ਭਾਰਤ ਦੀ ਕੇਂਦਰ ਸਰਕਾਰ ਨੇ ਇਹ ਫੈਸਲਾ ਲਿਆ ਹੈ ਕਿ ਉਹ ਸਿੱਖ ਸਿਆਸੀ ਬੰਦੀ ਸਿੰਘਾਂ ਨੂੰ ਗੁਰੂ ਨਾਨਕ ਦੇਵ ਜੀ ਦੇ ੫੫੦ ਸਾਲਾ ਗੁਰਪੁਰਬ ਦੇ ਮੱਦੇ ਨਜ਼ਰ ਰਿਹਾਅ ਕਰਨ ਜਾ ਰਹੀ ਹੈ। ਕੇਂਦਰ ਸਰਕਾਰ ਨੇ ਅੱਠ ਸਿੱਖ ਕੈਦੀਆਂ ਨੂੰ ਰਿਹਾਅ ਕਰਨ ਦਾ ਫੈਸਲਾ ਕੀਤਾ ਹੈ ਤੇ ਇੱਕ ਫਾਂਸੀ ਅਧੀਨ ਕੈਦੀ ਦੀ ਸਜ਼ਾ ਨੂੰ ਫਾਂਸੀ ਤੋਂ ਤਬਦੀਲ ਕਰ ਕੇ ਉਮਰ ਕੈਦ ਵਿੱਚ ਬਦਲਣ ਦਾ ਐਲਾਨ ਕੀਤਾ ਹੈ। ਕੇਂਦਰ ਸਰਕਾਰ ਦਾ ਇਹ ਕਦਮ ਅਗਾਂਹ ਵਧੂ ਤੇ ਸ਼ਲਾਘਾਯੋਗ ਹੈ। ਲੰਮੇ ਅਰਸੇ ਤੋਂ ਅੱਡ ਅੱਡ ਸਿੱਖ ਸੰਗਠਨਾਂ ਤੇ ਜੱਥੇਬੰਦੀਆਂ ਵੱਲੋਂ ਇਸ ਸਬੰਧੀ ਯਤਨ ਕੀਤੇ ਜਾ ਰਹੇ ਸਨ। ਨਵੰਬਰ ੨੦੧੩ ਵਿੱਚ ਭਾਈ ਗੁਰਬਖਸ਼ ਸਿੰਘ ਨੇ ੪੪ ਦਿਨ ਲੰਮੀ ਭੁੱਖ ਹੜਤਾਲ ਰੱਖੀ ਸੀ ਉਸਦਾ ਮੁੱਦਾ ਸਿੱਖ ਸਿਆਸੀ ਕੈਦੀਆਂ ਦੀ ਰਿਹਾਈ ਸੀ। ਉਸ ਸਮੇਂ ਉਸ ਨੂੰ ਸਮੂਹ ਸਿੱਖ ਜੱਥੇਬੰਦੀਆਂ ਨੇ ਹਮਾਇਤ ਕੀਤੀ ਸੀ। ਕੁਝ ਕਾਰਨਾਂ ਕਰਕੇ ਉਸਨੇ ਆਪਣੀ ਇਹ ੪੪ ਦਿਨ ਲੰਮੀ ਭੁੱਖ ਹੜਤਾਲ ਅਚਾਨਕ ਹੀ ਖਤਮ ਕਰ ਦਿੱਤੀ ਸੀ। ਇਸ ਤੋਂ ਬਾਅਦ ਉਸਦੇ ੨੦੧੪ ਵਿੱਚ ੬੪ ਦਿਨ ਲੰਮੀ ਭੁੱਖ ਹੜਤਾਲ ਰੱਖੀ ਉਹ ਵੀ ਉਸਨੇ ਅੱਧ ਵਿਚਕਾਰ ਹੀ ਛੱਡ ਦਿਤੀ ਤੇ ਆਖਰਕਾਰ ਉਸਨੇ ਹਰਿਆਣੇ ਦੇ ਆਪਣੇ ਜੱਦੀ ਪਿੰਡ ਵਿੱਚ ਟੈਂਕੀ ਤੇ ਚੜ ਕੇ ਛਾਲ ਮਾਰ ਦਿੱਤੀ ਤੇ ਆਤਮ ਹੱਤਿਆ ਕਰ ਲਈ। ਇਸੇ ਤਰਾਂ ਬਾਪੂ ਸੂਰਤ ਸਿੰਘ ਖਾਲਸਾ ਨੇ ਵੀ ਇਨਾਂ ਸਿੱਖ ਕੈਦੀਆਂ ਦੀ ਰਿਹਾਈ ਦੇ ਮੁੱਦੇ ਨੂੰ ਲੈ ਕੇ ਲੰਮੀ ਭੁੱਖ ਹੜਤਾਲ ਰੱਖੀ ਜਿਸ ਨੂੰ ਸ਼ੁਰੂ ਵਿੱਚ ਸਿੱਖ ਜੱਥੇਬੰਦੀਆਂ ਨੇ ਪੂਰਨ ਹਮਾਇਤ ਦਿੱਤੀ। ਸਮੇਂ ਨਾਲ ਬਾਪੂ ਸੂਰਤ ਸਿੰਘ ਦਾ ਵਿਸ਼ਾ ਸਿੱਖ ਅਵਾਮ ਤੋਂ ਅਲੋਪ ਹੋ ਗਿਆ। ਇਸ ਤੋਂ ਬਾਅਦ ਜੱਥੇਦਾਰ ਧਿਆਨ ਸਿੰਘ ਮੰਡ ਨੇ ਬਰਗਾੜੀ ਵਿਖੇ ਮੋਰਚਾ ਲਾਇਆ। ਭਾਵੇਂ ਇਸ ਮੋਰਚੇ ਦਾ ਮਕਸਦ ਗੁਰੂ ਗ੍ਰੰਥ ਸਾਹਿਬ ਦੀ ਹੋਈ ਬੇਅਦਬੀ ਦੇ ਮਸਲੇ ਨਾਲ ਸਬੰਧਤ ਸੀ ਤੇ ਇਨਸਾਫ ਲੈਣਾ ਸੀ ਪਰ ਇਸ ਮੋਰਚੇ ਦੀ ਇਹ ਵੀ ਮੰਗ ਸੀ ਕਿ ਸਿੱਖ ਸਿਆਸੀ ਕੈਦੀਆਂ ਨੂੰ ਪੰਜਾਬ ਸੂਬੇ ਵਿੱਚ ਤਬਦੀਲ ਕੀਤਾ ਜਾਵੇ ਤੇ ਉਹਨਾਂ ਦੀ ਰਿਹਾਈ ਲਈ ਸੂਬਾ ਸਰਕਾਰ ਯਤਨ ਕਰੇ। ਇਹਨਾਂ ਸਿੱਖ ਕੈਦੀਆਂ ਦੇ ਨਾਵਾਂ ਦੀ ਅਜੇ ਸਪਸ਼ਟਤਾ ਨਹੀਂ ਹੈ। ਕੇਂਦਰ ਸਰਕਾਰ ੨ ਅਕਤੂਬਰ ਨੂੰ ਨਾਵਾਂ ਦੀ ਪੁਸ਼ਟੀ ਕਰੇਗੀ। ਪਰ ਸੰਭਾਵਨਾ ਹੈ ਕਿ ਇਸ ਲਿਸਟ ਵਿੱਚ ਭਾਈ ਬਲਵੰਤ ਸਿੰਘ ਰਾਜੋਆਣਾ ਦੀ ਫਾਂਸੀ ਦੀ ਸਜ਼ਾ ਨੂੰ ਤਬਦੀਲ ਕਰਕੇ ਉਮਰ ਕੈਦ ਵਿੱਚ ਬਦਲ ਦਿੱਤਾ ਜਾਵੇਗਾ। ਇਸੇ ਤਰਾਂ ਨਾਭਾ ਜੇਲ ਵਿੱਚ ਪਿਛਲੇ ੨੭ ਸਾਲਾਂ ਤੋਂ ਨਜ਼ਰਬੰਦ ਲਾਲ ਸਿੰਘ ਦੇ ਰਿਹਾਅ ਹੋਣ ਦੀ ਵੀ ਸੰਭਾਵਨਾ ਹੈ। ਇਸੇ ਤਰਾਂ ਜਿੰਨਾਂ ਨਾਵਾਂ ਦੀ ਸੰਭਾਵਨਾ ਹੈ ਉਨਾਂ ਵਿੱਚ ਦਿਲਬਾਗ ਸਿੰਘ, ਸ਼ਰਣ ਸਿੰਘ ਨਾਭਾ ਜੇਲ, ਅੰਮ੍ਰਿਤਸਰ ਜੇਲ ਵਿੱਚ ਬੰਦ ਹਰਦੀਪ ਸਿੰਘ ਤੇ ਬਾਜ ਸਿੰਘ, ਪਟਿਆਲਾ ਜੇਲ ਵਿੱਚ ਬੰਦ ਨੰਦ ਸਿੰਘ, ਲੁਧਿਆਣਾ ਜੇਲ ਵਿੱਚ ਬੰਦ ਸੁਬੇਗ ਸਿੰਘ ਅਤੇ ਕਰਨਾਟਕਾ ਤੇ ਯੂ.ਪੀ. ਦੀਆਂ ਜੇਲਾਂ ਵਿੱਚ ਬੰਦ ਗੁਰਦੀਪ ਸਿੰਘ ਖਹਿਰਾ ਤੇ ਵਰਿਆਮ ਸਿੰਘ ਹਨ। ਇੰਨਾਂ ਸਿੱਖ ਕੈਦੀਆਂ ਦੀ ਰਿਹਾਈ ਲਈ ਲੰਮੇ ਅਰਸੇ ਤੋਂ ਸ਼੍ਰੋਮਣੀ ਅਕਾਲੀ ਦਲ, ਸ਼੍ਰੋਮਣੀ ਗੁਰਦੁਆਰਾ ਕਮੇਟੀ ਤੇ ਹੋਰ ਪੰਥਕ ਜੱਥੇਬੰਦੀਆਂ, ਜਥੇਦਾਰ ਅਕਾਲ ਤਖਤ ਸਾਹਿਬ ਯਤਨ ਕਰਦੇ ਰਹੇ ਹਨ। ਇਸ ਮਸਲੇ ਨਾਲ ਸਿੱਖ ਕੌਮ ਦੇ ਵਲੂੰਧਰੇ ਹਿਰਦਿਆਂ ਨੂੰ ਕੁਝ ਰਾਹਤ ਜਰੂਰ ਮਿਲੇਗੀ ਤੇ ਕੇਂਦਰ ਸਰਕਾਰ ਦਾ ਇਹ ਕਦਮ ਬਹੁਤ ਹੀ ਸ਼ਲਾਘਾਯੋਗ ਹੈ ਤੇ ਉਮੀਦ ਹੈ ਕਿ ਬਾਕੀ ਸਿੱਖ ਸਿਅਸੀ ਕੈਦੀਆਂ ਦੀ ਰਿਹਾਈ ਦਾ ਰਾਹ ਵੀ ਪੱਧਰਾ ਹੋ ਜਾਵੇਗਾ।