ਪੋਹ ਦਾ ਮਹੀਨਾ ਸਿੱਖ ਕੌਮ ਲਈ ਬਹੁਤ ਹੀ ਅਹਿਮੀਅਤ ਰੱਖਦਾ ਹੈ। ਇਤਿਹਾਸ ਇਹ ਦਰਸਾਉਂਦਾ ਹੈ ਕਿ ਇਸ ਪੋਹ ਦੇ ਮਹੀਨੇ ਵਿੱਚ ਸਿੱਖ ਕੌਮ ਨੇ ਇੱਕ ਨਰੋਏ ਸਮਾਜ ਦੀ ਸਿਰਜਣਾ ਲਈ ਸਿੱਖ ਕੌਮ ਦੀ ਸੱਜਰੀ ਸਵੇਰ ਲਈ ਬਹੁਤ ਹੀ ਵੱਡਮੁੱਲੀਆਂ ਤੇ ਅਦੁੱਤੀ ਸਹਾਦਤਾਂ ਦਿੱਤੀਆਂ। ਇਸ ਸੱਜਰੀ ਸਵੇਰ ਲਈ ਗੁਰੂ ਸਾਹਿਬ ਨੇ ਆਪਣੇ ਚਾਰ ਸਾਹਿਬਜ਼ਾਦੇ ਸਿੱਖ ਕੌਮ ਦੀ ਸਾਜਨਾ ਲਈ ਵਾਰ ਦਿੱਤੇ ਅਤੇ ਇੱਕ ਅਜਿਹੀ ਉਦਾਹਰਨ ਦੁਨੀਆਂ ਅੱਗੇ ਰੱਖੀ ਕਿ ਜ਼ੁਲਮ ਅੱਗੇ ਕਦੇ ਵੀ ਸਿੱਖ ਕੌਮ ਸਿਰ ਨਹੀ ਝੁਕਾਵੇਗੀ ਭਾਵੇਂ ਕਿ ਇਹਨਾਂ ਸ਼ਹਾਦਤਾਂ ਦੀ ਯਾਦ ਵਿੱਚ ਸਿੱਖ ਕੌਮ ਹਰ ਸਾਲ ਸ਼ਹੀਦੀ ਜੋੜ ਮੇਲੇ ਮਨਾਉਂਦੀ ਆ ਰਹੀ ਹੈ ਪਰ ਹੁਣ ਸਮੇਂ ਦੀ ਤਬਦੀਲੀ ਨਾਲ ਇਹ ਸ਼ਹੀਦੀ ਜੋੜ ਮੇਲੇ ਸਿਰਫ ਤੇ ਸਿਰਫ ਮੇਲਿਆਂ ਦਾ ਰੂਪ ਅਖਤਿਆਰ ਕਰ ਚੁੱਕੇ ਹਨ ਅਤੇ ਆਪਣੇ ਗੌਰਵਮਈ ਇਤਿਹਾਸ ਨੂੰ ਵੀ ਮੇਲਿਆਂ ‘ਚ ਹੀ ਗਵਾ ਰਹੀ ਹੈ। ਇਸ ਮਹੀਨੇ ਦੀ ਸ਼ੁਰੂਆਤ ਤੋਂ ਪਹਿਲਾਂ ਸਿੱਖ ਕੌਮ ਨੂੰ ਇੱਕ ਨਵਾਂ ਰਾਹ ਜੋ ਕਿ ਸਾਂਤੀ ਦਾ ਪ੍ਰਤੀਕ ਸੀ ਭਾਈ ਗੁਰਬਖਸ਼ ਸਿੰਘ ਖਾਲਸਾ ਨੇ ਆਪਣੇ ਮਰਨ ਵਰਤ ਰਾਹੀ ਤੋਰਨ ਦੀ ਕੋਸ਼ਿਸ਼ ਕੀਤੀ ਅਤੇ ਹੌਲੀ ਹੌਲੀ ਇਹ ਕਾਫਲਾ ਆਪਣੇ ਮਕਸਦ ਜੋ ਕਿ ਚਿਰਾਂ ਤੋਂ ਸਿੱਖ ਕੌਮ ਦੀ ਪੀੜ ਨਾਲ ਸਬੰਧਤ ਸੀ ਨੂੰ ਨਿਰਨਾਇਕ ਕੰਢੇ ਲਾਉਣ ਲਈ ਕੀਤਾ ਹੋਇਆ ਉਪਰਾਲਾ ਹੈ। ਇਸ ਮਰਨ ਵਰਤ ਰਾਹੀਂ ਭਾਈ ਗੁਰਬਖਸ਼ ਸਿੰਘ ਖਾਲਸਾ ਨੇ ਗੁਰੂ ਮਹਾਰਾਜ ਦੀ ਹਜੂਰੀ ਤੱਕ ਅਰਦਾਸ ਕਰ ਇਹ ਰਾਹ ਅਪਣਾਇਆ ਸੀ ਅਤੇ ਚਿਰਾਂ ਤੋਂ ਸਿੱਖ ਕੌਮ ਦੇ ਨੌਜਵਾਨ ਸਿੱਖ ਸੰਘਰਸ਼ ਅਧੀਨ ਦਹਾਕਿਆਂ ਤੋਂ ਭਾਰਤੀ ਜਿਹਲਾਂ ਵਿਚ ਕੈਦ ਸੀ ਦੀ ਰਿਹਾਈ ਲਈ ਕੀਤਾ ਉਪਰਾਲਾ ਸੀ। ਭਾਵੇਂ ਕਿ ਅੱਜ ੪੩ ਦਿਨ ਭਾਈ ਖਾਲਸਾ ਨੂੰ ਮਰਨ ਵਰਤ ਅਰੰਭਿਆਂ ਹੋ ਚੱਲੇ ਹਨ ਅਤੇ ਜਿਸ ਮਕਸਦ ਲਈ ਇਹ ਸੰਘਰਸ਼ ਅਰੰਭਿਆ ਸੀ ਉਸ ਵਿੱਚ ਉਸ ਦੌਰਾਨ ਕੁਝ ਕਾਮਯਾਬੀਆਂ ਜਰੂਰ ਹੋਈਆਂ ਹਨ ਜਿਵੇਂ ਕਿ ਦੋ ਸਿੱਖ ਨੌਜਵਾਨਾਂ (ਛੇ ਵਿੱਚੋਂ) ਦੀ ਆਰਜ਼ੀ ਛੁਟੀ ਮਨਜ਼ੂਰ ਕਰਕੇ ਰਿਹਾਈ ਹੋਈ ਹੈ। ਮੁਖ ਮੰਗ ਸੰਘਰਸ਼ ਦੀ ਭਾਵੇਂ ਛੇ ਸਿਖ ਨੌਜਵਾਨਾਂ ਦੀ ਪੂਰੀ ਰਿਹਾਈ ਸੀ। ਇਸ ਲਈ ਭਾਈ ਖਾਲਸਾ ਨੇ ਅਰਦਾਸ ਕਰਕੇ ਸਿੱਖ ਕੌਮ ਨਾਲ ਇਹ ਵਚਨ ਕੀਤਾ ਸੀ ਕਿ ਮੈਂ ਉਦੋਂ ਤੱਕ ਆਪਣਾ ਮਰਨ ਵਰਤ ਜਾਰੀ ਰੱਖਾਂਗਾਂ ਜਦ ਤੱਕ ਇਹਨਾਂ ਛੇ ਸਿੱਖ ਨੌਜਵਾਨਾਂ ਦੀ ਪੂਰੀ ਰਿਹਾਈ ਨਹੀ ਹੋ ਜਾਂਦੀ। ਇਹ ਸਾਰੇ ਨੌਜਵਾਨ ੧੮-੨੦ ਸਾਲਾ ਤੋਂ ਉੱਪਰ ਭਾਰਤੀ ਜਿਹਲਾਂ ਵਿੱਚ ਕੈਦ ਹਨ। ਕਈ ਤਾਂ ਆਪਣੀ ਨਿਰਧਾਰਤ ਕੈਦ ਤੋਂ ਵੀ ਜ਼ਿਆਦਾ ਸਮਾਂ ਜੇਲ੍ਹਾਂ ਵਿੱਚ ਕੱਟ ਚੁੱਕੇ ਹਨ ਭਾਵੇਂ ਭਾਰਤੀ ਕਨੂੰਨ ਅਨੁਸਾਰ ਉਮਰ ਕੈਦ ਦੀ ਸਜਾ ੧੪ ਸਾਲ ਰੱਖੀ ਗਈ ਹੈ ਅਤੇ ਇਸ ਤੋਂ ਬਾਅਦ ਚੰਗੇ ਚਾਲ-ਚਲਣ ਨੂੰ ਦੇਖ ਕੇ ਰਿਹਾਈ ਲਈ ਸਰਕਾਰ ਵਿਚਾਰ ਕਰ ਸਕਦੀ ਹੈ ਅਤੇ ਇਸ ਕੈਦ ਦੌਰਾਨ ਸਮੇਂ ਸਮੇਂ ਸਿਰ ਪਰਿਵਾਰਕ ਕਾਰਨਾਂ ਕਰਕੇ ਛੁੱਟੀ ਵੀ ਭਾਰਤੀ ਕਨੂੰਨ ਅਨੁਸਾਰ ਦਿੱਤੀ ਜਾਂਦੀ ਹੈ ਪਰ ਇਹਨਾਂ ਸਿੱਖ ਨੌਜਵਾਨਾਂ ਦੇ ਮਾਮਲੇ ਵਿੱਚ ਬਹੁਤਿਆਂ ਲਈ ਇਹ ਛੁੱਟੀ ਕਦੇ ਨਸੀਬ ਹੀ ਨਹੀਂ ਹੋਈ। ਜਿਵੇਂ ਕਿ ਮੈਂ ਪਹਿਲੇ ਆਖਿਆ ਹੈ ਕਿ ਸ਼ਹੀਦੀ ਜੋੜ ਮੇਲੇ ਆਪਣਾ ਮਹੱਤਵ ਕਾਫੀ ਵਿਸਾਰ ਚੁੱਕੇ ਹਨ ਇਸੇ ਤਰਾਂ ਸਿੱਖ ਕੌਮ ਵੀ ਸਿੱਖ ਸੰਘਰਸ਼ ਦੌਰਾਨ ਇਹਨਾਂ ਸਿੱਖ ਕੈਦੀਆਂ ਬਾਰੇ ਵੀ ਬੇਧਿਆਨੀ ਹੋ ਚੁੱਕੀ ਸੀ। ਭਾਈ ਗੁਰਬਖਸ਼ ਸਿੰਘ ਖਾਲਸਾ ਨੇ ਆਪਣੇ ਪਿੰਡੇ ਤੇ ਪੁਲੀਸ ਤਸ਼ੱਦਦ ਤੇ ਸਾਲਾਂ ਬੱਧੀ ਜੇਲ੍ਹ ਵੀ ਸਿੱਖ ਕੌਮ ਦੇ ਸੰਘਰਸ਼ ਕਰਕੇ ਕੱਟੀ ਹੈ ਅਤੇ ਹੁਣ ਵੀ ਉਹ ਜ਼ਮਾਨਤ ਤੇ ਹਨ ਇਸ ਕਰਕੇ ਉਹ ਸਿੱਖ ਕੌਮ ਦੀ ਪੀੜ੍ਹ ਨੂੰ ਸਮਝਦਿਆਂ ਹੋਇਆਂ ਇਸ ਅਹਿਮ ਰਿਹਾਈਆਂ ਦੇ ਮੁੱਦੇ ਲਈ ਸਿੱਖ ਪੰਥ ਅੱਗੇ ਅਰਦਾਸ ਕਰ ਮਰਨ ਵਰਤ ਤੇ ਗੁਰਦੁਆਰਾ ਅੰਭ ਸਾਹਿਬ ਵਿਖੇ ਬੈਠ ਗਏ ਅਤੇ ਆਪਣੇ ਸਾਂਤਮਈ ਸੰਘਰਸ਼ ਰਾਹੀਂ ਸਿੱਖ ਕੌਮ ਦੇ ਕੈਦੀ ਜਿਹਨਾਂ ਨੂੰ ਅਖਬਾਰਾਂ ਤੇ ਹੋਰ ਵਸੀਲਿਆਂ ਰਾਹੀ ਅੱਤਵਾਦੀ ਸ਼ਬਦ ਨਾਲ ਜਾਣਿਆ ਜਾਂਦਾ ਸੀ ਅੱਜ ਉਹਨਾਂ ਨੂੰ ਸਤਿਕਾਰ ਨਾਲ ਸਿਆਸੀ ਕੈਦੀ ਦਾ ਰੁਤਬਾ ਹਾਸਲ ਹੋ ਗਿਆ ਹੈ। ਭਾਵੇਂ ਕਿ ਰਾਸ਼ਟਰੀ ਟੀ.ਵੀ ਤੇ ਹੋਰ ਮਾਧਿਅਮਾਂ ਵਿੱਚ ਇਸ ਮਰਨ ਵਰਤ ਨੂੰ ਗੋਲਿਆ ਹੀ ਨਹੀਂ ਗਿਆ ਪਰ ਜਦੋਂ ਦੋ ਆਰਜ਼ੀ ਰਿਹਾਈਆਂ ਹੋਈਆਂ ਤਾਂ ਸਦਾ ਵਾਂਗ ਇਹ ਪਰਚਾਰਿਆ ਗਿਆ ਕਿ ਪੰਜਾਬ ਸਰਕਾਰ ਦਬਾਅ ਥੱਲੇ ਆ ਗਈ ਹੈ ਅਤੇ ਇਹਨਾਂ ਨੇ ਇਹਨਾਂ ਰਿਹਾਈਆਂ ਰਾਹੀਂ ਦੇਸ਼ ਦੀ ਅੰਦਰੂਨੀ ਸੁਰੱਖਿਆ ਨੂੰ ਖਤਰੇ ਵਿੱਚ ਪਾ ਦਿੱਤਾ ਹੈ। ਸਦਾ ਵਾਂਗ ਇਸ ਵਾਰ ਵੀ ਭਾਈ ਖਾਲਸਾ ਦੇ ਸਾਂਤਮਈ ਸੰਘਰਸ਼ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਸਿੱਖ ਕੌਮ ਦੇ ਅਕਾਲ ਤਖਤ ਦੇ ਜੱਥੇਦਾਰ ਅਤੇ ਹੋਰ ਮੋਹਤਬਰ ਹਸਤੀਆਂ ਆਪਣੀ ਕੌਮ ਨੂੰ ਇੱਕ ਨਰੋਈ ਅਤੇ ਕੇਂਦਰਤ ਸੇਧ ਦੇਣ ਵਿੱਚ ਨਾਕਾਮਯਾਬ ਸਿੱਧ ਹੋਈਆਂ ਹਨ। ਅੱਜ ਉਮੀਦ ਕੀਤੀ ਜਾਂਦੀ ਹੈ ਕਿ ਦੋ ਹੋਰ ਸਿੱਖ ਕੈਦੀ ਆਰਜੀ ਤੌਰ ਤੇ ਰਿਹਾਅ ਹੋਣ ਅਤੇ ਭਾਈ ਗੁਰਬਖਸ਼ ਸਿੰਘ ਖਾਲਸਾ ਆਪਣਾ ਮਰਨ ਵਰਤ ਅਕਾਲ ਤਖਤ ਸਾਹਿਬ ਤੇ ਸਮਾਪਤ ਕਰ ਦੇਣਗੇ। ਭਾਈ ਖਾਲਸਾ ਦੀ ਅਰਦਾਸ ਕਿਉਂ ਪੂਰੀ ਕਾਮਯਾਬ ਨਹੀਂ ਹੋ ਸਕੀ ਇਸਦਾ ਮੁਢਲਾ ਕਾਰਨ ਸਿੱਖ ਕੌਮ ਦੇ ਜਥੇਦਾਰ ਅਕਾਲ ਤਖਤ ਸਾਹਿਬ ਆਪਣੀ ਨੈਤਿਕ ਅਤੇ ਮੁਢਲੀ ਜ਼ੰਮੇਵਾਰੀ ਪੂਰੀ ਤਰਾਂ ਨਹੀਂ ਨਿਭਾਅ ਸਕੇ ਅਤੇ ਇਹ ਸਿੱਧ ਕਰਦਾ ਹੈ ਕਿ ਅਕਾਲ ਤਖਤ ਸਾਹਿਬ ਦੇ ਜੱਥੇਦਾਰ ਪੂਰੀ ਤਰਾਂ ਅਜਾਦ ਹਸਤੀ ਨਹੀਂ ਹੈ ਅਤੇ ਉਹਨਾਂ ਤੇ ਸਿਆਸਤ ਜ਼ਿਆਦਾ ਭਾਰੂ ਹੈ। ਅਰਦਾਸ ਪੂਰੀ ਨਾ ਹੋਣ ਦਾ ਕਾਰਨ ਮਰਨ ਵਰਤ ਤੇ ਬੈਠਣ ਤੋਂ ਪਹਿਲਾਂ ਜਿਹੜਾ ਕੇਂਦਰਤ ਮੁੱਦਾ ਸੀ ਉਸ ਤੇ ਸਹੀ ਢੰਗ ਨਾਲ ਵਿਚਾਰਿਆ ਨਹੀਂ ਗਿਆ ਅਤੇ ਰਿਹਾਈ ਕਮੇਟੀ ਜੋ ਮਰਨ ਵਰਤ ਦੌਰਾਨ ਹੋਂਦ ਵਿੱਚ ਆਈ ਸੀ ਦਾ ਭਾਈ ਖਾਲਸਾ ਨਾਲ ਵਖਰੇਵਾਂ ਅਤੇ ਸਿੱਖ ਸੰਘਰਸ਼ਮਈ ਧਿਰਾਂ ਵਿੱਚ ਪੂਰੀ ਤਰ੍ਹਾਂ ਆਪਸੀ ਸਹਿਮਤੀ ਸੀ। ਇਸ ਮਰਨ ਵਰਤ ਨੇ ਇਹ ਇੱਕ ਵਾਰ ਫਿਰ ਦਰਸਾ ਦਿੱਤਾ ਹੈ ਕਿ ਸਿੱਖ ਕੌਮ ਅੱਜ ਵੀ ਜਜ਼ਬਾਤਾਂ ਦੇ ਪੂਰੀ ਤਰਾਂ ਅਧੀਨ ਹੈ ਅਤੇ ਕਿਸੇ ਵੀ ਮੁੱਦੇ ਨੂੰ ਵਿਚਾਰ ਅਧੀਨ ਰੱਖ ਕੇ ਸੂਝ-ਬੂਝ ਨਾਲ ਉਲੀਕਿਆ ਨਹੀਂ ਜਾਂਦਾ ਜਿਸ ਕਰਕੇ ਸਦਾ ਵਾਂਗ ਜਿੱਤੀਆਂ ਬਾਜ਼ੀਆਂ ਵੀ ਅਤੇ ਬੇਸ਼ੁਮਾਰ ਕੁਰਬਾਨੀਆਂ ਅੱਧ-ਵਾਟੇ ਹੀ ਰੁਲ ਜਾਂਦੀਆਂ ਹਨ ਤੇ ਇਸ ਰਾਹੀਂ ਸਿੱਖ ਕੌਮ ਦੀਆਂ ਅੰਦਰੂਨੀ ਕਮਜ਼ੋਰੀਆਂ ਵੀ ਸਮਾਜ ਅੱਗੇ ਜ਼ਾਹਰ ਹੋ ਜਾਂਦੀਆਂ ਹਨ। ਇਸ ਮਰਨ ਵਰਤ ਸੰਘਰਸ਼ ਦੌਰਾਨ ਸੰਤ ਸਮਾਜ ਦੀ ਭੂਮਿਕਾ ਹਾਂ ਪੱਖੀ ਸਾਹਮਣੇ ਆਈ ਹੈ ਤੇ ਇਸ ਮਰਨ ਵਰਤ ਦੇ ਸੰਘਰਸ਼ ਨੂੰ ਪੂਰਾ ਸਹਿਯੋਗ ਦਿੱਤਾ ਹੈ। ਭਾਵੇਂ ਅੱਜ ਅਨੇਕਾਂ ਸਿੱਖ ਵਿਦਵਾਨ ਇਸ ਮਰਨ ਵਰਤ ਸੰਘਰਸ਼ ਦੀ ਅਰਦਾਸ ਨੂੰ ਅਧੂਰੀ ਦਰਸਾ ਰਹੇ ਹਨ ਪਰ ਦੇਖਣ ਵਾਲੀ ਇਹ ਗੱਲ ਹੈ ਕਿ ਉਹਨਾਂ ਨੇ ਆਪ ਇਸ ਵਿੱਚ ਕੀ ਯੋਗਦਾਨ ਪਾਇਆ ਹੈ ਸਿਵਾਏ ਇਸ ਤੇ ਟਿੱਪਣੀ ਕਰਨ ਤੋਂ। ਇਹ ਮਰਨ ਵਰਤ ਦਾ ਸੰਘਰਸ਼ ਇੱਕਵਾਰ ਫੇਰ ਸ਼ਹੀਦ ਦਰਸ਼ਨ ਸਿੰਘ ਫੇਰੂਮਾਨ ਦੀ ਯਾਦ ਤਾਜ਼ਾ ਕਰਵਾਉਂਦਾ ਹੈ ਅਤੇ ਸਿੱਖ ਕੌਮ ਦੇ ਅਧੂਰੇ ਪੈਂਡੇ ਜੋ ਕਿ ਸਿੱਖ ਕੌਮ ਨੂੰ ਚਿਰਾਂ ਤੋਂ ਵੰਗਾਰ ਰਹੇ ਹਨ ਬਾਰੇ ਮੁੜ ਤੋਂ ਵਿਚਾਰ ਕਰਨ ਲਈ ਪ੍ਰੇਰਤ ਕਰ ਰਹੇ ਹਨ ਤੇ ਇਹ ਮੰਗ ਕਰਦੇ ਹਨ ਕਿ ਅਕਾਲ ਤਖਤ ਸਾਹਿਬ ਦੇ ਜੱਥੇਦਾਰ ਪੂਰੀ ਤਰਾਂ ਇੱਕ ਅਜ਼ਾਦ ਹਸਦੀ ਵਜੋਂ ਸਿੱਖ ਕੌਮ ਦੇ ਸਾਹਮਣੇ ਆਵੇ।