ਪੰਜਾਬ ਦੇ ਪੰਜ ਵਾਰ ਮੁੱਖ ਮੰਤਰੀ ਰਹੇ ਪਰਕਾਸ਼ ਸਿੰਘ ਬਾਦਲ ਦੀ ਮੌਤ ਹੋ ਗਈ ਹੈ ਰਾਜਨੀਤਕ ਅਤੇ ਸਰੀਰਕ ਤੌਰ ਤੇ ਸਭ ਤੋਂ ਲੰਬੀ ਉਮਰ ਭੋਗਣ ਵਾਲੇ ਇਸ ਸਖਸ਼ ਨੇ ਪਿਛਲੇ ਦਿਨੀ ਆਖਰੀ ਸਾਹ ਲਏ। ਵੈਸੇ ਕਿਸੇ ਮਰ ਗਏ ਬੰਦੇ ਲਈ ਅਪਸ਼ਬਦ ਬੋਲਣੇ ਪੰਜਾਬੀ ਸੱਭਿਆਚਾਰ ਦਾ ਹਿੱਸਾ ਨਹੀ ਹੈ ਪਰ ਫਿਰ ਵੀ ਕਿਸੇ ਅਜਿਹੀ ਸ਼ਖਸ਼ੀਅਤ ਦੇ ਜੀਵਨ ਪੰਧ ਦਾ ਮੁਤਾਲਿਆ ਇਮਾਨਦਾਰੀ ਨਾਲ ਹੋਣਾਂ ਚਾਹੀਦਾ ਹੈ ਜਿਸਨੇ ਕਿਸੇ ਕੌਮ ਦੀ ਹੋਣੀ ਦੇ ਫੈਸਲੇ ਲਏ ਹੋਣ।

ਜਦੋਂ ਇਸ ਸੰਦਰਭ ਵਿੱਚ ਅਸੀਂ ਪਰਕਾਸ਼ ਸਿੰਘ ਬਾਦਲ ਦੇ ਰਾਜਸੀ ਜੀਵਨ ਦਾ ਮੁਤਾਲਿਆ ਕਰਦੇ ਹਾਂ ਤਾਂ ਸਾਡੇ ਸਾਹਮਣੇ ਹਨੇਰਾ ਹੀ ਹਨੇਰਾ ਨਜ਼ਰ ਆਉਂਦਾ ਹੈ। ਬਾਦਲ ਪਿੰਡ ਵਿੱਚੋਂ ਹੋਰ ਬਹੁਤ ਸਾਰੇ ਲੋਕ ਮਰੇ ਹੋ ਸਕਦੇ ਹਨ ਪਰ ਪਰਕਾਸ਼ ਸਿੰਘ ਬਾਦਲ ਉਨ੍ਹਾਂ ਹਜਾਰਾਂ ਵਿੱਚ ਸ਼ਾਮਲ ਨਹੀ ਸੀ। ਪਰਕਾਸ਼ ਸਿੰਘ ਬਾਦਲ ਉਹ ਸ਼ਖਸ਼ ਸੀ ਜਿਸਨੇ ਸਿੱਖ ਰਾਜਨੀਤੀ ਵਿੱਚੋਂ ਧਰਮ ਅਤੇ ਸਿਧਾਂਤ ਦਾ ਕਤਲ ਕਰਕੇ ਸਿੱਖ ਰਾਜਨੀਤੀ ਨੂੰ ਲੁੱਟ-ਮਾਰ ਵਾਲੀ ਰਾਜਨੀਤੀ ਵੱਜੋਂ ਸਿਰਜਿਆ ਅਤੇ ਪਾਲਿਆ। ਪਰਕਾਸ਼ ਸਿੰਘ ਬਾਦਲ ਨੇ ਪੰਜਾਬ ਦੀ ਰਾਜਨੀਤੀ ਵਿੱਚੋਂ ਧਰਮ ਅਧਾਰਤ ਰਾਜਨੀਤੀ ਦਾ ਕਤਲ ਕੀਤਾ। ਪੈਰ ਪੈਰ ਤੇ ਉਸਨੇ ਅਜਿਹੇ ਕਦਮ ਚੁੱਕੇ ਅਤੇ ਫੈਸਲੇ ਲਏ ਜਿਨ੍ਹਾਂ ਨਾਲ ਰਾਜਨੀਤੀ ਸਗੋਂ ਧਰਮ ਉੱਤੇ ਹਾਵੀ ਹੋ ਗਈ। ਸਿੱਖਾਂ ਦੀਆਂ ਵੱਡੀਆਂ ਧਾਰਮਕ ਸੰਸਥਾਵਾਂ ਪਰਕਾਸ਼ ਸਿੰਘ ਬਾਦਲ ਦੀ ਰਖੇਲ ਬਣਕੇ ਰਹਿ ਗਈਆਂ। ਸਿੱਖ ਇਤਿਹਾਸ ਵਿੱਚ ਪਰਕਾਸ਼ ਸਿੰਘ ਬਾਦਲ ਅਜਿਹਾ ਆਗੂ ਸੀ ਜਿਸਨੇ ਅਕਾਲ ਤਖਤ ਦੇ ਜਥੇਦਾਰ ਸਾਹਿਬਾਨ ਨੂੰ ਹੁਕਮ ਦੇਕੇ ਆਪਣੇ ਪੈਰਾਂ ਵਿੱਚ ਬੈਠਣ ਨੂੰ ਮਨਜੂਰ ਕੀਤਾ। ਦਮਦਮੀ ਟਕਸਾਲ ਦੇ ਮੁਖੀ ਨੂੰ ਤਾਂ ਉਸਦੇ ਪੈਰਾਂ ਵਿੱਚ ਬੈਠਿਆਂ ਦੇਖਿਆ ਵੀ ਜਾ ਸਕਦਾ ਹੈ।

ਪਰਕਾਸ਼ ਸਿੰਘ ਬਾਦਲ ਨਿਮਰ ਹੋਣ ਦਾ ਬੁਰਕਾ ਪਾਕੇ ਸਿਰੇ ਦੀ ਤਾਨਾਸ਼ਾਹੀ ਫੈਲਾਉਂਦਾ ਰਿਹਾ। ਸਿੱਖ ਰਾਜਨੀਤੀ ਨੂੰ ਉਸਨੇ ਸੰਘਰਸ਼ ਦੀ ਰਾਜਨੀਤੀ ਤੋਂ ਧੰਦੇ ਦੀ ਰਾਜਨੀਤੀ ਬਣਾ ਦਿੱਤਾ। ਸਿੱਖ ਰਾਜਨੀਤੀ ਵਿੱਚ ਧਾਰਮਕ ਮੱਸ ਹਮੇਸ਼ਾ ਅਗਵਾਈ ਦੇਂਦੀ ਰਹੀ ਸੀ। ਸਿੱਖ ਰਾਜਨੀਤੀਵਾਨ ਹਮੇਸ਼ਾ ਆਪਣੇ ਕੇਂਦਰੀ ਅਸਥਾਨ ਸ੍ਰੀ ਅਕਾਲ ਤਖਤ ਸਾਹਿਬਾਨ ਤੋਂ ਅਰਦਾਸ ਅਤੇ ਅਗਵਾਈ ਲੈਂਦੇ ਰਹੇ ਸਨ। ਪਰ ਪਰਕਾਸ਼ ਸਿੰਘ ਬਾਦਲ ਨੇ ਸਿੱਖ ਰਾਜਨੀਤੀ ਵਿੱਚ ਧਰਮ ਦੇ ਤੱਤ ਨੂੰ ਬਾਹਰ ਹੀ ਨਹੀ ਕੱਢਿਆ ਬਲਕਿ ਧਰਮ ਨੂੰ ਰਾਜਨੀਤੀ ਦੇ ਅਧੀਨ ਕਰ ਲਿਆ। ਉਸ ਲਈ ਸੱਤਾ ਹੀ ਸਭ ਕੁਝ ਸੀ। ਉਹ ਕਿਸੇ ਵੀ ਢੰਗ ਨਾਲ ਸੱਤਾ ਹਥਿਆ ਕੇ ਉਸਨੂੰ ਆਪਣੀਆਂ ਨਿੱਜੀ ਖਾਹਸ਼ਾਂ ਦੀ ਪੂਰਤੀ ਲਈ ਵਰਤਣ ਦਾ ਆਦੀ ਸੀ। ਕਿਸੇ ਵੀ ਸਿੱਖ ਲਈ ਸੱਤਾ ਉਦੋਂ ਤੱਕ ਨਿਸ਼ਾਨਾ ਨਹੀ ਹੋਣੀ ਚਾਹੀਦੀ ਜਦੋਂ ਤੱਕ ਉਹ ਸਿੱਖ ਸਿਧਾਂਤਾਂ ਦਾ ਨਿਰਾਦਰ ਕਰਕੇ ਹਾਸਲ ਕੀਤੀ ਹੋਵੇ।

ਕਮਾਲ ਦੀ ਗੱਲ ਇਹ ਸੀ ਕਿ ਪਰਕਾਸ਼ ਸਿੰਘ ਬਾਦਲ ਆਗੂ ਤਾਂ ਸਿੱਖਾਂ ਦੀ ਪਾਰਟੀ ਅਕਾਲੀ ਦਲ ਦਾ ਸੀ ਪਰ ਉਸਦਾ ਸਿੱਖ ਵੋਟਰਾਂ ਤੇ ਕਦੇ ਵੀ ਭਰੋਸਾ ਨਹੀ ਸੀ ਬੱਝਾ। ਉਹ ਹਮੇਸ਼ਾ ਸਿੱਖ ਵੋਟਰ ਨੂੰ ਸ਼ੱਕ ਦੀ ਨਿਗਾਹ ਨਾਲ ਦੇਖਦਾ ਸੀ। ਉਸਦੀ ਟੇਕ ਹਿੰਦੂ ਵੋਟ ਤੇ ਰਹਿੰਦੀ ਸੀ। ਉਸਨੂੰ ਇਹ ਅਹਿਸਾਸ ਹੋ ਗਿਆ ਸੀ ਕਿ ਸਿੱਖ ਵੋਟਰ ਉਸਦੀ ਪਿੱਠ ਵਿੱਚ ਕਦੇ ਵੀ ਛੁਰਾ ਮਾਰ ਸਕਦੇ ਹਨ ਇਸ ਲਈ ਉਸਨੇ ਸਿੱਖਾਂ ਦਾ ਕਤਲੇਆਮ  ਕਰਕੇ, ਸਿੱਖਾਂ ਨੂੰ ਜਲੀਲ ਕਰਕੇ ਉਨ੍ਹਾਂ ਨੂੰ ਜੇਲ੍ਹਾਂ ਵਿੱਚ ਡੱਕਕੇ ਹਿੰਦੂ ਵੋਟਰਾਂ ਨੂੰ ਇਹ ਅਹਿਸਾਸ ਕਰਵਾਇਆ ਕਿ ਮੈਂ ਸਿੱਖਾਂ ਨਾਲੋਂ ਹਿੰਦੂ ਵੋਟਰਾਂ ਦਾ ਜਿਆਦਾ ਖਿਆਲ ਰੱਖਦਾ ਹਾਂ। ਪਰਕਾਸ਼ ਸਿੰਘ ਬਾਦਲ ਦੀਆਂ ਇਨ੍ਹਾਂ ਨਿੱਜੀ ਗਿਣਤੀਆਂ ਮਿਣਤੀਆਂ ਕਾਰਨ ਹੀ ਪੰਜਾਬ ਵਿੱਚ ਭਾਜਪਾ ਦੇ ਪੈਰ ਵੱਡੀ ਪੱਧਰ ਤੇ ਲੱਗੇ।

ਪਰਕਾਸ਼ ਸਿੰਘ ਬਾਦਲ ਨੇ ਅਕਾਲੀ ਰਾਜਨੀਤੀ ਵਿੱਚੋਂ ਅੰਮ੍ਰਿਤਧਾਰੀ ਸਿੱਖਾਂ ਨੂੰ ਭਜਾ ਭਜਾ ਕੇ ਮਾਰਿਆ। ਉਸਨੂੰ ਇਹ ਅਹਿਸਾਸ ਸੀ ਕਿ ਧਰਮ ਨਾਲ ਜੁੜੇ ਹੋਏ ਆਗੂ ਉਸਦੇ ਫੈਸਲਿਆਂ ਤੇ ਸੁਆਲ ਚੁੱਕ ਸਕਦੇ ਹਨ ਜੋ ਉਸਨੂੰ ਬਿਲਕੁਲ ਵੀ ਪਸੰਦ ਨਹੀ ਸਨ। ਉਸਨੇ ਹਰ ਅੰਮ੍ਰਿਤਧਾਰੀ ਸਿੱਖ ਆਗੂ ਨੂੰ ਬੇਇੱਜ਼ਤ ਕਰਕੇ ਪਾਰਟੀ ਵਿੱਚੋਂ ਬਾਹਰ ਕੱਢਿਆ ਅਤੇ ਅਕਾਲੀ ਦਲ ਵਿੱਚ ਗੈਰ-ਕੇਸਾਧਾਰੀ ਲੱਠਮਾਰ ਲੋਕਾਂ ਨੂੰ ਦਾਖਲ ਕੀਤਾ ਜੋ ਉਸਦੇ ਸੁਪਨਿਆਂ ਨੂੰ ਪੂਰਾ ਕਰਨ ਲਈ ਹਰ ਗੁੰਡਾਗਰਦੀ ਕਰਨ ਨੂੰ ਤਿਆਰ ਰਹਿਣ। ਆਪਣੀ ਗੱਦੀ ਬਚਾਉਣ ਲਈ ਪਰਕਾਸ਼ ਸਿੰਘ ਬਾਦਲ ਦੇ ਗੁੰਡਿਆਂ ਨੇ 1994 ਵਿੱਚ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੀ ਵੀ ਕੁੱਟਮਾਰ ਕਰਨ ਦੀ ਕੋਸ਼ਿਸ਼ ਕੀਤੀ।

ਸੁਮੇਧ ਸੈਣੀ ਅਤੇ ਅਜੀਤ ਸਿੰਘ ਪੂਹਲੇ ਦੀ ਜੋੜੀ ਉਸਦੇ ਹਮਖਿਆਲਾਂ ਦੀ ਜੋੜੀ ਸੀ। ਇਨ੍ਹਾਂ ਲੋਕਾਂ ਦੀ ਸੰਗਤ ਵਿੱਚ ਬੈਠਕੇ ਉਸਨੂੰ ਅਜ਼ੀਮ ਖੁਸ਼ੀ ਮਿਲਦੀ ਸੀ। ਅਜਿਹੇ ਹੋਰ ਵੀ ਹਜਾਰਾਂ ਸਨ ਜਿਨ੍ਹਾਂ ਦੀ ਸੰਗਤ ਪਰਕਾਸ਼ ਸਿੰਘ ਬਾਦਲ ਮਾਣਦੇ ਰਹੇ।

ਸੱਤਾ ਦੀ ਲਾਲਸਾ ਉਨ੍ਹਾਂ ਤੇ ਇਸ ਕਦਰ ਭਾਰੂ ਹੋ ਗਈ ਸੀ ਕਿ ਉਸਨੇ ਸਿੱਖ ਰਾਜਨੀਤੀ ਵਿੱਚੋਂ ਹਰ ਸਿਧਾਂਤ ਨੂੰ ਕਤਲ ਕਰਕੇ ਆਪਣੀ ਨਿੱਜ ਦੇ ਝੰਡੇ ਗੱਡੇ। ਸਿੱਖ ਸੰਸਥਾਵਾਂ ਵਿੱਚ ਹਿੰਦੂ ਬੁਧੀਜੀਵੀਆਂ ਦਾ ਬੇਰੋਕ ਦਾਖਲਾ ਪਰਕਾਸ਼ ਸਿੰਘ ਬਾਦਲ ਦੀ ਮਿਹਰਬਾਨੀ ਨਾਲ ਹੀ ਅਰੰਭ ਹੋਇਆ। ਸਿੱਖਾਂ ਦਾ ਹਿੰਦੂਕਰਨ ਕਰਨ ਦਾ ਪਰਜੈਕਟ ਇਸ ਮਹਾਂਰਥੀ ਦੀ ਹੀ ਦੇਣ ਹੈ। ਜੇ ਕੇ ਪੀ ਐਸ ਗਿੱਲ ਵਰਗਾ ਵਿਅਕਤੀ ਪਰਕਾਸ਼ ਸਿੰਘ ਬਾਦਲ ਨੂੰ ਸਿਰੇ ਦਾ ਸ਼ੈਤਾਨ ਆਗੂ ਕਹਿ ਰਿਹਾ ਹੈ ਤਾਂ ਇਸਦੇ ਕੁਝ ਅਰਥ ਹਨ।

ਬੇਸ਼ੱਕ ਪਰਕਾਸ਼ ਸਿੰਘ ਬਾਦਲ ਅੱਜ ਇਸ ਦੁਨੀਆਂ ਵਿੱਚ ਨਹੀ ਪਰ ਉਸ ਵਰਗਾ ਕੋਈ ਹੋਰ ਸਿੱਖ ਰਾਜਨੀਤੀ ਵਿੱਚ ਪੈਦਾ ਨਾ ਹੋਵੇ ਸਾਡਾ ਇਸ ਮੁਤਾਲਿਆ ਦਾ ਅਸਲ ਮਕਸਦ ਇਹ ਹੀ ਸੀ। ਨਿਰਸੰਦੇਹ ਉਹ ਵੀਹਵੀਂ ਸਦੀ ਦਾ ਸਭ ਤੋਂ ਖਤਰਨਾਕ ਸਿੱਖ ਆਗੂ ਸੀ। ਜਿਸਨੇ ਸਿੱਖ ਰਾਜਨੀਤੀ ਵਿੱਚੋਂ ਨੈਤਿਕਤਾ ਅਤੇ ਸਿਧਾਂਤ ਦਾ ਕਤਲ ਕਰਕੇ ਇਸਨੂੰ ਧੰਦੇ ਦੀ ਰਾਜਨੀਤੀ ਬਣਾਇਆ। ਧੰਦੇ ਦੀ ਉਹ ਰਾਜਨੀਤੀ ਅੱਜ ਕਿਸ ਮੁਕਾਮ ਤੇ ਖੜ੍ਹੀ ਹੈ ਇਹ ਪਰਕਾਸ਼ ਸਿੰਘ ਬਾਦਲ ਆਪਣੀਆਂ ਅੱਖਾਂ ਨਾਲ ਦੇਖਕੇ ਗਏ ਹਨ।