ਸਿੱਖ ਪੰਥ ਦੀ ਮਹਾਨ ਧਾਰਮਕ ਅਤੇ ਸਿੱਖ ਪ੍ਰਭੂਸੱਤਾ ਦਾ ਪ੍ਰਤੀਕ ਸੰਸਥਾ ਸ੍ਰੀ ਅਕਾਲ ਤਖਤ ਸਾਹਿਬ ਦੇ ਮੁੱਖ ਸੇਵਾਦਾਰ, ਜਥੇਦਾਰ ਸਾਹਿਬ ਦੀ ਤਬਦੀਲੀ ਹੋ ਗਈ ਹੈ। ਸੰਸਥਾ ਦੇ ਦਸ ਸਾਲ ਤੱਕ ਜਥੇਦਾਰ ਰਹੇ ਗਿਆਨੀ ਗੁਰਬਚਨ ਸਿੰਘ ਨੇ ਗੰਭੀਰ ਵਿਵਾਦਾਂ ਵਿੱਚ ਘਿਰ ਜਾਣ ਤੋਂ ਬਾਅਦ ਅਸਤੀਫਾ ਦੇ ਦਿੱਤਾ ਹੈ ਅਤੇ ਹਾਲ ਦੀ ਘੜੀ, ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਭਾਈ ਹਰਪਰੀਤ ਸਿੰਘ ਨੂੰ, ਸ੍ਰੀ ਅਕਾਲ ਤਖਤ ਸਾਹਿਬ ਦਾ ਵਾਧੂ ਚਾਰਜ ਦੇ ਕੇ ਨਿਯੁਕਤ ਕਰ ਦਿੱਤਾ ਗਿਆ ਹੈ।

ਸ੍ਰੀ ਅਕਾਲ ਤਖਤ ਸਾਹਿਬ ਸਿੱਖਾਂ ਦੀ ਸਰਬ-ਉਚ ਸੰਸਥਾ ਹੈ ਜਿੱਥੇ ਬੈਠਕੇ ਸਿੱਖ ਪੰਥ ਆਪਣੀ ਧਾਰਮਕ, ਰਾਜਸੀ ਅਤੇ ਸਮਾਜੀ ਹੋਣੀ ਦੇ ਫੈਸਲੇ ਕਰਦਾ ਹੈ ਅਤੇ ਪੰਥ ਨੂੰ ਰੁਹਾਨੀ ਗੁਣਾਂ ਨਾਲ ਭਰਪੂਰ ਕਰਨ ਲਈ ਇਸੇ ਅਸਥਾਨ ਤੋਂ ਹੀ ਖਾਲਸਾ ਪੰਥ ਗੰਭੀਰ ਵਿਚਾਰ ਵਟਾਂਦਰੇ ਤੋਂ ਬਾਅਦ ਫੈਸਲੇ ਲ਼ੈਂਦਾ ਹੈ। ਸ੍ਰੀ ਅਕਾਲ ਤਖਤ ਸਮੇਤ ਸਿੱਖਾਂ ਦੇ ਪੰਜ ਤਖਤ ਸਾਹਿਬਾਨ ਉਤੇ ਜਿੰਮੇਵਾਰੀ ਨਿਭਾਉਣ ਵਾਲੇ ਸੱਜਣਾਂ ਦੇ ਸਿਰ ਇਸ ਸਥਿਤੀ ਵਿੱਚ ਬਹੁਤ ਵੱਡੀ ਜਿੰਮੇਵਾਰੀ ਆ ਜਾਂਦੀ ਹੈ। ਸਿਰਫ ਹੁਣ ਤੋਂ ਹੀ ਨਹੀ ਜਦੋਂ ਤੋਂ ਸ੍ਰੀ ਅਕਾਲ ਤਖਤ ਸਾਹਿਬ ਦੀ ਸਥਾਪਨਾ ਹੋਈ ਹੈ ਇੱਥੇ ਸੇਵਾ ਨਿਭਾਉਣ ਵਾਲੇ ਗੁਰੂ ਦੇ ਸਿੱਖ, ਇਖਲਾਕੀ ਪੱਖੋਂ ਏਨੇ ਪਵਿੱਤਰ, ਮਜਬੂਤ ਅਤੇ ਉਚੀ ਸੁਰਤ ਵਾਲੇ ਹੁੰਦੇ ਸਨ ਕਿ ਉਹ ਕੌਮ ਲਈ ਇੱਕ ਰਾਹ ਦਰਸਾਵੇ ਦੇ ਤੌਰ ਤੇ ਵਿਚਰਦੇ ਸਨ।

ਸਿੱਖ ਕੌਮ, ਗੁਰੂ ਸਾਹਿਬਾਨ ਤੋਂ ਬਾਅਦ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਬਹੁਤ ਪਵਿੱਤਰ ਦਰਜਾ ਦੇਂਦੀ ਰਹੀ ਹੈ। ਤਖਤ ਸਾਹਿਬ ਦੇ ਜਥੇਦਾਰ ਦਾ ਇੱਕ ਇੱਕ ਬੋਲ ਅਤੇ ਇੱਕ ਇੱਕ ਕਰਮ ਸਿੱਖਾਂ ਲਈ ਰੋਲ ਮਾਡਲ ਰਿਹਾ ਹੈ। ਕੌਮ ਆਪਣੇ ਤਖਤ ਦੇ ਜਥੇਦਾਰ ਸਾਹਿਬਨ ਦੇ ਇੱਕ ਬੋਲ ਤੇ ਆਪਣੀਆਂ ਜਾਨਾਂ ਨਿਛਾਵਰ ਕਰਨ ਦੇ ਪ੍ਰਣ ਲ਼ੈਂਦੀ ਰਹੀ ਹੈ। ਜਥੇਦਾਰ ਸਾਹਿਬਾਨ ਦਾ ਆਪਣਾਂ ਨਿੱਜੀ ਜੀਵਨ ਏਨਾ ਰੁਹਾਨੀ ਹੋਣਾਂ ਚਾਹੀਦਾ ਹੈ ਕਿ ਉਹ ਜਿਸ ਸੰਸਥਾ ਦੀ ਸੇਵਾ ਨਿਭਾ ਰਹੇ ਹਨ ਉਸ ਸੰਸਥਾ ਦਾ ਮਾਣ, ਵਕਾਰ ਅਤੇ ਰੁਹਾਨੀ ਉਚਤਾ ਵੀ ਜਥੇਦਾਰ ਸਾਹਿਬਾਨ ਦੇ ਸਿਦਕੀ ਜੀਵਨ ਦੇ ਜਲ਼ੌਅ ਨਾਲ ਹੀ ਕਾਇਮ ਰਹਿ ਸਕਦੀ ਹੈ।

ਪਰ ਦੁਖ ਨਾਲ ਕਹਿਣਾਂ ਪੈ ਰਿਹਾ ਹੈ ਕਿ ਬਹੁਤ ਲੰਬੇ ਸਮੇਂ ਤੋਂ ਸ੍ਰੀ ਅਕਾਲ ਤਖਤ ਸਾਹਿਬ ਸਮੇਤ ਹੋਰਨਾਂ ਤਖਤਾਂ ਦੇ ਜਥੇਦਾਰ ਇਖਲਾਕੀ ਤੌਰ ਤੇ ਏਨੇ ਨਿਤਾਣੇ ਅਤੇ ਨੀਵੇਂ ਹੋ ਗਏ ਹਨ ਕਿ ਉਹ ਟਕੇ ਟਕੇ ਦੇ ਰਾਜਸੀ ਨੇਤਾਵਾਂ ਦੀ ਚਾਕਰੀ ਕਰਨ ਨੂੰ ਹੀ ਆਪਣੀ ਜਿੰਮੇਵਾਰੀ ਸਮਝ ਬੈਠੇ ਹਨ। ਇਸ ਵੇਲੇ ਸਿੱਖ ਤਖਤਾਂ ਦ ਜਥੇਦਾਰਾਂ ਦੇ ਜੀਵਨ ਵਿੱਚੋਂ ਕਿਸੇ ਰੁਹਾਨੀ ਜਲ਼ੌਅ ਦੇ ਦਰਸ਼ਨ ਨਹੀ ਹੁੰਦੇ ਬਲਕਿ ਉਹ ਭਾਰਤੀ ਸਿਆਸੀ ਮਾਡਲ ਵਿੱਚ ਵਿਚਰ ਰਹੇ ਭ੍ਰਿਸ਼ਟ ਸਿਆਸੀ ਲੀਡਰਾਂ ਦੀ ਤਰਜ਼ੇ-ਜਿੰਦਗੀ ਉਤੇ ਮੋਹਿਤ ਹੋਏ ਪਏ ਹਨ। ਗੁਰੂ ਦਾ ਭਾਓ ਅਤੇ ਭਾਵਨੀ ਹੁਣ ਸਾਡੇ ਤਖਤਾਂ ਦੇ ਸੇਵਾਦਾਰਾਂ ਦੇ ਜੀਵਨ ਵਿੱਚੋਂ ਨਹੀ ਝਲਕਦਾ। ਉਨ੍ਹਾਂ ਦਾ ਹਰ ਕਰਮ ਅਤੇ ਹਰ ਕਦਮ ਝੂਠ, ਫਰੇਬ, ਦਗੇਬਾਜ਼ੀ, ਭ੍ਰਿਸ਼ਟਾਚਾਰ ਅਤੇ ਸਿਆਸੀ ਹਵਸ ਨਾਲ ਭਰਪੂਰ ਹੈ। ਦੁਖ ਨਾਲ ਕਹਿਣਾਂ ਪੈ ਰਿਹਾ ਹੈ ਕਿ ਸਾਡੇ ਜਥੇਦਾਰਾਂ ਨੇ ਤਖਤ ਸਾਹਿਬ ਦੀ ਸੇਵਾ ਨੂੰ ਪੈਸਾ ਬਣਾਉਣ ਦਾ ਜਰੀਆ ਸਮਝ ਲ਼ਿਆ ਹੈ। ੧੯੯੯ ਤੋਂ ਬਾਅਦ ਇੱਕ ਬੇਈਮਾਨ ਸਿਆਸੀ ਪਰਿਵਾਰ ਨੇ ਜਿੰਨੇ ਵੀ ਜਥੇਦਾਰ ਤਖਤ ਸਾਹਿਬ ਦੇ ਨਿਯੁਕਤ ਕੀਤੇ ਹਨ ਉਹ ਸਾਰੇ ਹੀ ਪੁੱਜ ਕੇ ਬੇਈਮਾਨ ਸਨ ਜਿਨ੍ਹਾਂ ਨੇ ਤਖਤ ਸਾਹਿਬ ਦੀ ਪਵਿੱਤਰ ਮਾਨ-ਮਰਿਆਦਾ ਨੂੰ ਬਹੁਤ ਵੱਟਾ ਲਾਇਆ। ਇਨ੍ਹਾਂ ੨੦ ਸਾਲ਼ਾਂ ਦੌਰਾਨ ਸਿੱਖਾਂ ਨੇ ਰੁਹਾਨੀ, ਧਾਰਮਕ ਅਤੇ ਇਖਲਾਕੀ ਤੌਰ ਤੇ ਜੋ ਨੁਕਸਾਨ ਉਠਾਇਆ ਹੈ ਇਸ ਵਿੱਚ ਵੱਡੀ ਜਿੰਮੇਵਾਰੀ ਸਾਡੇ ਤਖਤ ਸਾਹਿਬਾਨ ਦੇ ਜਥੇਦਾਰਾਂ ਦੀ ਰਹੀ ਹੈ। ਏਨੇ ਕਮਜੋਰ ਅਤੇ ਨਿਤਾਣੇ ਲੋਕ ਉਸ ਮਹਾਨ ਸੰਸਥਾ ਤੇ ਆਨ ਕੇ ਥੋਪ ਦਿੱਤੇ ਗਏ ਜਿਨ੍ਹਾਂ ਨੇ ਕੌਮ ਦਾ ਮਣਾਂਮੂੰਹੀ ਨੁਕਸਾਨ ਕਰ ਦਿੱਤਾ ਹੈ।

ਅੱਜ ਸਾਡੀ ਕੌਮ ਦੀ ਹਾਲਤ ਇਹ ਬਣ ਗਈ ਹੈ ਕਿ ਇੱਕ ਭ੍ਰਿਸ਼ਟ ਰਾਜਸੀ ਪਰਿਵਾਰ, ਭਾਰਤੀ ਸਟੇਟ ਦੀ ਸ਼ਹਿ ਤੇ ਸਿੱਖਾਂ ਦੇ ਧਰਮ ਦੀ ਵਿਆਖਿਆ ਕਰਨ ਦੀ ਵੀ ਹਿਮਾਕਤ ਕਰਨ ਲ਼ੱਗ ਪਿਆ ਹੈ। ਸਿਆਸੀ ਸੱਤਾ ਦੇ ਲੋਰ ਵਿੱਚ ਉਹ ਪਰਿਵਾਰ ਜਿੱਥੇ ਤਖਤ ਸਾਹਿਬਾਨ ਨੂੰ ਕਮਜ਼ੋਰ ਕਰ ਰਿਹਾ ਹੈ ਉਥੇ ਸਿੱਖ ਵਿਰੋਧੀ ਤਾਕਤਾਂ ਨੂੰ ਲਗਾਤਾਰ ਮਜਬੂਤ ਕਰ ਰਿਹਾ ਹੈ।

ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੀ ਸ਼੍ਰੋਮਣੀ ਕਮੇਟੀ ਦੁਆਰਾ ਕੀਤੀ ਨਿਯੁਕਤੀ ਅਸਲ ਵਿੱਚ ਸਿੱਖ ਪਰੰਪਰਾਵਾਂ ਅਨੁਸਾਰ ਠੀਕ ਨਹੀ ਹੈ। ਸਿੱਖ ਰਵਾਇਤਾਂ ਦਾ ਉਸ ਪੱਛਮੀ ਕਿਸਮ ਦੇ ਜਮਹੂਰੀ ਢਾਂਚੇ ਨਾਲ ਕੋਈ ਮੇਲ ਨਹੀ ਹੈ ਜੋ ਸਿਰਫ ਅਤੇ ਸਿਰਫ ਭ੍ਰਿਸਟ ਲੋਕਾਂ ਦੀ ਫੌਜ ਪੈਦਾ ਕਰ ਰਿਹਾ ਹੈ।

ਸਿੱਖ ਕੌਮ ਨੂੰ ਸਮਝ ਲ਼ੈਣਾਂ ਚਾਹੀਦਾ ਹੈ ਕਿ ਜਿੰਨੀ ਛੇਤੀ ਉਹ ਸ਼੍ਰੋਮਣੀ ਕਮੇਟੀ ਦੇ ਮੁਲਾਜਮ ਬਣਾ ਕੇ ਆਪਣੇ ਤਖਤਾਂ ਦੇ ਜਥੇਦਾਰਾਂ ਦੀ ਨਿਯੁਕਤੀ ਪਰਵਾਨ ਕਰਦੀ ਰਹੇਗੀ ਉਨੀ ਦੇਰ ਤੱਕ ਸਿੱਖਾਂ ਦੇ ਇਖਲਾਕ ਨੂੰ ਲ਼ੱਗ ਰਿਹਾ ਖੋਰਾ ਰੁਕੇਗਾ ਨਹੀ। ਗੁਰਬਚਨ ਸਿੰਘ ਦੇ ਚਲੇ ਜਾਣ ਨਾਲ ਸਿੱਖਾਂ ਦੀ ਹਾਲਤ ਨਹੀ ਸੁਧਰੇਗੀ। ਬਲਕਿ ਉਸ ਢਾਚੇ ਨੂੰ ਤਹਿਸ-ਨਹਿਸ ਕਰਨ ਨਾਲ ਹੀ ਕੌਮੀ ਇਖਲਾਕ ਬੁਲੰਦ ਹੋਵੇਗਾ ਜੋ ਬਾਦਲਸ਼ਾਹੀ ਨੂੰ ਕੌਮ ਦੇ ਧਾਰਮਕ ਮੰਡਲ ਉਤੇ ਥੋਪ ਰਿਹਾ ਹੈ।

ਇਸ ਤੋਂ ਬਿਨਾ ਤਖਤ ਸਾਹਿਬਾਨ ਦੇ ਜਥੇਦਾਰ ਆਪਣੀ ਜਿੰਮੇਵਾਰੀ ਅਜ਼ਾਦੀ ਨਾਲ ਨਹੀ ਨਿਭਾ ਸਕਣਗੇ।