ਪਿਛਲੇ ਕਰੀਬ ਦੋ ਸਾਲਾਂ ਤੋਂ ਪੰਜਾਬ ਅੰਦਰ ਜੋ ਨੌ ਸਿਆਸੀ ਕਤਲ ਹੋਏ ਹਨ, ਉਹ ਕਾਫੀ ਚਿਰ ਤੋਂ ਚਰਚਾ ਦਾ ਵਿਸ਼ਾ ਬਣੇ ਹੋਏ ਹਨ। ਕਿਉਂਕਿ ਇੰਨਾ ਵਿਚੋਂ ਬਹੁਤੇ ਸਿਆਸੀ ਕਤਲ ਹੋਏ ਬੰਦੇ ਹਿੰਦੂ ਧਰਮ ਨਾਲ ਜੁੜੇ ਕੱਟੜਵਾਦੀ ਸਮੂਹ ਦੇ ਨਾਲ ਸਬੰਧਤ ਕਾਰਕੁੰਨ ਸਨ। ਪਰ ਇੰਨਾ ਵਿਚੋਂ ਇੱਕ ਇਸਾਈ ਪਾਦਰੀ ਦਾ ਵੀ ਕਤਲ ਹੋਇਆ ਹੈ ਤੇ ਦੂਸਰਾ ਨਾਮਧਾਰੀ ਸੰਸਥਾ ਨਾਲ ਜੁੜੇ ਮਾਤਾ ਚੰਦ ਕੌਰ ਦਾ ਵੀ ਕਤਲ ਹੋਇਆ ਹੈ। ਇੰਨਾ ਵਿਚੋਂ ਕੁਝ ਕਤਲਾਂ ਦੇ ਮਾਮਲੇ ਜਨਤਕ ਦਬਾਅ ਕਾਰਨ ਸੂਬਾ ਸਰਕਾਰਾਂ ਵੱਲੋਂ ਕੇਂਦਰ ਜਾਂਚ ਏਜੰਸੀਆਂ ਨੂੰ ਵੀ ਸੌਂਪੇ ਗਏ ਹਨ। ਇਹ ਸਿਆਸੀ ਕਤਲਾਂ ਦਾ ਸਿਲਸਿਲਾ ਪੁਰਾਣੀ ਸੂਬਾ ਸਰਕਾਰ ਦੇ ਸਮੇਂ ਤੋਂ ਸ਼ੁਰੂ ਹੋਇਆ ਸੀ ਅਤੇ ਲਗਾਤਾਰ ਪਿਛਲੇ ਮਹੀਨੇ ਅਕਤੂਬਰ ਤੱਕ ਮੌਜੂਦਾ ਸਰਕਾਰ ਤੱਕ ਜਾਰੀ ਹੈ। ਇੰਨਾ ਵਿਚੋਂ ਸੱਤ ਸਿਆਸੀ ਕਤਲ ਲੁਧਿਆਣਾ ਜਿਲ੍ਹਾ ਵਿੱਚ ਹੀ ਹੋਏ ਹਨ ਅਤੇ ਜਿੰਨਾ ਵਿੱਚ ਇਕੋ ਤਰਾਂ ਦਾ ਸਿਲਸਿਲਾ ਅਤੇ ਹਥਿਆਰ ਵਰਤੇ ਗਏ ਪੁਲੀਸ ਜਾਂਚ ਅਨੁਸਾਰ ਦੱਸੇ ਜਾਂਦੇ ਹਨ। ਹੁਣ ਅਚਨਚੇਤ ਹੀ ਕੁਝ ਦਿਨ ਪਹਿਲਾਂ ਪੰਜਾਬ ਸਰਕਾਰ ਦੇ ਮੁੱਖ ਮੰਤਰੀ ਅਤੇ ਮੌਜੂਦਾ ਪੁਲੀਸ ਦੇ ਮੁਖੀ ਜੋ ਕਿ ਪਿਛਲੀ ਸਰਕਾਰ ਵੇਲੇ ਵੀ ਪੰਜਾਬ ਪੁਲੀਸ ਦੇ ਮੁਖੀ ਸਨ, ਨੇ ਇੱਕ ਪ੍ਰੈਸ ਮਿਲਣੀ ਦੌਰਾਨ ਇਹ ਦਾਅਵਾ ਕੀਤਾ ਹੈ ਕਿ ਪੰਜਾਬ ਪੁਲੀਸ ਨੇ ਸੱਤ ਸਿਆਸੀ ਕਤਲਾਂ ਦਾ ਥਹੁ ਪਤਾ ਲਾ ਲਿਆ ਹੈ ਅਤੇ ਇਸ ਨਾਲ ਸਬੰਧਤ ਪੰਜ ਮੁੱਖ ਦੋਸ਼ੀਆਂ ਨੂੰ ਵੀ (ਪੁਲੀਸ ਅਨੁਸਾਰ) ਫੜ ਲਿਆ ਗਿਆ ਹੈ। ਇੰਨਾ ਦੀ ਤਫਤੀਸ਼ ਲਗਾਤਾਰ ਜਾਰੀ ਹੈ। ਇਹ ਸਾਰੇ ਦੱਸੇ ਜਾਂਦੇ ਦੋਸ਼ੀ ਸਿੱਖ ਧਰਮ ਨਾਲ ਸਬੰਧਤ ਹਨ। ਇੰਨਾ ਵਿਚੋਂ ਇੱਕ ਬਰਤਾਨੀਆਂ ਦਾ ਨਾਗਰਿਕ ਹੈ ਜੋ ਕਿ ਦੱਸਣ ਮੁਤਾਬਕ ਪੰਜਾਬ ਵਿੱਚ ਆਪਣੇ ਪਿੰਡ ਵਿਆਹ ਕਰਵਾਉਣ ਲਈ ਆਇਆ ਸੀ। ਇੰਨਾ-ਵਿਚੋਂ ਦੂਜਾ ਦਸਿਆ ਜਾਂਦਾ ਦੋਸ਼ੀ ਬਰਤਾਨੀਆਂ ਵਿੱਚ ਜੰਮੂ ਤੋਂ ਪੜਾਈ ਲਈ ਗਿਆ ਹੋਇਆ ਸੀ ਤੇ ਕੁਝ ਘਰੇਲੂ ਕਾਰਨਾਂ ਕਰਕੇ ਵਾਪਸ ਆਇਆ ਹੋਇਆ ਸੀ। ਪ੍ਰੈਸ ਮਿਲਣੀ ਦੌਰਾਨ ਦੱਸੇ ਜਾਣ ਮੁਤਾਬਕ ਇਸ ਸਾਜਿਸ਼ ਮਗਰ ਸਦਾ ਵਾਂਗ ਪਾਕਿਸਤਾਨ ਦੀ ਮਸ਼ਹੂਰ ਖੁਫਿਆ ਏਜੰਸੀ ਨੂੰ ਦੋਸ਼ ਦਿੱਤਾ ਗਿਆ ਹੈ ਅਤੇ ਇੱਕ ਸਿੱਖ ਕੱਟੜਵਾਦੀ ਗਰੁਪ ਨੂੰ ਜਿਸਦਾ ਧੁਰਾ ਬਾਹਰਲੇ ਦੇਸ਼ ਵਿੱਚ ਦਸਿਆ ਗਿਆ ਹੈ, ਨਾਲ ਜੋੜਿਆ ਗਿਆ ਹੈ। ਪਿਛਲੇ ਇਤਿਹਾਸ ਮੁਤਾਬਕ ਪੰਜਾਬ ਪੁਲੀਸ ਦੇ ਕਿਰਦਾਰ ਅਤੇ ਦਾਅਵਿਆ ਬਾਰੇ ਅਨੇਕਾਂ ਬਾਰ ਸਵਾਲੀਆ ਚਿੰਨ ਲੱਗੇ ਹਨ। ਹੁਣ ਵੀ ਕੁਝ ਹਲਕਿਆਂ ਵਿੱਚ ਇਸ ਸਾਰੇ ਘਟਨਾ ਕ੍ਰਮ ਬਾਰੇ ਸਵਾਲ ਜਰੂਰ ਉਠ ਰਹੇ ਹਨ ਪਰ ਕੋਈ ਵੀ ਸਿੱਖ ਕੌਮ ਨਾਲ ਸਬੰਧਤ ਅਤੇ ਆਪਣੇ ਆਪ ਨੂੰ ਖਾਲਿਸਤਾਨ ਦੇ ਮੁੱਦਈ ਦੱਸਦੇ ਸਖਸ਼ ਜਾਂ ਪਾਰਟੀ ਵੱਲੋਂ ਇਸ ਬਾਰੇ ਕੁਝ ਵੀ ਖੁੱਲ ਕੇ ਨਹੀਂ ਬੋਲਿਆ ਗਿਆ ਹੈ। ਇਸੇ ਤਰਾਂ ਇੰਨਾਂ ਦੱਸੇ ਗਏ ਦੋਸ਼ੀਆਂ ਦੇ ਪੁਲੀਸ ਰਿਮਾਂਡ ਹਾਸਲ ਕਰਨ ਵੇਲੇ ਵੀ ਬੜਾ ਭੇਦਪੂਰਵਕ ਤੇ ਕਿਸੇ ਵੀ ਬਚਾਅ ਪੱਖ ਦੇ (ਇੱਕ ਨੂੰ ਛੱਡ ਕੇ) ਵਕੀਲ ਦੇ ਪੇਸ਼ ਹੋਣ ਦੀ ਖਬਰ ਨਹੀਂ ਆਈ ਹੈ। ਕੁਝ ਦੋਸ਼ੀਆਂ ਦੇ ਪਰਿਵਾਰਕ ਮੈਂਬਰ ਜੋ ਅਦਾਲਤ ਵਿੱਚ ਗਏ ਸਨ, ਨੂੰ ਵੀ ਮੁਲਾਕਾਤ ਨਹੀਂ ਕਰਨ ਦਿੱਤੀ ਗਈ। ਹੁਣ ਤੱਕ ਦੀ ਜੋ ਤਫਤੀਸ਼ ਅਖਬਾਰਾਂ ਰਾਹੀਂ ਸਾਹਮਣੇ ਆਈ ਹੈ ਉਸ ਵਿੱਚ ਕੋਈ ਵੀ ਬਰਾਮਦਗੀ ਇੰਨਾ ਦੋਸ਼ੀਆਂ ਕੋਲੋਂ ਸਾਹਮਣੇ ਨਹੀਂ ਆਈ ਤੇ ਨਾ ਹੀ ਕੋਈ ਸਬੂਤ ਮਿਲੇ ਹਨ ਜਿਨਾਂ ਰਾਹੀਂ ਇੰਨਾਂ ਸਿਆਸੀ ਕਤਲਾਂ ਨਾਲ ਸਬੰਧਤ ਕੜੀ ਪੂਰੀ ਤਰਾਂ ਜੁੜਦੀ ਹੋਵੇ। ਇਹ ਚਾਹੇ ਹਥਿਆਰ ਜਾਂ ਵਰਤਿਆ ਗਿਆ ਮੋਰਟਸਾਈਕਲ ਹੀ ਹੋਵੇ। ਅਜੇ ਇੰਨਾ ਦੱਸੇ ਜਾਂਦੇ ਦੋਸ਼ੀਆਂ ਦਾ ਪੁਲੀਸ ਹਿਰਾਸਤ ਰਿਮਾਂਡ ਲਗਾਤਾਰ ਜਾਰੀ ਹੈ। ਹੋਰ ਵੀ ਅਨੇਕਾਂ ਇੰਨਾ ਨਾਲ ਸਬੰਧਤ ਆਦਮੀ ਪੁਲੀਸ ਵੱਲੋਂ ਹਿਰਾਸਤ ਵਿੱਚ ਲਏ ਗਏ ਸੱਸੇ ਜਾਂਦੇ ਹਨ। ਪੰਜਾਬ ਪੁਲੀਸ ਬਾਰੇ ਸਵਾਲੀਆਂ ਚਿੰਨ ਦਾ ਇੱਕ ਕਾਰਨ ਇਹ ਵੀ ਮੰਨਿਆ ਜਾਂਦਾ ਹੈ ਕਿ ਇੰਨਾ ਸਿਆਸੀ ਕਤਲਾਂ ਦੀ ਲੜੀ ਵਿੱਚ ਜੋ ਆਖਰੀ ਸਿਆਸੀ ਕਤਲ ਅੰਮ੍ਰਿਤਸਰ ਸ਼ਹਿਰ ਵਿੱਚ ਹੋਇਆ ਸੀ, ਨੂੰ ਵੀ ਪਹਿਲਾਂ ਸਿੱਖਾਂ ਸਿਰ ਹੀ ਮੜਿਆ ਗਿਆ ਸੀ ਪਰ ਬਾਅਦ ਵਿੱਚ ਇਹ ਤੱਥ ਸਾਹਮਣੇ ਆਇਆ ਹੈ ਕਿ ਇਸ ਕਤਲ ਦਾ ਕਾਰਨ ਨਿੱਜੀ ਖਹਿਬਾਜੀ ਸੀ ਤੇ ਇਸਦੀ ਜਿੰਮੇਵਾਰੀ ਵੀ ਜਨਤਕ ਤੌਰ ਫੇਸਬੁੱਕ ਰਾਹੀਂ ਕਬੂਲੀ ਜਾ ਚੁੱਕੀ ਹੈ। ਇੰਨਾ ਸਾਰੇ ਕਤਲਾਂ ਤੋਂ ਪਹਿਲਾਂ ਜੋ ਗੁਰੁ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਅਤੇ ਸ਼ਰੇਆਮ ਅੰਗ ਪਾੜ ਕੇ ਖਿਲਾਰੇ ਜਾਣਾ ਤੇ ਉਸਦੇ ਰੋਹ ਵਿੱਚ ਬੈਠੇ ਸਿੱਖਾਂ ਉਤੇ ਪੁਲੀਸ ਫਾਇਰਿੰਗ ਰਾਹੀਂ ਦੋ ਸਿੱਖਾਂ ਦੇ ਸ਼ਹੀਦ ਹੋ ਜਾਣ ਬਾਰੇ ਅੱਜ ਤੱਕ ਕੋਈ ਥਹੁ ਪਤਾ ਨਹੀਂ ਲੱਗ ਸਕਿਆ ਭਾਵੇਂ ਕਿ ਇਸ ਬਾਰੇ ਇੱਕ ਮੁੱਖ ਕੇਸ ਕੇਂਦਰੀ ਜਾਂਚ ਏਜੰਸੀ ਨੂੰ ਵੀ ਸੌਪਿਆ ਜਾ ਚੁਕਿਆ ਹੈ। ਜਿਸਨੇ ਦੋ ਸਾਲ ਦੇ ਵਧੇਰੇ ਸਮੇਂ ਤੋਂ ਬਾਅਦ ਵੀ ਕੋਈ ਸੁਰਾਗ ਜਾਂ ਪਤਾ ਦੋਸ਼ੀਆਂ ਬਾਰੇ ਨਹੀਂ ਦਸਿਆਂ। ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਕਿ ਇੰਨਾ ਚਰਚਿਤ ਸਿਆਸੀ ਕਤਲਾਂ ਨਾਲ ਸਬੰਧਿਤ ਜੋ ਦੋਸੀ ਫੜੇ ਗਏ ਹਨ ਤੇ ਉਨਾਂ ਦੇ ਪਰਿਵਾਰ ਤੇ ਇਲਾਕਾ ਨਿਵਾਸੀ ਉਨਾਂ ਨੂੰ ਦੋਸ਼ੀ ਮੰਨਣ ਬਾਰੇ ਤਿਆਰ ਨਹੀਂ ਹਨ, ਬਾਰੇ ਅਸਲੀ ਸੱਚ ਕੀ ਹੋ? ਪਰ ਸਿੱਖਾਂ ਦੇ ਮਨਾਂ ਅੰਦਰ ਸੁਭਾਵਿਕ ਹੀ ਪਿਛੋਕੜ ਨੂੰ ਯਾਦ ਕਰਦਿਆ ਅਤੇ ਪੰਜਾਬ ਪੁਲੀਸ ਦੇ ਵਿਆਪਕ ਇਤਿਹਾਸ ਕਰਕੇ ਇਸ ਘਟਨਾ ਕ੍ਰਮ ਬਾਰੇ ਕਿੰਤੂ ਪ੍ਰੰਤੂ ਉਠਣਾ ਇੱਕ ਸੁਭਾਵਿਕ ਵਿਸ਼ਾ ਹੈ। ਪਰ ਇਹ ਗੱਲ ਵੀ ਜਰੂਰ ਹੈ ਕਿ ਜੇ ਕੋਈ ਸਿੱਖ ਹਲਕਿਆਂ ਅੰਦਰ ਇਹ ਸੋਚੀ ਬੈਠਾ ਹੈ ਕਿ ਅਸੀਂ ਇਸ ਤਰਾਂ ਦੀ ਬੇਵਾਜਿਬ ਹਿੰਸਾ ਕਰਕੇ ਕਿਧਰੇ ਸਿੱਖ ਸੰਘਰਸ਼ ਨੂੰ ਮੁੜ ਸੁਰਜੀਤ ਕਰ ਦਿਆਂਗੇ, ਇਹ ਆਪਣੇ ਆਪ ਵਿੱਚ ਬਹੁਤ ਵੱਡਾ ਭਰਮ ਹੈ