ਪਿਛਲੇ ਦਿਨੀਂ ੨੪ ਸਤੰਬਰ ਨੂੰ ਡੇਰਾ ਸੱਚਾ ਸੌਦਾ (ਰਾਮ ਰਹੀਮ) ਦੀ ਮਾਫੀ ਬਾਰੇ ਵਾਦ-ਵਿਵਾਦ ਪੰਜਾਬ ਤੇ ਪੂਰੀ ਦੁਨੀਆਂ ਦੇ ਸਿੱਖਾਂ ਵਿੱਚ ਕਾਫੀ ਵੱਧ ਚੁੱਕਿਆ ਹੈ। ਜਥੇਦਾਰ ਅਕਾਲ ਤਖਤ ਸਾਹਿਬ ਤੇ ਬਾਕੀ ਸਿੰਘ ਸਾਹਿਬਾਨਾਂ ਵੱਲੋਂ ਵਗੈਰ ਕਿਸੇ ਪੁੱਛ-ਪੜਤਾਲ ਜਾਂ ਸਮੁੱਚੀ ਸਲਾਹ ਦੇ ਬਿਨਾਂ ਕੀਤਾ ਗਿਆ ਇਹ ਫੈਸਲਾ ਸਿੱਖ ਕੌਮ ਅੰਦਰ ਵੱਧ ਰਹੇ ਅੰਦਰੂਨੀ ਵਖਰੇਵਿਆਂ ਨੂੰ ਹੋਰ ਡੂੰਘਾ ਕਰ ਗਿਆ ਹੈ। ਭਾਵੇਂ ਸ਼੍ਰੋਮਣੀ ਅਕਾਲੀ ਦਲ ਵੱਲੋਂ ਇਹ ਪ੍ਰਭਾਵ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਇਹ ਸਿੰਘ ਸਾਹਿਬਾਨ ਦਾ ਫੈਸਲਾ ਵਕਤੀ ਤੌਰ ਤੇ ਸਿੱਖ ਕੌਮ ਤੇ ਪੰਜਾਬ ਦੀ ਸਾਂਤੀ ਨੂੰ ਬਰਕਰਾਰ ਰੱਖਣ ਵਿੱਚ ਸਹਾਈ ਹੋਵੇਗਾ। ਦੂਜੇ ਪਾਸੇ ਵੱਖ-ਵੱਖ ਪੰਥਕ ਧਿਰਾਂ ਅਤੇ ਜਥੇਬੰਦੀਆਂ ਇਸ ਫੈਸਲੇ ਨੂੰ ਗਲਤ ਤਾਂ ਦੱਸ ਹੀ ਰਹੇ ਹਨ ਤੇ ਨਾਲ ਹੀ ਇਸ ਨੂੰ ਰੱਦ ਕਰਨ ਦੀ ਮੰਗ ਵੀ ਕਰ ਰਹੀਆਂ ਹਨ ਪਰ ਉਹ ਵੀ ਆਮ ਸਿੱਖ ਅੱਗੇ ਕੋਈ ਆਪਣਾ ਪ੍ਰਭਾਵ ਨਹੀਂ ਬਣਾ ਸਕੇ। ਇਹਨਾਂ ਵੱਲੋਂ ਦਿੱਤਾ ਗਿਆ ਪੰਜਾਬ ਬੰਦ ਦਾ ਸੱਦਾ ਵੀ ਇੱਕ ਤਰਾਂ ਨਾਲ ਲੋਕਾਂ ਵੱਲੋਂ ਨਕਾਰ ਦਿੱਤਾ ਗਿਆ। ਪੰਥਕ ਧਿਰਾਂ ਅਤੇ ਹੋਰ ਪੰਥਕ ਗਰੁੱਪ ਅੱਜ ਸੁੰਗੜ ਕੇ ਨਿੱਜੀ ਹੈਸੀਅਤਾਂ ਦੀ ਜਗੀਰ ਬਣ ਗਈਆਂ ਹਨ ਤਾਂ ਹੀ ਤਾਂ ਪੰਥ ਤੇ ਸਧਾਰਨ ਸਿੱਖ ਅੱਗੇ ਇਹ ਆਪਣਾ ਪ੍ਰਭਾਵ ਇੱਕ ਤਰਾਂ ਨਾਲ ਬਹੁਤ ਘਟਾ ਚੁੱਕੇ ਹਨ।
ਸਿੱਖ ਕੌਮ ਤੇ ਡੇਰਿਆਂ ਤੇ ਬਾਬਿਆਂ ਦੇ ਪ੍ਰਭਾਵ ਕਾਰਨ ਅੱਜ ਸੰਤ ਸਮਾਜ ਸੰਸਥਾ ਜਿਸਦੀ ਅਗਵਾਈ ਦਮਦਮੀ ਟਕਸਾਲ ਦੇ ਮੁੱਖੀ ਕਰ ਰਹੇ ਹਨ, ਉਹ ਸਿੱਖ ਕੌਮ ਅੰਦਰ ਆਪਣਾ ਪ੍ਰਭਾਵ ਕਾਫੀ ਹੱਦ ਤੱਕ ਵਧਾ ਚੁੱਕੀ ਹੈ ਇਸ ਸੰਸਥਾ ਵੱਲੋਂ ਵੀ ਸਿੱਖ ਸਾਹਿਬਾਨ ਦੇ ਲਏ ਗਏ ਮੌਜੂਦਾ ਫੈਸਲੇ ਨੂੰ ਨਕਾਰ ਦਿੱਤਾ ਗਿਆ ਹੈ ਅਤੇ ਇਥੋਂ ਤੱਕ ਮੰਗ ਕੀਤੀ ਹੈ ਕਿ ਸਿੰਘ ਸਾਹਿਬਾਨ ਆਪਣੀ ਨੈਤਿਕ ਜਿੰਮੇਵਾਰੀ ਨੂੰ ਸਮਝਦੇ ਹੋਣੇ ਆਪਣੇ ਅਹੁਦਿਆ ਤੋਂ ਅਸਤੀਫੇ ਦੇਣ ਤੇ ਇੰਨਾਂ ਦੀ ਥਾਂ ਤੇ ਨਵੇਂ ਜਥੇਦਾਰ ਰਾਮ ਰਹੀਮ ਬਾਰੇ ਫੈਸਲੇ ਤੇ ਮੁੜ ਵਿਚਾਰ ਕਰਨ। ਰਾਮ ਰਹੀਮ ਵਾਲਾ ਫੈਸਲਾ ਜੇ ਡੂੰਘਾਈ ਅਤੇ ਸੋਚ ਸਮਝ ਨਾਲ ਪਰਖਿਆ ਜਾਵੇ ਤਾਂ ਇਹ ਸਿੱਖ ਕੌਮ ਦਾ ਮਸਲਾ ਹੀ ਨਹੀਂ ਹੈ। ਕਿਉਂਕਿ ਰਾਮ-ਰਹੀਮ ਆਪਣੇ ਆਪ ਨੂੰ ਸਿੱਖ ਧਰਮ ਤੋਂ ਅਲਹਿਦਾ ਕਰ ਚੁੱਕਿਆ ਹੈ ਤੇ ਨਾ ਹੀ ਉਹ ਗੁਰੂ ਗ੍ਰੰਥ ਸਾਹਿਬ ਤੇ ਸਿੱਖ ਧਰਮ ਨੂੰ ਮੰਨਦਾ ਹੈ। ਇਸ ਲਈ ਉਸ ਵੱਲੋਂ ਕੀਤਾ ਗਿਆ ਕੋਈ ਇਕਰਾਰਨਾਮਾ ਜਾਂ ਮਾਫੀਨਾਮਾ ਸਿੰਘ ਸਾਹਿਬਾਨ ਦੇ ਦਾਇਰੇ ਅੰਦਰ ਹੀ ਨਹੀਂ ਆਉਂਦਾ।
ਇਸ ਫੈਸਲੇ ਨਾਲ ਸਿੱਖ ਕੌਮ ਦੇ ਜ਼ਜ਼ਬਾਤਾਂ ਨੂੰ ਵਾਰ-ਵਾਰ ਖੁਦੇੜਨਾ ਤੇ ਉਕਸਾਉਣਾ ਨੌਜਵਾਨ ਸਿੱਖ ਪੀੜੀ ਲਈ ਦੁਬਿਧਾ ਦਾ ਹੀ ਕਾਰਨ ਬਣ ਰਿਹਾ ਹੈ ਅਤੇ ਇਸ ਕਰਕੇ ਵਾਰ-ਵਾਰ ਸਿੱਖ ਕੌਮ ਦੇ ਜਜਬਾਤਾਂ ਨੂੰ ਬਿਨਾਂ ਕਿਸੇ ਸੋਚ-ਸਮਝ ਦੇ ਉਛਾਲਣਾ ਵੱਡੀ ਗਿਣਤੀ ਵਿੱਚ ਨੌਜਵਾਨਾਂ ਨੂੰ ਸਿੱਖੀ ਤੋਂ ਦੂਰ ਲਿਜਾ ਰਹੀ ਹੈ। ੧੯੮੪ ਦੇ ਦਰਬਾਰ ਸਾਹਿਬ ਤੇ ਹਮਲੇ ਤੋਂ ਬਾਅਦ ਅਕਾਲ ਤਖਤ ਸਾਹਿਬ ਦੇ ਉਸ ਸਮੇਂ ਦੇ ਜਥੇਦਾਰ ਗਿਆਨੀ ਕਿਰਪਾਲ ਸਿੰਘ ਵੱਲੋਂ ਬੋਲੇ ਗਏ ਝੂਠ ਦੇ ਨਾਲ ੮੪ ਦੁਖਾਂਤ ਦਾ ਸਭ ਤੋਂ ਅਹਿਮ ਪਹਿਲੂ ਜਥੇਦਾਰ ਸਾਹਿਬ ਦੇ ਮਾਣ-ਸਤਿਕਾਰ ਦਾ ਰੁਤਬਾ ਲਗਾਤਾਰ ਸਿੱਖ ਕੌਮ ਅੰਦਰ ਡਿੱਗਦਾ ਹੀ ਜਾ ਰਿਹਾ ਹੈ। ਇਸ ਮੌਜੂਦਾ ਫੈਸਲੇ ਨਾਲ ਬੇਲੋੜਾ ਵਿਵਾਦ ਖੜਾ ਹੋ ਗਿਆ ਹੈ ਤੇ ਸਿੱਖ ਕੌਮ ਦੇ ਜ਼ਜ਼ਬਾਤਾਂ ਨੂੰ ਵੱਜੀ ਠੇਸ ਨੂੰ ਠੀਕ ਕਰਨ ਲਈ ਸੂਝ ਸਮਝ ਵਾਲੇ ਸਿੱਖਾਂ ਦਾ ਇੱਕਠ ਸੱਦ ਕੇ ਵਿਚਾਰ-ਵਟਾਂਦਰਾਂ ਕਰਨ ਦੀ ਲੋੜ ਹੈ ਤਾਂ ਜੋ ਲਗਾਤਾਰ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੀ ਸਿੱਖ ਕੌਮ ਅੰਦਰ ਘੱਟ ਰਹੀ ਅਹਿਮੀਅਤ ਤੇ ਮਾਣ ਸਤਿਕਾਰ ਨੂੰ ਮੁੜ ਤੋਂ ਬਹਾਲ ਰੱਖਿਆ ਜਾ ਸਕੇ।