ਨਾਲ ਨਿਯੰਤ੍ਰਿਤ ਨਾ ਕਰ ਸਕੇ ਜਿਸ ਨੂੰ ਰਾਜਨੀਤਿਕ ਖੇਤਰ ਵਿਚ ਕਮਜ਼ੋਰ ਪੱਖ ਮੰਨਿਆ ਜਾਂਦਾ ਹੈ।ਰਾਜਨੀਤੀ ਵਿਚ ਆਪਣੀ ਸ਼ੁਰੂਆਤ ਤੋਂ ਹੀ ਮੁਸਲਿਮ ਲੀਗ ਨੇ ਸਿੱਖਾਂ ਵਿਰੁੱਧ ਕੁਝ ਵੀ ਨਾਕਾਰਤਮਕ ਨਹੀਂ ਸੀ ਦਿਖਾਇਆ।ਮੁਸਲਿਮ ਲੀਗ ਦੀ ਲੀਡਰਸ਼ਿਪ ਸਿੱਖਾਂ ਦੀ ਮੰਗਾਂ ਪ੍ਰਤੀ ਸਹਾਇਕ ਸੀ ਪਰ ਸਿੱਖ ਲੀਡਰਸ਼ਿਪ ਨੇ ਕੋਈ ਸਾਕਾਰਤਮਕ ਹੁੰਗਾਰਾ ਨਾ ਭਰਿਆ।ਮੁਸਲਿਮ ਲੀਗ ਘੱਟ-ਗਿਣਤੀਆਂ ਦੇ ਹੱਕਾਂ ਵਿਚ ਯਕੀਨ ਕਰਦੀ ਸੀ ਅਤੇ ਉਸ ਨੇ ਸਿੱਖ ਲੀਡਰਸ਼ਿਪ ਨਾਲ ਨੇੜਤਾ ਵਧਾਉਣ ਦੀ ਕੋਸ਼ਿਸ਼ ਕੀਤੀ, ਪਰ ਹਮੇਸ਼ਾ ਦੀ ਤਰ੍ਹਾਂ ਸਿੱਖ ਲੀਡਰਸ਼ਿਪ ਨੇ ਕੋਈ ਲਚਕਤਾ ਨਹੀਂ ਦਿਖਾਈ।

ਪੰਜਾਬ ਦੀ ਵੰਡ ਨੂੰ ਸਿੱਖ-ਬ੍ਰਿਟਿਸ਼ ਅਤੇ ਸਿੱਖ-ਮੁਸਲਿਮ ਸੰਬੰਧਾਂ ਦੇ ਸੰਦਰਭ ਵਿਚ ਦੇਖਿਆ ਜਾਣਾ ਚਾਹੀਦਾ ਹੈ।ਅਗਰ ਭਾਰਤ ਨੂੰ ਪੰਜਾਬ ਤੋਂ ਕੁਝ ਹਾਸਿਲ ਹੋ ਸਕਦਾ ਸੀ ਤਾਂ ਇਹ ਸਿੱਖਾਂ ਦੀ ਮਦਦ ਨਾਲ ਹੀ ਸੰਭਵ ਸੀ।ਕਾਂਗਰਸ ਲੀਡਰਸ਼ਿਪ ਨੂੰ ਇਸ ਦਾ ਇਲਮ ਸੀ ਅਤੇ ਉਨ੍ਹਾਂ ਨੇ ਸਿੱਖਾਂ ਦੀਆਂ ਰਾਜਨੀਤਿਕ ਗਤੀਵਿਧੀਆਂ ਉੱਪਰ ਨਿਗ੍ਹਾ ਰੱਖੀ ਅਤੇ ਉਨ੍ਹਾਂ ਦਾ ਸਾਥ ਵੀ ਦਿੱਤਾ ਕਿਉਂਕਿ ਸਿੱਖਾਂ ਦੀਆਂ ਰਾਜਨੀਤਿਕ ਗਤੀਵਿਧੀਆਂ ਅੰਤ ਵਿਚ ਕਾਂਗਰਸ ਦੇ ਏਜੰਡੇ ਦੀ ਹੀ ਪੂਰਤੀ ਕਰਦੀਆਂ ਸਨ।ਜਦੋਂ ਵੀ ਸਿੱਖਾਂ ਨੇ ਅਜ਼ਾਦ ਰਸਤਾ ਅਖ਼ਤਿਆਰ ਕਰਨ ਦੀ ਕੋਸ਼ਿਸ਼ ਕੀਤੀ, ਹਿੰਦੂਆਂ ਨੇ ਉਦੋਂ-ਉਦੋਂ ਇਸ ਦਾ ਵਿਰੋਧ ਕੀਤਾ ਅਤੇ ਉਨ੍ਹਾਂ ਨੂੰ ਆਪਣਾ ਰਸਤਾ ਬਦਲਣ ਲਈ ਮਜਬੂਰ ਕੀਤਾ।ਸਿੱਖਾਂ ਦੀ ਅਸਫਲਤਾ ਵਿਚ ਸਿੱਖਾਂ ਦੀ ਲੀਡਰਸ਼ਿਪ ਦਾ ਸੰਕਟ ਇਕ ਵੱਡਾ ਕਾਰਣ ਰਿਹਾ ਜਿਸ ਕਰਕੇ ਉਨ੍ਹਾਂ ਦੀਆਂ ਜਾਇਜ਼ ਮੰਗਾਂ ਦੀ ਵੀ ਪੂਰਤੀ ਨਾ ਹੋਈ।ਪਾਕਿਸਤਾਨ ਦਾ ਹੌਂਦ ਵਿਚ ਆਉਣਾ ਇਕ ਰਾਜਨੀਤਿਕ ਮੁੱਦਾ ਸੀ ਜੋ ਕਿ ਸੰਵਿਧਾਨਿਕ ਸਮਝੌਤਿਆਂ ਰਾਹੀ ਸਿਰੇ ਚੜ੍ਹਿਆ, ਪਰ ਸਿੱਖ ਜਿਆਦਾਤਰ ਹੰਗਾਮਿਆਂ ਅਤੇ ਮੋਰਚਿਆਂ ਉੱਪਰ ਹੀ ਨਿਰਭਰ ਰਹੇ ਹਨ।ਮੁਸਲਿਮ ਲੀਗ ਪ੍ਰਤੀ ਲਚਕਤਾ ਰੱਖਣ ਦੀ ਬਜਾਇ ਸਿੱਖ ਲੀਡਰਸ਼ਿਪ ਨੇ ਹਰ ਗਲਤ ਉਨ੍ਹਾਂ ਦੇ ਜ਼ਿੰਮੇ ਪਾਉਣ ਦੀ ਰਵਾਇਤੀ ਨੀਤੀ ਅਪਣਾਈ।ਸਿੱਖਾਂ ਦਾ ਆਪਣਾ ਮੁਲ਼ਕ ਲੈਣਾ ਸਭ ਤੋਂ ਬਿਹਤਰੀਨ ਵਿਕਲਪ ਸੀ, ਪਾਕਿਸਤਾਨ ਨਾਲ ਹੱਥ ਮਿਲਾਉਣਾ ਦੂਜਾ ਵਿਕਲਪ ਸੀ, ਪਰ ਭਾਰਤ ਦਾ ਹਿੱਸਾ ਬਣਨਾ ਸਿੱਖਾਂ ਲਈ ਕਦੇ ਵੀ ਬਿਹਤਰੀਨ ਵਿਕਲਪ ਨਹੀ ਸੀ।ਪਰ ਸਿੱਖ ਲੀਡਰਸ਼ਿਪ ਦੀ ਸਲਾਹ ’ਤੇ ਹੀ ੧੯੪੭ ਵਿਚ ਉਨ੍ਹਾਂ ਨੇ ਭਾਰਤ ਨੂੰ ਚੁਣਿਆ ਅਤੇ ਬ੍ਰਿਟਿਸ਼ ਸਲਾਹ ਅਤੇ ਮੁਸਲਿਮ ਲੀਗ ਲੀਡਰਸ਼ਿਪ ਦੇ ਸੁਝਾਆਂ ਨੂੰ ਅੱਖੋਂ-ਪਰੋਖੇ ਕਰ ਦਿੱਤਾ।ਸਿੱਖ ਲੀਡਰਸ਼ਿਪ ਰਾਜਨੀਤਿਕ ਮਸਲਿਆਂ ਦੀ ਡੂੰਘਾਈ ਨੂੰ ਸਮਝ ਨਾ ਸਕੀ।

ਸਿੱਖ ਲੀਡਰਸ਼ਿਪ ਦੁਆਰਾ ਭਾਰਤ ਨੂੰ ਚੁਣਨ ਦਾ ਪ੍ਰਮੁੱਖ ਕਾਰਣ ਉਨ੍ਹਾਂ ਦਾ ਹਿੰਦੂਵਾਦ ਨਾਲ ਧਾਰਮਿਕ ਸੰਬੰਧ, ਕਮਜੋਰ ਲੀਡਰਸ਼ਿਪ, ਏਕਤਾ ਦੀ ਘਾਟ, ਮੁਗਲਾਂ ਦੁਆਰਾ ਸਿੱਖਾਂ ਉੱਪਰ ਕੀਤੇ ਜ਼ੁਲਮ ਸਨ।ਜਿਨਾਹ ਨੇ ਸਿੱਖ ਲੀਡਰਸ਼ਿਪ ਨੂੰ ਚੇਤਾਵਨੀ ਦਿੱਤੀ ਸੀ ਕਿ ਹਿੰਦੂਆਂ ਦਾ ਸਾਥ ਦੇ ਕੇ ਸਿੱਖ ਇਕ ਦਿਨ ਪਛਤਾਉਣਗੇ, ਪਰ ਉਸ ਸਮੇਂ ਉਨ੍ਹਾਂ ਲਈ ਆਪਣੇ ਫੈਸਲੇ ਨੂੰ ਬਦਲਣ ਦੀ ਘੜੀ ਲੰਘ ਚੁੱਕੀ ਹੋਵੇਗੀ।ਪਰ ਬਦਕਿਸਮਤੀ ਨਾਲ ਸਿੱਖਾਂ ਨਾਲ ਉਹੀ ਹੋਇਆ।੧੯੪੭ ਵਿਚ ਹੋਈ ਵੰਡ ਸਭ ਤੋਂ ਵੱਡਾ ਜਬਰੀ ਪ੍ਰਵਾਸ ਸੀ ਜੋ ਕਿ ਕਿਸੇ ਯੁੁੱਧ ਜਾਂ ਅਕਾਲ ਕਰਕੇ ਨਹੀਂ ਸੀ ਹੋਇਆ।ਬ੍ਰਿਟਿਸ਼ ਵਕੀਲ ਸਿਰਲ ਰੈਡਕਲਿਫ, ਜੋ ਕਿ ਬਾਊਂਡਰੀ ਕਮਿਸ਼ਨ ਦਾ ਪ੍ਰਧਾਨ ਸੀ, ਨੇ ਬਾਅਦ ਵਿੱਚ ਇੰਕਸ਼ਾਫ ਕੀਤਾ ਕਿ ਉਸ ਦਾ ਫੈਸਲਾ ਪੁਰਾਣੇ ਨਕਸ਼ਿਆਂ ਅਤੇ ਮਰਦਮਸ਼ੁਮਾਰੀ ਅੰਕੜਿਆਂ ਉੱਪਰ ਅਧਾਰਿਤ ਸੀ।ਵੰਡ ਤੋਂ ਬਾਅਦ ਪ੍ਰਸਿੱਧ ਕਵੀ ਫੈਜ਼ ਅਹਿਮਦ ਫੈਜ਼ ਨੇ ਲਿਖਿਆ ਸੀ:

ਯੇ ਦਾਗ ਦਾਗ ਉਜਾਲਾ, ਯੇ ਸ਼ਬ ਗਜ਼ੀਦਾ ਸਹਿਰ
ਵੋ ਇੰਤਜ਼ਾਰ ਥਾ ਜਿਸਕਾ, ਯੇ ਵੋ ਸਹਿਰ ਤੋ ਨਹੀਂ
ਜਿਸ ਕੀ ਆਰਜ਼ੂ ਲੇਕਰ ਚਲੇ ਥੇ ਯਾਰ
ਕਿ ਮਿਲ ਜਾਏਗੀ ਕਹੀਂ ਨਾ ਕਹੀਂ
ਫਲਕ ਕੇ ਦਸ਼ਤ ਮੇਂ ਤਾਰੋਂ ਕੀ ਆਖ਼ਰੀ ਮੰਜ਼ਿਲ
ਕਹੀਂ ਤੋ ਹੋਗਾ ਸ਼ਬ-ਏ-ਸਸਤ ਮੌਜ ਕਾ ਸਾਹਿਲ
ਕਹੀਂ ਤੋ ਜਾ ਕੇ ਰੁਕੇਗਾ ਸਫੀਨਾਏ ਗਮ-ਏ-ਦਿਲ

ਬ੍ਰਿਟਿਸ਼ ਵਿਦਵਾਨ ਯੈਸਮੀਨ ਖਾਨ “ਦ ਗ੍ਰੇਟ ਪਾਰਟਿਸ਼ਨ” ਵਿਚ ਲਿਖਦੀ ਹੈ ਕਿ ਵੰਡ ਸਾਮਰਾਜ ਦੀਆਂ ਮੂਰਖਤਾਈਆਂ ਦੀ ਗਵਾਹੀ ਭਰਦੀ ਹੈ ਜਿਸ ਨੇ ਭਾਈਚਾਰਿਆਂ ਦੇ ਵਿਕਾਸ ਨੂੰ ਤੋੜ ਦਿੱੱਤਾ ਅਤੇ ਇਤਿਹਾਸਿਕ ਰਸਤਿਆਂ ਨੂੰ ਬਰਬਾਦ ਕਰ ਦਿੱਤਾ।ਇਸ ਨੇ ਉਸ ਸਮਾਜ ਵਿਚੋਂ ਹਿੰਸਕ ਰੂਪ ਵਿਚ ਰਾਜ ਦੀ ਬਣਤਰ ਕੀਤੀ ਜਿਸ ਨੇ ਵਰਨਾ ਕੋਈ ਹੋਰ ਦਿਸ਼ਾ ਲੈਣੀ ਸੀ।ਮਸ਼ਹੂਰ ਲੇਖਕ ਸਾਅਦਤ ਹਸਨ ਮੰਟੋ ਨੇ ਕਿਹਾ ਸੀ ਕਿ ਵੰਡ ਦਾ ਦੁਖਾਂਤ ਇਹ ਨਹੀਂ ਸੀ ਕਿ ਇਕ ਤੋਂ ਹੁਣ ਦੋ ਦੇਸ਼ ਬਣ ਗਏ ਸਨ, ਪਰ ਇਸ ਦਾ ਅਹਿਸਾਸ ਸੀ ਕਿ ਦੋਹਾਂ ਹੀ ਦੇਸ਼ਾਂ ਦੇ ਲੋਕ ਕੱਟੜਤਾ, ਧਾਰਮਿਕ ਜ਼ਹਿਰ ਅਤੇ ਬਰਬਰਤਾ ਦੇ ਗੁਲਾਮ ਹਨ।