ਅੱਜ ਪੂਰੇ ੩੫ ਦਿਨ ਹੋ ਚਲੇ ਹਨ ਜਦੋਂ ਤੋਂ ਭਾਈ ਗੁਰਬਖਸ਼ ਸਿੰਘ ਖਾਲਸਾ ਨੇ ਮਰਨ ਵਰਤ ਸ਼ੁਰੂ ਕੀਤਾ ਸੀ। ਅੱਜ ਵੀ ਉਹ ਪੂਰੀ ਚੜ੍ਹਦੀ ਕਲਾ ਵਿੱਚ ਹੈ ਅਤੇ ਪੰਥ ਨੂੰ ਸਾਂਤ-ਮਈ ਉਪਰਾਲੇ ਰਾਂਹੀ ਸੰਘਰਸ਼ ਦੀ ਨਵੀਂ ਲੀਹ ਦਿਖਾਈ ਹੈ ਅਤੇ ਹੌਲੀ ਹੌਲੀ ਆਪਣੇ ਜੀਵਨ ਦੇ ਸੰਘਰਸ਼ ਰਾਂਹੀ ਪੰਥ ਅਤੇ ਦੁਨੀਆਂ ਦਾ ਧਿਆਨ ਲੰਮੇ ਅਰਸ਼ੇ ਤੋਂ ਕੈਦਾਂ ਵਿੱਚ ਨਜਰਬੰਦ ਸਿੱਖ ਕੈਦੀਆਂ ਦੀ ਹੋ ਰਹੀ ਦੁਰਦਿਸ਼ਾ ਵੱਲ ਲਿਆਉਣ ਵਿੱਚ ਕਾਫੀ ਹੱਦ ਤੱਕ ਕਾਮਯਾਬੀ ਹਾਸਿਲ ਕੀਤੀ ਹੈ।
ਭਾਈ ਗੁਰਬਖਸ਼ ਸਿੰਘ ਖਾਲਸਾ ਨੇ ਸ੍ਰੋਮਣੀ ਅਕਾਲੀ ਦਲ ਜੋ ਕਿ ਕੁਛ ਦਿਨ ਪਹਿਲਾਂ ਹੀ ਆਪਣੀ ਹੋਂਦ ਦੇ ੯੩ ਸਾਲ ਪੂਰੇ ਕਰ ਚੁੱਕਿਆ ਹੈ ਨੂੰ ਆਪਣੀ ਨੈਤਿਕ ਜਿੰਮੇਵਾਰੀ ਵਲ ਧਿਆਨ ਦੇਣ ਲਈ ਸੋਚ-ਸ਼ੋਚਣ ਤੇ ਮਜ਼ਬੂਰ ਕੀਤਾ ਹੈ। ਇਸਦੇ ਨਾਲ ਹੀ ਸਿੱਖ ਪੰਥ ਦੀ ਖਿੱਲਰ ਚੁੱਕੀ ਸੋਚ ਨੂੰ ਵੀ ਇੱਕ ਵਾਰ ਫੇਰ ਇੱਕਤਰ ਕਰਨ ਲਈ ਪ੍ਰੇਰਨਾ ਬਣਾਈ ਹੈ ਤਾਂ ਜੋ ਲੰਮੇ ਅਰਸ਼ੇ ਤੋਂ ਪੰਥ ਦੀ ਪੀੜ ਨੂੰ ਕੁਛ ਮਲੱਮ ਲੱਗ ਸਕੇ। ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਕਿ ਕੀ ਭਾਈ ਗੁਰਬਖਸ਼ ਸਿੰਘ ਖਾਲਸਾ ਦਾ ਮਰਨ ਵਰਤ ਕੋਈ ਸਾਰਥਿਕ ਹੱਲ ਕਰ ਸਕਦਾ ਹੈ ਕਿ ਨਹੀਂ ਪਰ ਉਮੀਦ ਤਾਂ ਜਰੂਰ ਬਣੀ ਹੈ। ਇਸ ਤਰਾਂ ਇਹ ਜਰੂਰ ਦਰਸਾ ਦਿਤਾ ਹੈ ਕਿ ਇਕੱਲਾ ਇਨਸ਼ਾਨ ਆਪਣੇ ਨਿੱਜੀ ਸਾਰਥਿਕ ਉਪਰਾਲੇ ਰਾਂਹੀ ਖਿੱਲਰ ਰਹੀਂ ਮਾਨਸਿਕਤਾ ਕਿਵੇਂ ਇੱਕਠੀ ਕੀਤੀ ਜਾਵੇ ਅਤੇ ਨਵੀਂ ਲੀਹ ਰਾਂਹੀ ਆਪਣੀ ਪਰਵਾਹ ਨਾ ਕਰਦੇ ਹੋਏ ਵਿੱਸਰ ਚੁੱਕੇ ਸੰਘਰਸ਼ ਨੂੰ ਮੁੜ ਦੁਨੀਆ ਅੱਗੇ ਲਿਆ ਖੜਾ ਕੀਤਾ ਜਾਵੇ ਤਾਂ ਜੋ ਆਪਣੀਆਂ ਕੈਦਾਂ ਤੋਂ ਵੀ ਲੰਮੀ ਕੈਦ ਭੁਗਤ ਚੁੱਕੇ ਸਿੱਖ ਕੈਦੀਆਂ ਨੂੰ ਆਜ਼ਾਦ ਕਰਵਾਇਆ ਜਾ ਸਕੇ।
ਇਹ ਲੀਹ ਸਾਨੂੰ ਪਾਕਿਸਤਾਨ ਦੀ ਵਸਨੀਕ ਮਾਲਾਲਾ ਯੂਸਫ ਜਾਈ (Malala Yousefzai) ਦੀ ਯਾਦ ਅਤੇ ਉਸ ਵਲੋਂ ਮੌਤ ਦੇ ਕੰਢੇ ਵਿਚੋਂ ਵੀ ਰੋਸ਼ਨੀ ਦੀ ਕਿਰਨ ਦਰਸਾਉਣ ਵਾਲੇ ਕੀਤੇ ਉਪਰਾਲੇ ਦੀ ਯਾਦ ਤਾਜ਼ਾ ਕਰਵਾਉਂਦੀ ਹੈ। ਇਸੇ ਤਰਾਂ ੧੩ ਦੰਸਬਰ ਨੂੰ ਯੂ ਐਨ ਦੀ ਜਥੇਬੰਦੀ ਜਿਸਨੂੰ ਕਿ UNICEF ਦੇ ਨਾਂਅ ਨਾਲ ਜਾਣਿਆ ਜਾਂਦਾ ਹੈ ਨੇ ੯ ਛੋਟੀ ਉਮਰ ਦੀਆਂ ਕੁੜੀਆਂ ਜੋ ਕਿ ਭਾਰਤ ਦੇ ਮਹਾਂਰਾਸ਼ਟਰਾ ਰਾਜ ਦੀਆਂ ਹਨ ਨੂੰ ਬਾਹਦਰੀ ਦੇ ਇਨਾਮ ਨਾਲ ਸਨਮਾਨਿਤ ਕੀਤਾ ਹੈ। ਇਹ ਕੁੜੀਆਂ ਮਹਾਂਰਾਸਟਰਾ ਰਾਜ ਦੇ ਪਛੜੇ ਪਿੰਡਾਂ ਤੋਂ ਹਨ ਅਤੇ ਗਰੀਬ ਪਰਿਵਾਰਾਂ ਨਾਲ ਸੰਬਧਿਤ ਹਨ। ਇਹਨਾ ੯ ਕੁੜੀਆਂ ਨੇ ਆਪਣੇ ਨਿੱਜ ਦੇ ਉਪਰਾਲਿਆਂ ਰਾਂਹੀ ਸਮਾਜਿਕ ਤਬਦੀਲੀ ਲਿਆਉਣ ਦਾ ਮਾਲਾਲਾ ਯੂਸਫਜਾਈ ਵਲੋਂ ਦਰਸਾਏ ਰਾਹ ਦੀ ਰੋਸ਼ਨੀ ਵਿਚ ਯਤਨ ਕੀਤਾ ਹੈ ਤਾਂ ਜੋ ਵੱਧ ਰਹੀ ਭਾਰਤ ਦੀ ਉਨਤੀ ਨੂੰ ਬਿਲਕੁਲ ਹੇਠਾਂ ਤੋਂ ਸ਼ੁਰੂ ਕੀਤਾ ਜਾ ਸਕੇ। ਇਹ ਬਹਾਦਰੀ ਦਾ ਇਨਾਮ ਹਰ ਸਾਲ UNICEF ਵਲੋਂ ਸਮਾਜ ਨੂੰ ਆਪਣੇ ਨਿੱਜ ਦੇ ਉਪਰਾਲੇ ਰਾਂਹੀ ਚੰਗਾ ਅਤੇ ਦਿਸ਼ਾ ਬੰਦ ਕਰਨ ਵਾਲੇ ਯੋਗ ਬੱਚਿਆਂ ਨੂੰ ਦਿੱਤਾ ਜਾਂਦਾ ਹੈ।
ਇਸ ਸਾਲ ਇਨਾਮ ਜਿੱਤਨ ਵਾਲੀਆਂ ਕੁੜੀਆਂ ਉਸ ਇਲਾਕੇ ਦੀਆਂ ਵਸਨੀਕ ਹਨ ਜਿਥੇ ਮੁਢਲੀਆਂ ਸਹੂਲਤਾਂ ਜਿਵੇਂ ਕਿ ਸਕੂਲ, ਹਸਪਤਾਲ ਹੈ ਹੀ ਨਹੀਂ ਜਿ ਹਨ ਤਾਂ ਕਾਫੀ ਪਿੰਡਾਂ ਤੋਂ ਦੂਰ ਹਨ ਜਿੱਥੇ ਪਹੁੰਚਣ ਲਈ ਮੁਢਲੀਆਂ ਸਹੂਲਤਾਂ ਹੀ ਨਹੀਂ ਹਨ ਅਤੇ ਇਹ ਇਲਾਕੇ ਪੂਰੀ ਤਰਾਂ ਮਾਉਵਾਦੀਆਂ ਦੇ ਪ੍ਰਭਾਵ ਹੇਠਾਂ ਹੋਣ ਕਰਕੇ ਹੋਰ ਵੀ ਪਿੱਛੇ ਰਹਿ ਗਏ ਹਨ।
ਇਹਨਾਂ ੯ ਕੁੜੀਆਂ ਵਿੱਚੋਂ ਇਕ ਕੁੜੀ ਸੁਨੀਤਾ ਬੌਰਾ (Sunita Bhora) ਜੋ ਕਿ ੧੫ ਸਾਲਾਂ ਦੀ ਹੈ ਅਤੇ ਨੌਵੀਂ ਜਮਾਤ ਵਿਚ ਪੜ੍ਹਦੀ ਹੈ ਨੂੰ ਉਸਦੇ ਮਾਤਾ ਪਿਤਾ ਪੜਾਈ ਨਹੀਂ ਸੀ ਕਰਨ ਦਿੰਦੇ ਸਗੋਂ ਉਸਨੂੰ ਮਜ਼ਬੂਰ ਕਰ ਰਹੇ ਸਨ ਕਿ ਉਹ ਨਕਸਲ ਸੰਘਰਸ਼ ਵਿਚ ਸ਼ਾਮਿਲ ਹੋ ਜਾਵੇ ਪਰ ਸੁਨੀਤਾ ਨੇ ਆਪਣੇ ਮਾਤਾ ਪਿਤਾ ਦੇ ਫੁਰਮਾਨ ਨੂੰ ਦਲੇਰੀ ਨਾਲ ਮੰਨਣ ਤੋਂ ਨਾਂਹ ਕਰ ਦਿਤੀ ਅਤੇ ਪੜਾਈ ਕਰਨ ਨੂੰ ਤਰਜੀਹ ਦਿਤੀ ਭਾਵੇਂ ਕਿ ਇਸ ਕਰਕੇ ਉਸਦੇ ਮਾਤਾ ਪਿਤਾ ਉਸਨੂੰ ਕਦੇ ਮਿਲੇ ਵੀ ਨਹੀਂ ਅਤੇ ਉਹ ਆਪਣੇ ਹੀ ਉਪਰਾਲੇ ਰਾਂਹੀ ਪੜਾਈ ਕਰ ਰਹੀ ਹੈ ਇਥੋਂ ਤਕ ਕਿ ਉਸਦੇ ਮਾਤਾ ਪਿਤਾ ਨੂੰ ਉਸਦੇ ਇਨਾਮ ਜਿੱਤਣ ਬਾਰੇ ਵੀ ਕੋਈ ਦਿਲਚਸਪੀ ਨਹੀਂ ਹੈ।
ਇਸੇ ਤਰਾਂ ੧੮ ਸਾਲਾਂ ਦੀ ਮੋਨੀਕਾ ਇਸਲਾਵਤ (Monica Islawat) ਜਿਸਦੀ ਨਾਇਕ ਕਿਰਨ ਬੇਦੀ ਹੈ ਜੋ ਕਿ ਇਕ ਸਫਲ ਔਰਤ ਪੁਲੀਸ ਅਫਸਰ ਰਹੀ ਹੈ, ਅਤੇ ਇਸਦੇ ਮਾਤਾ ਪਿਤਾ ਖੇਤਾਂ ਵਿਚ ਦਿਹਾੜੀ ਕਰਦੇ ਹਨ ਨੇ ਆਪਣੇ ਨਿੱਜ ਦੇ ਉਪਰਾਲੇ ਰਾਂਹੀ ਆਪਣੇ ਪਿੰਡ ਅਤੇ ਇਲਾਕੇ ਵਿਚ ਛੋਟੀ ਉਮਰ ਵਿਚ ਕੀਤੇ ਜਾਂਦੇ ਬਾਲ ਵਿਆਹਾਂ ਵਿਰੁੱਧ ਸਮਾਜਿਕ ਸੋਚ ਖੜੀ ਕੀਤੀ ਅਤੇ ਕਈ ਬਾਲ ਵਿਆਹ ਹੋਣ ਤੋਂ ਰੋਕਣ ਲਈ ਅਤੇ ਨਾਲ ਹੀ ਆਪਣੇ ਪਿੰਡ ਵਿਚ ਲੋਕਾਂ ਨੂੰ ਚੇਤਨਤਤਾ ਰਾਂਹੀ ਸਰਾਬ ਪੀਣ ਤੋਂ ਰੋਕਣ ਵਿਚ ਕਾਮਯਾਬੀ ਹਾਸਿਲ ਕੀਤੀ।
ਇਸੇ ਹੀ ਤਰਾਂ ੧੭ ਸਾਲਾਂ ਦੀ ਰੋਸ਼ਨਾ ਨਰੇਸ਼ (Roshni Naresh) ਜਿਸਨੇ ਕਿ ਪਹਿਲਾਂ ਆਪਣੀ ਵੱਡੀ ਭੈਣ ਨੂੰ ਬਾਲ ਵਿਆਹ ਦੀ ਬਲੀ ਚੜਦੇ ਦੇਖਿਆ ਪਰ ਜਦੋਂ ਉਸਨੂੰ ਮਜ਼ਬੂਰ ਕੀਤਾ ਗਿਆ ਤਾਂ ਉਸਨੇ ਆਪਣੀ ਦਲੇਰੀ ਅਤੇ ਹੋਸ਼ ਨਾਲ ਇਹ ਹੋਣ ਨਹੀਂ ਦਿਤਾ।
ਇਸੇ ਤਰਾਂ ਮੁਢਲੀ ਸਹੂਲਤਾਂ ਨਾ ਹੋਣ ਕਰਕੇ ੧੭ ਸਾਲਾਂ ਦੀ ਮਾਧੂਰੀ ਗਨੇਸ਼ ਪਵਾਰ (Madhury Ganesh Pawar) ਨੇ ਆਪਣੇ ਆਲੇ ਦੁਆਲੇ ਇਲਾਕੇ ਦੀਆਂ ਕੁੜੀਆਂ ਅਤੇ ਲੋਕਾਂ ਨੂੰ ਇੱਕਠੇ ਕਰਕੇ ਉੱਥੋਂ ਦੇ ਪ੍ਰਸ਼ਾਸਨ ਨੂੰ ਮਜ਼ਬੂਰ ਕਰ ਦਿਤਾ ਕਿ ਬੱਸ ਸੇਵਾ ਸ਼ੁਰੂ ਕੀਤੀ ਜਾਵੇ ਤਾਂ ਜੋ ਉਸ ਇਲਾਕੇ ਦੀਆਂ ਬੱਚੀਆਂ ਆਪਣੀ ਮੁਢਲੀ ਪੜਾਈ ਜਾਰੀ ਰਖ ਸਕਣ ਕਿਉਂਕਿ ਪਹਿਲਾਂ ਬੱਸ ਸੇਵਾ ਨਾ ਹੋਣ ਕਰਕੇ ਕੁੜੀਆਂ ਅਤੇ ਹੋਰ ਛੋਟੇ ਬੱਚੇ ਆਪਣੀ ਪੜਾਈ ਵਿਚਕਾਰ ਹੀ ਛੱਡ ਦਿੰਦੇ ਸਨ ਅਤੇ ਮਾਧੂਰੀ ਨੇ ਆਪਣੇ ਇਸ ਸਮਾਜਿਕ ਉਪਰਾਲੇ ਰਾਂਹੀ ੩੫ ਬਾਲ ਵਿਆਹ ਹੋਣ ਤੋਂ ਰੋਕ ਲਏ ਅਤੇ ਆਪਣੇ ਪਿੰਡ ਲਈ ਇਸ UNICEF ਦੇ ਬਹਾਦਰੀ ਇਨਾਮ ਰਾਂਹੀ ਇਕ ਮਾਣ ਪ੍ਰਾਪਤ ਕੀਤਾ ਹੈ।
ਇਸ ਤਰਾਂ ਜਿਵੇਂ ਇਹ ਲੜਕੀਆਂ ਨੇ ਚੰਗਾ ਸਮਾਜ ਸਿਰਜਣ ਦੀ ਕੋਸ਼ਿਸ ਕੀਤੀ ਹੈ ਅਤੇ ਆਪਣੇ ਨਿੱਜ ਦੇ ਛੋਟੇ ਛੋਟੇ ਕਦਮਾਂ ਰਾਂਹੀਂ ਸਮਾਜ ਲਈ ਵੱਡੇ ਰਾਹ ਖੁੱਲੇ ਹਨ ਜਿਵੇਂ ਕਿ ਅੱਜ ਸਿੱਖ ਕੌਮ ਵਿਚ ਭਾਈ ਗੁਰਬਖਸ਼ ਸਿੰਘ ਖਾਲਸਾ ਨੇ ਆਪਣੇ ਨਿੱਜ ਦੀ ਪਰਵਾਹ ਨਾ ਕਰਦੇ ਹੋਏ ਖਿੱਲਰ ਚੁਕੀ ਪੰਥ ਦੀ ਸ਼ਕਤੀ ਨੂੰ ਦੁਆਰਾ ਇੱਕਠੇ ਕਰਨ ਦਾ ਯਤਨ ਕਰ ਚਿਰਾਂ ਤੋਂ ਭਾਰਤ ਦੀਆਂ ਜਿਹਲਾਂ ਵਿਚ ਆਪਣੀ ਕੈਦ ਤੋਂ ਵੀ ਵੱਧ ਸਮਾਂ ਕੈਦ ਸਿੱਖ ਨੋਜਵਾਨ ਜੋ ਹੁਣ ਜੁਆਨੀ ਦੇ ਦਰਾਂ ਤੋਂ ਚਿਰਾਂ ਦੇ ਲੰਘ ਆਏ ਹਨ ਨੂੰ ਸਿੱਖ ਕੌਮ ਦੀ ਇੱਕਠੀ ਆਵਾਜ਼ ਰਾਂਹੀ ਆਜ਼ਾਦ ਕਰਵਾਇਆ ਜਾ ਸਕੇ। ਇਹ ਇਹਨਾਂ ਲੜਕੀਆਂ ਦੇ ਰਾਹ ਅਤੇ ਸਿੱਖ ਕੌਮ ਵਿਚ ਭਾਈ ਗੁਰਬਖਸ਼ ਸਿੰਘ ਖਾਲਸਾ ਦਾ ਰਾਹ ਸਮਾਜ ਅਤੇ ਕੌਮ ਲਈ ਇਹ ਦਰਸਾਉਣਾ ਚਾਹੁੰਦਾ ਹੈ ਕਿ ਜੀਵਨ ਵਿੱਚ ਨਿੱਜ ਤੋਂ ਵੀ ਉੱਪਰ ਸਮਾਜਿਕ ਜਿੰਮੇਵਾਰੀ ਦਾ ਅਹਿਸਾਸ ਸਦਾ ਹਰ ਇਨਸਾਨ ਦਾ ਮੁੱਢਲਾ ਯਤਨ ਹੋਣਾ ਚਾਹੀਦਾ ਹੈ ਤਾਂ ਜੋ ਇਸ ਤਰਾਂ ਦੇ ਉਪਰਾਲਿਆਂ ਰਾਂਹੀ ਇੱਕ ਜ਼ਿੰਦਾ ਦਿਲ ਸਮਾਜ ਉਲੀਕਿਆ ਜਾ ਸਕੇ॥