ਜਿਸ ਸਿਸਟਮ ਨੇ ਗੁਰੂ ਡੰਮ ਨੂੰ ਸਿੱਖ ਪੰਥ ਦੇ ਵਿਹੜੇ ਵਿੱਚ ਲਿਆ ਕੇ ਬਿਠਾਇਆ ਸੀ ਉਸੇ ਸਿਸਟਮ ਨੇ ਉਸ ਗੁਰੂਡੰਮ ਦਾ ਮਰਸੀਆ ਪੜ੍ਹਨ ਦਾ ਪਹਿਲਾ ਯਤਨ ਕੀਤਾ ਹੈ। ਹਰਿਆਣੇ ਵਿੱਚ ਸੁਰੱਖਿਅਤ ਪਨਾਹਗਾਹ ਵਿੱਚ ਰੱਖੇ ਗਏ ਇੱਕ ਸਿੱਖ ਵਿਰੋਧੀ ਡੇਰੇ ਦੇ ਮੁਖੀ ਨੂੰ ਹਰ ਕਿਸਮ ਦੀਆਂ ਸੁੱਖ ਸਹੂਲਤਾਂ ਨਾਲ ਲੈਸ ਕਰਕੇ ਸਿੱਖਾਂ ਨੂੰ ਨਿਸ਼ਾਨਾ ਬਣਾਉਣ ਦਾ ਕਾਰਜ ਦਿੱਤਾ ਗਿਆ ਸੀ। ਭਾਰਤੀ ਸਟੇਟ ਸਿੱਖਾਂ ਦੀ ਨਸਲਕੁਸ਼ੀ ਤੋਂ ਬਾਅਦ ਹੁਣ ਜਿਵੇਂ ਸਿੱਖਾਂ ਦੀ ਵਿਚਾਰਕੁਸ਼ੀ ਦੀ ਮੁਹਿੰਮ ਚਲਾ ਰਹੀ ਹੈ ,ਅਜਿਹਾ ਗੁਰੂਡੰਮ ਉਸਦੀ ਖੇਡ ਦਾ ਵੱਡਾ ਸੂਤਰਧਾਰ ਮੰਨਿਆ ਜਾ ਰਿਹਾ ਹੈ। ਬਿਹਾਰ ਤੋਂ ਲੈਕੇ ਰਾਜਸਥਾਨ ਤੱਕ ਜਿਵੇਂ ਵੱਖ ਵੱਖ ਰੰਗਾਂ ਦੇ ਬਾਬੇ ਭਾਰਤੀ ਸਟੇਟ ਨੇ ਪੰਜਾਬ ਵਿੱਚ ਲਿਆ ਕੇ ਬਿਠਾਏ ਅਤੇ ਜਿਵੇਂ ਉਨ੍ਹਾਂ ਤੋਂ ਸਿੱਖ ਵਿਰੋਧੀ ਕਾਰਵਾਈਆਂ ਕਰਵਾਈਆਂ ਗਈਆਂ ਉਸਤੋ ਇਹ ਗੱਲ ਸਪਸ਼ਟ ਹੋ ਜਾਂਦੀ ਹੈ ਕਿ ਸਿੱਖਾਂ ਦੀ ਸਿਰਮੌਰ ਸਿਆਸੀ ਸੰਸਥਾ ਅਕਾਲੀ ਦਲ, ਸ਼੍ਰੋਮਣੀ ਕਮੇਟੀ, ਸਿੱਖਾਂ ਦੇ ਹੱਕ ਵਿੱਚ ਲਿਖਣ ਵਾਲਾ ਮੀਡੀਆ ਅਤੇ ਸਿੱਖਾਂ ਦੇ ਤਖਤਾਂ ਨੂੰ ਆਪਣੀ ਜਕੜ ਵਿੱਚ ਲੈਣ ਤੋਂ ਬਾਅਦ ਭਾਰਤੀ ਸਟੇਟ ਨੇ ਗੁਰੂਡੰਮ ਨੂੰ ਸਿੱਖਾਂ ਤੇ ਮੋੜਵੇਂ ਹਮਲੇ ਦੇ ਤੌਰ ਤੇ ਵਰਤਣਾਂ ਅਰੰਭ ਕਰ ਦਿੱਤਾ ਸੀ।
ਸਿਰਸੇ ਵਾਲੇ ਦੇ ਨਾਅ ਨਾਲ ਜਾਣੇ ਜਾਂਦੇ ਉਸ ਐਸ਼ ਪ੍ਰਸਤ ਸਖਸ਼ ਨੇ ਜਿਵੇਂ ਭੋਲੇ ਭਾਲੇ ਅਤੇ ਗਰੀਬ ਕਿਰਤੀ ਸਿੱਖਾਂ ਨੂੰ ਆਪਣੇ ਮਗਰ ਲਗਾ ਕੇ ਕੌਮੀ ਕਾਰਜਾਂ ਨੂੰ ਕੁਝ ਢਿੱਲੇ ਕਰਨ ਦਾ ਯਤਨ ਕੀਤਾ ਸੀ ਉਸ ਵਿੱਚ ਉਹ ਕੁਝ ਹੱਦ ਤੱਕ ਕਾਮਯਾਬ ਰਿਹਾ। ਪਰ ਜਿਸ ਕਿਸਮ ਦੇ ਸੁਪਨੇ ਪਾਲ ਕੇ ਭਾਰਤੀ ਸਟੇਟ ਨੇ ਉਸ ਨੂੰ ਮੈਦਾਨ ਵਿੱਚ ਉਤਾਰਿਆ ਸੀ ਉਹ ਸੁਪਨੇ ਸਟੇਟ ਦੀ ਏਨੀ ਵੱਡੀ ਸਰਪ੍ਰਸਤੀ ਦੇ ਬਾਵਜੂਦ ਵੀ ਪੂਰੇ ਨਾ ਹੋ ਸਕੇ। ਜਿਵੇਂ ਪ੍ਰੋਫੈਸਰ ਬਰਾਇਨ ਕੀਥ ਐਕਸਲ ਨੇ ਦੇਖਿਆ ਹੈ ਕਿ ੧੯੮੪ ਤੋਂ ਪਹਿਲਾਂ ਸਿੱਖਾਂ ਵਿੱਚ ਆਪਣੇ ਨਿਆਰੇਪਣ ਜਾਂ ਹਿੰਦੂਆਂ ਤੋਂ ਵੱਖਰੇ ਹੋਣ ਦੀ ਪਰਵਿਰਤੀ ਅਤੇ ਸੂਝ ਏਨੀ ਜਿਆਦਾ ਨਹੀ ਸੀ ਪਰ ੧੯੮੪ ਦੇ ਸਰਕਾਰੀ ਅੱਤਵਾਦ ਨੇ ਸਿੱਖਾਂ ਵਿੱਚ ਆਪਣੇ ਨਿਆਰੇਪਣ ਬਾਰੇ ਸੂਝ ਅਤੇ ਸੋਝੀ ਕਾਫੀ ਤਿੱਖੀ ਕਰ ਦਿੱਤੀ।
ਅਸੀਂ ਸਮਝਦੇ ਹਾਂ ਕਿ ਭਾਰਤੀ ਸਟੇਟ ਦਾ ਇਹ ਲੁਕਵਾਂ ਹੱਲਾ ਵੀ ੧੯੮੪ ਦੇ ਪ੍ਰਤੱਖ ਹਮਲੇ ਵਾਂਗ ਅਸਫਲ ਹੋ ਸਕਦਾ ਹੈ ਕੁਉਂਕਿ ਜਿਵੇਂ ਸਰਕਾਰੀ ਦਹਿਸ਼ਤ ਅਤੇ ਵਹਿਸ਼ਤ ਦੇ ਬਾਵਜੂਦ ਪਿਛਲੇ ਸਮੇਂ ਦੌਰਾਨ ਸਿੱਖਾਂ ਨੇ ਆਪਣੀ ਨਿਆਰੀ ਹੋਂਦ ਨੂੰ ਬਚਾਈ ਰੱਖਣ ਅਤੇ ਇਸ ਨੂੰ ਪ੍ਰਚੰਡ ਕਰਨ ਦੇ ਯਤਨ ਕੀਤੇ ਹਨ। ਜਿਵੇਂ ਸਿੱਖ ਸਰਕਾਰ ਦੀਆਂ ਗੋਲੀਆਂ ਦੇ ਸਾਹਮਣੇ ਵੀ ਡਟਕੇ ਸ਼ਹੀਦੀਆਂ ਪਾਉਂਦੇ ਰਹੇ ਹਨ ਉਸ ਨੇ ਇਹ ਗੱਲ ਸਿੱਧ ਕਰ ਦਿੱਤੀ ਹੈ ਕਿ ਸਿੱਖ ਪੰਥ ਆਪਣੇ ਨਿਆਰੇਪਣ ਬਾਰੇ ਹੁਣ ਵੀ ਜਿਆਦਾ ਸੁਚੇਤ ਹੋ ਰਿਹਾ ਹੈ।
ਭਾਰਤੀ ਸਟੇਟ ਦੀ ਮਸ਼ੀਨਰੀ ਨੇ ਹੀ ਉਸ ਪਾਪੀ ਨੂੰ ਵਕਤੀ ਤੌਰ ਤੇ ਜੇਲ਼੍ਹ ਵਿੱਚ ਸੁੱਟ ਦਿੱਤਾ ਹੈ। ਵਕਤੀ ਤੌਰ ਤੇ ਅਸੀਂ ਇਸ ਲਈ ਆਖ ਰਹੇ ਹਾਂ ਕਿਉਂਕਿ ਪਿਛਲੇ ੩੦-੩੫ ਸਾਲਾਂ ਦੇ ਤਜਰਬੇ ਤੋਂ ਅਸੀਂ ਇਸ ਸਿੱਟੇ ਤੇ ਪਹੁੰਚੇ ਹਾਂ ਕਿ ਜਿਹੜੀ ਗੱਲ ਜਾਂ ਘਟਨਾ ਸਿੱਖਾਂ ਨੂੰ ਸਕੂਨ ਦੇਣ ਵਾਲੀ ਹੋਵੇ ਭਾਰਤੀ ਸਟੇਟ ਉਸ ਨੂੰ ਛੇਤੀ ਕੀਤੇ ਪੁੱਗਣ ਨਹੀ ਦੇਂਦੀ। ਸਾਡਾ ਵਿਸ਼ਵਾਸ਼ ਹੈ ਕਿ ਕੁਝ ਮਹੀਨਿਆਂ ਤੋਂ ਬਾਅਦ ਉਹ ਸ਼ਖਸ਼ ਜ਼ਮਾਨਤ ਤੇ ਬਾਹਰ ਆ ਜਾਵੇਗਾ।
ਪਰ ਸਿੱਖ ਪੰਥ ਨੂੰ ਇਸ ਤੋਂ ਘਬਰਾਉਣ ਦੀ ਲੋੜ ਨਹੀ ਹੈ ਕਿਉਂਕਿ ਕੌਮ ਨੂੰ ਆਪਣਾ ਭਵਿੱਖ ਗੁਰੂ ਗਰੰਥ ਸਾਹਿਬ ਜੀ ਦੀ ਬਾਣੀ ਅਤੇ ਸਿੱਖ ਇਤਿਹਾਸ ਵਿੱਚੋਂ ਖੋਜਣਾਂ ਚਾਹੀਦਾ ਹੈ।
ਇਸ ਵੇਲੇ ਕੌਮ ਸਾਹਮਣੇ ਸਭ ਤੋਂ ਵੱਡੀ ਲੋੜ ਪੂਰੇ ਪੰਜਾਬ ਵਿੱਚ ਸਿੱਖੀ ਦੀ ਧਾਰਮਕ ਲਹਿਰ ਚਲਾਉਣ ਦੀ ਹੈ ਤਾਂ ਕਿ ਪੰਥ ਤੋਂ ਦੂਰ ਚਲੇ ਗਏ ਭੋਲੇ ਭਾਲੇ ਕਿਰਤੀ ਸਿੱਖਾਂ ਨੂੰ ਮੁੜ ਸਿੱਖੀ ਦੇ ਘੇਰੇ ਵਿੱਚ ਸ਼ਾਮਲ ਕੀਤਾ ਜਾ ਸਕੇ। ਸ੍ਰੀ ਅਕਾਲ ਤਖਤ ਸਾਹਿਬ ਤੇ ਬੈਠੀਆਂ ਸੂਰਤਾਂ ਤੋਂ ਤਾਂ ਸਾਨੂੰ ਕੋਈ ਉਮੀਦ ਨਹੀ ਹੈ ਪਰ ਸੰਤ ਸਮਾਜ ਅਤੇ ਗੁਰਮਤ ਦੇ ਪਰਚਾਰਕਾਂ ਨੂੰ ਹੁਣ ਆਪਣੀ ਜਿੰਮੇਵਾਰੀ ਸਮਝ ਕੇ ਕੌਮ ਤੋਂ ਦੂਰ ਹੋ ਗਏ ਸਿੱਖ ਪਰਿਵਾਰਾਂ ਨੂੰ ਮੁੜ ਸਿੱਖੀ ਵਿੱਚ ਸ਼ਾਮਲ ਕਰਨ ਦੇ ਗੰਭੀਰ ਯਤਨ ਕਰਨੇ ਚਾਹੀਦੇ ਹਨ। ਇਹ ਕੰਮ ਸਿੱਖ ਪਰਿਵਾਰਾਂ ਵੱਲ਼ੋਂ ਨਿੱਜੀ ਤੌਰ ਤੇ ਵੀ ਕੀਤਾ ਜਾ ਸਕਦਾ ਹੈ। ਆਪਣੇ ਰਸੂਖ ਨਾਲ ਸਿੱਖ ਪਰਿਵਾਰਾਂ ਨੂੰ ਪੰਥ ਦੀ ਮੁੱਖਧਾਰਾ ਵਿੱਚ ਲਿਆਉਣ ਲਈ ਯਤਨ ਤੇਜ਼ ਹੋਣੇ ਚਾਹੀਦੇ ਹਨ।