ਗੰਭੀਰ ਸਿੱਖ ਹਲਕਿਆਂ ਵਿੱਚ ਇਨ੍ਹੀ ਦਿਨੀ ਨੇਸ਼ਨ ਸਟੇਟ ਅਤੇ ਸਿੱਖ ਨੇਸ਼ਨ ਸਟੇਟ ਬਾਰੇ ਵਿਚਾਰ ਚਰਚਾ ਚੱਲ ਰਹੀ ਹੈ। ਕਿਸੇ ਸੱਜਣ ਦੀ ਇੱਕ ਮੁਲਾਕਾਤ ਅਤੇ ਉਸ ਮੁਲਾਕਾਤ ਦੀ ਚੀਰਫਾੜ ਕਰਦਿਆਂ ਲਿਖੇ ਲੇਖ ਨੇ ਨੇਸ਼ਨ ਸਟੇਟ ਅਤੇ ਸਿੱਖ ਨੇਸ਼ਨ ਸਟੇਟ ਖਾਲਿਸਤਾਨ ਬਾਰੇ ਸੰਵਾਦ ਛੇੜ ਦਿੱਤਾ ਹੈ। ਦੁਖਦਾਈ ਗੱਲ ਇਹ ਹੈ ਕਿ ਏਨਾ ਗੰਭੀਰ ਮਸਲਾ ਫਿਰ ਉਸੇ ਨੀਵੇਂ ਦਰਜੇ ਦੀ ਇਲਜ਼ਾਮਤਰਾਸ਼ੀ ਅਤੇ ਪਰਤਵੀਂ ਇਲਜ਼ਾਮਤਰਾਸ਼ੀ ਨਾਲ ਛਿੜ ਗਿਆ ਹੈ। ਦੋ ਧਿਰਾਂ ਫਿਰ ਆਹਮੋ ਸਾਹਮਣੇ ਸ਼ਬਦਾਂ ਦੀਆਂ ਤਿੱਖੀਆਂ ਤਲਵਾਰਾਂ ਕੱਢ ਕੇ ਆਣ ਖਲੋਈਆਂ ਹਨ, ਜੋ ਦੁਖਦਾਈ ਹੀ ਨਹੀ ਬਲਕਿ ਰੂਹ ਨੂੰ ਪੱਛ ਰਹੀਆਂ ਹਨ। ਇਸ ਸੰਵਾਦ ਵਿੱਚ ਅਸੀਂ ਫਿਰ ਹੋਇ ਇਕਤ੍ਰ ਦੀ ਭਾਵਨਾ ਤੋਂ ਪੱਲਾ ਛੁਡਾ ਰਹੇ ਮਹਿਸੂਸ ਹੋ ਰਹੇ ਹਾਂ।
ਖੈਰ ਸਾਡਾ ਮਕਸਦ ਕਿਸੇ ਵੀ ਧਿਰ ਦਾ ਪੱਖ ਲੈਣਾਂ ਨਹੀ ਹੈ। ਅਸੀਂ ਨੇਸ਼ਨ ਸਟੇਟ ਬਾਰੇ ਕੌਮਾਂਤਰੀ ਇਤਿਹਾਸਕਾਰੀ ਦੇ ਸੰਦਰਭ ਵਿੱਚੋਂ ਸਿੱਖ ਸਟੇਟ ਦੀ ਸੰਭਾਵਨਾ ਬਾਰੇ ਵਿਚਾਰ ਚਰਚਾ ਕਰਨ ਦਾ ਯਤਨ ਕਰਾਂਗੇ। ਅਸੀਂ ਇਹ ਗੱਲ ਪਹਿਲੋਂ ਹੀ ਮੰਨ ਰਹੇ ਹਾਂ ਕਿ ਅਸੀਂ ਇਸ ਵਿਸ਼ੇ ਦੀ ਕੋਈ ਅੰਤਿਮ ਅਥਾਰਟੀ ਨਹੀ ਹਾਂ। ਸਾਡੀਆਂ ਵੀ ਬੌਧਿਕ ਸੀਮਤਾਈਆਂ ਅਤੇ ਕਮਜ਼ੋਰੀਆਂ ਹਨ ਪਰ ਆਪਣੀ ਤੁਛ ਬੁਧੀ ਅਨੁਸਾਰ ਅਸੀਂ ਯਤਨ ਕਰਾਂਗੇ ਕਿ ਕੁਝ ਸਾਰਥਕ ਨਿਕਲ ਆਵੇ।
ਅਸਲ ਵਿੱਚ ਪੇਸ਼ ਮਸਲੇ ਦੇ ਸੰਦਰਭ ਵਿੱਚ ਜੋ ਸਾਨੂੰ ਸਮਝ ਆਇਆ ਹੈ ਉਹ ਇਹ ਹੈ ਕਿ ਨੇਸ਼ਨ ਸਟੇਟ ਦਾ ਸੰਕਲਪ ਏਨਾ ਖਤਰਨਾਕ ਨਹੀ ਹੈ ਜਿੰਨਾ ਇਸ ਨੂੰ ਬਣਾ ਕੇ ਪੇਸ਼ ਕੀਤਾ ਜਾ ਰਿਹਾ ਹੈ। ਇਹ ਵੀ ਸਵਾਲ ਉਠਾਇਆ ਜਾ ਰਿਹਾ ਹੈ ਕਿ ਜੇ ਸਿੱਖਾਂ ਦੀਆਂ ਸਾਰੀਆਂ ਸਮੱਸਿਆਵਾਂ ਅਤੇ ਦੁਸ਼ਵਾਰੀਆਂ ਦਾ ਸਭ ਤੋਂ ਵੱਡਾ ਕਾਰਨ ਭਾਰਤ ਨੂੰ ਇੱਕ ਨੇਸ਼ਨ ਸਟੇਟ ਬਣਾਉਣ ਦੇ ਯਤਨ ਹੀ ਹਨ ਤਾਂ ਫਿਰ ਭਵਿੱਖ ਵਿੱਚ ਜਦੋਂ ਸਿੱਖਾਂ ਨੇ ਆਪਣੀ ਨੇਸ਼ਨ ਸਟੇਟ ਸਿਰਜਣੀ ਹੈ ਤਾਂ ਅਸੀਂ ਕਿਸ ਮੂੰਹ ਨਾਲ ਉਸਨੂੰ ਸਹੀ ਠਹਿਰਾਵਾਂਗੇ। ਜਾਂ ਅਸੀਂ ਕਿਸ ਮੂੰਹ ਨਾਲ ਆਪਣੀ ਭਵਿੱਖ ਦੀ ਪੀੜ੍ਹੀ ਨੂੰ ਆਪਣੀ ਨੇਸ਼ਨ ਸਟੇਟ ਸਿਰਜਣ ਲਈ ਹੌਸਲਾ ਅਤੇ ਅਗਵਾਈ ਦੇ ਸਕਾਂਗੇ। ਇਤਰਾਜ਼ ਕਰਨ ਵਾਲੇ ਸੱਜਣਾਂ ਦਾ ਕਹਿਣਾਂ ਹੈ ਕਿ ਨੇਸ਼ਨ ਸਟੇਟ ਦੀ ਨਫਰਤ ਭਰੀ ਵਿਆਖਿਆ ਕਰ ਕਰ ਕੇ ਕੁਝ ਸਿੱਖ ਵਿਦਵਾਨਾਂ ਨੇ ਸਿੱਖ ਨੇਸ਼ਨ ਸਟੇਟ ਦੇ ਰਾਹ ਰੋਕ ਲਏ ਹਨ।
ਜਦੋਂ ਤੁਸੀਂ ਨੈਸ਼ਨਲਇਜ਼ਮ ਅਤੇ ਨੇਸ਼ਨ ਸਟੇਟ ਦੇ ਵਰਤਾਰੇ ਦਾ ਅਧਿਐਨ ਕਰਦੇ ਹੋਂ ਤਾਂ ਇਹ ਸਵਾਲ ਸਹਿਜੇ ਹੀ ਹਰ ਜੁਝਾਰੂ (ਨੈਸ਼ਨਲਿਸਟ) ਦੇ ਮਨ ਵਿੱਚ ਆਉਂਦੇ ਹਨ। ਜਿਨ੍ਹਾਂ ਨੇ ਕਿਸੇ ਮਕਸਦ ਲਈ ਆਪਣਾਂ ਲਹੂ ਡੋਲ਼੍ਹਿਆ ਹੁੰਦਾ ਹੈ ਉਨ੍ਹਾਂ ਦੇ ਮਨ ਵਿੱਚ ਇਹ ਸਵਾਲ ਅਕਸਰ ਆਉਂਦਾ ਹੈ ਕਿ ਜੇ ਨੇਸ਼ਨ ਸਟੇਟ ਏਨੀ ਹੀ ਮਾੜੀ ਹੈ ਤਾਂ ਫਿਰ ਅਸੀਂ ਕਾਹਦੇ ਲਈ ਲੜ-ਮਰ ਰਹੇ ਹਾਂ?
ਇੱਕ ਪਾਸੇ ਕੌਮਵਾਦ ਦਾ ਧੁਨੰਤਰ ਵਿਦਵਾਨ ਐਨਥਨੀ ਸਮਿੱਥ ਇਹ ਆਖਦਾ ਹੈ ਕਿ ਦੁਨੀਆਂ ਭਰ ਦੀਆਂ ਸਿਆਸੀ ਫਿਲਾਸਫੀਆਂ, ਦ੍ਰਿਸਟੀਆਂ ਅਤੇ ਵਿਸ਼ਵਾਸ਼ਾਂ ਵਿੱਚੋਂ ਜੇ ਕਿਸੇ ਵਿਚਾਰ ਨੇ ਸਭ ਤੋਂ ਜਿਆਦਾ ਵਫਾਦਾਰੀ ਹਾਸਲ ਕੀਤੀ ਹੈ ਤਾਂ ਉਹ ਕੌਮਵਾਦ ਦਾ ਫਲਸਫਾ ਹੀ ਹੈ। ਹੋਰਨਾ ਵਿਸ਼ਵਾਸ਼ਾਂ ਨੇ ਬੇਸ਼ੱਕ ਦੁਨੀਆਂ ਭਰ ਦੇ ਲੋਕਾਂ ਨੂੰ ਬਹੁਤ ਵੱਡੇ ਕਾਰਨਾਮੇ ਕਰਨ ਲਈ ਪ੍ਰੇਰਿਤ ਕੀਤਾ ਹੋਵੇ ਪਰ ਕੌਮੀ ਅਜ਼ਾਦੀ ਦੇ ਸੁਪਨੇ ਨਾਲ ਪ੍ਰਣਾਏ ਹੋਏ ਜੁਝਾਰਵਾਦ ਦੇ ਵਿਚਾਰ ਨੇ ਹੀ ਦੁਨੀਆਂ ਭਰ ਵਿੱਚ ਅਣਗਿਣਤ ਲੋਕਾਂ ਨੂੰ ਆਪਣੀ ਜਾਨ ਅਤੇ ਆਪਣਾਂ ਸਭ ਕੁਝ ਕੁਰਬਾਨ ਕਰ ਦੇਣ ਲਈ ਪ੍ਰੇਰਿਤ ਕੀਤਾ ਹੈ। ਅੱਜ ਵੀ ਦੁਨੀਆਂ ਭਰ ਦੇ ਕਰੋੜਾਂ ਲੋਕ ਆਪਣੀ ਅਜ਼ਾਦੀ ਲਈ ਆਪਣੀਆਂ ਜਾਨਾਂ ਨਿਛਾਵਰ ਕਰਨ ਲਈ ਤਿਆਰ ਬੈਠੇ ਹਨ।
ਫਿਰ ਇਸ ਸਥਿਤੀ ਵਿੱਚ ਨੇਸ਼ਨ ਸਟੇਟ ਨੂੰ ਭੰਡੀ ਜਾਣਾਂ ਅਤੇ ਉਸਨੂੰ ਏਨਾ ਖ਼ਤਰਨਾਕ ਬਣਾਕੇ ਪੇਸ਼ ਕਰਨਾ ਕਿੱਧਰ ਦੀ ਸਿਆਣਪ ਹੈ? ਇਹ ਸਵਾਲ ਹਰ ਕੌਮਵਾਦੀ ਦੇ ਮਨ ਵਿੱਚ ਉਠਣਾਂ ਸੁਭਾਵਿਕ ਹੈ।
ਇੱਥੇ ਆਕੇ ਇੱਕ ਬੌਧਿਕ ਅਤੇ ਫਲਸਫਈ ਤੋੜ-ਵਿਛੋੜੇ ਦੀ ਅਤੇ ਡੂੰਘੀ ਵਿਆਖਿਆ ਦੀ ਲੋੜ ਹੁੰਦੀ ਹੈ ਜੋ ਹਾਲੇ ਸ਼ਾਇਦ ਸਾਡੇ ਤੋਂ ਥੋੜੀ ਦੂਰ ਚੱਲ ਰਹੀ ਹੈ।
ਅਸੀਂ ਹਾਲ ਦੀ ਘੜੀ ਨੇਸ਼ਨ-ਸਟੇਟ ਅਤੇ ਨੈਸ਼ਨਲ ਸਟੇਟ ਦਰਮਿਆਨ ਫਰਕ ਨੂੰ ਸਮਝ ਨਹੀ ਸਕੇ। ਅਰਜੁਨ ਅੱਪਾਦੁਰਾਈ ਆਖਦਾ ਹੈ ਕਿ ਜਦੋਂ ਕੋਈ ਬਹੁ-ਗਿਣਤੀ ਇੱਕੋਂ ਦੇਸ਼ ਵਿੱਚ ਵਸਣ ਵਾਲੀਆਂ ਬਹੁਤੀਆਂ ਕੌਮਾਂ ਨੂੰ ਇੱਕੋ ਰੱਸੇ ਨਾਲ ਬੰਨ੍ਹਕੇ ਉਨ੍ਹਾਂ ਦਾ ਭਾਰਤੀਕਰਨ, ਇੰਡੋਨੇਸ਼ੀਆਈਕਰਨ ਜਾਂ ਬਰਤਾਨਵੀਕਰਨ ਕਰਨ ਦੀ ਜਿੱਦ ਕਰਨ ਲੱਗਦੀ ਹੈ ਤਾਂ ਛੋਟੀਆਂ ਕੌਮਾਂ ਵਿੱਚ ਵਿਦਰੋਹ ਪੈਣੇ ਲਾਜ਼ਮੀ ਹਨ। ਜਦੋਂ ਛੋਟੀਆਂ ਕੌਮਾਂ ਵਿਦਰੋਹ ਕਰਦੀਆਂ ਹਨ ਤਾਂ ਫਿਰ ਭਾਰੂ ਬਹੁ-ਗਿਣਤੀ ਆਪਣੀ ਫੌਜੀ ਤਾਕਤ, ਅਫਸਰਸ਼ਾਹੀ ਅਤੇ ਕੌਮਂਤਰੀ ਡਿਪਲੋਮੇਸੀ ਦਾ ਸਹਾਰਾ ਲੈਕੇ ਉਨ੍ਹਾਂ ਛੋਟੀਆਂ ਕੌਮਾਂ ਨੂੰ ਤਬਾਹ ਕਰਨ ਦੇ ਰਾਹ ਪੈਂਦੀ ਹੈ। ਉਹ ਆਖਦਾ ਹੈ ਕਿ ਜਦੋਂ ਬਹੁ-ਕੌਮੀ ਦੇਸ਼ ਨੂੰ ਇੱਕ ਕੌਮੀ, ਨੇਸ਼ਨ-ਸਟੇਟ ਵਿੱਚ ਤਬਦੀਲ ਕਰਨ ਦੇ ਯਤਨ ਹੁੰਦੇ ਹਨ। ਜਦੋਂ ਛੋਟੀਆਂ ਕੌਮਾਂ ਇਨ੍ਹਾਂ ਮਾਰੂ ਯਤਨਾ ਦਾ ਵਿਰੋਧ ਕਰਦੀਆਂ ਹਨ ਤਾਂ ਉਨ੍ਹਾਂ ਕੌਮਾਂ ਦੇ ਬੱਚਿਆਂ, ਬੀਬੀਆਂ ਅਤੇ ਬਜ਼ੁਰਗਾਂ ਦੇ ਅੱਧ-ਕਟੇ ਅਤੇ ਅੱਧ-ਜਲੇ ਅੰਗ ਸੜਕਾਂ ਤੇ ਖਿਲਾਰ ਦਿੱਤੇ ਜਾਂਦੇ ਹਨ।
ਹੁਣ ਦਰਪੇਸ਼ ਮਸਲੇ ਦੇ ਸੰਦਰਭ ਵਿੱਚ ਅਸੀਂ ਇਹ ਆਖਣਾਂ ਚਾਹੁੰਦੇ ਹਾਂ ਕਿ ਦੁਨੀਆਂ ਭਰ ਦੇ ਸਾਰੇ ਮੁਲਕਾਂ ਵਿੱਚੋਂ ਸਿਰਫ ੧੫-੧੬ ਮੁਲਕ ਹੀ ਨੇਸ਼ਨ ਸਟੇਟ ਅਖਵਾਉਣ ਦੇ ਹੱਕਦਾਰ ਹਨ, ਕਿਉਂਕਿ ਉਥੇ ਰਾਜ ਕਰਨ ਵਾਲੇ ਲੋਕਾਂ ਦੀ ਕੌਮ ਹੀ ਵਸਦੀ ਹੈ। ਦੁਨੀਆਂ ਦੇ ਬਾਕੀ ਸਾਰੇ ਮੁਲਕ ਨੇਸ਼ਨ-ਸਟੇਟ ਦੀ ਪਰਿਭਾਸ਼ਾ ਅਧੀਨ ਨਹੀ ਆਉਂਦੇ ਬਲਕਿ ਉਹ ਨੈਸ਼ਨਲ-ਸਟੇਟ ਦੀ ਪਰਿਭਾਸ਼ਾ ਅਧੀਨ ਆਉਂਦੇ ਹਨ। ਜਿੱਥੇ ਬਹੁਤ ਸਾਰੀਆਂ ਕੌਮਾਂ ਇੱਕੋ ਥਾਂ ਤੇ ਵਸਦੀਆਂ ਹਨ। ਜਦੋਂ ਨੈਸ਼ਨਲ-ਸਟੇਟ ਨੂੰ ਨੇਸ਼ਨ ਸਟੇਟ ਬਣਾਉਣ ਦੇ ਯਤਨ ਜਬਰ ਰਾਹੀਂ ਹੁੰਦੇ ਹਨ ਤਾਂ ਨੇਸ਼ਨ-ਸਟੇਟ ਇੱਕ ਫਾਸ਼ੀ ਸਟੇਟ ਬਣ ਜਾਂਦੀ ਹੈ।
ਇਸ ਲੇਖ ਵਿੱਚ ਜਦੋਂ ਅਸੀਂ ਫਾਸ਼ੀ ਸਟੇਟ ਸ਼ਬਦ ਦੀ ਵਰਤੋਂ ਕਰਾਂਗੇ ਤਾਂ ਇਸਨੂੰ ਭਾਰਤੀ ਹਿੰਦੂ ਸਟੇਟ ਦੇ ਸੰਦਰਭ ਵਿੱਚ ਹੀ ਸਮਝਿਆ ਜਾਵੇ।
ਹਰ ਫਾਸ਼ੀ ਰਾਜਨੀਤੀਵਾਨ ਜਾਂ ਨੀਤੀਵਾਨ Ḕਨੇਸ਼ਨ-ਸਟੇਟḙ (ਇੱਕੋ ਕੌਮ ਦੀ ਨਿਰਕੁੰਸ਼ ਚੌਧਰ) ਸਥਾਪਤ ਕਰਨ ਦੀ ਕੋਸ਼ਿਸ ਕਰਦਾ ਹੈ ਪਰ ਹਰ ਜੁਝਾਰੂ ਅਜਿਹੀ ਨੈਸ਼ਨਲ ਸਟੇਟ ਸਿਰਜਣ ਲਈ ਯਤਨਸ਼ੀਲ ਹੁੰਦਾ ਹੈ ਜਿੱਥੇ ਨਗਰਿਕਾਂ ਦੀ ਮੁਢਲੀ ਅਜ਼ਾਦੀ (Citizen Autonomy) ਖੇਤਰੀ ਏਕਤਾ (Territorial unity) ਅਤੇ ਇਤਿਹਾਸਕ ਪਹਿਚਾਣ (Historic Identity) ਸਟੇਟ ਦੇ ਪ੍ਰਮੁੱਖ ਨਿਸ਼ਾਨੇ ਹੁੰਦੇ ਹਨ।
ਨਾਗਰਿਕਾਂ ਦੀ ਮੁਢਲੀ ਅਜ਼ਾਦੀ ਦਾ ਮਤਲਬ ਹੈ ਕਿ ਹਰ ਮੁਲਕ ਵਿੱਚ ਵਸਦਾ ਹਰ ਨਾਗਰਿਕ ਬਰਾਬਰ ਹੈ ਅਤੇ ਜਿਸਨੂੰ ਸਵੈ-ਸ਼ਾਸ਼ਨ ਅਤੇ ਹਰ ਕਿਸਮ ਦੀ ਅਜ਼ਾਦੀ ਦਾ ਹੱਕ ਹਾਸਲ ਹੈ। ਦੇਸ਼ ਵਿੱਚ ਵਸਦੇ ਸਾਰੇ ਸਮੂਹ ਅਤੇ ਕੌਮਾਂ ਆਪਣੀ ਲੋੜ ਅਨੁਸਾਰ ਸਵੈ-ਸ਼ਾਸ਼ਨ ਦੇ ਕਨੂੰਨ ਘੜਦੇ ਹਨ ਅਤੇ ਬਿਨਾ ਕਿਸੇ ਬਾਹਰੀ ਦਬਾਅ ਤੋਂ ਸਵੈ-ਪ੍ਰਗਟਾਵੇ ਅਤੇ ਅਜ਼ਾਦੀ ਨੂੰ ਮਹਿਸੂਸ ਕਰ ਸਕਦੇ ਹਨ।
ਹੁਣ ਜੇ ਇੱਥੇ ਜੁਝਾਰੂਆਂ ਦੀ ਸਿਆਸੀ ਲੀਡਰਸ਼ਿੱਪ ਵੀ ਆਦਰਸ਼ਕ ਨਾ ਹੋਵੇ ਅਤੇ ਉਹ ਕੋਈ ਮਾੜਾ ਮੋਟਾ ਸਿਆਸੀ ਵਿਰੋਧ ਵੀ ਬਰਦਾਸ਼ਤ ਨਾ ਕਰ ਸਕੇ ਤਾਂ ਉਹ ਸਟੇਟ ਵੀ ਉਨ੍ਹਾਂ ਜੁਝਾਰੂਆਂ ਦੇ ਆਸ਼ੇ ਤੋਂ ਥਿੜਕ ਗਈ ਮੰਨੀ ਜਾਵੇਗੀ ਜਿਨ੍ਹਾਂ ਨੇ ਸਟੇਟ ਨੂੰ ਉਸਾਰਨ ਲਈ ਆਪਣਾਂ ਖੂਨ ਵਹਾਇਆ।
ਖ਼ੇਤਰੀ ਏਕਤਾ ਸਮੂਹ ਦੇ ਮੈਬਰਾਂ ਨੂੰ ਆਪਣੇ ਪਿਆਰੇ ਹੋਮਲ਼ੈਂਡ ਵਿੱਚ ਇਕੱਠੇ ਰਹਿਣ ਦੀ ਇੱਕ ਰੀਝ ਹੈ। ਜੋ ਬਹੁਤ ਘਾਲਣਾਵਾਂ ਤੋਂ ਬਾਅਦ ਪ੍ਰਾਪਤ ਹੋਈ ਹੁੰਦੀ ਹੈ।
ਇਤਿਹਾਸਕ ਪਹਿਚਾਣ ਉਸ ਹੋਮਲ਼ੈਂਡ ਵਿੱਚ ਰਹਿ ਰਹੇ ਲੋਕਾਂ ਨੂੰ ਸਮਝਣ ਦੀ ਕਸਰਤ ਹੈ ਜਿਸ ਅਧੀਨ ਬਿਲਕੁਲ ਖਾਤਮੇ ਦੀ ਹੱਦ ਤੋਂ ਮੁੜੇ ਕਾਫਲੇ ਦੇ ਇਤਿਹਾਸਕ ਅਨੁਭਵ ਨੂੰ ਉਨ੍ਹਾਂ ਦੇ ਸਾਂਝੇ ਇਤਿਹਾਸ, ਸੱਭਿਆਚਾਰ ਅਤੇ ਸਾਂਝੀਆਂ ਕੌਮੀ ਯਾਦਾਂ ਦੇ ਸੰਦਰਭ ਵਿੱਚ ਸਮਝਣ ਦਾ ਯਤਨ ਕੀਤਾ ਜਾਂਦਾ ਹੈ।
ਐਨਥਨੀ ਸਮਿੱਥ ਆਖਦਾ ਹੈ ਕਿ ਜੁਝਾਰੂਆਂ ਲਈ ਉਨਾਂ ਦੀ ਸਟੇਟ ਜਾਂ ਹੋਮਲ਼ੈਂਡ ਇੱਕ ਸੁਰੱਖਿਅਤ ਪਨਾਹਗਾਹ (Secure Location), ਇੱਕ ਪਰਵਾਨਤ ਨਖਲਿਸਤਾਨ (Recognised Oasis) ਦੇ ਤੌਰ ਤੇ ਹੁੰਦੇ ਹਨ ਜਿੱਥੇ ਉਹ ਰਾਸ਼ਟਰੀਅਤਾ ਨਾਲ ਆਪਣੇ ਸਬੰਧ ਹੋਰ ਮਜਬੂਤ ਕਰ ਸਕਦੇ ਹਨ। ਬੇਸ਼ੱਕ ਹਰ ਜੁਝਾਰੂ ਆਪਣਾਂ ਅਜ਼ਾਦ ਮੁਲਕ ਸਿਰਜਣ ਦਾ ਸੁਪਨਾ ਲੈ ਕੇ ਮੈਦਾਨ ਵਿੱਚ ਨਿੱਤਰਦਾ ਹੈ ਪਰ ਜੁਝਾਰੂਆਂ ਲਈ ਸਟੇਟ ਦਾ ਮਤਲਬ ਸਵੈ-ਸ਼ਾਸ਼ਨ ਹੁੰਦਾ ਹੈ ਨਾ ਕਿ ਸਰਕਾਰੀ ਮਸੀਨਰੀ ਦੀ ਵਰਤੋਂ ਕਰਕੇ ਜੁਲਮ ਦੀ ਹਨੇਰੀ ਚਲਾਉਣੀ ਅਤੇ ਘੱਟ-ਗਿਣਤੀਆਂ ਨੂੰ ਜਬਰ ਨਾਲ ਅਧੀਨ ਕਰਨਾ।
ਇਹ ਫਾਸ਼ੀਵਾਸਦੀਆਂ ਅਤੇ ਉਨ੍ਹਾਂ ਦੀ ‘ਨੇਸ਼ਨ-ਸਟੇਟ’ ਨਾਲੋਂ ਬਿਲਕੁਲ ਵੱਖਰਾ ਵਿਚਾਰ ਹੁੰਦਾ ਹੈ, ਜਿਨ੍ਹਾਂ (ਫਾਸ਼ੀਵਾਦੀਆਂ) ਦਾ ਪ੍ਰਮੁੱਖ ਨਿਸ਼ਾਨਾ ਹੀ ਸਟੇਟ ਤੇ ਕਿਸੇ ਵੀ ਹੀਲੇ ਕਬਜਾ ਕਰਕੇ ਇਸਨੂੰ ਫਿਰ ਇੱਕ ਗੁੰਡਾ ਗਰੋਹ (Cult of Violence) ਵਿੱਚ ਤਬਦੀਲ ਕਰਨ ਦਾ ਹੁੰਦਾ ਹੈ। ਉਹ ਸਟੇਟ ਤੇ ਕਬਜਾ ਕਰਕੇ ਫਿਰ ਸਟੇਟ ਮਸ਼ੀਨਰੀ ਨੂੰ ਆਪਣੇ ਘਟੀਆ ਹਰਬਿਆਂ ਅਤੇ ਨਿਸ਼ਾਨਿਆਂ (Ulterior Motives) ਲਈ ਵਰਤਦੇ ਹਨ।
(Anthony Smith-Nationalism in Twentieth Century)
ਇਤਾਲਵੀ ਫਾਸ਼ੀ ਡਿਕਟੇਟਰ ਮੁਸੋਲਿਨੀ ਨੇ ਅਜਿਹੀ ਮਾਰੂ Ḕਨੇਸ਼ਨ-ਸਟੇਟḙ ਬਾਰੇ ਵਿਆਖਿਆ ਕਰਦੇ ਹੋਏ ਸਪਸ਼ਟ ਆਖਿਆ ਕਿ,Ḕਫਾਸ਼ੀਵਾਦ ਦਾ ਮੁਖ਼ ਨਿਸ਼ਾਨਾ ਹੀ ਇੱਕ ਅਜਿਹੀ ਸਟੇਟ ਕਾਇਮ ਕਰਨ ਦਾ ਹੈ ਜੋ ਨਿਰਕੁੰਸ਼ ਹੋਵੇ ਅਤੇ ਜਿੱਥੇ ਵਸਣ ਵਾਲੇ ਲੋਕ ਉਸ ਸਟੇਟ ਦੀ ਹਰ ਆਗਿਆ ਦਾ ਪਾਲਣ ਕਰਨ ਵਾਲੇ ਹੋਣ ਅਤੇ ਕਿਸੇ ਨੂੰ ਵੀ ਸਟੇਟ ਦੇ ਫੈਸਲਿਆਂ ਦਾ ਵਿਰੋਧ ਕਰਨ ਦੀ ਗੱਲ ਨਹੀ ਸੋਚਣੀ ਚਾਹੀਦੀḙ।
ਫ਼ਾਸ਼ੀ ਸਟੇਟ ਦੀ ਇੱਕ ਹੋਰ ਵਰਨਣਯੋਗ ਖਾਸੀਅਤ ਇਹ ਹੈ ਕਿ ਇਹ ਪਾਰਲੀਮਾਨੀ ਸਿਸਟਮ ਖਤਮ ਕਰਕੇ ਸਭ ਕੁਝ ਇੱਕ Ḕਵਾਹਦ ਆਗੂḙ (Leader) ਅੱਗੇ ਸਮਰਪਿਤ ਕਰਦੀ ਹੈ।
ਬਿਲਕੁਲ ਉਸੇ ਤਰ੍ਹਾਂ ਜਿਸ ਤਰ੍ਹਾਂ ਭਾਰਤ ਦਾ ਪ੍ਰਧਾਨ ਮੰਤਰੀ ਆਪਣੀਆਂ ਪਾਰਲੀਮੈਂਟਰੀ ਜਿੰਮੇਵਾਰੀਆਂ ਨੂੰ ਵਿਸਾਰ ਕੇ, ‘ਸੰਸਥਾ ਦੇ ਲੀਡਰ’ ਅੱਗੇ ਜੁਆਬਦੇਹੀ ਕਰਦਾ ਹੈ।
ਫਾਸ਼ੀ ਸਟੇਟ ਹਰ ਵੇਲੇ ਹਿੰਸਾ ਦੇ ਸੋਹਲੇ ਗਾਉਂਦੀ ਹੈ ਅਤੇ ਹਿੰਸਾ ਤੋਂ ਪਾਰ ਦੇਖਣ ਦੀ ਉਸ ਵਿੱਚ ਸਮਰਥਾ ਹੀ ਨਹੀ ਹੁੰਦੀ। ਇਹ ਹਮੇਸ਼ਾ ਹਿੰਸਾ ਦੇ ਸੋਹਲੇ ਗਾਉਂਦੀ ਹੈ ਅਤੇ ਜੰਗ ਦਾ ਮਹੌਲ ਬਣਾਈ ਰੱਖਣਾਂ ਚਾਹੁੰਦੀ ਹੈ। ਇਸਦੇ ਮਨ ਵਿੱਚ ਘੱਟ-ਗਿਣਤੀਆਂ ਲਈ ਕੋਈ ਸਤਿਕਾਰ ਨਹੀ ਹੁੰਦਾ। ਇਹ ਘੱਟ-ਗਿਣਤੀਆਂ ਨੂੰ ਜੋਕਾਂ (Parasites) ਵਾਂਗ ਦੇਖਦੀ ਹੈ ਜਿਨ੍ਹਾਂ ਦਾ ਹਰ ਹੀਲੇ ਖਾਤਮਾ ਕੀਤਾ ਜਾਣਾਂ ਚਾਹੀਦਾ ਹੈ। ਸਿਰਫ ਸਰੀਰਕ ਖਾਤਮਾ ਹੀ ਨਹੀ ਬਲਕਿ ਇਤਿਹਾਸਕ ਅਤੇ ਕਲਾਤਮਿਕ ਖਾਤਮਾ ਵੀ। ਇਸ ਸੰਦਰਭ ਵਿੱਚ ਐਨਥਨੀ ਸਮਿੱਥ ਨੇ ਫਾਸ਼ੀ ਵਿਚਾਰਧਾਰਾ ਦੇ ਪ੍ਰਭਾਵ ਥੱਲੇ ਆਏ ਜਰਮਨ ਵਿਦਵਾਨ ਵੈਗਨਰ ਦਾ ਜਿਕਰ ਕੀਤਾ ਹੈ ਜਿਸਨੇ ਫਾਸ਼ੀ ਵਿਚਾਰਧਾਰਾ ਅਧੀਨ, ਜਰਮਨ ਇਤਿਹਾਸ ਨੂੰ ਯਹੂਦੀਵਾਦ ਤੋਂ ਮੁਕਤ ਕਰਨ (dejudaisation of German Art) ਦਾ ਨਾਅਰਾ ਲਗਾ ਦਿੱਤਾ ਸੀ।
ਫ਼ਾਸ਼ੀਵਾਦ ਅਤੇ ਜੁਝਾਰੂਵਾਦ ਦਾ ਫਰਕ
ਇਹ ਗੱਲ ਸਹੀ ਹੈ ਕਿ ਜੁਝਾਰੂ ਲਹਿਰਾਂ ਦਾ ਅੰਤਮ ਨਿਸ਼ਾਨਾ ਵੀ ਆਪਣਾਂ ਅਜ਼ਾਦ ਮੁਲਕ ਸਿਰਜਣਾਂ ਹੁੰਦਾ ਹੈ ਅਤੇ ਫਾਸ਼ੀਵਾਦੀ ਲੋਕ ਵੀ ਸਟੇਟ ਹਥਿਆਉਂਣੀ ਚਾਹੁੰਦੇ ਹਨ। ਪਰ ਇੱਥੇ ਫਰਕ ਦੋਵਾਂ ਦੇ ਨਿਸ਼ਾਨਿਆਂ ਅਤੇ ਕਿਰਦਾਰਾਂ ਦਾ ਹੈ।
ਜੁਝਾਰੂਆਂ ਲਈ ਉਨ੍ਹਾਂ ਦਾ ਕੌਮੀ ਸਰੂਪ ਅਜਿਹੇ ਲੋਕਾਂ ਤੋਂ ਹੁੰਦਾ ਹੈ ਜੋ ਹੋਰਨਾ ਕੌਮਾਂ ਤੋਂ ਆਪਣੇ ਨਿਆਰੇ ਇਤਿਹਾਸ, ਧਰਮ ਅਤੇ ਬੋਲੀ ਦੇ ਨਿਆਰੇਪਣ ਕਾਰਨ ਵੱਖਰੇ ਹੁੰਦੇ ਹਨ। ਜੁਝਾਰੂਆਂ ਲਈ ਹੋਮਲ਼ੈਂਡ ਦਾ ਭਾਵ ਅਜਿਹੇ ਖਿੱਤੇ ਤੋਂ ਹੁੰਦਾ ਹੈ ਜਿੱਥੇ ਰਹਿਣ ਵਾਲੇ ਲੋਕ ਸੰਪੂਰਨ ਤੌਰ ਤੇ ਅਜ਼ਾਦ ਹੋਣ, ਸਾਰਿਆਂ ਨੂੰ ਬਰਾਬਰ ਦੇ ਹੱਕ ਹੋਣ। ਸਾਰੇ ਆਪਣੇ ਹੱਕਾਂ ਅਤੇ ਜਿੰਮੇਵਾਰੀਆਂ ਨੂੰ ਇਮਾਨਦਾਰੀ ਨਾਲ ਨਿਭਾਉਂਦੇ ਹੋਏ ਆਦਰਸ਼ਕ ਮਨੁੱਖ ਬਣਨ ਵੱਲ ਵਧਣ। ਜੁਝਾਰੂਆਂ ਲਈ ਹੋਮਲ਼ੈਂਡ ਦਾ ਰਾਹ ਸਿਰਫ ਸੱਤਾ ਹਾਸਲ ਕਰਕੇ ਹੀ ਨਹੀ ਮੁੱਕ ਜਾਂਦਾ ਬਲਕਿ ਉਨ੍ਹਾਂ ਨੇ ਤਾਂ ਇੱਕ ਅਜਿਹਾ ਆਦਰਸ਼ਕ ਮਨੁੱਖ ਸਿਰਜਣਾਂ ਹੁੰਦਾ ਹੈ ਜੋ ਵਾਹਿਗੁਰੂ ਵੱਲੋਂ ਸਿਰਜੇ ਵਿਸ਼ੇਸ਼ ਲੋਕਾਂ ਦੀ ਨਿਆਰੀ ਪਹਿਚਾਣ ਨੂੰ ਕਾਇਮ ਰੱਖ ਸਕੇ। ਜੁਝਾਰੂਆਂ ਦੇ ਹੋਮਲ਼ੈਂਡ ਦਾ ਮਤਲਬ ਭਾਈਚਾਰੇ ਦੀ ਭਾਵਨਾ ਨੂੰ ਮਜਬੂਤ ਕਰਕੇ ਸਮਾਜ ਨੂੰ ਇੱਕਜੁਟਤਾ ਅਤੇ ਅਜ਼ਾਦੀ ਦੀ ਭਾਵਨਾ ਨਾਲ ਸਰਸ਼ਾਰ ਕਰਨ ਦਾ ਹੁੰਦਾ ਹੈ।
ਜਦੋਂ ਕਿ ਫਾਸ਼ੀਵਾਦੀ, ਕੌਮੀ ਜਜਬੇ ਅਤੇ ਨੇਸ਼ਨ ਸਟੇਟ ਨੂੰ ਇੱਕ ਸੰਦ ਵੱਜੋਂ ਦੇਖਦੇ ਹਨ। ਉਨ੍ਹਾਂ ਲਈ ਕੌਮੀ ਜਜਬਾ ਅਤੇ ਨੇਸ਼ਨ ਸਟੇਟ ਤਾਕਤ ਦਾ ਸੋਮਾ (Power House) ਹੁੰਦਾ ਹੈ- ਹਥਿਆਰਾਂ ਦਾ ਅਜਿਹਾ ਭੰਡਾਰ ਜਿਸਨੂੰ ਉਹ ਆਪਣੀ ਇੱਛਾ, ਤਾਕਤ ਅਤੇ ਸੱਤਾ ਜਬਰੀ ਥੋਪਣ ਲਈ ਵਰਤਦੇ ਹਨ। ਇੱਥੇ ਵਿਅਕਤੀ ਦੀ ਨਿੱਜੀ ਅਜ਼ਾਦੀ ਦਾ ਕੋਈ ਸਬੰਧ ਨਹੀ ਸਭ ਕੁਝ ਨੇਸ਼ਨ-ਸਟੇਟ ਦੀ ਇੱਛਾ ਸ਼ਕਤੀ ਤੇ ਹੀ ਨਿਰਭਰ ਕਰਦਾ ਹੈ। ਨੇਸ਼ਨ ਦੀ ਨਾਗਰਿਕਤਾ ਫਾਸ਼ੀਵਾਦੀਆਂ ਲਈ ਕੋਈ ਅਰਥ ਨਹੀ ਰੱਖਦੀ। ਉਨ੍ਹਾਂ ਲਈ ਕਿਸੇ ਨਾਗਰਿਕ ਦੇ ਸਤਿਕਾਰ ਦੇ ਕੋਈ ਮਾਅਨੇ ਨਹੀ ਹੁੰਦੇ। ਫ਼ਾਸ਼ੀਵਾਦੀਆਂ ਦੀ ਨੇਸ਼ਨ ਸਟੇਟ ਦਾ ਮਤਲਬ ਕਿਸੇ ਇਖਲਾਕੀ ਉਚਤਾ ਦੇ ਮਾਡਲ ਰਾਹੀਂ ਕੌਮ ਦੀ ਪਹਿਚਾਣ ਸਥਾਪਤ ਕਰਨਾ ਨਹੀ ਹੁੰਦਾ ਬਲਕਿ ਸੱਤਾ ਦੀ ਨਿਰਕੁੰਸ਼ ਵਰਤੋਂ ਕਰਨ ਦਾ ਹੁੰਦਾ ਹੈ।
ਜੁਝਾਰੂ ਕੌਮਵਾਦੀ ਜਦੋਂ ਅਜ਼ਾਦ ਹੋ ਜਾਂਦੇ ਹਨ ਤਾਂ ਉਹ ਆਪਣੇ ਸਾਂਝੇ ਇਤਿਹਾਸ ਦੀ ਸਿਮਰਤੀ ਰਾਹੀਂ ਕੌਮੀ ਜਜਬੇ ਨੂੰ ਮਜਬੂਤ ਕਰਨ ਦਾ ਯਤਨ ਕਰਦੇ ਹਨ।
ਪਰ ਫਾਸ਼ੀਵਾਦੀਆਂ ਲਈ ਇਤਿਹਾਸ ਵੀ ਕਿਸੇ ਜਜਬੇ ਜਾਂ ਕੌਮੀ ਰੀਝ ਦੀ ਉਤਪਤੀ ਦਾ ਮਾਡਲ ਨਹੀ ਹੁੰਦਾ ਬਲਕਿ ਕਮਜ਼ੋਰ ਲੋਕਾਂ ਤੇ ਕੀਤੇ ਜਬਰ ਰਾਹੀਂ ਹਥਿਆਈ ਸੱਤਾ ਦੇ ਕਾਰਨਾਮਿਆਂ ਦਾ ਭੰਡਾਰ ਹੁੰਦਾ ਹੈ। ਤਾਕਤ ਦੀ ਕਮਜ਼ੋਰੀ ਤੇ ਜਿੱਤ, ਮੈਕਿਆਵਲੀ ਚਾਲਬਾਜ਼ੀ ਦੀ ਸਧਾਰਨਤਾ ਤੇ ਉਤਮਤਾ। ਸਿਆਣਪ, ਸੰਜਮ ਅਤੇ ਸੰਤੁਲਨ ਉਤੇ ਬੌਧਿਕ-ਵਧੀਕੀ ਦੀ ਜਿੱਤ।
ਜੁਝਾਰੂ ਜਿੱਥੇ ਆਪਣੇ ਹੋਮਲ਼ੈਂਡ ਨੂੰ ਰੁਹਾਨੀ ਨਜ਼ਰ ਨਾਲ ਦੇਖਦੇ ਅਤੇ ਅਤੇ ਇਸਦੀ ਪਵਿੱਤਰਤਾ ਨੂੰ ਉਸੇ ਭਾਵਨਾ ਨਾਲ ਬਹਾਲ ਰੱਖਣੀ ਚਾਹੁੰਦੇ ਹਨ ਦੂਜੇ ਪਾਸੇ ਫਾਸ਼ੀਵਾਦੀਆਂ ਲਈ ਸਟੇਟ ਮਹਿਜ਼ ਕਬਜੇ ਅਤੇ ਗੁਲਾਮੀ (Conquest and Enslavement) ਦਾ ਸੰਦ ਹੁੰਦੀ ਹੈ।
(Anthony Smith-Nationalism in Twentieth Century)
ਇਸ ਤਰ੍ਹਾਂ ਅਸੀਂ ਦੇਖ ਸਕਦੇ ਹਾਂ ਕਿ ਨੇਸ਼ਨ-ਸਟੇਟ ਦੇ ਸੰਦਰਭ ਵਿੱਚ ਇਹ ਬਹੁਤ ਹੀ ਕਰੂਰ ਇਤਿਹਾਸਕ ਹਕੀਕਤਾਂ ਸਾਡੇ ਸਾਹਮਣੇ ਹਨ।
ਅਰਜੁਨ ਅੱਪਾਦੁਰਾਈ ਨੇ ਆਖਿਆ ਹੈ ਕਿ ਸੰਕਟ ਉਦੋਂ ਖੜ੍ਹਾ ਹੁੰਦਾ ਹੈ ਜਦੋਂ ਬਹੁ ਕੌਮੀ ਮੁਲਕ ਨੂੰ ਸਟੇਟ ਦੀ ਫੌਜੀ ਸ਼ਕਤੀ ਰਾਹੀਂ ਇੱਕ-ਕੌਮੀ ਸਟੇਟ ਭਾਵ ਨੇਸ਼ਨ ਸਟੇਟ ਬਣਾਉਣ ਦਾ ਯਤਨ ਹੁੰਦਾ ਹੈ।
ਸਮਿੱਥ ਵੀ ਆਖਦਾ ਹੈ ਕਿ ਜਦੋਂ ਕਿਸੇ ਮੁਲਕ ਤੇ ਰਾਜ ਕਰ ਰਹੀ ਭਾਰੂ ਬਹੁਗਿਣਤੀ ਆਪਣੇ ਸਮੂਹ ਦੀ ਇਤਿਹਾਸਕ ਯਾਦ ਨੂੰ ਕੌਮੀ ਯਾਦ (National Memory) ਬਣਾ ਕੇ ਥੋਪਣ ਲੱਗ ਜਾਵੇ ਉਦੋਂ ਫਿਰ ਛੋਟੀਆਂ ਕੌਮਾਂ ਬਗਾਵਤ ਕਰ ਦੇਂਦੀਆਂ ਹਨ। ਖਾਸ ਕਰਕੇ ਜਦੋਂ ਛੋਟੀਆਂ ਕੌਮਾਂ ਦਾ ਆਪਣਾਂ ਜਾਂਬਾਜ ਇਤਿਹਾਸ ਹੋਵੇ। ਇਸ ਸੰਦਰਭ ਵਿੱਚ ਨੇਸ਼ਨ-ਸਟੇਟ ਦੇ ਖੁੰਖਾਰੂ ਖਾਸੇ ਨੂੰ ਸਮਝਣ ਦੀ ਲੋੜ ਹੈ ਅਤੇ ਸਿੱਖ ਸਟੇਟ ਦੇ ਭਵਿੱਖ ਬਾਰੇ ਕੋਈ ਯੋਜਨਾਬੱਧ ਡਾਕੂਮੈਂਟ ਲਿਆਉਣ ਦੀ ਲੋੜ ਹੈ। ਜੇ ਕਿਸੇ ਇਤਿਹਾਸਕਾਰ ਨੇ ਫਾਸ਼ੀ (ਭਾਰਤੀ) ਨੇਸ਼ਨ-ਸਟੇਟ ਦਾ ਕਿਰਦਾਰ ਸਾਹਮਣੇ ਲਿਆਂਦਾ ਹੈ ਤਾਂ ਹੁਣ ਸਾਰਾ ਭਾਰ ਉਸੇ ਤੇ ਹੀ ਨਾ ਪਾਇਆ ਜਾਵੇ। ਨੈਸ਼ਨਲਇਜ਼ਮ ਦੇ ਸਿੱਖ ਵਿਦਿਆਰਥੀਆਂ ਨੂੰ ਚਾਹੀਦਾ ਹੈ ਕਿ ਉਹ ਇਸ ਰੀਲੇਅ ਰੇਸ ਦਾ ਡੰਡਾ ਫੜਕੇ ਇਸ ਕਾਰਜ ਨੂੰ ਅੱਗੇ ਵਧਾਉਣ। ਨੈਸ਼ਨਲਇਜ਼ਮ ਦਾ ਅਧਿਆਇ ਕਿਸੇ ਇੱਕ ਅੱਧੇ ਵਿਦਵਾਨ ਜਾਂ ਇੱਕ ਅੱਧੀ ਕਿਤਾਬ ਦਾ ਮੁਥਾਜ ਨਹੀ ਹੈ। ਹਜਾਰਾਂ ਕਿਤਾਬਾਂ ਵੀ ਇਸਦੇ ਸਾਰੇ ਵਜੂਦ ਦੀ ਵਿਆਖਿਆ ਨਹੀ ਕਰ ਸਕਦੀਆਂ। ਸਾਨੂੰ ਇਸ ਪਾਸੇ ਸੁਹਿਰਦ ਯਤਨ ਕਰਨੇ ਚਾਹੀਦੇ ਹਨ।
ਸਭ ਤੋਂ ਪਹਿਲਾਂ ਤਾਂ ਨੇਸ਼ਨ-ਸਟੇਟ ਅਤੇ ਨੈਸ਼ਨਲ-ਸਟੇਟ ਦੇ ਖਾਸੇ ਨੂੰ ਸਮਝਣ ਦੀ ਕੋਸ਼ਿਸ਼ ਹੋਣੀ ਚਾਹੀਦੀ ਹੈ। ਉਸ ਤੋਂ ਬਾਅਦ ਭਵਿੱਖ ਦੀ ਸਿੱਖ ਸਟੇਟ ਬਾਰੇ ਸੋਚਿਆ ਜਾਣਾਂ ਚਾਹੀਦਾ ਹੈ।
ਸਮਿੱਥ ਆਖਦਾ ਹੈ ਕਿ ਕੋਈ ਕੌਮ ਮਹਿਜ਼ ਆਪਣੇ ਸਾਂਝੇ ਨਿਸ਼ਾਨ ਚਿੰਨ੍ਹਾਂ ਅਤੇ ਸਾਂਝੀਆਂ ਯਾਦਾਂ ਕਰਕੇ ਹੀ ਸੰਪੂਰਨ ਨਹੀ ਹੋ ਜਾਂਦੀ ਬਲਕਿ ਉਸਦੀ ਯਾਦ ਵਿੱਚ ਆਪਣੇ ਗਵਾਚੇ ਹੋਏ ਹੋਮਲ਼ੈਂਡ ਦੀ ਕਸਕ ਅਤੇ ਉਸ ਇਤਿਹਾਸਕ ਧਰਤੀ ਨਾਲ ਲਗਾਅ ਵੀ ਕੌਮੀ ਭਾਵਨਾ ਨੂੰ ਮਜਬੂਤ ਕਰਨ ਦਾ ਵੱਡਾ ਕਾਰਨ ਹੈ। ਇਹ ਸਾਂਝੀਆਂ ਯਾਦਾਂ ਅਤੇ ਸਾਂਝੇ ਦਰਦ ਕੌਮ ਦੀਆਂ ਅਗਲੀਆਂ ਪੀੜ੍ਹੀਆਂ ਦੇ ਨਾਅ ਇੱਕ ਅਜਿਹੀ ਬੰਨ੍ਹਵੀ ਵਿਰਾਸਤ ਕਰ ਦੇਂਦੀਆਂ ਹਨ ਜੋ ਉਨ੍ਹਾਂ ਨੂੰ ਔਕੜਾਂ ਵਿੱਚ ਰਾਹ ਦਿਖਾਉਂਦੀ ਰਹਿੰਦੀ ਹੈ।
ਸਮਿੱਥ ਆਖਦਾ ਹੈ ਕਿ, ਆਪਣੇ ਪੁਰਖਿਆਂ ਦੀ ਪਵਿੱਤਰ ਧਰਤੀ ਨਾਲ ਗਹਿਰਾ ਲਗਾਅ ਕੌਮ ਨੂੰ ਉਹ ਧਰਤੀ ਮੁੜ ਹਾਸਲ ਕਰ ਲੈਣ ਦੀ ਰੀਝ ਨਾਲ ਓਤਪੌਤ ਕਰ ਦੇਂਦਾ ਹੈ ਜਿੱਥੇ ਕੌਮ ਦੇ ਵੱਡੇ ਵਡੇਰਿਆਂ ਨੇ ਸੁਨਹਿਰਾ ਇਤਿਹਾਸ ਸਿਰਜਿਆ ਹੁੰਦਾ ਹੈ। ਆਪਣੇ ਹੋਮਲ਼ੈਂਡ ਨੂੰ ਰੱਬ ਵੱਲੋਂ ਬਖਸ਼ੀ ਦਾਤ ਸਮਝ ਕੇ ਵਿਚਰਨ ਵਾਲੀ ਕੌਮ ਦੇ ਮਨ ਵਿੱਚ ਇਹ ਅਹਿਸਾਸ ਮਜਬੂਤ ਹੋ ਜਾਂਦਾ ਹੈ ਕਿ ਇਹ ਨਿਆਰੀ ਧਰਤੀ ਪ੍ਰਮਾਤਮਾ ਨੇ ਆਪਣੇ ਖਾਸ ਚੁਣੇ ਹੋਏ ਲੋਕਾਂ ਲਈ ਬਖਸ਼ੀ ਹੈ। ਰੁਹਾਨੀ ਧਰਤੀ ਅਤੇ ਪਵਿੱਤਰ ਮਿੱਟੀ ਹੀ ਪ੍ਰਮਾਤਮਾ ਵੱਲੋਂ ਸਾਜੇ ਵਿਸ਼ੇਸ਼ ਲੋਕਾਂ ਦੇ ਅਨੁਕੂਲ ਹੋ ਸਕਦੀ ਹੈ। ਪ੍ਰਮਾਤਮਾ ਦੀ ਵਿਸ਼ੇਸ਼ ਔਲਾਦ ਉਸ ਧਰਤੀ ਤੇ ਹੀ ਵਸ ਸਕਦੀ ਹੈ ਜਿੱਥੇ ਉਨ੍ਹਾਂ ਦੇ ਮਾਤਾ ਪਿਤਾ ਵਸਦੇ ਰਹੇ ਸਨ, ਜਿੱਥੇ ਉਨ੍ਹਾਂ ਦੇ ਬਹਾਦਰ ਸੂਰਮੇ ਸੰਘਰਸ਼ ਕਰਦੇ ਰਹੇ ਸਨ, ਜਿੱਥੇ ਉਨ੍ਹਾਂ ਦੇ ਸੰਤ ਅਰਦਾਸਾਂ ਕਰਦੇ ਰਹੇ ਸਨ। ਉਹ ਮੈਦਾਨ, ਉਹ ਪਰਬਤ ਅਤੇ ਉਹ ਖੇਤ ਜਿੱਥੇ ਸਾਡੇ ਪੁਰਖਿਆਂ ਦਾ ਲਹੂ ਡੁੱਲ਼੍ਹਿਆ ਹੈ ਉਸ ਪਵਿਤਰ ਧਰਤ ਤੇ ਵਸਣਾਂ ਵਿਸ਼ੇਸ਼ ਲੋਕਾਂ ਦਾ ਅਧਿਕਾਰ ਬਣ ਜਾਂਦਾ ਹੈ।
(Anthony Smith-Myths and Memories of The Nation)
ਇਸ ਲਈ ਪ੍ਰਮਾਤਮਾ ਦੀ ਵਿਸ਼ੇਸ਼ ਔਲਾਦ ਦੇ ਮਨ ਵਿੱਚ ਜੇ ਆਪਣੇ ਗਵਾਚੇ ਹੋਮਲ਼ੈਂਡ ਨੂੰ ਪ੍ਰਾਪਤ ਕਰ ਲੈਣ ਦੀ ਕਸਕ ਹੈ ਤਾਂ ਉਸ ਵਿਸ਼ੇਸ਼ ਔਲਾਦ ਨੂੰ ਇਹ ਵੀ ਸਮਝ ਹੋਣੀ ਚਾਹੀਦੀ ਹੈ ਕਿ ਹੋਮਲ਼ੈਂਡ ਦੀ ਪ੍ਰਾਪਤੀ ਮਹਿਜ਼ ਸੱਤਾ ਅਤੇ ਸ਼ਕਤੀ ਹਥਿਆ ਲੈਣ ਲਈ ਹੀ ਕੀਤੀ ਹੈ ਜਾਂ ਵਾਹਿਗੁਰੂ ਵੱਲੋਂ ਬਖਸ਼ੀ ਕਿਸੇ ਰੁਹਾਨੀ ਜਿੰਮੇਵਾਰੀ ਨੂੰ ਨਿਭਾਉਣ ਲਈ।
ਅਸੀਂ ਸਮਝਦੇ ਹਾਂ ਕਿ ਸਿੱਖਾਂ ਵੱਲੋਂ ਹੋਮਲ਼ੈਂਡ ਪ੍ਰਾਪਤ ਕਰਨ ਦੀ ਕਸਰਤ ਆਮ ਦੁਨੀਆਂ ਵਾਂਗ ਆਪਣੀ ਚੌਧਰ ਚਲਾਉਣ ਦੇ ਨਿਸ਼ਾਨਿਆਂ ਨੂੰ ਨਹੀ ਪ੍ਰਣਾਈ ਹੋਈ ਬਲਕਿ ਵਾਹਿਗੁਰੂ ਜੀ ਦੇ ਕਿਸੇ ਵੱਡੇ ਰੁਹਾਨੀ ਮਿਸ਼ਨ ਨੂੰ ਸੰਪੂਰਨ ਕਰਨ ਲਈ ਲੱਗੀ ਹੋਈ ਡਿਉੂਟੀ ਹੈ। ਇਸ ਡਿਉੂਟੀ ਨੂੰ ਆਦਰਸ਼ਕ ਜੁਝਾਰੂ ਹੀ ਸਮਝ ਸਕਦੇ ਹਨ ਸੱਤਾ ਹਥਿਆਉਣ ਲਈ ਕਾਹਲੇ ਲੋਕ ਨਹੀ।
ਗੁਰਬਾਣੀ ਦਾ ਵੀ ਫੁਰਮਾਨ ਹੈ-
ਤਖਤਿ ਬਹੈ ਤਖਤੈ ਕੇ ਲਾਇਕੁ