ਪੰਜਾਬ ਦੀ ਵਿਧਾਨ ਸਭਾ ਵਿੱਚ ਪਿਛਲੇ ਦਿਨੀ ਜਸਟਿਸ ਰਣਜੀਤ ਸਿੰਘ ਵੱਲੋਂ ਪੇਸ਼ ਕੀਤੀ ਗਈ ਰਿਪੋਰਟ ਉਤੇ ਵਿਸ਼ੇਸ਼ ਬਹਿਸ ਹੋਈ। ਜਸਟਿਸ ਰਣਜੀਤ ਸਿੰਘ ਨੇ ੨੦੧੫ ਨੂੰ ਅਕਾਲੀ ਸਰਕਾਰ ਦੇ ਸਮੇਂ ਪੰਜਾਬ ਵਿੱਚ ਸਾਹਿਬ ਸ੍ਰੀ ਗੁਰੂ ਗਰੰਥ ਸਾਹਿਬ ਜੀ ਦੀ ਬੇਅਦਬੀ ਦੀਆਂ ਘਟਨਾਵਾਂ ਅਤੇ ਬਹਿਬਲ ਕਲਾਂ ਵਿਖੇ ਦੋ ਸਿੱਖ ਨੌਜਵਾਨਾਂ ਦੇ ਕਤਲ ਦੀ ਘਟਨਾ ਦੀ ਜਾਂਚ ਕੀਤੀ ਸੀ। ਪੰਜਾਬ ਵਿਧਾਨ ਸਭਾ ਵਿੱਚ ਪਿਛਲੇ ਦਿਨੀ ਇਹ ਰਿਪੋਰਟ ਪੇਸ਼ ਕੀਤੀ ਗਈ ਅਤੇ ਅਕਾਲੀ ਦਲ ਨੂੰ ਛੱਡ ਕੇ ਸਦਨ ਦੇ ਬਾਕੀ ਮੈਬਰਾਂ ਨੇ ਇਸ ਬਾਰੇ ਆਪਣੇ ਵਿਚਾਰ ਰੱਖੇ।
ਇਸ ਜਾਂਚ ਰਿਪੋਰਟ ਤੇ ਹੋਈ ਬਹਿਸ ਦੌਰਾਨ ਸਾਰੇ ਵਿਧਾਇਕਾਂ ਨੇ ਸਾਹਿਬ ਸ੍ਰੀ ਗੁਰੂ ਗਰੰਥ ਸਾਹਿਬ ਜੀ ਦੇ ਸਤਿਕਾਰ ਲਈ ਜਿੱਥੇ ਆਪਣੀ ਗਹਿਰੀ ਸੋਚ ਦਾ ਪ੍ਰਗਟਾਵਾ ਕੀਤਾ ਉਥੇ ਸਾਰਿਆਂ ਨੇ ਹੀ ਸਾਹਿਬ ਸ੍ਰੀ ਗੁਰੂ ਗਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਵਾਲਿਆਂ ਨੂੰ ਸਖਤ ਸਜ਼ਾਵਾਂ ਦੇਣ ਦੀ ਮੰਗ ਵੀ ਕੀਤੀ।
ਇਸ ਬਹਿਸ ਦੌਰਾਨ, ਸਿੱਖ ਸਟੂਡੈਂਡਟਸ ਫੈਡਰੇਸ਼ਨ ਦੇ ਸਾਬਕਾ ਕਨਵੀਨਰ ਅਤੇ ਹੁਣ ਕਾਂਗਰਸੀ ਵਿਧਾਇਕ ਹਰਮਿੰਦਰ ਸਿੰਘ ਗਿੱਲ ਨੇ ਬਹੁਤ ਹੀ ਸਨਸਨੀਖੇਜ ਤੱਥ ਸਾਹਮਣੇ ਰੱਖੇ। ਉਨ੍ਹਾਂ ਨੇ ਸਿੱਖਾਂ ਦੀ ਸੁਪਰੀਮ ਧਾਰਮਕ ਅਥਾਰਟੀ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਬਾਰੇ ਬਹੁਤ ਹੀ ਸਨਸਨੀਖੇਜ ਜਾਣਕਾਰੀ ਸਦਨ ਨੂੰ ਦਿੱਤੀ। ਹਰਮਿੰਦਰ ਸਿੰਘ ਗਿੱਲ ਨੇ ਦੱਸਿਆ ਕਿ ਗਿਆਨੀ ਗੁਰਬਚਨ ਸਿੰਘ ਜਿਸ ਕੋਲ ਕਿ ਚਾਰ ਕਿੱਲੇ ਵਾਹੀ ਯੋਗ ਜਮੀਨ ਸੀ ਜੋ ਸੇਮ ਦੀ ਮਾਰ ਹੇਠ ਆਈ ਹੋਈ ਸੀ ਨੇ ਸ਼੍ਰੋਮਣੀ ਕਮੇਟੀ ਵਿੱਚ ਇੱਕ ਬਰਛਾ ਫੜਨ ਵਾਲੇ ਸੇਵਾਦਾਰ ਵੱਜੋਂ ਨੌਕਰੀ ਸ਼ੁਰੂ ਕੀਤੀ ਸੀ। ਉਸਦਾ ਪੁੱਤਰ ਗੁਰੂਘਰ ਦੇ ਬਾਹਰ ਕਛਹਿਰੇ ਵੇਚਣ ਦੀ ਫੜ੍ਹੀ ਲਾਉਂਦਾ ਸੀ। ਪਰ ਅਕਾਲੀਆਂ ਦੇ ਸੰਪਰਕ ਵਿੱਚ ਆਉਣ ਅਤੇ ਅਕਾਲੀਆਂ ਲਈ ਬਹੁਤ ਸਾਰੇ ਨੀਵੇਂ ਪੱਧਰ ਦੇ ਕੰਮ ਕਰਨ ਬਦਲੇ ਗੁਰਬਚਨ ਸਿੰਘ ਨੂੰ ਹੌਲੀ ਹੌਲੀ ਅਕਾਲ ਤਖਤ ਦੇ ਜਥੇਦਾਰ ਤੱਕ ਲੈ ਆਂਦਾ ਗਿਆ। ਆਪਣੇ ਅਹੁਦੇ ਦੀ ਵਰਤੋਂ ਕਰਕੇ ਗੁਰਬਚਨ ਸਿੰਘ ਦੇ ਪਰਿਵਾਰ ਨੇ ਮੁਕਤਸਰ ਵਿਖੇ ਇੱਕ ਤਿੰਨ ਸਿਤਾਰਾ ਹੋਟਲ ਉਸਾਰ ਲਿਆ ਹੈ ਅਤੇ ਕਰੋੜਾਂ ਦੀ ਜਮੀਨ ਮੁਕਤਸਰ, ਅੰਮ੍ਰਿਤਸਰ ਸਾਹਿਬ ਅਤੇ ਚੰਡੀਗੜ੍ਹ ਵਿੱਚ ਬਣਾ ਲਈ ਹੋਈ ਹੈ।
ਉਨ੍ਹਾਂ ਇਹ ਵੀ ਦੱਸਿਆ ਕਿ ਪੰਜਾਬ ਦੀਆਂ ਪਸ਼ੂ ਮੰਡੀਆਂ ਦਾ ਠੇਕਾ ਗੁਰਬਚਨ ਸਿੰਘ ਦੇ ਉਸ ਮੁੰਡੇ ਨੂੰ ਅਕਾਲੀਆਂ ਨੇ ਬਖਸ਼ਿਸ਼ ਵੱਜੋਂ ਦਿੱਤਾ ਹੋਇਆ ਹੈ ਜੋ ਕਿਸੇ ਸਮੇਂ ਕਛਹਿਰੇ ਵੇਚ ਕੇ ਗੁਜ਼ਾਰਾ ਕਰਦਾ ਸੀ। ਅਕਾਲੀਆਂ ਦੀਆਂ ਗਲਤੀਆਂ ਖਿਲਾਫ ਕੋਈ ਵੀ ਹੁਕਮਨਾਮਾ ਜਾਰੀ ਨਾ ਕਰਨ, ਪ੍ਰਕਾਸ਼ ਸਿੰਘ ਬਾਦਲ ਅਤੇ ਸੁਖਬੀਰ ਸਿੰਘ ਬਾਦਲ ਨੂੰ ਅਕਾਲ ਤਖਤ ਤੇ ਤਲਬ ਨਾ ਕਰਨ ਅਤੇ ਉਨ੍ਹਾਂ ਖਿਲਾਫ ਕੋਈ ਵੀ ਕਾਰਵਾਈ ਨਾ ਕਰਨ ਦੇ ਇਵਜ਼ ਵਿੱਚ ਜਥੇਦਾਰ ਦੇ ਮੁੰਡੇ ਨੂੰ ਵੱਡੀਆਂ ਸਿਆਸੀ ਕੁਰਸੀਆਂ ਦਿੱਤੀਆਂ ਹੋਈਆਂ ਹਨ।
ਹਰਮਿੰਦਰ ਸਿੰਘ ਗਿੱਲ ਦੀ ਇਸ ਸਨਸਨੀਖੇਜ ਰਿਪੋਰਟ ਨੇ ਸਾਰੇ ਸ਼ਰਧਾਵਾਨ ਸਿੱਖਾਂ ਦੀਆਂ ਅੱਖਾਂ ਖੋਲ੍ਹ ਕੇ ਰੱਖ ਦਿੱਤੀਆਂ ਹਨ।
ਸਾਡੀਆਂ ਉਹ ਮਹਾਨ ਸੰਸਥਾਵਾਂ ਜਿਨ੍ਹਾਂ ਦੀ ਮਹਾਨਤਾ ਨੂੰ ਕਾਇਮ ਰੱਖਣ ਲਈ ਇਤਿਹਾਸ ਵਿੱਚ ਲੱਖਾਂ ਸਿੰਘ-ਸਿੰਘਣੀਆਂ ਨੇ ਆਪਣੀਆਂ ਜਾਨਾਂ ਨਿਛਾਵਰ ਕਰ ਦਿੱਤੀਆਂ ਅੱਜ ਕਿਵੇਂ ਟਕੇ ਟਕੇ ਸਿਰ ਵੇਚੀਆਂ ਜਾ ਰਹੀਆਂ ਹਨ। ਸ੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਤੇ ਬੈਠਕੇ ਕੌਮ ਦੇ ਫੈਸਲੇ ਕਰਨ ਵਾਲੇ ਲੋਕ ਕਿੰਨੇ ਨਿੱਘਰੇ ਹੋਏ ਅਤੇ ਬੇਜ਼ਮੀਰੇ ਹੋ ਗਏ ਹਨ, ਹਰਮਿੰਦਰ ਸਿੰਘ ਗਿੱਲ ਦੀ ਰਿਪੋਰਟ ਨੇ ਇਸਦਾ ਖੁਲਾਸਾ ਕਰ ਦਿੱਤਾ ਹੈ। ਸਿੱਖ ਕੌਮ ਧਾਰਮਕ ਤੌਰ ਤੇ ਕਿਉਂ ਕਮਜ਼ੋਰ ਹੁੰਦੀ ਜਾ ਰਹੀ ਹੈ ਅਜਿਹੀਆਂ ਗੱਲਾਂ ਨੇ ਸਾਡੇ ਸਾਹਮਣੇ ਸਪਸ਼ਟ ਕਰ ਦਿੱਤਾ ਹੈ। ਮੇਰੇ ਛੇਵੇ ਪਾਤਸ਼ਾਹ ਦਾ ਤਖਤ ਅੱਜ ਜਮੀਰ ਤੋਂ ਗਿਰੇ ਹੋਏ ਅਤੇ ਟੁੱਕੜਬੋਚ ਲੋਕਾਂ ਦੇ ਹੱਥਾਂ ਦਾ ਖਿਡੌਣਾਂ ਬਣਕੇ ਰਹਿ ਗਿਆ ਹੈ ਜਿੱਥੇ ਹਰ ਫੈਸਲਾ ਪੈਸੇ ਲੈਕੇ ਹੁੰਦਾ ਹੈ।
ਅਜਿਹੇ ਬੇਜ਼ਮੀਰੇ ਲੋਕ ਸਾਡੀ ਕੌਮ ਦੇ ਆਗੂ ਬਣਾਕੇ ਬੈਠਾ ਦਿੱਤੇ ਗਏ ਹਨ ਜਿਹੜੇ ਕੌਮ ਨੂੰ ਇਸ ਸੰਕਟ ਵਿੱਚੋਂ ਲੰਘਣ ਦਾ ਕੋਈ ਰਾਹ ਹੀ ਨਹੀ ਦੇ ਰਹੇ।
ਇੱਕ ਪਾਸੇ ਸਾਡੇ ਉਹ ਸਿੰਘ ਹਨ ਜਿਨ੍ਹਾਂ ਨੇ ਸਾਰੀ ਉਮਰ ਪੰਥ ਲਈ ਜੇਲ੍ਹ ਵਿੱਚ ਗੁਜ਼ਾਰ ਦਿੱਤੀ ਅਤੇ ਵਿਦੇਸ਼ੀ-ਦੇਸੀ ਸਰਕਾਰਾਂ ਦੇ ਲਾਲਚਾਂ ਨੂੰ ਠੋਕਰ ਮਾਰੇ ਕੌਮ ਨਾਲ ਗਦਾਰੀ ਕਰਨ ਦੀ ਸਹਿਮਤੀ ਨਾ ਦਿੱਤੀ। ਇਸਤੋਂ ਵੀ ਬਿਨਾ ਹੋਰ ਬਹੁਤ ਸਾਰੇ ਅਜਿਹੇ ਸੂਰਬੀਰ ਹਨ ਜੋ ਪਲ ਪਲ ਦੀ ਸ਼ਹਾਦਤ ਨੂੰ ਜੀਅ ਰਹੇ ਹਨ। ਪਰ ਦੂਜੇ ਪਾਸੇ ਉਹ ਲੋਕ ਹਨ ਜੋ ਟਕੇ ਟਕੇ ਤੇ ਆਪਣੀ ਜ਼ਮੀਰ ਵੇਚਕੇ ਛੇਵੇ ਪਾਤਸ਼ਾਹ ਦੀਆਂ ਰਹਿਮਤਾਂ ਨਾਲ ਹੀ ਧੋਖਾ ਕਰ ਰਹੇ ਹਨ।
ਸੱਚਮੁੱਚ ਸਿੱਖ ਕੌਮ ਅੱਜ ਇੱਕ ਵੱਡੇ ਆਤਮਕ ਖੋਰੇ ਦਾ ਸਾਹਮਣਾਂ ਕਰ ਰਹੀ ਹੈ। ਅਸੀਂ ਇਹ ਨਹੀ ਆਖ ਰਹੇ ਕਿ ਸਭ ਕੁਝ ਖਤਮ ਹੋ ਗਿਆ ਹੈ ਪਰ ਕੌਮ ਦੇ ਕਿਰਦਾਰ ਨੂੰ ਜੋ ਖੋਰਾ ਲੱਗਾ ਹੈ, ਉਹ ਕਿਸੇ ਮਹਾਨ ਸੰਤ ਅਤੇ ਅਗੰਮੀ ਰੂਹ ਦੇ ਆਗਮਨ ਤੋਂ ਬਿਨਾ ਖਤਮ ਨਹੀ ਹੋਵੇਗਾ।
ਵਾਹਿਗੁਰੂ ਸੁਮੱਤ ਬਖਸ਼ਣ ਅਤੇ ਕੌਮ ਦੇ ਕਿਰਦਾਰ ਨਾਲ ਧੋਖਾ ਕਰਨ ਵਾਲਿਆਂ ਨੂੰ ਆਪ ਹੀ ਸਜ਼ਾਵਾਂ ਦੇਣ।