ਕਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਭਾਰਤ ਫੇਰੀ ਨੇ ਕਈ ਕਿਸਮ ਦੀਆਂ ਨਵੀਆਂ ਬਹਿਸਾਂ ਛੇੜ ਦਿੱਤੀਆਂ ਹਨ। ਘੱਟ ਗਿਣਤੀਆਂ ਦੀ ਸੱਤਾ ਵਿੱਚ ਹਿੱਸੇਦਾਰੀ ਬਨਾਮ ਘੱਟ ਗਿਣਤੀਆਂ ਦਾ ਕਤਲੇਆਮ, ਮਨੁੱਖਤਾਵਾਦੀ ਰਾਜਸੀ ਮਾਡਲ ਬਨਾਮ ਖੁੰਖਾਰੂ ਰਾਜਸੀ ਮਾਡਲ, ਹਰ ਕਿਸੇ ਨੂੰ ਆਪਣੇ ਵਿਚਾਰ ਪ੍ਰਗਟਾਉਣ ਦੀ ਅਜ਼ਾਦੀ ਬਨਾਮ ਬੰਦੂਕ ਦੀ ਨੋਕ ਤੇ ਚਲਾਈ ਜਾਂਦੀ ਸੱਤਾ, ਲੋਕਾਂ ਦੀ ਅਵਾਜ਼ ਮੀਡੀਆ ਬਨਾਮ ਸਰਕਾਰਾਂ ਦੀ ਰਖੇਲ ਮੀਡੀਆ। ਆਪਣੇ ਨਾਗਰਿਕਾਂ ਦੇ ਹੱਕਾਂ ਹਿੱਤਾਂ ਦੀ ਰਾਖੀ ਕਰਨ ਵਾਲੀਆਂ ਇੰਟੈਲੀਜੈਂਸ ਏਜੰਸੀਆਂ ਬਨਾਮ ਹੋਛੇ ਹੱਥਕੰਡੇ ਅਪਨਾਉਣ ਵਾਲੀਆਂ ਏਜੰਸੀਆਂ।
ਜਸਟਿਨ ਟਰੂਡੋ ਦੀ ਭਾਰਤ ਫੇਰੀ ਨੇ ਇਨ੍ਹਾਂ ਬਹੁਤ ਸਾਰੇ ਦੱਬੇ ਹੋਏ ਮਾਡਲਾਂ ਨੂੰ ਬੇਪਰਦ ਕਰ ਦਿੱਤਾ ਹੈ। ਇਸ ਫੇਰੀ ਨੇ ਜਿਹੜੀ ਗੱਲ ਸਭ ਤੋਂ ਵੱਧ ਉਭਾਰ ਕੇ ਸਾਹਮਣੇ ਲਿਆਂਦੀ ਹੈ ਉਹ ਹੈ ਭਾਰਤ ਤੇ ਰਾਜ ਕਰ ਰਹੀ ਧਿਰ ਦੇ ਮਨ ਵਿੱਚ ਪਈ ਸਿੱਖ ਵਿਰੋਧੀ ਨਫਰਤ ਅਤੇ ਜ਼ਹਿਰ। ਜਸਟਿਨ ਟਰੂਡੋ ਦੀ ਫੇਰੀ ਤੋਂ ਪਹਿਲਾਂ ਹੀ ਭਾਰਤੀ ਸਿਸਟਮ ਨੇ ਆਪਣੇ ਸਿੱਖ ਵਿਰੋਧੀ ਜ਼ਹਿਰੀਲੇ ਦੰਦ ਦਿਖਾਉਣੇ ਅਰੰਭ ਕਰ ਦਿੱਤੇ ਸਨ। ਇੱਕ ਭਾਰਤੀ ਮੈਗਜ਼ੀਨ ਨੇ ਜਸਟਿਨ ਟਰੂਡੋ ਨੂੰ ਖਾਲਿਸਤਾਨ ਦਾ ਨਵਾ ਅਵਤਾਰ ਬਣਾ ਕੇ ਪੇਸ਼ ਕਰ ਦਿੱਤਾ ਅਤੇ ਕਨੇਡਾ ਨੂੰ ਖਾਲਿਸਤਾਨੀ ਲਹਿਰ ਦਾ ਅਗਲਾ ਪੜਾਅ ਐਲਾਨ ਦਿੱਤਾ।
ਬਸ ਉਹ ਖਬਰ ਕਹਾਣੀ ਛਪਣ ਦੀ ਦੇਰ ਸੀ ਕਿ ਭਾਰਤੀ ਮੀਡੀਆ ਵਿੱਚ ਸਿੱਖ ਵਿਰੋਧੀ ਨਫਰਤ ਦਾ ਤੂਫਾਨ ਉਠ ਖੜ੍ਹਾ ਹੋਇਆ। ਟਰੂਡੋ ਵਜ਼ਾਰਤ ਵਿੱਚ ਵਿਚਰ ਰਹੇ ਕੁਝ ਸਿੱਖ ਮੰਤਰੀ ਅਤੇ ਖਾਸ ਕਰ ਕਨੇਡਾ ਦੇ ਰੱਖਿਆ ਮੰਤਰੀ ਹਰਜੀਤ ਸਿੰਘ ਸੱਜਣ, ਭਾਰਤੀ ਮੀਡੀਆ ਦੀਆਂ ਅੱਖਾਂ ਵਿੱਚ ਰੜਕਣ ਲੱਗੇ। ਕਿਸੇ ਅਣਦਿਸਦੇ ਡਰ ਵਿੱਚ ਪਾਗਲ ਹੋਏ ਭਾਰਤੀ ਮੀਡੀਆ ਨੇ, ਜੋ ਕੁਝ ਮਨ ਵਿੱਚ ਆਇਆ ਅਤੇ ਜਿਵੇਂ ਵੀ ਚਾਹਿਆ, ਡਟ ਕੇ ਸਿੱਖਾਂ ਖਿਲਾਫ ਨਫਰਤ ਦਾ ਜ਼ਹਿਰੀਲਾ ਪਰਚਾਰ ਧੂਮ-ਧਾਮ ਨਾਲ ਚਲਾਇਆ। ਬਿਜਲਈ ਮੀਡੀਆ ਅਤੇ ਛਾਪਕ ਮੀਡੀਆ ਨੇ ਇਸ ਮੁਹਿੰਮ ਵਿੱਚ ਇੱਕ ਦੂਜੇ ਤੋਂ ਵਧਕੇ ਰੋਲ ਨਿਭਾਇਆ। ਜਿੰਨੀ ਕੁ ਜ਼ਹਿਰ ਭਾਰਤ ਦੇ ਹਿੰਦੂ ਪੱਤਰਕਾਰਾਂ ਦੇ ਮਨ ਵਿੱਚ ਸਿੱਖਾਂ ਦੇ ਖਿਲਾਫ ਭਰੀ ਪਈ ਸੀ ਉਹ ਸਾਰੀ ਉਨ੍ਹਾਂ ਨੇ ਸੱਭਿਅਤਾ ਦੇ ਨਾਅ ਤੇ ਉਗਲ ਦਿੱਤੀ।
ਖੈਰ ਇਹ ਤਸਵੀਰ ਦਾ ਇੱਕ ਪਾਸਾ ਸੀ ਜਿਸਦੇ ਸਿੱਖ ਆਦੀ ਹੋ ਚੁੱਕੇ ਹਨ। ਇੱਥੇ ਸਾਨੂੰ ਨੌਜਵਾਨ ਸਿੱਖ ਸ਼ਾਇਰ ਦਵਿੰਦਰ ਸਿੰਘ ਦੀਆਂ ਸਤਰਾਂ ਯਾਦ ਆਉਂਦੀਆਂ ਹਨ। ਪੰਜਾਬ ਨਾਲ ਸਬੰਧਿਤ ਆਪਣੀ ਇੱਕ ਕਵਿਤਾ ਵਿੱਚ ਉਹ ਆਖਦੇ ਹਨ-
ਤੇਰਾ ਕਨੂੰਨ ਕਿਤਾਬੀ ਸਾਡਾ ਮੂੰਹ ਜੁਬਾਨੀ ਹੈ।
ਖੈਰ ਸਿੱਖਾਂ ਨੂੰ ਇਸ ਵਾਤਾਵਰਨ ਦੀ ਆਦਤ ਪੈ ਚੁੱਕੀ ਹੈ ਅਤੇ ਉਨ੍ਹਾਂ ਨੂੰ ਅਜਿਹੇ ਪ੍ਰਾਪੇਗੰਡੇ ਤੋਂ ਕੋਈ ਅਚੰਭਾ ਨਹੀ ਹੁੰਦਾ।
ਜਸਟਿਨ ਟਰੂਡੋ ਵਾਲੇ ਸਾਰੇ ਮਸਲੇ ਦੌਰਾਨ ਜਿਹੜੀ ਗੱਲ ਸਭ ਤੋਂ ਜਾਨਦਾਰ ਅਤੇ ਉਤਸ਼ਾਹਪੂਰਨ ਲੱਗੀ, ਉਹ ਸੀ ਸਿੱਖ ਕੌਮ ਵੱਲ਼ੋਂ ਭਾਰਤੀ ਸਟੇਟ ਨੂੰ ਦਿੱਤਾ ਗਿਆ ਜੁਆਬ। ਪਿਛਲੇ ੩੫ ਸਾਲਾਂ ਦੇ ਇਤਿਹਾਸ ਦੌਰਾਨ ਸ਼ਾਇਦ ਇਹ ਪਹਿਲੀ ਵਾਰ ਵਾਪਰਿਆ ਕਿ ਸਿੱਖ ਕੌਮ ਨੇ ਇੰਨੇ ਜਬਤ, ਸਿਆਣਪ ਅਤੇ ਉਚੇ ਸੁੱਚੇ ਜਜਬੇ ਨਾਲ ਭਾਰਤੀ ਸਟੇਟ ਵੱਲ਼ੋਂ ਮਚਾਈ ਵਿਚਾਰਧਾਰਕ ਹਨੇਰਗਰਦੀ ਦਾ ਏਨਾ ਸਪਸ਼ਟ ਅਤੇ ਸਿਆਣਪ ਭਰਿਆ ਜੁਆਬ ਦਿੱਤਾ। ਉਹ ਵੀ ਕਿਸੇ ਹੇਠਲੇ ਪੱਧਰ ਤੇ ਨਹੀ ਬਲਕਿ ਸਿੱਖ ਕੌਮ ਦੇ ਉਨ੍ਹਾਂ ਵਰਗਾਂ ਵੱਲ਼ੋਂ ਜੋ ਸਿੱਖ ਲਹਿਰ ਦੇ ਸਮੇਂ ਦੌਰਾਨ, ਸਰਕਾਰੀ ਹਮਲੇ ਦੀ ਮਾਰ ਹੇਠ ਆ ਗਏ ਸਨ।
ਆਕਸਫੋਰਡ ਯੂਨੀਵਰਸਿਟੀ ਦੇ ਪ੍ਰੋਫੈਸਰ ਪ੍ਰੀਤਮ ਸਿੰਘ ਦਾ ਲੇਖ ਜੋ ਚੰਡੀਗੜ੍ਹ ਤੋਂ ਛਪਦੇ ਅੰਗਰੇਜ਼ੀ ਅਖਬਾਰ ਵਿੱਚ ਛਪਿਆ ਵਿੱਚ, ਕਨੇਡਾ ਦੀ ਮਨੁੱਖਤਾਵਾਦੀ ਰਾਜਨੀਤੀ ਅਤੇ ਭਾਰਤ ਦੀ ਜਾਬਰ ਰਾਜਨੀਤੀ ਦਾ ਵਿਸ਼ਲੇਸ਼ਣ ਕਰਕੇ ਭਾਰਤੀ ਹਾਕਮਾਂ ਨੂੰ ਸਿੱਖ ਮਸਲੇ ਦੀ ਅਸਲੀਅਤ ਸਮਝਾਈ ਗਈ। ਉਨ੍ਹਾਂ ਦੱਸਿਆ ਕਿ ਕਿਵੇਂ ਕਨੇਡਾ ਇੱਕ ਜਾਬਰ ਰਾਜਨੀਤੀ ਤੋਂ ਮਨੁੱਖਤਾਵਾਦੀ ਰਾਜਨੀਤੀ ਵੱਲ ਮੁੜ ਪਿਆ ਹੈ ਜਿੱਥੇ ਹਰ ਘੱਟ-ਗਿਣਤੀ ਦਾ ਬਰਾਬਰ ਸਤਿਕਾਰ ਹੁੰਦਾ ਹੈ ਪਰ ਭਾਰਤ ਇੱਕ ਮਨੁੱਖਤਾਵਾਦੀ ਰਾਜਸੀ ਮਾਡਲ ਤੋਂ ਜਾਬਰ ਰਾਜਸੀ ਮਾਡਲ ਵੱਲ ਤੁਰ ਪਿਆ ਹੈ।
ਸਿੱਖ ਮਸਲੇ ਦੀ ਤਹਿ ਨੂੰ ਜਾਨਣ ਲਈ ਭਾਰਤ ਦੇ ਵੈਬ-ਪੋਰਟਲ ਸਕਰਓਲਲ।ਨਿ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪ੍ਰੋਫੈਸਟ ਪਰਮਜੀਤ ਸਿੰਘ ਜੱਜ ਨਾਲ ਲੰਬੀ ਮੁਲਾਕਾਤ ਕੀਤੀ। ਪ੍ਰੋਫੈਸਰ ਜੱਜ ਨੇ ਅਕਾਦਮਿਕ ਢੰਗ ਨਾਲ ਉਨ੍ਹਾਂ ਨੂੰ ਸੰਤ ਜਰਨੈਲ ਸਿੰਘ ਦੀ ਮਹਾਨਤਾ ਅਤੇ ਸਿੱਖ ਲਹਿਰ ਦੀ ਪ੍ਰਸੰਗਿਕਤਾ ਬਾਰੇ ਸਮਝਾਇਆ। ਪ੍ਰੋਫੈਸਰ ਜੱਜ ਨੇ ਖਾੜਕੂ ਸਿੱਖ ਲਹਿਰ ਬਾਰੇ ਅਤੇ ਸਿੱਖ ਰਾਸ਼ਟਰਵਾਦ ਬਾਰੇ ਕਿਤਾਬ ਵੀ ਲਿਖੀ ਹੈ। ਸੰਤ ਜਰਨੈਲ ਸਿੰਘ ਦੀ ਘਾਲ ਕਮਾਈ ਅਤੇ ਸਿੱਖ ਅਜਾਇਬ ਘਰ ਵਿੱਚ ਲੱਗੀ ਉਨ੍ਹਾਂ ਦੀ ਫੋਟੋ ਦੀ ਮਹਾਨਤਾ ਬਾਰੇ ਦੱਸਦਿਆਂ ਪ੍ਰੋਫੈਸਰ ਜੱਜ ਨੇ ਦੱਸਿਆ ਕਿ ਸਿੱਖ ਮਾਨਸਿਕਤਾ ਵਿੱਚ ਉਹ ਲੋਕ ਨਾਇਕਾਂ ਦਾ ਦਰਜਾ ਰੱਖਦੇ ਹਨ ਜੋ ਘੱਲੂਘਾਰਿਆਂ ਮੌਕੇ ਆਪਣੀ ਜਾਨ ਤੇ ਖੇਡਕੇ ਗੁਰੂਧਾਮਾ ਦੀ ਰਾਖੀ ਕਰਦੇ ਹਨ।
ਇੰਡੀਆ ਟੂਡੇ ਦੀ ਵੈਬਸਾਈਟ ਤੇ ਨੌਜਵਾਨ ਸਿੱਖ ਪੱਤਰਕਾਰ ਹਰਮੀਤਸ਼ਾਹ ਸਿੰਘ ਨੇ ਸਿੱਖਾਂ ਦੀ ਕੌਮੀ ਰੀਝ ਬਾਰੇ ਦੋ ਲੇਖ ਪ੍ਰਕਾਸ਼ਿਤ ਕੀਤੇ ਜੋ ਕਿ ਉਸ ਘੇਰੇ ਵਿੱਚ ਰਹਿਕੇ ਲਿਖੇ ਗਏ ਜਾਨਦਾਰ ਅਤੇ ਸਿੱਖ ਸੋਚਣੀ ਦੀ ਤਰਜਮਾਨੀ ਕਰਦੇ ਪ੍ਰਤੀਤ ਹੋਏ। ਹੋ ਸਕਦਾ ਹੈ ਕੁਝ ਸੱਜਣਾਂ ਨੂੰ ਉਨ੍ਹਾਂ ਦੇ ਵਿਚਾਰਾਂ ਨਾਲ ਸਹਿਮਤੀ ਨਾ ਹੋਵੇ ਪਰ ਭਾਰਤ ਦੇ ਹਿੰਦੂ ਬਹੁ-ਗਿਣਤੀ ਵਾਲੇ ਕਿਸੇ ਪੋਰਟਲ ਤੇ ਜਿੰਨਾ ਕੁ ਸਿੱਖਾਂ ਦੇ ਹੱਕ ਵਿੱਚ ਲਿਖਿਆ ਜਾ ਸਕਦਾ ਸੀ, ਹਰਮੀਤ ਸ਼ਾਹ ਸਿੰਘ ਨੇ ਲਿਖਿਆ ਅਤੇ ਬੇਬਾਕ ਲਿਖਿਆ। ਉਨ੍ਹਾਂ ਨੇ ਖਾਲਿਸਤਾਨੀ ਹਿੰਸਾ ਦਾ ਰੌਲਾ ਪਾਉਣ ਵਾਲਿਆਂ ਨੂੰ ਸੁਆਲ ਕੀਤਾ ਕਿ ਹਿੰਦੂ ਛਾਵਨਵਾਦ ਦੀ ਹਿੰਸਾ ਜਿਸਨੂੰ ਵੱਡੇ ਰਾਜਸੀ ਲੀਡਰਾਂ ਦੀ ਸ਼ਹਿ ਪ੍ਰਾਪਤ ਹੈ ਬਾਰੇ ਭਾਰਤੀ ਸਮਾਜ ਕਿਉਂ ਚੁੱਪ ਹੈ।
ਇਸਦੇ ਨਾਲ ਹੀ ਇੰਗ’ਡ ਤੋਂ ਛਪਦੇ ਅਖਬਾਰ ‘ਦਾ ਇੰਡੀਪੈਂਡੈਂਟ’ ਵਿੱਚ ਸੰਨ੍ਹੀ ਹੁੰਦਲ ਨੇ ਜੋ ਲਿਖਿਆ ਉਸਦੀ ਵੀ ਸ਼ਲਾਘਾ ਕਰਨੀ ਬਣਦੀ ਹੈ। ਵੈਸੇ ਸੰਨ੍ਹੀ ਕਦੇ ਵੀ ਸਿੱਖ ਲਹਿਰ ਦੀ ਹਮਾਇਤ ਵਿੱਚ ਨਹੀ ਲਿਖਦਾ। ਹਮੇਸ਼ਾ ਉਹ ਸਿੱਖ ਲਹਿਰ ਨਾਲ ਜੁੜੇ ਲੋਕਾਂ ਦਾ ਮਖੌਲ ਹੀ ਉਡਾਉਂਦਾ ਹੈ ਪਰ ਆਪਣੇ ਲੇਖ ਵਿੱਚ ਉਸਨੇ, ੧੯੮੪ ਦੇ ਸਿੱਖ ਕਤਲੇਆਮ ਲਈ ਇਨਸਾਫ ਪ੍ਰਾਪਤੀ ਨੂੰ ਅੱਤਵਾਦ ਦਾ ਲੇਬਲ ਲਗਾਉਣ ਵਾਲੇ ਭਾਰਤੀ ਈਲੀਟ ਵਰਗ ਨੂੰ ਧਰ ਕੇ ਲਿਆ।
ਜਦੋਂ ਭਾਰਤੀ ਨੀਤੀਘਾੜਿਆਂ ਨੇ ਆਪਣੇ ਆਪ ਨੂੰ ਵਿਚਾਰਧਾਰਕ ਜੰਗ ਵਿੱਚ ਉਲਝਦੇ ਦੇਖਿਆ ਤਾਂ ਉਨ੍ਹਾਂ ਇੱਕ ਦਮ ਇੱਕ ਹਿੰਦੂ ਔਰਤ ਪੱਤਰਕਾਰ ਦੇ ਨਾਅ ਥੱਲੇ ਜਸਟਿਨ ਟਰੂਡੋ ਦੇ ਖਿਲਾਫ ਲੇਖ ਲਿਖਵਾਇਆ ਅਤੇ ਦੁਨੀਆਂ ਦੇ ੨੦ ਪ੍ਰਮੁੱਖ ਅਖਬਾਰਾਂ ਵਿੱਚ ਛਪਵਾਇਆ। ਜਿਸ ਵਿੱਚ ਉਸ ਔਰਤ ਪੱਤਰਕਾਰ ਨੇ ਜੰਮ ਕੇ ਟਰੂਡੋ ਅਤੇ ਸਿੱਖਾਂ ਦੇ ਖਿਲਾਫ ਆਪਣੀ ਜ਼ਹਿਰ ਕੱਢੀ। ਪਰ ਵਾਸ਼ਿੰਗਟਨ ਪੋਸਟ ਜਿਸ ਵਿੱਚ ਹਿੰਦੂ ਪੱਤਰਕਾਰ ਦਾ ਲੇਖ ਛਪਿਆ ਸੀ ਵਿੱਚ ਹੀ ਇੱਕ ਸਿੱਖ ਬੀਬੀ ਨੇ ਲੇਖ ਛਪਵਾ ਕੇ ਉਸ ਹਿੰਦੂ ਪੱਤਰਕਾਰ ਨੂੰ ਸਤਿਕਾਰ ਸਹਿਤ, ਸਿੱਖ ਲਹਿਰ ਦੇ ਆਸ਼ਿਆਂ ਅਤੇ ਸਿੱਖਾਂ ਦੀਆਂ ਰੀਝਾਂ ਬਾਰੇ ਜਾਣਕਾਰੀ ਦਿੱਤੀ।
ਖੈਰ ਇਸ ਸਾਰੀ ਚਰਚਾ ਦਾ ਭਾਵ ਇਹ ਸੀ ਕਿ ਅੱਜ ਸਿੱਖ ਕੌਮ ਏਨੀ ਕੁ ਪੈਰਾਂ ਸਿਰ ਹੋ ਗਈ ਹੈ ਕਿ ਉਹ ਭਾਰਤੀ ਈਲੀਟ ਵਰਗ ਦੇ ਵਿਚਾਰਧਾਰਕ ਹਮਲਿਆਂ ਦਾ ਉਸੇ ਤਰਜ਼ ਤੇ ਅਤੇ ਉਸੇ ਮੰਚ ਤੇ ਜੁਆਬ ਦੇਣ ਲੱਗ ਪਈ ਹੈ। ਖਾਸ ਕਰਕੇ ਵੱਡੇ ਸਿੱਖ ਵਿਦਵਾਨਾਂ ਵੱਲ਼ੋਂ ਸਿੱਖ ਲਹਿਰ ਦੀਆਂ ਬਹੁਤ ਸਾਰੀਆਂ ਧਾਰਨਾਵਾਂ ਨੂੰ ਪਰਵਾਨਗੀ ਦੇਣੀ ਇੱਕ ਚੰਗਾ ਸ਼ਗਨ ਆਖੀ ਜਾ ਸਕਦੀ ਹੈ।