ਕੋਊ ਕਿਸੀ ਕੋ ਰਾਜ ਨਾ ਦੇਹਿ ਹੈਂ ॥ ਜੋ ਲੇਹਿ ਹੈ ਨਿਜ ਬਲ ਸੇ ਲੇਹਿ ਹੈਂ ॥
ਬਿਨਾ ਸ਼ਸ਼ਤ੍ਰ ਕੇਸੰ ਨਰੰ ਭੇਡ ਜਾਨੋ ਗਹੈ ਕਾਨ ਤਾਂ ਕੋ ਕਿਤੈ ਲੈ ਸਿਧਾਨੋ ॥
ਇਹ ਸਤਰਾਂ ਅਸੀ ਅਕਸਰ ਹੀ ਸੁਣਦੇ ਹਾਂ ਕਿ ਸ਼ਸ਼ਤਰਨ ਕੇ ਅਧੀਨ ਹੈ ਰਾਜ।ਕਿਸੇ ਗੁੰਮਨਾਮ ਕਵੀ ਦੀਆਂ ਇਹ ਸਤਰਾਂ ਨੂੰ ਗੁਰੂ ਗੋਬਿੰਦ ਸਿੰਘ ਜੀ ਦੀਆਂ ਕਹਿ ਕੇ ਪ੍ਰਚਾਰਿਆ ਜਾਂਦਾ ਹੈ।ਬਹੁਤ ਸਾਰੇ ਲੋਕ ਆਪਣੀ ਅਗਿਆਨਤਾ ਵੱਸ ਇਹਨਾਂ ਸਤਰਾਂ ਨੂੰ ਗੁਰੂ ਦੇ ਬਚਨ ਜਾਣ ਕੇ ਸ਼ਰਧਾ ਵਿਚ ਸੱਚੋ ਸੱਚ ਮੰਨ ਕੇ ਸਮੇਂ ਦੇ ਹਾਣੀ ਬਣਨ ਦੀ ਥਾਂ ਅਜਿਹੀ ਵਿਚਾਰਧਾਰਾ ਬਣਾ ਕੇ ਬੈਠੇ ਹਨ ਕਿ ਕੋਈ ਕਿਸੇ ਨੂੰ ਰਾਜ ਨਹੀਂ ਦਿੰਦਾ, ਸਗੋਂ ਬਲ (ਤਾਕਤ) ਨਾਲ ਹੀ ਲੈਣਾ ਪੈਂਦਾ ਹੈ ਅਤੇ ਦੂਜੀ ਸਤਰ ਨੂੰ ਆਧਾਰ ਬਣਾ ਕੇ ਅਜਿਹਾ ਗੁੰਮਰਾਹਕੁੰਨ ਪ੍ਰਚਾਰ ਕੀਤਾ ਜਾਂਦਾ ਹੈ ਕਿ ਹਥਿਆਰਾਂ ਤੋਂ ਬਿਨਾਂ ਰਾਜ ਆ ਨਹੀਂ ਸਕਦਾ।
ਇਸ ਕਰਕੇ ਬਹੁਤ ਸਾਰੇ ਸਿੰਘ (ਸਿੱਖ) ਲੋਕਤੰਤਰੀ ਪ੍ਰੰਪਰਾਵਾਂ ਵਿਚ ਯਕੀਨ ਨਹੀਂ ਰੱਖਦੇ ਅਤੇ ਜਦੋਂ ਵੀ ਸਿੱਖਾਂ ਵਿਚ ਕੋਈ ਵਿਅਕਤੀ ਗਰਮ ਨਾਹਰੇ ਮਾਰਦਾ ਅਤੇ ਹਥਿਆਰਾਂ ਦਾ ਪ੍ਰਚਾਰ ਕਰਦਾ ਹੈ ਤਾਂ ਉਹ ਝੱਟ ਉਨ੍ਹਾਂ ਦਾ ਹੀਰੋ ਬਣ ਜਾਂਦਾ ਹੈ। ਪਿਛਲੀ ਸਦੀ ਦੇ ਆਖਰੀ ਦਹਾਕਿਆਂ ਵਿਚ ਜਦੋਂ ਮੋਟਰ ਸਾਈਕਲ ਅਤੇ ਹਥਿਆਰ ਰੱਖਣ ਦਾ ਨਾਅਰਾ ਦਿੱਤਾ ਗਿਆ ਤਾਂ ਹਜਾਰਾਂ ਹੀ ਨੌਜਵਾਨ ਬਿਨਾਂ ਕਿਸੇ ਰਾਜਸੀ ਸੂਝ-ਬੂਝ ਜਾਂ ਇਸ ਤੋਂ ਨਿਕਲਣ ਵਾਲੇ ਨਤੀਜਿਆਂ ਨੂੰ ਵਿਚਾਰੇ ਬਿਨਾਂ ਜਜਬਾਤੀ ਹੋ ਕੇ ਹਥਿਆਰਾਂ ਦੇ ਰਾਹ ਤੁਰ ਪਏ।ਗਿਆਨ ਮੱਤ ਅਤੇ ਲੋਕਤੰਤਰੀ ਪ੍ਰੀਕਿਰਿਆ ਤੋਂ ਹਟ ਗਿਆਨ ਵਿਹੂਣੀ ਹਿੰਸਾ ਦਾ ਹਿੱਸਾ ਬਣ ਸਰਕਾਰੀ ਜਬਰ ਦਾ ਸ਼ਿਕਾਰ ਬਣੇ।
18ਵੀਂ ਸਦੀ ਦੀਆਂ ਕਿਸੇ ਕਵੀ ਦੀਆਂ ਸਤਰਾਂ ਉਸ ਸਮੇਂ ਦੇ ਡਿਕਟੇਟਰਸ਼ਿਪ ਅਤੇ ਵਿਦੇਸ਼ੀ ਹਮਲਾਵਰਾਂ ਦੇ ਦੌਰ ਵਿਚ ਤਾਂ ਠੀਕ ਹੋ ਸਕਦੀਆਂ ਸਨ, ਪਰ ਅੱਜ ਦੀ ਮਾਡਰਨ ਲੋਕਤੰਤਰੀ ਦੁਨੀਆ ਵਿਚ ਹਥਿਆਰਾਂ ਨਾਲ ਕੁਝ ਵੀ ਪ੍ਰਾਪਤ ਨਹੀਂ ਹੋ ਸਕਦਾ।ਦੂਜੀ ਸੰਸਾਰ ਜੰਗ ਤੋਂ ਬਾਅਦ ਕਿਸੇ ਦੇਸ਼ ਵਿਚ ਕੋਈ ਹਥਿਆਰਬੰਦ ਲਹਿਰ ਕਾਮਯਾਬ ਨਹੀਂ ਹੋਈ।ਜੇ ਹੋਈ ਵੀ ਹੈ ਤਾਂ ਉਹ ਕਿਸੇ ਦੂਜੇ ਦੇਸ਼ ਦੀ ਫੌਜੀ ਜਾਂ ਸਿਆਸੀ ਮਦਦ ਨਾਲ ਹੀ ਹੋਈ ਹੈ।ਦੁਨੀਆ ਭਰ ਦੇ ਦੇਸ਼ਾਂ ਨੇ ਕਾਨੂੰਨੀ ਤੌਰ ਤੇ ਇਜ ਮੰਨ ਲਿਆ ਹੈ ਕਿ ਹਥਿਆਰ ਰੱਖਣ ਅਤੇ ਵਰਤਣ ਦਾ ਅਧਿਕਾਰ ਸਿਰਫ ਸਟੇਟ ਦੀ ਫੌਜ ਜਾਂ ਪੁਲਿਸ ਕੋਲ ਹੀ ਹੈ।ਉਹ ਹੀ ਸਭ ਦੇ ਜਾਨ-ਮਾਲ ਦੀ ਰਾਖੀ ਲਈ ਜ਼ਿੰਮੇਵਾਰ ਹਨ।ਜਦੋਂ ਕੋਈ ਵੀ ਫਿਰਕਾ ਲੋਕ ਮੱਤ ਤੋਂ ਬਿਨਾਂ ਹਥਿਆਰ ਚੁੱਕ ਲੈਂਦਾ ਹੈ ਤਾਂ ਸਟੇਟ ਨੂੰ ਜਬਰ ਕਰਨ ਦਾ ਮੌਕਾ ਮਿਲ ਜਾਂਦਾ ਹੈ।ਇਸੇ ਤਰਾਂ ਅੱਜ ਦੇ ਸਮੇਂ ਵਿਚ ਸਰੀਰਕ ਬਲ ਦੀ ਵੀ ਕੋਈ ਮਹੱਤਤਾ ਨਹੀਂ ਰਹੀ।ਰਾਜ ਵੀ ਅੱਜ ਦੇ ਸਮੇਂ ਸਰੀਰਕ ਤਾਕਤ ਨਾਲੋਂ ਜਿਆਦਾ ਦਿਮਾਗੀ ਤਾਕਤ ਨਾਲ ਹੀ ਹਾਸਿਲ ਕੀਤੇ ਜਾ ਸਕਦੇ ਹਨ।ਪਿਛਲੇ ਸਾਲ 2022 ਦੀਆਂ ਚੋਣਾਂ ਦੇ ਨਤੀਜੇ ਸਪੱਸ਼ਟ ਸੁਨੇਹਾ ਦੇ ਰਹੇ ਹਨ ਕਿ ਹਥਿਆਰਾਂ ਅਤੇ ਨਿੱਜ ਬਲ ਦੇ ਰਾਹ ਤੁਰੇ ਹੋਏ ਲੋਕ ਹਜਾਰਾਂ ਬੰਦੇ ਮਰਵਾ ਕੇ ਵੀ ਪਿਛਲੇ ਸਾਲਾਂ ਵਿਚ ਜੂਨ 1984 ਤੋਂ ਬਾਅਦ ਪੰਜਾਬ ਜਾਂ ਪੰਥ ਲਈ ਕੋਈ ਪ੍ਰਾਪਤੀ ਨਹੀਂ ਕਰ ਸਕੇ।ਇਸ ਦੇ ਮੁਕਾਬਲੇ, ਲੋਕਾਂ ਦੇ ਮੁੱਦਿਆਂ ਨੂੰ ਆਧਾਰ ਬਣਾ ਕੇ ਕੁਝ ਸਾਲਾਂ ਪਹਿਲਾਂ ਹੀ ਪੰਜਾਬ ਤੋਂ ਬਾਹਰੋਂ ਆਈ ਪਾਰਟੀ ਨੇ ਦਿਮਾਗ ਦੀ ਤਾਕਤ ਨਾਲ ਬਿਨਾਂ ਹਥਿਆਰਾਂ ਤੋਂ ਹੀ ਝਾੜੂ ਨਾਲ ਰਾਜ ਪ੍ਰਾਪਤ ਕਰ ਲਿਆ। ਲੋਕਤੰਤਰੀ ਢੰਗ ਨਾਲ ਲੜ ਕੇ ਜਿੱਤ ਪ੍ਰਾਪਤ ਕਰਨਾ ਕਿਸਾਨ ਮੋਰਚੇ ਦੀ ਵੱਡੀ ਕਾਮਯਾਬੀ ਸੀ ਜਿਸ ਨੂੰ ਲੀਹੋਂ ਲਾਉਣ ਲਈ ਫੋਕੇ ਝੰਡੇ ਝੁਲਾ ਕੁ ਕੋਝਾ ਉਪਰਾਲਾ ਕੀਤਾ ਗਿਆ।ਉਸ ਵਿਚ ਸ਼ਾਮਿਲ ਵਿਅਕਤੀਆਂ ਨੂੰ ਅੱਜ ਕੋਮੀ ਯੋਧੇ ਬਣਾ ਦਿੱਤਾ ਗਿਆ।
ਮੇਰੇ ਖਿਆਲ ਅਨੁਸਾਰ ਸਿੱਖ ਪ੍ਰਚਾਰਕਾਂ, ਲੀਡਰਾਂ ਅਤੇ ਰਾਜਨੀਤਿਕ ਵਿਦਵਾਨਾਂ ਦਾ ਫਰਜ ਬਣਦਾ ਹੈ ਕਿ ਨੌਜਵਾਨੀ ਵਿਚ ਗਿਆਨ ਮੱਤ ਪ੍ਰਤੀ ਮੱੁਢਲੀ ਸਿੱਖਿਆ ਦੇ ਰੁਝਾਨ ਨੂੰ ਵਧਾਉਣ ਵੱਲ ਉਪਰਾਲੇ ਕਰਨ ਤਾਂ ਜੋ ਨਿੱਜ ਬਲ ਦੇ ਰਾਹ ਪਏ ਲਾਪਰਵਾਹਾਂ ਦੇ ਰੁਝਾਨ ਨੂੰ ਠੱਲਿਆ ਜਾ ਸਕੇ ਅਤੇ ਲੋਕਤੰਤਰੀ ਕਦਰਾਂ-ਕੀਮਤਾਂ ਨੂੰ ਵਧਾ ਕੇ ਕੱਟੜ ਧਾਰਮਿਕ ਸੋਚ ਦੀ ਥਾਂ ਧਰਮ ਨਿਰਪੱਖ ਸੋਚ ਅਪਨਾਉਣ ਦਾ ਰਾਹ ਅਖ਼ਤਿਆਰ ਕੀਤਾ ਜਾ ਸਕੇ।ਪੰਜਾਬ ਵਿਚ ਸਿਰਫ ਸਿੱਖ ਹੀ ਨਹੀਂ ਵੱਸਦੇ ਸਗੋਂ ਸਿੱਖਾਂ ਨਾਲੋਂ ਵੱਧ ਹੋਰ ਭਾਈਚਾਰੇ ਹਨ।ਇਸ ਕਰਕੇ, ਫਿਰਾਕਪ੍ਰਸਤੀ ਵਾਲੀ ਸੋਚ ਦੀ ਥਾਂ ਸਿੱਖ ਕੌਮ ਨੂੰ ਉਸ ਦੇ ਮਾਣ-ਮੱਤੇ ਸਿੱਖ ਫਲਸਫੇ ਨਾਲ ਹੀ ਜੁੜ ਕੇ ਰਹਿਣਾ ਚਾਹੀਦਾ ਹੈ ਤਾਂ ਜੋ ਅਸੀ ਬਾਬੇ ਨਾਨਕ ਦੇ ਲੋਕ-ਗਾਥਾ ਵਾਲੇ ਰਾਹ ਨੂੰ ਦੁਨੀਆ ਸਾਹਮਣੇ ਉਜਾਗਰ ਕਰ ਸਕੀਏ।ਗੁਰੂਆਂ ਦੀ ਵਿਚਾਰਧਾਰਾ ਸਰਬੱਤ ਦੇ ਭਲੇ ਦੀ ਵਿਚਾਰਧਾਰਾ ਹੈ।ਸਿੱਖ ਕੌਮ ਸਿਰਫ ਲੰਗਰ ਲਗਵਾਉਣ ਨੂੰ ਹੀ ਸਰਬੱਤ ਦਾ ਭਲਾ ਮੰਨ ਰਹੀ ਹੈ।ਸਾਡੇ ਵਲੋਂ ਹਥਿਆਰਾਂ ਨੂੰ ਪ੍ਰਚਾਰਨ ਵਾਲੇ ਕਲਚਰ ਕਾਰਨ ਸਾਡੇ ਵਲੋਂ ਲਾਏ ਜਾ ਰਹੇ ਲੰਗਰ ਵੀ ਸਾਡੀ ਛਵੀ ਨੂੰ ਸੁਧਾਰ ਨਹੀਂ ਰਹੇ।
ਇਸ ਲਈ, ਸਿਰ ਵਰਤਣ ਤੋਂ ਬਗੈਰ ਸਿਰ ਦੇਣ ਦੇ ਵੀ ਕੋਈ ਮਾਇਨੇ ਨਹੀਂ ਹਨ।1846 ਵਿਚ ਵੀ ਸਿਰ ਦਿੱਤੇ ਗਏ, ਪਰ ਵਰਤੇ ਨਹੀਂ ਗਏ।ਖਾਲਸਾ ਰਾਜ ਉਸ ਸਮੇਂ ਦੇ ਦੱਖਣੀ ਏਸ਼ੀਆ ਦੀ ਸਭ ਤੋਂ ਵੱਡੀ ਤਾਕਤ ਸੀ ਜਿੱਥੇ ਇਕ ਰੁਪਈਆ 12 ਡਾਲਰ ਦੇ ਬਰਾਬਰ ਸੀ ਅਤੇ ਦੁਨੀਆ ਵਿਚ 30 ਪ੍ਰਤੀਸ਼ਤ ਅਰਥ ਸ਼ਾਸਤਰ ਵਿਚ ਹਿੱਸਾ ਸੀ।
1920-25 ਵਿਚ ਵੀ ਸਿਰ ਦੇ ਕੇ ਗੁਰੂ ਘਰ ਮਹੰਤਾਂ ਤੋਂ ਅਜ਼ਾਦ ਕਰਵਾ ਲਏ, ਪਰ ਸਿਰ ਵਰਤੇ ਨਹੀਂ।ਇਸ ਕਰਕੇ ਹੀ ਸਿੱਖ ਆਪਣੀ ਪ੍ਰਭੂਸੱਤਾ ਨਹੀਂ ਹਾਸਿਲ ਕਰ ਸਕੇ ਅਤੇ ਗੁਰਮਤਿ ਸਿਧਾਂਤ ਨਹੀ ਮੰਨਵਾ ਸਕੇ ਅਤੇ ਆਪਣਾ ਸਿੱਖ ਰਾਜ ਦਾ ਸੰਕਲਪ ਵੀ ਛੱਡ ਦਿੱਤਾ।1946 ਵਿਚ ਵੀ ਸਿਰ ਨਾ ਵਰਤੇ ਅਤੇ ਆਪਣੇ ਵਤਨ ਦੀ ਮੰਗ ਵੀ ਛੱਡ ਗਏ ਅਤੇ ਉਸ ਤੋਂ ਬਾਅਦ ਵਤਨ ਪ੍ਰਸਤੀ ਵੱਲ ਕਦਮ ਨਾ ਵਧਾ ਸਕੇ।ਪਾਕਿਸਤਾਨ ਕਬਹੂ ਨਾ ਬਣਨੇਂ ਦੇਂਗੇਂ ਦੇ ਗੇੜ ਵਿਚ ਵੱਡਾ ਹਿੱਸਾ ਪੰਜਾਬ ਵੀ ਗੁਆ ਲਿਆ ਅਤੇ ਲਾਹੌਰ ਅਤੇ ਨਨਕਾਣਾ ਵੀ ਹੱਥੋਂ ਚਲੇ ਗਏ।ਅਸੀਂ ਹਰ ਵਾਰ ਆਪਣੀਆਂ ਕੁਰਬਾਨੀਆਂ ਦਾ ਹੋਕਾ ਦੇਣ ਜੋਗੇ ਹੀ ਰਹਿ ਗਏ।
1984 ਤੋਂ ਪਹਿਲਾਂ ਵੀ ਅਤੇ ਬਾਅਦ ਵਿਚ ਵੀ ਸਿਰ ਵਰਤਣ ਦੇ ਗਿਆਨ ਤੋਂ ਅਧੂਰੇ ਰਹੇ।ਸਿੱਖ ਰਾਜ ਵਾਲੇ ਹੋਣ ਸਦਕਾ ਵੀ ਅੱਜ ਰਾਜ ਵਿਹੂਣੇ ਹੀ ਹੋ ਗਏ ਹਨ ਅਤੇ ਹੇਮਕੁੰਟ ਨੂੰ ਹੀ ਆਪਣਾ ਇਤਿਹਾਸਿਕ ਤੀਰਥ ਅਸਥਾਨ ਮੰਨੀ ਬੈਠੇ ਹਾਂ।ਸਿੱਖ ਕੌਮ ਨੂੰ ਅੰਗਰੇਜ਼ ਮਹੰਤਾਂ ਦੀ ਦਿੱਖ ਵਾਲੀ ਸਿਆਸਤ ਤੋਂ ਮੁਕਤ ਹੋਣਾ ਪੈਣਾ ਹੈ ਜਿਸ ਲਈ ਗਿਆਨ ਅਧਾਰਿਤ ਆਧੁਨਿਕਤਾਵਾਦ ਦੀ ਸੋਚ ਨੂੰ ਅਪਨਾਉਣਾ ਪੈਣਾ ਹੈ ਨਾ ਕਿ ਮੱਧਕਾਲੀ ਸੋਚ ਨੂੰ।