ਦੁਨੀਆਂ ਦੀ ਸਭ ਤੋਂ ਵੱਡੀ ਫੌਜੀ ਸ਼ਕਤੀ ਰੂਸ ਨੇ 24 ਫਰਵਰੀ ਨੂੰ ਆਪਣੇ ਗਵਾਂਢੀ ਮੁਲਕ ਯੂਕਰੇਨ ਤੇ ਫੌਜੀ ਹਮਲਾ ਕੀਤਾ ਸੀ। ਰੂਸ ਆਪਣੀ ਫੌਜੀ ਸ਼ਕਤੀ ਰਾਹੀਂ ਨੇੜੇ ਦੇ ਗਵਾਂਢੀ ਮੁਲਕਾਂ ਨੂੰ ਆਪਣੇ ਨਾਲ ਰਲਾਉਣ ਅਤੇ ਜਜਬ ਕਰਨ ਦੀ ਇੱਛਾ ਰੱਖਦਾ ਹੈ। ਉਹ ਹਾਲੇ ਵੀ ਫੌਜੀ ਢੰਗ ਤਰੀਕਿਆਂ ਰਾਹੀਂ ਦੀ ਸੰਸਾਰ ਡਿਪਲੋਮੇਸੀ ਨੂੰ ਚਲਾਉਣ ਦੇ ਯਤਨ ਕਰ ਰਿਹਾ ਹੈ। ਹੁਣ ਜਦੋਂ ਯੂਰਪੀ ਯੂਨੀਅਨ ਅਤੇ ਇਸ ਨਾਲ ਜੁੜੀਆਂ ਹੋਰ ਪੱਛਮੀ ਸ਼ਕਤੀਆਂ ਆਪਣਾਂ ਵਪਾਰਕ ਅਤੇ ਰਾਜਸੀ ਪਰਭਾਵ ਵਧਾ ਰਹੀਆਂ ਹਨ ਉਸ ਹਾਲਤ ਵਿੱਚ ਰੂਸ ਆਪਣੇ ਆਪ ਨੂੰ ਇਕੱਲਾ ਪੈ ਰਿਹਾ ਮਹਿਸੂਸ ਕਰਦਾ ਹੈ। ਸੰਸਾਰ ਰਾਜਨੀਤੀ ਦਾ ਧਰੁਵੀਕਰਨ ਬਹੁਤਾ ਕਰਕੇ ਰੂਸ ਵਿਰੋਧੀ ਪਾਸੇ ਨੂੰ ਹੋ ਰਿਹਾ ਹੈ। ਰੂਸ ਦੇ ਹਮਾਇਤੀ ਮੁਲਕਾਂ ਦੀ ਗਿਣਤੀ ਦਿਨੋ ਦਿਨ ਘਟਦੀ ਜਾ ਰਹੀ ਹੈ। ਆਪਣੇ ਹਮਾਇਤੀਆਂ ਦੀ ਇਸ ਘਟ ਰਹੀ ਗਿਣਤੀ ਨੂੰ ਉਹ ਹਥਿਆਰਾਂ ਦੀ ਧੌਂਸ ਨਾਲ ਸਮਤੋਲ ਵਿੱਚ ਲਿਆਉਣਾਂ ਚਾਹੁੰਦਾ ਹੈ। ਯੂਕਰੇਨ ਉੱਤੇ ਹਮਲਾ ਵੀ ਇਸੇ ਕੜੀ ਦਾ ਹਿੱਸਾ ਸਮਝਿਆ ਜਾ ਰਿਹਾ ਹੈ।
ਕੁਝ ਸਮਾਂ ਪਹਿਲਾਂ ਬੇਲਾਰੂਸ ਨੂੰ ਯੂਰਪ ਦੇ ਘੇਰੇ ਵਿੱਚੋਂ ਕੱਢ ਕੇ ਆਪਣੇ ਪਾਲੇ ਵਿੱਚ ਲਿਆਉਣ ਤੋਂ ਬਾਅਦ ਰੂਸ ਨੇ ਯੂਕਰੇਨ ਨੂੰ ਸਭ ਤੋਂ ਜਰੂਰੀ ਨਿਸ਼ਾਨੇ ਵੱਜੋਂ ਚਿਤਵਿਆ ਅਤੇ ਸੰਸਾਰ ਡਿਪਲੋਮੇਸੀ ਦੇ ਲੱਖ ਵਿਰੋਧਾਂ ਦੇ ਬਾਵਜੂਦ ਉਸ ਮੁਲਕ ਤੇ ਹਮਲਾ ਕਰ ਦਿੱਤਾ।
ਰੂਸ ਦੀ ਮੌਤ ਦੀ ਮਸ਼ੀਨਰੀ ਨੇ ਯੂਕਰੇਨ ਦੇ ਕਈ ਸ਼ਹਿਰ ਲਗਭਗ ਤਬਾਹ ਕਰ ਦਿੱਤੇ ਹਨ, ਕੀਵ,ਮਾਰੀਆਪੋਲ,ਲਵੀਵ ਅਤੇ ਭੁੱਚਾ ਇਨ੍ਹਾਂ ਵਿੱਚੋਂ ਪਰਮੁੱਖ ਹਨ। ਭੁਚਾ ਵਿੱਚ ਉਸਦੀ ਫੌਜ ਨੇ ਸਭ ਤੋਂ ਵੱਧ ਤਬਾਹੀ ਮਚਾਈ ਦੱਸੀ ਜਾਂਦੀ ਹੈ ਜਿੱਥੇ ਸੈਂਕੜੇ ਬੇਕਸੂਰ ਸ਼ਹਿਰੀਆਂ ਨੂੰ ਬੇਕਿਰਕੀ ਨਾਲ ਕਤਲ ਕਰ ਦਿੱਤਾ ਗਿਆ। ਹਾਲੇ ਵੀ ਉਸ ਸ਼ਹਿਰ ਦੀਆਂ ਸੜਕਾਂ ਦੇ ਕੰਢੇ ਤੇ ਬੋ ਮਾਰਦੀਆਂ ਗਲੀਆਂ ਸੜੀਆਂ ਲਾਸ਼ਾਂ ਮਿਲ ਰਹੀਆਂ ਹਨ। ਕਿਸੇ ਥਾਂ ਤੇ ਸਮੂਹਕ ਤੌਰ ਤੇ ਦਫਨਾਏ ਲੋਕਾਂ ਦੀਆਂ ਲਾਸ਼ਾਂ ਦੇ ਢੇਰ ਵੀ ਮਿਲੇ ਹਨ।
ਆਪਣੇ ਭਿਆਨਕ ਜੁਲਮਾਂ ਦੇ ਬਾਵਜੂਦ ਰੂਸ ਨਾ ਤਾਂ ਯੂਕਰੇਨ ਦੇ ਬਹੁਤ ਵੱਡੇ ਹਿੱਸੇ ਤੇ ਕਬਜਾ ਜਮਾ ਸਕਿਆ ਅਤੇ ਨਾ ਹੀ ਯੂਕਰੇਨ ਦੇ ਬਹਾਦਰ ਲੋਕਾਂ ਨੂੰ ਗੁਲਾਮ ਬਣਾਉਣ ਵਿੱਚ ਸਫਲ ਹੋ ਸਕਿਆ। ਜਿਹੜੇ ਰੂਸੀ ਨੀਤੀਘਾੜੇ ਇਹ ਸਮਝਦੇ ਸਨ ਕਿ ਮਿਜ਼ਾਈਲਾਂ ਦੇ ਤਾਬੜਤੋੜ ਹਮਲਿਆਂ ਦੇ ਭੰਨੇ ਹੋਏ ਯੂਕਰੇਨੀ ਹਫਤੇ ਵਿੱਚ ਹੀ ਗੋਡਿਆਂ ਪਰਨੇ ਹੋਕੇ ਆਪਣੀ ਜਾਨ ਦੀ ਭੀਖ ਮੰਗਣ ਲੱਗ ਜਾਣਗੇ ਉਨ੍ਹਾਂ ਦੀਆਂ ਸਾਰੀਆਂ ਗਿਣਤੀਆਂ ਮਿਣਤੀਆਂ ਯੂਕਰੇਨ ਦੀ ਬਹਾਦਰ ਲੋਕਾਂ ਨੇ ਪੁੱਠੀਆਂ ਪਾ ਦਿੱਤੀਆਂ ਹਨ। ਯੂਕਰੇਨ ਦੇ ਫੌਜੀ ਜਿਸ ਬਹਾਦਰੀ ਨਾਲ ਆਪਣੀ ਮਾਂ ਧਰਤੀ ਨੂੰ ਬਚਾਉਣ ਲਈ ਲੜੇ ਉਹ ਕਿਸੇ ਵੱਡੇ ਕਾਰਨਾਮੇ ਤੋਂ ਘੱਟ ਨਹੀ ਹੈ। ਆਮ ਲੋਕਾਂ ਨੇ ਆਪਣੀ ਫੌਜ ਦੇ ਮੋਢੇ ਨਾਲ ਮੋਢਾ ਜੋੜਕੇ ਜੰਗ ਲੜੀ। ਨੌਜਵਾਨਾਂ ਦੇ ਨਾਲ ਨਾਲ ਯੂਕਰੇਨ ਦੀਆਂ ਮੁਟਿਆਰਾਂ ਅਤੇ ਮਾਵਾਂ ਵੀ ਜੰਗੀ ਸਾਜੋ ਸਮਾਨ ਨੂੰ ਲਿਆਉਣ ਲਜਾਉਣ ਵਿੱਚ ਵੱਡਾ ਸਾਥ ਦੇ ਰਹੀਆਂ ਹਨ।
40 ਦਿਨਾਂ ਦੀ ਜੰਗ ਤੋਂ ਬਾਅਦ ਬਾਜੀ ਹੁਣ ਪੁੱਠੀ ਪੈਂਦੀ ਨਜ਼ਰ ਆ ਰਹੀ ਹੈ। ਯੂਕਰੇਨ ਦੀ ਰਾਜਧਾਨੀ ਕੀਵ ਦੇ ਲਾਗਿਓਂ ਰੂਸੀ ਫੌਜ ਪਿੱਛੇ ਭੱਜਣ ਲੱਗ ਪਈ ਹੈ।ਸੰਸਾਰ ਮੀਡੀਆ ਦੀਆਂ ਰਿਪੋਰਟਾਂ ਦੱਸ ਰਹੀਆਂ ਹਨ ਕਿ ਰੂਸ ਦੀ ਫੌਜ ਨੇ ਕੀਵ ਤੋਂ ਆਪਣੇ ਦਸਤੇ ਪਿੱਛੇ ਮੋੜ ਲਏ ਹਨ। ਜਿਸ ਇਲਾਕੇ ਵਿੱਚੋਂ ਰੂਸੀ ਫੌਜ ਵਾਪਸ ਮੁੜ ਗਈ ਹੈ ਉਸ ਇਲਾਕੇ ਵਿੱਚ ਗਏ ਪੱਤਰਕਾਰਾਂ ਨੂੰ ਸੜਕਾਂ ਤੇ ਪਈਆਂ ਗਲੀਆਂ ਸੜੀਆਂ ਲਾਸ਼ਾਂ, ਤਬਾਹ ਹੋਏ ਰੂਸੀ ਟੈਂਕ ਅਤੇ ਬਕਤਰਬੰਦ ਗੱਡੀਆਂ ਦੇ ਪਿੰਜਰ ਮਿਲੇ ਹਨ। ਜਿਨ੍ਹਾਂ ਥਾਵਾਂ ਤੇ ਰੂਸੀ ਫੌਜ ਦੇ ਦਸਤੇ ਰਹਿ ਰਹੇ ਸਨ ਉੱਥੇ ਲੱਗੇ ਹੋਏ ਤੰਬੂ ਅਤੇ ਉਨ੍ਹਾਂ ਦੇ ਖਾਣ ਪੀਣ ਦਾ ਸਮਾਨ ਖਿਲਰਿਆ ਪਿਆ ਹੈ।
ਨਿਸਚੇ ਹੀ ਇਹ ਆਖਿਆ ਜਾ ਸਕਦਾ ਹੈ ਕਿ ਯੂਕਰੇਨ ਦੇ ਬਹਾਦਰ ਲੋਕਾਂ ਨੇ ਆਪਣੀ ਮਾਂ ਧਰਤੀ ਦੀ ਅਣਖ ਅਤੇ ਗੈਰਤ ਲਈ ਆਪਣੀਆਂ ਜਾਨਾਂ ਦੀ ਬਾਜੀ ਲਗਾ ਦਿੱਤੀ ਹੈ ਪਰ ਦੁਸ਼ਮਣ ਦੇ ਹੱਥ ਆਪਣੀ ਆਬਰੂ ਤੇ ਨਹੀ ਪੈਣ ਦਿੱਤੇ। ਬੇਸ਼ੱਕ ਹਾਲ ਦੀ ਘੜੀ ਯੂਕਰੇਨ ਦੇ ਲੱਖਾਂ ਸ਼ਹਿਰੀਆਂ ਨੂੰ ਗਵਾਂਢੀ ਮੁਲਕਾਂ ਵਿੱਚ ਵੀ ਪਨਾਹ ਲੈਣੀ ਪਈ ਹੈ ਪਰ ਯੂਕਰੇਨ ਦੇ ਨੌਜਵਾਨਾਂ ਨੇ ਆਪਣੀ ਮਾਂ ਧਰਤੀ ਲਈ ਜੋ ਸ਼ਹਾਦਤਾਂ ਦਿੱਤੀਆਂ ਉਹ ਅਜਾਈਂ ਨਹੀ ਗਈਆਂ। ਇਨ੍ਹਾਂ ਸ਼ਹਾਦਤਾਂ ਨੇ ਯੂਕਰੇਨੀ ਕੌਮ ਨੂੰ ਮੁੜ ਤੋਂ ਗੁਲਾਮ ਹੋਣੋਂ ਬਚਾ ਲਿਆ ਹੈ। ਇਸ ਮੁਲਕ ਦੇ ਰਾਸ਼ਟਰਪਤੀ ਮਿਸਟਰ ਜੇਲੈਂਸਕੀ ਦੇ ਕੌਮੀਪਣ ਨੂੰ ਵੀ ਦਾਦ ਦੇਣੀ ਬਣਦੀ ਹੈ ਜਿਸਨੇ ਵਰ੍ਹਦੇ ਗੋਲਿਆਂ ਵਿੱਚ ਵੀ ਆਪਣੀ ਧਰਤੀ ਅਤੇ ਆਪਣੇ ਲੋਕਾਂ ਦੀ ਰਾਖੀ ਲਈ ਮੈਦਾਨ ਵਿੱਚ ਡਟਣ ਦਾ ਫੈਸਲਾ ਲਿਆ। ਉਹ ਦੇਸ਼ ਛੱਡ ਜਾਣ ਦੀ ਅਮਰੀਕੀ ਪੇਸ਼ਕਸ਼ ਨੂੰ ਠੁਕਰਾ ਕੇ ਉੱਥੇ ਹੀ ਡਟੇ ਰਹੇ ਜਿਸ ਨਾਲ ਹੁਣ ਲੜਾਈ ਦੀ ਬਾਜੀ ਉਨ੍ਹਾਂ ਦੇ ਹੱਥ ਲੱਗ ਰਹੀ ਪਰਤੀਤ ਹੋ ਰਹੀ ਹੈ।