ਅੱਜ ਤੋਂ ਕੁਝ ਦਿਨ ਬਾਅਦ ਸਕੌਟਲੈਂਡ ਵਿੱਚ ਹੋਣ ਜਾ ਰਹੇ ਸਵੈ-ਨਿਰਣੇ ਬਾਰੇ ਵੋਟ ਦੁਨੀਆਂ ਅੰਦਰ ਇੱਕ ਖਿੱਚ ਦਾ ਕੇਂਦਰ ਬਣਿਆ ਹੋਇਆ ਹੈ। ਇਸ ਨਿਰਣੇ ਰਾਹੀਂ ਇਹ ਤਹਿ ਹੋਣਾ ਹੈ ਕਿ ਸਕੌਟਲੈਂਡ ਜੋ ਕਿ ਹੁਣ ਗ੍ਰੇਟ ਬ੍ਰਿਟੇਨ ਦਾ ਇੰਗਲੈਂਡ ਵਾਂਗ ਇੱਕ ਹਿੱਸਾ ਹੈ, ਇਥੇ ਲੋਕਾਂ ਦੀ ਇੱਛਾ ਮੁਤਾਬਕ ਫੈਸਲਾ ਹੋਣਾ ਹੈ ਕਿ ਸਕੌਟਲੈਂਡ ਇੱਕ ਵੱਖਰਾ ਨਵਾਂ ਦੇਸ਼ ਬਣੇਗਾ ਜਾਂ ਨਹੀਂ। ਵੱਖ-ਵੱਖ ਸਰਵੇਖਵਾਂ ਦੇ ਅਧਾਰ ਤੇ ਦੇਸ਼ ਬਣਨ ਦੇ ਪੱਖ ਵਿੱਚ ਅਤੇ ਇਸਦੇ ਵਿਰੋਧ ਵਿੱਚ ਲੋਕਾਂ ਦੀ ਰਾਇ ਬਹੁਤ ਫਸਵੀਂ ਹੈ ਪਰ ਇਹ ਬੜੇ ਹੀ ਸਾਂਤਮਈ ਤਰੀਕੇ ਨਾਲ ਸਵੈ-ਨਿਰਣੈ ਦੀ ਮੰਗ ਦਾ ਫੈਸਲਾ ਸਾਂਤਮਈ ਤਰੀਕੇ ਨਾਲ ਹੋ ਰਿਹਾ ਹੈ। ਇਸ ਤਰਾਂ ਸਪੇਨ ਦੇਸ਼ ਵਿੱਚ ਕੈਟਾਲਾਨ ਲੋਕ ਵੀ ਇੱਕ ਵੱਖਰੇ ਕੈਟਾਲਾਨ ਦੇਸ਼ ਦੇ ਬਾਰੇ ਸਵੈ ਨਿਰਣੇ ਦੀ ਮੰਗ ਬਾਰੇ ਜ਼ੋਰਦਾਰ ਅਵਾਜ਼ ਉਠਾ ਰਹੇ ਹਨ। ਇਸਦੇ ਉਲਟ ਇਸੇ ਤਰਾਂ ਅਜ਼ਾਦੀ ਅਤੇ ਸਵੈ-ਨਿਰਣੇ ਦੀ ਮੰਗ ਪ੍ਰਤੀ ਦੁਨੀਆਂ ਦੇ ਅੱਡ-ਅੱਡ ਦੇਸ਼ਾਂ ਵਿੱਚ ਘੱਟ ਗਿਣਤੀ ਫਿਰਕੇ ਦੇ ਲੋਕਾਂ ਵੱਲੋਂ ਵੀ ਆਪਣੇ ਸਵੈ-ਨਿਰਣੇ ਦੀ ਮੰਗ ਦੀ ਅਵਾਜ ਉੱਠ ਰਹੀ ਹੈ। ਇਹ ਅਵਾਜ਼ਾਂ ਬਹੁਤ ਹੱਦ ਤੱਕ ਹਥਿਆਰਬੰਦ ਸ਼ੰਘਰਸ਼ ਦਾ ਰਾਹ ਅਖਤਿਆਰ ਕਰ ਚੁੱਕੀਆਂ ਹਨ। ਯੂਕਰੇਨ ਦੇਸ਼ ਵਿੱਚ ਵੀ ਹੁਣੇ ਹੁਣੇ ਉੱਥੋਂ ਦਾ ਇੱਕ ਹਿੱਸਾ ਕਰੈਮੀਆ ਸਵੈ-ਨਿਰਣੇ ਦੀ ਮੰਗ ਰਾਂਹੀ ਯੁਕਰੇਨ ਤੋਂ ਵੱਖ ਹੋ ਕੇ ਰੂਸ ਦੇਸ਼ ਨਾਲ ਰਲਣ ਦੀ ਇੱਛਾ ਪ੍ਰਗਟਾ ਚੁੱਕਿਆ ਹੈ ਅਤੇ ਇਸ ਬਾਰੇ ਪੱਛਮੀ ਦੁਨੀਆਂ ਨੇ ਬਹੁਤ ਵਿਰੋਧ ਕੀਤਾ ਹੈ। ਇਸੇ ਤਰਾਂ ਯੂਕਰੇਨ ਦੇਸ਼ ਦੇ ਪੂਰਵੀ ਹਿੱਸੇ ਵਿੱਚ ਵੀ ਜਬਰਦਸਤ ਹਥਿਆਰਬੰਦ ਲੜਾਈ ਰੂਸ ਦੇਸ਼ ਵਿੱਚ ਰਲਣ ਦੇ ਹਮਾਇਤੀਆਂ ਪੱਖੀ ਤੇ ਯੂਕਰੇਨ ਦੇਸ਼ ਵੱਲੋਂ ਇਹ ਕੋਸ਼ਿਸ਼ ਹੈ ਕਿ ਇਹ ਹਿੱਸਾ ਸਾਡੇ ਦੇਸ਼ ਦਾ ਹਿੱਸਾ ਰਹੇ। ਇਸ ਵਿੱਚ ਵੀ ਪੱਛਮੀ ਦੁਨੀਆਂ ਦੇ ਮੁਲਕ ਪੂਰੀ ਤਰ੍ਹਾਂ ਯੂਕਰੇਨ ਦੇਸ਼ ਦੀ ਹਮਾਇਤ ਕਰ ਰਹੇ ਹਨ ਅਤੇ ਰੂਸ ਦੇਸ਼ ਨੂੰ ਦੋਸ਼ ਦੇ ਰਹੇ ਹਨ ਕਿ ਉਹ ਵੱਖਵਾਦੀ ਹਿੰਸਾ ਦੀ ਹਮਾਇਤ ਰਾਹੀਂ ਆਪਣੇ ਗੁਆਂਢੀ ਮੁਲਕ ਨੂੰ ਤੋੜਨਾ ਚਾਹੁੰਦਾ ਹੈ। ਇਸ ਹਥਿਆਰਬੰਦ ਲੜਾਈ ਬਾਰੇ ਐਮੀਨੈਸਟੀ ਇੰਟਰਨੈਸ਼ਨਲ ਨੇ ਯੂਕਰੇਨ ਦੀ ਫੌਜ ਵੱਲੋਂ ਅਤੇ ਇਸਦੇ ਪੂਰਬੀ ਖਿੱਤੇ ਵਿੱਚ ਲੜ ਰਹੇ ਹਥਿਆਰਬੰਦ ਬਾਗੀਆਂ ਵੱਲੋਂ ਜੋ ਢੰਗ-ਤਰੀਕੇ ਅਪਣਾਏ ਜਾ ਰਹੇ ਹਨ ਉਨਾਂ ਨੂੰ ਮਾਨਵਤਾ ਦਾ ਪੂਰੀ ਤਰ੍ਹਾਂ ਘਾਣ ਦੱਸਿਆ ਹੈ। ਇਸ ਨੂੰ ਫੌਜੀ ਯੁੱਧ ਦੇ ਅਪਰਾਧਾਂ ਵਜੋਂ ਦਰਸਾਇਆ ਹੈ। ਇਸੇ ਤਰ੍ਹਾਂ ਇਸ ਲੜਾਈ ਵਿੱਚ ਹਜ਼ਾਰਾਂ ਲੱਖਾਂ ਲੋਕ ਮਾਨਵਤਾ ਦੀ ਤਰਾਸਦੀ ਝੱਲ ਰਹੇ ਹਨ ਅਤੇ ਆਪਣੇ ਹੱਸਦੇ ਵਸਦੇ ਘਰਾਂ ਵਿੱਚੋਂ ਬੇਘਰ ਹੋ ਰਹੇ ਹਨ। ਹਜ਼ਾਰਾਂ ਹੀ ਯੂਕਰੇਨ ਦੇਸ਼ ਦੇ ਲੋਕ ਇਸ ਜੰਗ ਵਿੱਚ ਮਾਰੇ ਜਾ ਚੁੱਕੇ ਹਨ।
ਇਸ ਤਰਾਂ ਆਪਾਂ ਦੁਨੀਆਂ ਦੇ ਅਫਰੀਕਾ ਹਿੱਸਾ ਦੀ ਗੱਲ ਕਰੀਏ ਤਾਂ ਲਿਬੀਆ ਦੇਸ਼ ਵਿੱਚ ਜੋ ਲੋਕਾਂ ਵੱਲੋਂ ਗਦਾਫੀ ਦੇ ਰਾਜ ਨੂੰ ਪਲਟਾਇਆ ਸੀ ਉਸਦੇ ਸਿੱਟੇ ਵਜੋਂ ਲਿਬੀਆ ਦੇਸ਼ ਚਲਾਉਣ ਦੀ ਪ੍ਰਣਾਲੀ ਤੋਂ ਲੀਹੋਂ ਲੱਥ ਚੁੱਕਿਆ ਹੈ ਤੇ ਲਿਬੀਅਨ ਲੋਕ ਇਸ ਤਰਾਸਦੀ ਦਾ ਸ਼ਿਕਾਰ ਹੋ ਰਹੇ ਹਨ। ਇਸ ਲਿਬੀਆ ਦੇਸ਼ ਦੀ ਤਰਾਸਦੀ ਦੀ ਵੱਡੀ ਦਾਸਤਾਨ ਟੌਰਗ ਕਬੀਲੇ ਦੇ ਲੋਕ ਬੜੀ ਬੁਰੀ ਤਰ੍ਹਾਂ ਹੰਢਾ ਰਹੇ ਹਨ। ਅੱਜ ਉਹ ਫੇਰ ਲਿਬੀਆ ਦੇਸ਼ ਵਿੱਚੋਂ ਨਿਕਲ ਕੇ ਆਪਣੇ ਪੁਰਾਣੇ ਵਤਨ ਟੌਰਗ ਜੋ ਕਿ ਮਾਲੀ ਦੇਸ਼ ਦਾ ਹਿੱਸਾ ਹੈ ਵੱਲ ਨੂੰ ਪਰਤ ਰਹੇ ਹਨ। ਟੌਰਗ ਲੋਕਾਂ ਨੂੰ ਸਦੀਆਂ ਤੋਂ ਆਪਣੇ ਸਵੈ ਨਿਰਣੇ ਅਤੇ ਵੱਖਰੀ ਹੋਂਦ ਲਈ ਬਹੁਤ ਸੰਘਰਸ਼ ਅਤੇ ਜੁਲਮ ਝੱਲਣੇ ਪਏ ਹਨ। ਟੌਰਗ ਲੋਕ ਪੰਜ, ਅਫਰੀਕਾ ਦੇ ਮੁਲਕਾਂ ਵਿੱਚ ਖਿੱਲਰੇ ਹੋਏ ਹਨ ਅਤੇ ਇਹ ਪਹਾੜੀ ਕਬੀਲਿਆਂ ਦੇ ਲੋਕਾਂ ਵਜੋਂ ਜਾਣੇ ਜਾਂਦੇ ਹਨ। ਟੌਰਗ ਲੋਕ ਮੁੱਖ ਤੌਰ ਤੇ ਮਾਲੀ ਦੇਸ਼ ਦੇ ਉੱਤਰੀ ਪਹਾੜੀ ਇਲਾਕੇ ਵਿੱਚ ਵਸਦੇ ਹਨ ਅਤੇ ਇਹ ਦੁਨੀਆਂ ਦੀਆਂ ਪੁਰਾਣੀਆਂ ਕੌਮਾਂ ਵਿੱਚੋਂ ਜਾਣੇ ਜਾਂਦੇ ਹਨ। ਇਨਾਂ ਨੇ ਚੌਦਵੀਂ ਈਸਵੀ ਵਿੱਚ ਇਸਲਾਮ ਧਰਮ ਅਪਣਾ ਲਿਆ ਸੀ। ਇਹ ਲੋਕ ਜਿਨਾਂ ਦੀ ਕੁੱਲ ਸੰਖਿਆ ਤਕਰੀਬਨ ੧.੨ ਮਿਲੀਅਨ ਹੈ ਤੇ ਇਨਾਂ ਦੀ ਆਪਣੀ ਭਾਸ਼ਾ ‘ਬਰਬਰ’ ਹੈ। ਇਹ ਮੁੱਢ ਤੋਂ ਹੀ ਸਹਾਰਾ ਮਾਰੂਥਲ ਵਿੱਚ ਵਪਾਰ ਦਾ ਸਦੀਆਂ ਤੋਂ ਕੰਮ ਕਰਦੇ ਆਏ ਹਨ। ਮੁੱਖ ਤੌਰ ਤੇ ਇਨਾਂ ਦਾ ਟੱਪਰੀਵਾਸਾਂ ਵਰਗਾ ਜੀਵਨ ਹੈ ਅਤੇ ਅੱਜ ਵੀ ਇਹ ਉਸੇ ਤਰਾਂ ਰਹਿ ਰਹੇ ਹਨ ਪਰ ਅੱਜ ਇਨਾਂ ਤੇ ਅੱਤ ਦੀ ਗਰੀਬੀ ਹੈ। ਇਨਾਂ ਕੌਲ ਨਾ ਤਾਂ ਮੁਢਲੀਆਂ ਸਹੂਲਤਾਂ ਹਨ ਜੋ ਇਨਾਂ ਦੇ ਜਿਉਣ ਵਿੱਚ ਸਹਾਰਾ ਬਣ ਸਕਣਾ ਜਦਕਿ ਇਹ ਜਿਸ ਧਰਤੀ ਤੇ ਰਹਿ ਰਹੇ ਹਨ ਉਹ ਵੱਡਮੁੱਲੇ ਕੁਦਰਤੀ ਪਦਾਰਥਾਂ ਯੂਰੇਨੀਅਮ ਨਾਲ ਭਰੀ ਹੋਈ ਹੈ। ਪਰ ਇਨਾਂ ਲਈ ਨਾ ਕੋਈ ਸਕੂਲ ਹੈ ਨਾ ਹਸਪਤਾਲ ਤੇ ਨਾ ਹੀ ਕਿਸੇ ਰਾਜ ਦਾ ਆਸਰਾ ਹੈ। ਟੌਰਗ ਲੋਕਾਂ ਦੀ ਮੁੱਖ ਮੰਗ ਵਖਰਾ ਦੇਸ਼ ਅਜ਼ਾਵਦ ਦੀ ਪ੍ਰਾਪਤੀ ਹੈ। ਇਸਦਾ ਮੁੱਖ ਸ਼ਹਿਰ Timbuktu ਹੈ ਜਿਸਨੂੰ ਕਿ ਟੌਰਗ ਲੋਕਾਂ ਨੇ ੧੧ਵੀਂ ਸਦੀ ਵਿੱਚ ਬਣਾਇਆ ਸੀ। ਇਹੀ ਸ਼ਹਿਰ ਇਹਨਾਂ ਦਾ ਮੁੱਖ ਵਪਾਰਿਕ ਅਤੇ ਕੇਂਦਰੀਅਤ ਸਥਾਨ ਰਿਹਾ ਹੈ ੧੪ਵੀਂ ਸਦੀ ਤੋਂ ਜਦੋਂ ਇਹਨਾਂ ਇਸਲਾਮ ਧਰਮ ਅਪਣਾਇਆ।
ਉਸ ਤੋਂ ਬਾਅਦ ਇਹਨਾਂ ਨੇ ਵਪਾਰ ਰਾਂਹੀ ਸਾਹਾਰਨ ਮਾਰੂਥਲ ਵਿਚ ਕਾਫੀ ਆਰਥਿਕ ਤਰੱਕੀ ਕੀਤੀ ਅਤੇ ਆਜ਼ਾਦੀ ਦਾ ਨਿੱਘ ਮਾਣਦੇ ਰਹੇ। ਜਦੋਂ ੧੯ਵੀਂ ਸਦੀ ਵਿਚ ਮਾਲੀ ਦੇਸ਼ ਤੇ ਫਰਾਂਸ ਮੁਲਕ ਨੇ ਆਪਣਾ ਸਾਮਰਾਜ਼ ਉਲੀਕਿਆ ਉਹਨਾਂ ਨੇ ਟੌਰਗ ਲੋਕਾਂ ਨੂੰ ਵੀ ਪੂਰੀ ਤਰ੍ਹਾਂ ਆਪਣੀ ਫੌਜ਼ੀ ਸਕਤੀ ਰਾਂਹੀ ਆਜ਼ਾਦੀ ਤੋਂ ਵਾਝਿਆ ਕਰ ਦਿੱਤਾ ਅਤੇ ਆਪਣੇ ਅਧੀਨ ਕਰ ਲਿਆ। ਇਸ ਸਮੇਂ ਟੌਰਗ ਲੋਕਾਂ ਤੇ ਕਾਫੀ ਜੁਲਮ ਹੋਇਆ। ਇਸਦੇ ਬਾਵਯੂਦ ਵੀ ਕੁਝ ਸਾਲਾਂ ਬਾਅਦ ੧੯੧੬ ਵਿੱਚ ਟੌਰਗਾਂ ਨੇ ਦੁਬਾਰਾ ਆਪਣੀ ਆਜ਼ਾਦੀ ਲੈਣ ਦੀ ਕੋਸ਼ਿਸ ਕੀਤੀ ਪਰ ਫਰਾਂਸ ਮੁਲਕ ਦੀ ਫੋਜ਼ੀ ਸਕਤੀ ਨੇ ਇਹਨਾਂ ਨੂੰ ਬੂਰੀ ਤਰ੍ਹਾਂ ਕੁਚਲ ਦਿੱਤਾ ਅਤੇ ਆਪਣੇ ਪੂਰੀ ਤਰ੍ਹਾਂ ਗੁਲਾਮ ਬਣਾ ਲਿਆ ਅਤੇ ਡਰ ਤੇ ਜੁਲਮ ਤੋਂ ਡਰਦਿਆਂ ਟੌਰਗ ਲੋਕ ਆਲੇ ਦੁਆਲੇ ਦੇ ਦੇਸ਼ਾ ਵਿਚ ਖਿਲਰ ਗਏ। ਜਦੋਂ ੧੯੬੦ ਵਿਚ ਮਾਲੀ ਦੇਸ਼ ਨੇ ਫਰਾਂਸ ਤੋਂ ਆਪਣੀ ਮੁੜ ਆਜ਼ਾਦੀ ਹਾਸਿਲ ਕੀਤੀ ਤਾਂ ਵੀ ਆਜ਼ਾਦ ਮਾਲੀ ਦੇਸ਼ ਦੀ ਹਕੂਮਤ ਨੇ ਟੌਰਗ ਲੋਕਾਂ ਨੂੰ ਆਜ਼ਾਦੀ ਦੇਣ ਤੋਂ ਨਾਂਹ ਕਰ ਦਿੱਤੀ। ਟੌਰਗਾਂ ਨੇ ੧੯੬੦ ਵਿਚ ਮਾਲੀ ਦੇਸ਼ ਦੇ ਖਿਲਾਫ ਬਗਾਵਤ ਕਰ ਦਿਤੀ ਪਰ ਇਹ ਦੁਬਾਰਾ ਨਾ ਕਾਮਯਾਬ ਹੋਏ। ਮਾਲੀ ਦੇਸ਼ ਤੇ ਰਾਜ ਸਤਾ ਹਮੇਸ਼ਾ ਦੱਖਣੀ ਲੋਕਾਂ ਦੇ ਕੋਲ ਰਹੀ ਹੈ। ਟੌਰਗ ਲੋਕ ਉਤਰੀ ਖੇਤਰ ਵਿਚ ਕੇਦਰਿਤ ਹਨ। ਨਵੀਂ ਹਕੂਮਤ ਨੇ ਵੀ ਫਰਾਂਸ ਵਾਂਗ ਟੌਰਗ ਲੋਕਾਂ ਤੇ ਫੌਜੀ ਸ਼ਕਤੀ ਰਾਂਹੀ ਬਹੁਤ ਜੁਲਮ ਕੀਤਾ ਅਤੇ ਇਹਨਾਂ ਦੇ ਜੀਵਨ ਅਤੇ ਰੋਜ਼ ਮਾਰਾ ਜਿੰਦਗੀ ਨੂੰ ਵੀ ਆਪਣੇ ਅਧੀਨ ਕਰ ਲਿਆ। ਇਸ ਜੁਲਮ ਦੇ ਮਾਰੇ ਟੌਰਗ ਲੋਕ ਦੁਬਾਰਾ ਜਥੇਬੰਦ ਹੋਏ ਅਤੇ ਆਪਣੀ ਸਵੈ-ਆਜ਼ਾਦੀ ਲਈ ੧੯੯੦ ਦੇ ਸ਼ੁਰੂ ਵਿਚ ਉਠ ਖੜੇ ਹੋਏ। ਇਸ ਸਮੇਂ ਤੱਕ ਟੌਰਗ ਲੋਕਾਂ ਦੇ ਵਿਚ ਅਰਬ ਦੇਸ਼ਾਂ ਦੇ ਕੱਟੜਵਾਦੀ ਇਸਲਾਮਿਕ ਲੋਕ ਵੀ ਹਮਾਇਤ ਤੇ ਆ ਗਏ ਅਤੇ ਲੀਬੀਆ ਦੇ ਡਿਕਟੇਟਰ ਗਦਾਫੀ ਨੇ ਵੀ ਇਹਨਾਂ ਦੀ ਦੂਰੋਂ ਹਮਾਇਤ ਕੀਤੀ ਕਿਉਂਕਿ ੧੯੭੨ ਤੋਂ ਬਾਅਦ ਵੱਡੀ ਗਿਣਤੀ ਵਿੱਚ ਭੁਖਮਾਰੀ ਤੋਂ ਸਤਾਏ ਇਹ ਲੋਕ ਲੀਬੀਆ ਭੱਜ ਗਏ ਸਨ ਜਿਥੇ ਗਾਦਫੀ ਨੇ ਇਹਨਾਂ ਨੂੰ ਆਪਣੀ ਫੌਜ ਵਿਚ ਰਲਾ ਕੇ ਹੋਰ ਮੁਲਕਾਂ ਵਿਚ ਆਪਣੀ ਹਮਾਇਤ ਵਧਾਉਣ ਲੜਨ ਲਈ ਘਲਿਆ ਸੀ ਪਰ ੧੯੮੫ ਵਿੱਚ ਜਦੋਂ ਗਦਾਫੀ ਪੱਛਮੀ ਮੁਲਕਾਂ ਦੀ ਨਜਰਾਂ ਵਿੱਚੋਂ ਲਹਿ ਗਿਆ ਅਤੇ ਛਹਾਦ ਮੁਲਕ ਵਿੱਚੋਂ ਇਸਦੇ ਟੌਰਗ ਫੌਜ਼ੀਆਂ ਨੂੰ ਬੁਰੀ ਹਾਰ ਦਾ ਸਾਹਮਣਾ ਕਰਨਾ ਪਿਆ ਤਾਂ ਗਾਦਫੀ ਨੇ ਟੌਰਗ ਲੋਕਾਂ ਤੋਂ ਆਪਣੀ ਸਰਪਰਸ਼ਤੀ ਖਿੱਚ ਲਈ ਅਤੇ ਇਹ ਟੌਰਗ ਵਿਚਾਰੇ ਦੁਬਾਰਾ ਆਪਣੇ ਖੇਤਰ ਮਾਲੀ ਦੇਸ਼ ਵਿਚ ਆ ਗਏ। ਇਸਤੋਂ ਬਾਅਦ ਇਹ ਦੋ ਜਥੇਬੰਦੀਆਂ ਵਿੱਚ ਵੰਡੇ ਗਏ। ਇਕ ਅਰਬ ਇਸਲਾਮਿਕ ਜਥੇਬੰਦੀ ਬਣ ਗਈ ਤੇ ਇਕ ਅਜਾਵਦ ਫਰੰਟ ਬਣ ਗਿਆ ਪਰ ਫੇਰ ਵੀ ਇਹਨਾਂ ਦਾ ਸੰਘਰਸ਼ ਕਾਮਯਾਬ ਨਹੀਂ ਹੋਇਆ ਅਤੇ ਜੁਲਮ ਅਗੇ ਇਹਨਾਂ ਦੀ ਵਾਹ ਨਹੀਂ ਚਲੀ। ਇਸ ਤੋਂ ਬਾਅਦ ਫਿਰ ਭੁਖਮਾਰੀ ਅਤੇ ਔੜਾਂ ਤੋਂ ਮਰਦਿਆਂ ਇਹ ਨਾਲ ਦੇ ਅਫਰੀਕਿਨ ਮੁਲਕਾ ਵਿੱਚ ਚਲ ਗਏ ਅਤੇ ਕੁਝ ਲੀਬੀਆ ਵਿਚ ਵਾਪਿਸ ਰੁਜਗਾਰ ਲਈ ਚਲੇ ਗਏ ਅਤੇ ਇਹ ਪੁਰਾਣੀ ਸਾਂਝ ਕਰਕੇ ਗਦਾਫੀ ਦੇ ਹਮਾਇਤੀ ਗਿਣੇ ਜਾਂਦੇ ਸੀ ਅਤੇ ਜਦੋਂ ਹੁਣ ਗਢਾਫੀ ਨੂੰ ਰਾਜ ਤੋਂ ਲਾਹਿਆ ਹੈ ਉਸ ਵੇਲੇ ਵੀ ਇਹ ਗਾਦਫੀ ਦੀ ਫੌਜ਼ ਵਲੋਂ ਆਖਿਰ ਤੱਕ ਲੜੇ ਪਰ ਗਦਾਫੀ ਦੇ ਮਾਰੇ ਜਾਣ ਤੋਂ ਬਾਅਦ ਲੀਬੀਅਨ ਲੋਕਾਂ ਦੇ ਗੁਸੇ ਅਤੇ ਵਖਰੇਵੇਂ ਦਾ ਇਹਨਾਂ ਨੂੰ ਬੂਰੀ ਤਰਾਂ ਸਾਹਮਣਾ ਕਰਨਾ ਪਿਆ। ਜਿਸ ਤੋਂ ਡਰਦਿਆਂ ਇਹ ਆਪਣੇ ਗਰੀਬੀ ਅਤੇ ਬੇਸਾਹਾਰਾਂ ਜਿੰਦਗੀ ਜਿਉਣ ਲਈ ਮਾਲੀ ਦੇਸ਼ ਪਰਤ ਆਏ। ਟੌਰਗ ਲੋਕਾਂ ਵਿਚ ਸਮੇਂ ਨਾਲ ਸਵੈ-ਆਜ਼ਾਦੀ ਅਤੇ ਵਖਰੇ ਦੇਸ਼ ਅਜ਼ਾਵਦ ਦੀ ਖਾਹਿਸ਼ ਤਾਂ ਦਮ ਭਰਦੀ ਰਹੀ ਹੈ ਪਰ ਹੁਣ ਇਹ ਆਪਿਸ ਵਿਚ ਧੜੇਬੰਦੀ ਦਾ ਸ਼ਿਕਾਰ ਹੋਣ ਕਰਕੇ ਕੁਛ ਕੰਮਜ਼ੋਰ ਜਰੂਰ ਹੋਏ ਹਨ। ਇਹਨਾਂ ਦਾ ਮੁੱਖ ਲੀਡਰ ਇਬਰਾਹਿਮ ਬਬਾਂਗ੍ਹਾ (Bhabhaga) ਲੰਮਾ ਚਿਰ ਸੰਘਰਸ਼ ਦੀ ਅਗਵਾਈ ਕਰਦਾ ਰਿਹਾ ਹੈ। ਪਰ ੨੦੧੨ ਦੇ ਆਖਿਰ ਵਿੱਚ ਉਸਨੂੰ ਅਮਰੀਕਿਨ ਡੋਰਨ ਨੇ ਜਾਂ ਮਾਲੀ ਫੌਜ਼ ਨੇ ਮਾਰ ਦਿੱਤਾ ਹੈ।
ਟੌਰਗ ਲੋਕਾਂ ਨੇ ੨੦੦੬ ਵਿੱਚ ਦੁਬਾਰਾ ਜਥੇਬੰਦ ਹੋ ਆਪਣੇ ਆਜ਼ਾਦੀ ਲੈਣ ਦੇ ਸੰਘਰਸ਼ ਨੂੰ ਸ਼ੁਰੂ ਕੀਤਾ ਜੋ ਹੁਣ ਤਕ ਜਾਰੀ ਹੈ। ਪਰ ਸਮੇਂ ਨਾਲ ਇਹਨਾਂ ਨਾਲ ਅਲ-ਕਾਇਦਾ ਦੇ ਕਟੜ ਇਸਲਾਮਿਕ ਲੋਕਾਂ ਦੇ ਰਲਣ ਕਰਕੇ ਪੱਛਮੀ ਮੁਲਕ ਖਾਸ ਕਰਕੇ ਫਰਾਂਸ ਜਿਸਦੀ ਇਕ ਕੰਪਨੀ ਕੋਲ ਇਹਨਾਂ ਦੇ ਇਲਾਕੇ ਦੇ ਕੁਦਰਤੀ, ਰਸਾਣਿਕ ਪਦਾਰਥਾਂ ਦਾ ਕੰਟਰੋਲ ਹੈ, ਅਮਰੀਕਾ ਅਤੇ ਕਨੇਡਾ ਦੀ ਵੀ ਇਹਨਾਂ ਦੇ ਖੇਤਰ ਵਿਚ ਕੁਦਰਤੀ ਵਸੀਲਿਆਂ ਉਪਰ ਨਜ਼ਰ ਹੋਣ ਕਰਕੇ ਕਾਫੀ ਦਿਲਚਸਪੀ ਹੈ ਅਤੇ ਉਹ ਨਹੀਂ ਚਾਹੁੰਦੇ ਕਿ ਟੌਰਗ ਲੋਕ ਆਜ਼ਾਦੀ ਲੈ ਸਕਣ। ੨੦੧੨ ਵਿੱਚ ਲੀਬੀਆ ਦੀ ਲੜਾਈ ਤੋਂ ਆਉਣ ਬਾਅਦ ਟੌਰਗ ਲੋਕਾਂ ਨੇ ਦੁਬਾਰਾ ਆਜ਼ਾਦੀ ਦੀ ਲੜਾਈ ਤਿੱਖੀ ਕੀਤੀ ਹੈ ਅਤੇ ਆਪਣੇ ਮੁਖ ਸ਼ਹਿਰ Timbuktu ਤੇ ਕਬਜ਼ਾ ਵੀ ਕਰ ਲਿਆ ਸੀ। ਇਸ ਦੌਰਾਨ ਇਹਨਾਂ ਨੇ ਬਹੁਤ ਬੇਹਰਹਿਮੀ ਨਾਲ ਮਾਲੀ ਦੇਸ਼ ਦੇ ਫੌਜੀਆਂ ਨੂੰ ਪਛਾੜ ਦਿੱਤਾ ਸੀ ਅਤੇ ਇਸ ਦੌਰਾਨ ਇਹਨਾਂ ਟੌਰਗ ਲੋਕਾਂ ਦੇ ਫੋਜ਼ੀਆਂ ਤੇ ਜੰਗ ਅਧੀਨ ਹੁੰਦੇ ਮਾਨਵਤਾ ਦੇ ਜੁਰਮਾਂ ਦਾ ਵੀ ਦੋਸ਼ ਲਗੇ ਹਨ। ਇਸ ਕਰਕੇ ਦੱਖਣੀ ਮਾਲੀ ਦੇਸ਼ ਦੇ ਲੋਕਾਂ ਵਿਚ ਕਾਫੀ ਰੋਹ ਉਠਿਆ ਸੀ ਅਤੇ ਮਾਲੀ ਫੋਜ਼ ਨੇ ਰਾਜਸਤਾ ਤੇ ਕਬਜ਼ਾ ਕਰ ਦੁਬਾਰਾ ਟੌਰਗ ਲੋਕਾਂ ਨੂੰ ਬੂਰੀ ਤਰ੍ਹਾਂ ਆਪਣੇ ਜੁਲਮ ਦਾ ਸ਼ਿਕਾਰ ਬਣਾਇਆ ਅਤੇ ਉਹ ਦੁਨੀਆਂ ਦੀ ਬੇਰੁਖੀ ਕਰਕੇ ਅੱਜ ਵੀ ਚਲ ਰਿਹਾ ਹੈ। ਟੌਰਗ ਲੋਕ ਦੁਨੀਆਂ ਦੇ ਸਭ ਤੋਂ ਗਰੀਬੀ ਵਾਲੀ ਜਿੰਦਗੀ ਜਿਉਣ ਲਈ ਮਜ਼ਬੂਰ ਹਨ ਅਤੇ ਆਪਣੇ ਸਦੀ ਤੋਂ ਚਲਦੇ ਆ ਰਹੇ ਆਜ਼ਾਦੀ ਦੇ ਇਸ ਅਧੂਰੇ ਸੰਘਰਸ਼ ਵਿਚ ਅਫਰੀਕਾ ਦੇ ਇਸ ਖੇਤਰ ਦੇ ਟੌਰਗ ਲੋਕ ਜੀਅ ਤਾਂ ਰਹੇ ਹਨ ਪਰ ਮਾਨਵਤਾ ਅੱਗੇ ਸੁਆਲ ਜਰੂਰ ਖੜਾ ਕਰ ਰਹੇ ਹਨ ਕਿ ਕੀ ਗਰੀਬੀ ਮਾਰੇ ਲੋਕਾਂ ਨੰ ਆਜ਼ਾਦੀ ਮੰਗਣੀ ਇਕ ਗੁਨਾਹ ਹੋ ਗਿਆ ਲਗਦਾ ਹੈ। ਜਦ ਕਿ ਜਿਸ ਧਰਤੀ ਤੇ ਉਹ ਜੀ ਰਹੇ ਹਨ ਉਹ ਕੁਦਰਤੀ ਪਦਾਰਥਾਂ ਨਾਲ ਭਰੀ ਪਈ ਹੈ ਜੋ ਇਹਨਾਂ ਲਈ ਇਕ ਸੰਤਾਪ ਬਣ ਗਈ ਹੈ।