ਵਿਸ਼ਵ ਸਿਹਤ ਸੰਗਠਨ ਵੱਲੋਂ ਦੁਨੀਆਂ ਦੇ ਅਤਿ ਗੰਭੀਰ ਵੱਧ ਰਹੀ ਆਬਾਦੀ ਦੇ ਵਿਸ਼ੇ ਨੂੰ ਮੁੱਖ ਰੱਖਦਿਆਂ ੧੧ ਜੁਲਾਈ ੧੯੮੭ ਨੂੰ ਵਿਸ਼ਵ ਅੰਦਰ ਅਬਾਦੀ ਦਿਵਸ ਵਜੋਂ ਮਨਾਉਣ ਦਾ ਸੰਕਲਪ ਲਿਆ ਗਿਆ ਸੀ। ਉਸ ਵਕਤ ਵਿਸ਼ਵ ਦੀ ਕੁੱਲ ਆਬਾਦੀ ੫ ਅਰਬ ਦੇ ਕਰੀਬ ਸੀ ਜੋ ਕਿ ਹੁਣ ਵਧ ਕਿ ੭ ਅਰਬ ਦੇ ਕਰੀਬ ਪਹੁੰਚ ਚੁੱਕੀ ਹੈ।

ਹਰ ਸਾਲ ਵਿਸ਼ਵ ਅੰਦਰ ੭.੮ ਕਰੋੜ ਅਬਾਦੀ ਵਿੱਚ ਵਾਧਾ ਹੁੰਦਾ ਹੈ ਅੱਜ ਦੁਨੀਆਂ ਅੰਦਰ ਸਭ ਤੋਂ ਅਹਿਮ ਵਿਸ਼ਾ ਵਧ ਰਹੀ ਬੇਰੋਕ ਅਬਾਦੀ ਹੀ ਹੈ। ਇਸੇ ਤਰਾਂ ਜੇ ਭਾਰਤ ਅੰਦਰ ਝਾਤ ਮਾਰੀਏ ਤਾਂ ਅੱਜ ਸਭ ਤੋਂ ਵੱਡੀ ਸਮੱਸਿਆ ਜੋ ਅਤਿ ਗੰਭੀਰ ਹੈ ਉਹ ਵੱਧ ਰਹੀ ਬੇਰੋਕ ਅਬਾਦੀ ਹੀ ਹੈ। ੨੦੧੧ ਦੇ ਮਰਦਮ-ਸੁਮਾਰੀ ਅਨੁਸਾਰ ਭਾਰਤ ਦੀ ਕੁੱਲ ਅਬਾਦੀ ੧ ਅਰਬ ੨੧ ਕਰੋੜ ਸੀ। ਇਸ ਵਿੱਚ ਅੱਜ ਦੇ ਅੰਕੜਿਆ ਮੁਤਾਬਕ ਹਰੇਕ ਮਿੰਟ ਅੰਦਰ ੫੫ ਬੱਚਿਆਂ ਦਾ ਜਨਮ ਹੁੰਦਾ ਹੈ ਜੋ ਕਿ ਦੁਨੀਆਂ ਵਿੱਚ ਸਭ ਤੋਂ ਵਧੇਰੇ ਹੈ। ਇਸੇ ਕਰਕੇ ਭਾਰਤ ਅੰਦਰ ਹਰ ਸਾਲ ਅਬਾਦੀ ਪੱਖੋਂ ਇੱਕ ਨਵਾਂ ਆਸਟਰੇਲੀਆਂ ਆ ਖੜਾ ਹੁੰਦਾ ਹੈ। ਜਦਕਿ ਭਾਰਤ ਦਾ ਕੁੱਲ ਖੇਤਰਫਲ ਦੁਨੀਆਂ ਦੇ ਹਿਸਾਬ ਨਾਲ ੨.੪ ਫੀਸਦੀ ਹੈ ਤੇ ਕੁਦਰਤੀ ਵਸੀਲੇ ੧.੫ ਫੀਸਦੀ ਹਨ। ਭਾਰਤ ਵਿੱਚ ਹਰ ਵਰਗ ਕਿਲੋਮੀਟਰ ਅੰਦਰ ੩੬੮ ਬੰਦੇ ਆਉਂਦੇ ਹਨ ਜਦਕਿ ਚੀਨ ਵਿੱਚ ੧੩੯ ਰੂਸ ਵਿੱਚ ਅੱਠ ਕਨੇਡਾ ਵਿੱਚ ਚਾਰ ਤੇ ਆਸਟਰੇਲੀਆਂ ਵਿੱਚ ਤਿੰਨ ਬੰਦੇ ਆਉਂਦੇ ਹਨ। ਇੰਨਾ ਮੁਲਕਾਂ ਦਾ ਖੇਤਰਫਲ ਤੇ ਕੁਦਰਤੀ ਵਸੀਲੇ ਭਾਰਤ ਨਾਲੋਂ ਕਈ ਗੁਣਾ ਵਧੇਰੇ ਹਨ। ਭਾਰਤ ਦੀ ਇਸ ਬੇਰੋਕ ਆਬਾਦੀ ਨੂੰ ਭੁੱਖਮਰੀ ਤੋਂ ਬਚਾਉਣ ਲਈ ਉਪਜਾਊ ਅਨਾਜ ਚਾਰ ਫੀਸਦੀ ਦੀ ਦਰ ਨਾਲ ਵਧਾਉਣਾ ਪੈਣਾ ਹੈ ਜੋ ਕਿ ਅੱਜ ਦੇ ਹਾਲਾਤ ਮੁਤਾਬਕ ਅਸੰਭਵ ਜਾਪਦਾ ਹੈ। ਇਸ ਤੋਂ ਵੀ ਗੰਭੀਰ ਸਮਸਿਆ ਇਹ ਹੈ ਕਿ ਇਸ ਅਬਾਦੀ ਦੇ ਮੁੱਖ ਵਿਸ਼ੇ ਪ੍ਰਤੀ ਦੇਸ਼ ਦੇ ਰਾਜਨੀਤੀਵਾਨ ਸਮਾਜਿਕ ਅਤੇ ਧਾਰਮਿਕ ਸ਼ਖਸ਼ੀਅਤਾਂ ਬਿਲਕੁੱਲ ਨਾਵਾਕਫ ਬਣੀਆਂ ਹੋਈਆਂ ਹਨ ਤਾਂ ਹੀ ਤਾਂ ਇਸ ਵੱਧ ਰਹੀ ਆਬਾਦੀ ਦੇ ਵਿਸ਼ੇ ਪ੍ਰਤੀ ਕਿਸੇ ਤਰਾਂ ਦੀ ਵੀ ਕੋਈ ਯੋਜਨਾਂ ਜਾਂ ਪ੍ਰੋਗਰਾਮ ਨਹੀਂ ਉਲੀਕਿਆ ਗਿਆ ਹੈ ਅਤੇ ਨਾ ਹੀ ਕਿਸੇ ਰਾਜਨੀਤਿਕ ਪਾਰਟੀ ਨੇ ਆਪਣੇ ਮਨੋਰਥ ਪੱਤਰ ਵਿੱਚ ਇਸ ਵਿਸ਼ੇ ਪ੍ਰਤੀ ਕੋਈ ਉਪਰਾਲਾ ਸਾਹਮਣੇ ਲਿਆਂਦਾ ਹੈ।

ਅੱਜ ਭਾਰਤ ਅੰਦਰ ਇਸ ਵੱਧ ਰਹੀ ਆਬਾਦੀ ਕਾਰਨ ਅੰਤਾਂ ਦੀ ਭੁੱਖਮਰੀ ਹੈ। ਪ੍ਰਦੂਸ਼ਣ ਨੇ ਮਨੁੱਖੀ ਜੀਵਨ ਨੂੰ ਤਹਿਸ਼-ਨਹਿਸ਼ ਕਰ ਦਿੱਤਾ ਹੈ। ਹਰ ਇੱਕ ਕੁਦਰਤੀ ਸਰੋਤ ਇਸ ਵਧੇ ਹੋਏ ਪ੍ਰਦੂਸ਼ਣ ਕਾਰਨ ਹਰ ਪੱਖੋਂ ਭਰਿਸ਼ਟ ਹੋ ਚੁੱਕਿਆ ਹੈ। ਇਕੱਲੇ ਭਾਰਤ ਦੀ ਰਾਜਧਾਨੀ ਦਾ ਹੀ ਜ਼ਿਕਰ ਕਰ ਲਈਏ ਤਾਂ ਉਸਦੇ ਆਲੇ ਦੁਆਲੇ ਫੈਲੀਆਂ ਝੁੱਗੀਆਂ ਵਿੱਚ ਇੱਕ ਲੱਖ ਤੋਂ ਵੀ ਵਧੇਰੇ ਬੱਚੇ ਸੜਕਾਂ ਤੇ ਭਿਖਾਰੀ ਬਣੇ ਖੜੇ ਹਨ। ਇਸੇ ਤਰਾਂ ਜੇ ਸੜਕਾਂ ਦੇ ਕਿਨਾਰਿਆਂ ਤੇ ਝਾਤ ਮਾਰੀਏ ਤਾਂ ਵਧੀ ਹੋਈ ਆਬਦੀ ਕਾਰਨ ਥਾਂ ਥਾਂ ਕੂੜੇ ਕਰਕਟ ਦੇ ਪਹਾੜ ਦਿਖਾਈ ਦੇ ਰਹੇ ਹਨ। ਜਿਸ ਕਾਰਨ ਭਾਰਤ ਦੇ ਪ੍ਰਧਾਨ ਮੰਤਰੀ ਵੱਲੋਂ ਉਲੀਕੀ ਸਵੱਛ ਭਾਰਤ ਦੀ ਯੋਜਨਾਂ ਦਮ ਤੋੜਦੀ ਨਜ਼ਰ ਆ ਰਹੀ ਹੈ। ਭਾਰਤ ਵਿੱਚ ਮੁੱਖ ਕੰਮ ਦਾ ਵਸੀਲਾ ਖੇਤੀਬਾੜੀ ਤੇ ਨਿੱਤ ਦਿਨ ਦੀ ਮਜ਼ਦੂਰੀ ਹੀ ਹੈ ਭਾਵੇਂ ਕਿੰਨੇ ਵੀ ਨਿਪੁੰਨ ਭਾਰਤ ਦੇ ਨਾਅਰੇ ਉਲੀਕੇ ਜਾ ਚੁੱਕੇ ਹਨ। ਇਸੇ ਵਧੀ ਅਬਾਦੀ ਦੇ ਕਾਰਨ ਸ਼ਹਿਰਾਂ ਦੇ ਚੁਰਾਹਿਆਂ ਤੇ ਜੇ ਨਜ਼ਰ ਮਾਰੀਏ ਤਾਂ ਦਿਹਾੜੀ ਵਾਲੇ ਮਜ਼ਦੂਰਾਂ ਦੀਆਂ ਭੀੜਾਂ ਨਜਰ ਆਉਂਦੀਆਂ ਹਨ ਜਿਨਾਂ ਵਿਚੋਂ ਅਸੀਂ ਫੀਸਦੀ ਕੰਮ ਤੋਂ ਵਿਹੂਣੇ ਹੋ ਕੇ ਨਿਰਾਸ਼ਤਾ ਦੇ ਆਲਮ ਵਿੱਚ ਭੁੱਖੇ ਢਿੱਡ ਸੌਣ ਲਈ ਮਜਬੂਰ ਹਨ। ਇਸੇ ਵਧੀ ਆਬਾਦੀ ਕਾਰਨ ਹੀ ਅੱਜ ਭਾਰਤ ਅੰਦਰ ਲੱਖਾਂ ਦੀ ਤਾਦਾਦ ਵਿੱਚ ਭਾਵੇਂ ਲੋਕੀਂ ਹਰ ਸਾਲ ਡਿਗਰੀਆਂ ਲੈ ਕੇ ਨਿਕਲਦੇ ਹਨ ਪਰ ੧੦੦ ਬੰਦੇ ਪਿੱਛੇ ਸਿਰਫ ਪੰਜ ਜਣਿਆਂ ਨੂੰ ਹੀ ਕੋਈ ਲੋੜਬੰਦ ਰੁਜਗਾਰ ਹਾਸਲ ਹੁੰਦਾ ਹੈ। ਇਸੇ ਕਰਕੇ ਹੀ ਅੱਜ ਭਾਰਤ ਅੰਦਰ ਅੱਤ ਦੀ ਬੇਰੁਜਗਾਰੀ ਹੈ। ਇਸ ਬੇਰੁਜਗਾਰੀ ਕਰਕੇ ਹੀ ਭਾਰਤ ਦਾ ਨੌਜਵਾਨ ਵਰਗ ਲੱਖਾਂ ਦੀ ਤਾਦਾਦ ਵਿੱਚ ਹਰ ਸਾਲ ਆਪਣੇ ਮੁਲਕ ਨੂੰ, ਪਿੰਡਾਂ, ਸ਼ਹਿਰਾਂ ਤੇ ਪਰਿਵਾਰਾਂ ਨੂੰ ਛੱਡ ਕੇ ਵਿਦੇਸ਼ਾਂ ਵਿੱਚ ਦਿਹਾੜੀ ਤੇ ਹੋਰ ਨਿੱਕੇ ਮੋਟੇ ਕੰਮਾਂ ਦੀ ਤਲਾਸ ਵਿੱਚ ਫਿਰ ਰਿਹਾ ਹੈ। ਅੱਜ ਲੋੜ ਹੈ ਭਾਰਤ ਦੇ ਰਾਜਨੀਤੀਵਾਨਾਂ ਨੂੰ ਕਿ ਇਸ ਅਬਾਦੀ ਦੀ ਗੰਭੀਰ ਸਮੱਸਿਆਂ ਪ੍ਰਤੀ ਆਪਣੇ ਸਮਾਜ ਨੂੰ ਸਿਖਿਅਤ ਕਰਕੇ ਸਮਝਾਇਆ ਜਾਵੇ ਕਿ ਇੱਕ ਤੋਂ ਵਧੇਰੇ ਬੱਚਾ ਪਰਿਵਾਰ ਵਿੱਚ ਪੈਦਾ ਨਾ ਕੀਤਾ ਜਾਵੇ ਤੇ ਹਰੇਕ ਕੇਂਦਰੀ ਤੇ ਸੂਬਾ ਸਰਕਾਰਾਂ ਦੀਆਂ ਜੋ ਗਰੀਬੀ ਰੇਖਾਂ ਤੋਂ ਹੇਠਾਂ ਲੋਕਾਂ ਲਈ ਤੇ ਹੋਰ ਲੋਕਾਂ ਲਈ ਜੋ ਸਕੀਮਾਂ ਸਮਾਜ ਦੇ ਬਿਹਤਰੀ ਲਈ ਉਲੀਕੀਆਂ ਗਈਆਂ ਹਨ ਉਹ ਸਿਰਫ ਉਨਾਂ ਲੋਕਾਂ ਨੂੰ ਹੀ ਉਪਲਬਧ ਹੋਣ ਜਿੰਨਾ ਦੇ ਪਰਿਵਾਰ ਵਿੱਚ ਸਿਰਫ ਇੱਕ ਬੱਚਾ ਹੀ ਹੈ। ਇਸੇ ਤਰਾਂ ਇਸ ਅਬਾਦੀ ਦੀ ਗੰਭੀਰ ਸਮੱਸਿਆ ਨੂੰ ਠੱਲ ਪਾਉਣ ਲਈ ਜਾਗਰੂਕਤਾ ਮੁੰਹਿਮ ਚਲਾ ਕੇ ਸਮਾਜ ਨੂੰ ਚੇਤੰਨ ਕੀਤਾ ਜਾਵੇ ਤਾਂ ਜੋ ਇਸ ਵਧ ਰਹੀ ਅਬਾਦੀ ਦੀ ਗੰਭੀਰ ਸਮੱਸਿਆਂ ਨੂੰ ਨਜਿੱਠਿਆ ਜਾ ਸਕੇ। ਇਹੀ ਵਿਸ਼ਵ ਅਬਾਦੀ ਦਿਵਸ ਦਾ ਮੁੱਖ ਸੁਨੇਹਾ ਹੈ।