ਇਤਿਹਾਸ ਵਿੱਚ ਵੱਖ ਵੱਖ ਸਮੇਂ ਤੇ ਚੱਲੀਆਂ ਅਜ਼ਾਦੀ ਦੀਆਂ ਲਹਿਰਾਂ ਬਾਰੇ ਵੱਖੋ ਵੱਖਰੇ ਵਿਦਵਾਨਾਂ ਵੱਲ਼ੋਂ ਆਪੋ ਆਪਣੇ ਦ੍ਰਿਸ਼ਟੀਕੋਣ ਤੋਂ ਕਿਤਾਬਾਂ ਲਿਖੀਆਂ ਜਾਂਦੀਆਂ ਹਨ। ਹਰ ਵਿਦਵਾਨ ਲਹਿਰਾਂ ਦੇ ਪਰਿਪੇਖ ਨੂੰ ਆਪੋ ਆਪਣੇ ਢੰਗ ਨਾਲ ਇਤਿਹਾਸ ਦ ਹਿੱਸਾ ਬਣਾਉਂਦੇ ਹਨ। ਪੰਜਾਬ ਵਿੱਚ ਚੱਲੀ ਸਿੱਖ ਲਹਿਰ ਬਾਰੇ ਵੀ ਪਿਛਲੇ ਸਮੇਂ ਦੌਰਾਨ ਕਾਫੀ ਕਿਤਾਬਾਂ ਛਪ ਕੇ ਆਈਆਂ ਸਨ। ਚਾਹੇ ਉਹ ਕੁਲਦੀਪ ਨਈਅਰ ਦੀ ਹੋਵੇ, ਖੁਸ਼ਵੰਤ ਸਿੰਘ ਦੀ ਹੋਵੇ ਜਾਂ ਵੱਖ ਵੱਖ ਸਮੇਂ ਤੇ ਸਰਕਾਰ ਦਾ ਹਿੱਸਾ ਰਹੇ ਜਰਨੈਲਾਂ, ਪੁਲਿਸ ਅਫਸਰਾਂ ਅਤੇ ਸਿਵਲ ਅਫਸਰਾਂ ਦੀਆਂ ਕਿਤਾਬਾਂ ਹੋਣ। ਇਨ੍ਹਾਂ ਉਪਰ ਲਿਖੇ ਬਹੁਤੇ ਸੱਜਣਾਂ ਨੇ ਸਿੱਖ ਲਹਿਰ ਦਾ ਮੁਤਾਲਿਆ ਭਾਰਤ ਸਰਕਾਰ ਦੇ ਦ੍ਰਿਸ਼ਟੀਕੋਣ ਤੋਂ ਹੀ ਕੀਤਾ ਹੈ। ਸਾਰਿਆਂ ਨੇ ਸਰਕਾਰ ਨੂੰ ਦੁੱਧ ਧੋਤੀ ਅਤੇ ਸਿੱਖਾਂ ਨੂੰ ਦੋਸ਼ੀ ਠਹਿਰਾਉਣ ਦਾ ਹੀ ਯਤਨ ਕੀਤਾ ਹੈ।
ਇਸ ਤੋਂ ਬਿਨਾ ਕੁਝ ਪੱਤਰਕਾਰਾਂ ਨੇ ਵੀ ਆਪਣੇ ਤਜਰਬਿਆਂ ਦੇ ਅਧਾਰ ਤੇ ਕਿਤਾਬਾਂ ਲਿਖੀਆਂ ਹਨ। ਇਨ੍ਹਾਂ ਵਿੱਚੋਂ ਮਨਰਾਜ ਗਰੇਵਾਲ ਦੀ ਕਿਤਾਬ, ‘ਡਰੀਮਜ਼ ਆਫਟਰ ਡਾਰਕਨੈਸ’ ਵੀ ਲਗਭਗ ਸਰਕਾਰੀ ਬੋਲੀ ਬੋਲਣ ਵਾਲੀ ਹੀ ਆਖੀ ਜਾ ਸਕਦੀ ਹੈ। ਇਸ ਤੋਂ ਹਟਕੇ ਸੀਨੀਅਰ ਪੱਤਰਕਾਰ ਜਗਤਾਰ ਸਿੰਘ ਦੀ ਕਿਤਾਬ, ‘ਖਾਲਿਸਤਾਨੀ ਸਟਰਗਲ ਏ ਨਾਨ ਮੂਵਮੈਂਟ’ ਇੱਕ ਅਜਿਹੀ ਕਿਤਾਬ ਆਖੀ ਜਾ ਸਕਦੀ ਹੈ ਜਿਸ ਤੇ ਸਰਕਾਰੀ ਦਹਿਸ਼ਤ ਜਾਂ ਪ੍ਰਾਪੇਗੰਡੇ ਦਾ ਕੋਈ ਅਸਰ ਨਹੀ ਹੈ। ਇਹ ਕਿਤਾਬ ਸਿੱਖ ਲਹਿਰ ਬਾਰੇ ਇੱਕ ਸੱਚੀ ਗਵਾਹੀ ਆਖੀ ਜਾ ਸਕਦੀ ਹੈ। ਇੱਕ ਖੱਬੇਪੱਖੀ ਪੱਤਰਕਾਰ ਵੱਲ਼ੋਂ ਏਨੀ ਨਿਰਪੱਖਤਾ ਨਾਲ ਇਤਿਹਾਸ ਦੀ ਗਵਾਹੀ ਦੇ ਜਾਣੀ ਕਾਫੀ ਸ਼ਲਾਘਾਯੋਗ ਆਖੀ ਜਾ ਸਕਦੀ ਹੈ। ਉਸ ਕਿਤਾਬ ਵਿੱਚ ਲਹਿਰ ਦਾ ਮੁਲੰਕਣ ਕਰਦਿਆਂ ਪੱਤਰਕਾਰ ਜਗਤਾਰ ਸਿੰਘ ਨੇ ਸਿੱਖ ਲਹਿਰ ਨੂੰ ਇੱਕ ਮਿਹਣਾ ਮਾਰਿਆ ਹੈ ਕਿ ਉਸ ਲਹਿਰ ਨੇ ਸਾਹਿਤ ਦੇ ਖੇਤਰ ਵਿੱਚ ਕੋਈ ਵੱਡੀ ਪ੍ਰਾਪਤੀ ਨਹੀ ਕੀਤੀ। ਉਨ੍ਹਾਂ ਦਾ ਕਹਿਣਾਂ ਹੈ ਕਿ ਲਹਿਰ ਨਾਲ ਸਬੰਧਿਤ ਕੋਈ ਨਾਵਲ ਤਾਂ ਕੀ ਕਿਤੇ ਕੋਈ ਪੇਟਿੰਗ ਵੀ ਦੇਖਣ ਨੂੰ ਨਹੀ ਮਿਲਦੀ। ਇਸੇ ਅਧਾਰ ਤੇ ਉਹ ਇਹ ਨਿਰਣਾਂ ਕਰਦੇ ਹਨ ਕਿ ਸਿੱਖ ਲਹਿਰ ਲੋਕ ਲਹਿਰ ਨਹੀ ਸੀ। ਖੈਰ ਇਹ ਉਨ੍ਹਾਂ ਦੇ ਆਪਣੇ ਵਿਚਾਰ ਹਨ ਅਤੇ ਉਨ੍ਹਾਂ ਨੂੰ ਆਪਣੇ ਵਿਚਾਰ ਰੱਖਣ ਦਾ ਪੂਰਾ ਹੱਕ ਹੈ। ਆਪਣੀ ਗੱਲ ਕਹਿਣ ਮਗਰੋਂ ਉਹ ਆਖਦੇ ਹਨ ਕਿ ਨਕਸਲੀ ਲਹਿਰ ਨੇ ਬਹੁਤ ਸਾਰਾ ਸਾਹਿਤ ਪੰਜਾਬ ਦੀ ਝੋਲੀ ਪਾਇਆ।
ਜਗਤਾਰ ਸਿੰਘ ਦੀ ਕਿਤਾਬ ਲਗਭਗ ਤਿੰਨ ਸਾਲ ਪਹਿਲਾਂ ਛਪਕੇ ਆਈ ਸੀ। ਉਦੋਂ ਤੱਕ ਵੀ ਹਾਲਾਤ ਇਹ ਸਨ ਕਿ ਸਿੱਖ ਲਹਿਰ ਬਾਰੇ ਖੁਲ਼੍ਹ ਕੇ ਗੱਲ ਕਰਨਾ ਇੱਕ ਵੱਡਾ ਜੁਰਮ ਸਮਝਿਆ ਜਾਂਦਾ ਸੀ। ਜਗਤਾਰ ਸਿੰਘ ਜੋ ਇਹ ਮਿਹਣਾਂ ਮਾਰਦੇ ਹਨ ਕਿ ਸਿੱਖ ਲਹਿਰ ਨੇ ਕੋਈ ਸਾਹਿਤ ਨਹੀ ਰਚਿਆ, ਇੱਕ ਪੇਟਿੰਗ ਵੀ ਨਹੀ, ਉਨ੍ਹਾਂ ਨੂੰ ਇਹ ਗੱਲ ਸਮਝਣੀ ਚਾਹੀਦੀ ਸੀ ਕਿ ਨਕਸਲੀ ਲਹਿਰ ਅਤੇ ਸਿੱਖ ਲਹਿਰ ਵਿੱਚ ਬਹੁਤ ਵੱਡਾ ਫਰਕ ਸੀ। ਸਿੱਖ ਲਹਿਰ ਨੇ ਜਿੰਨਾ ਵੱਡਾ ਝੰਜੋੜਾ ਭਾਰਤੀ ਵਿਵਸਥਾ ਨੂੰ ਦਿੱਤਾ ਸੀ ਨਕਸਲੀ ਲਹਿਰ ਤਾਂ ਉਸਦੇ ਨੇੜੇ ਤੇੜੇ ਵੀ ਨਹੀ ਸੀ। ਪੂਰੇ ਭਾਰਤੀ ਸਿਸਟਮ ਨੂੰ ੧੯੮੪ ਤੋਂ ਬਾਅਦ ਜਿਵੇਂ ਸਿੱਖ ਲਹਿਰ ਨੇ ਹਲੂਣਿਆਂ ਉਹ ਹਾਲੇ ਤੱਕ ਵੀ ਤਾਬ ਨਹੀ ਆ ਸਕਿਆ। ਲਹਿਰ ਸਬੰਧੀ ਸਾਹਿਤ ਰਚਨਾ ਨੂੰ ਹਾਲੇ ਵੀ ਦੇਸ਼ ਧਰੋਹੀ ਮੰਨਿਆ ਜਾਂਦਾ ਹੈ। ਇਹ ਨਹੀ ਕਿ ਉਸ ਸਮੇਂ ਸਾਹਿਤ ਰਚਿਆ ਨਹੀ ਗਿਆ ਬਲਕਿ ਸਚਾਈ ਇਹ ਹੈ ਕਿ ਉਹ ਸਾਹਿਤ ਬਾਹਰ ਨਹੀ ਆਇਆ। ਸਰਕਾਰੀ ਦਹਿਸ਼ਤ ਦੇ ਖੁੰਖਾਰੂ ਰੂਪ ਨੂੰ ਦੇਖਦਿਆਂ ਪੰਜਾਬੀ ਸਾਹਿਤਕਾਰਾਂ ਨੇ ਆਪਣੀਆਂ ਕਵਿਤਾਵਾਂ ਅੰਦਰ ਹੀ ਦੱਬ ਲਈਆਂ। ਸਰਕਾਰੀ ਦਹਿਸ਼ਤ ਦਾ ਹਾਲ ਇਹ ਹੈ ਕਿ ਹੁਣ ਜਦੋਂ ਸਿੱਖ ਲਹਿਰ ਬਾਰੇ ਲਗਾਤਾਰ ਫਿਲਮਾਂ ਬਣਨ ਲੱਗੀਆਂ ਹਨ ਤਾਂ ਹਾਲੇ ਵੀ ੩੦ ਸਾਲਾਂ ਬਾਅਦ ਵੀ ਕੋਈ ਫਿਲਮ ਚੱਲਣ ਨਹੀ ਦਿੱਤੀ ਜਾ ਰਹੀ। ‘ਸਾਡਾ ਹੱਕ’ ਵਾਲਿਆਂ ਨੇ ਵੱਡੀ ਕਨੂੰਨੀ ਲੜਾਈ ਲੜਕੇ ਫਿਲਮ ਚਲਾਈ, ‘ਕੌਮ ਦੇ ਹੀਰੇ’ ਰਿਲੀਜ਼ ਹੀ ਨਹੀ ਹੋਣ ਦਿੱਤੀ ਗਈ, ‘੧੯੪੭ ਤੋਂ ੧੯੮੪’ ਹਾਲੇ ਵੀ ਲਟਕ ਰਹੀ ਹੈ। ‘ਦਿੱਲੀ ੧੯੮੪’ ਨਾਲ ਕੀ ਹੋਣ ਵਾਲਾ ਹੈ ਇਸਦਾ ਪਤਾ ਨਹੀ, ‘ਬਲੱਡ ਸਟਰੀਟ’ ਦਾ ਟਰੇਲਰ ਦਰਸਾ ਰਿਹਾ ਹੈ ਕਿ ਉਸਨੂੰ ਵੀ ਰਿਲੀਜ਼ ਨਹੀ ਹੋਣ ਦਿੱਤਾ ਜਾਵੇਗਾ। ‘ਕੌਮ ਦੇ ਹੀਰੇ’ ਇੰਟਰਨੈਟ ਤੋਂ ਵੀ ਲੁਹਾ ਦਿੱਤੀ ਗਈ। ਜਿਥੇ ਏਨੀ ਵੱਡੀ ਵਿਚਾਰਧਾਰਕ ਜੰਗ ਚੱਲ ਰਹੀ ਹੋਵੇ ਕਿ ਇੰਟਰਨੈਟ ਪ੍ਰਦਾਨ ਕਰਨ ਵਾਲੀਆਂ ਕੌਮਾਂਤਰੀ ਸੰਸਥਾਵਾਂ ਨੂੰ ਵੀ ਸਟੇਟ ਆਪਣੀ ਨੀਤੀ ਨਾਲ ਪ੍ਰਭਾਵਿਤ ਕਰ ਰਹੀ ਹੋਵੇ ਉਥੇ ਗਰੀਬ ਸਾਹਿਤਕਾਰਾਂ ਦੀ ਇਸ ਹਾਲਤ ਵਿੱਚ ਕੀ ਦਸ਼ਾ ਹੋਵੇਗੀ ਕੋਈ ਕੁਝ ਨਹੀ ਕਹਿ ਸਕਦਾ।
ਵਕਤ ਬੀਤਣ ਨਾਲ ਜੇ ਸਿੱਖ ਇਤਿਹਾਸ ਦੇ ਖੂਨੀ ਪੱਤਰਿਆਂ ਦੀ ਸੂਰਮਗਤੀ ਵਾਲੀ ਗਾਥਾ ਥੋੜ੍ਹੀ ਜਿਹੀ ਸਾਹਮਣੇ ਆਉਣ ਲੱਗੀ ਹੈ। ਸੰਤ ਜਰਨੈਲ ਸਿੰਘ ਜੀ ਦੇ ਨਿੱਜੀ ਸਕੱਤਰ ਰਹੇ ਭਾਈ ਰਛਪਾਲ ਸਿੰਘ ਦੀ ਸਿੰਘਣੀ ਬੀਬੀ ਪ੍ਰੀਤਮ ਕੌਰ ਦੀ ਇੱਕ ੩੦ ਮਿੰਟ ਦੀ ਵੀਡੀਓ ਪਿਛਲੇ ਦਿਨੀ ਸਾਹਮਣੇ ਆਈ ਹੈ। ਉਸ ਗੱਲਬਾਤ ਵਿੱਚ ਬੀਬੀ ਨੇ ੨੦ਵੀਂ ਸਦੀ ਦੇ ਸਿੱਖ ਇਤਿਹਾਸ ਦੀ ਸਭ ਤੋਂ ਗਹਿਗੱਚ ਅਤੇ ਖੂਨੀ ਜੰਗ ਦਾ ਵਿਸਥਾਰ ਪੇਸ਼ ਕੀਤਾ ਹੈ। ਕਿਵੇਂ ਲੋਕਾਂ ਨੂੰ ਕਮਰਿਆਂ ਵਿੱਚ ਬੰਦ ਕਰਕੇ ਗੋਲੀਆਂ ਮਾਰੀਆਂ ਗਈਆਂ, ਬੱਚਿਆਂ ਨੂੰ ਭਜਾ-ਭਜਾ ਕੇ ਪਿੱਠਾਂ ਵਿੱਚ ਗੋਲੀਆਂ ਮਾਰੀਆਂ ਗਈਆਂ ਅਤੇ ਸਭ ਤੋਂ ਵਧਕੇ ਜੰਗ ਖਤਮ ਹੋਣ ਤੋਂ ਬਾਅਦ ਕਿਵੇਂ ਦਰਬਾਰ ਸਾਹਿਬ ਦੀ ਪ੍ਰਕਰਮਾਂ ਵਿੱਚ ਲਾਸ਼ਾਂ ਦੇ ਢੇਰਾਂ ਤੇ ਫੌਜੀਆਂ ਵੱਲ਼ੋਂ ਭੰਗੜੇ ਪਾਏ ਗਏ ਅਤੇ ਸਿੱਖ ਵਿਰੋਧੀ ਨਾਅਰੇ ਲਗਾਏ ਗਏ। ਇਤਿਹਾਸ ਦੇ ਅਸਲ ਖੂਨੀ ਪੰਨੇ ਹੁਣ ੩੦ ਸਾਲਾਂ ਤੋਂ ਬਾਅਦ ਬਾਹਰ ਆਉਣ ਲੱਗੇ ਹਨ। ਹਾਲੇ ਬਹੁਤ ਕੁਝ ਬਾਹਰ ਆਉਣ ਵਾਲਾ ਹੈ।
ਬੀਬੀ ਪ੍ਰੀਤਮ ਕੌਰ ਦਾ ਆਪਣਾਂ ਜੀਵਨ ਜੋ ਸਿੱਖੀ ਦੇ ਰੰਗ ਵਿੱਚ ਰੰਗਿਆ ਹੋਇਆ ਹੈ ਆਪਣੇ ਆਪ ਵਿੱਚ ਇੱਕ ਇਤਿਹਾਸ ਹੈ। ਜਰਾ ਕਿਆਸ ਕਰਕੇ ਦੇਖੋ ਇੱਕ ਸਿੱਖ ਔਰਤ ਜਿਸਦਾ ੧੮ ਦਿਨਾ ਦਾ ਬੱਚਾ ਅਤੇ ਸੂਰਬੀਰ ਪਤੀ ਉਸਦੀ ਝੋਲੀ ਵਿੱਚ ਸ਼ਹੀਦ ਹੋ ਗਏ ਹੋਣ, ਉਹ ਆਪ ਦੁਸ਼ਮਣ ਦੀ ਗ੍ਰਿਫਤ ਵਿੱਚ ਆ ਗਈ ਹੋਵੇ, ਗੰਭੀਰ ਜ਼ਖਮੀ ਹੋਣ ਦੇ ਬਾਵਜੂਦ ਵੀ ਉਹ ਈਨ ਮੰਨਣ ਤੋਂ ਆਕੀ ਹੋਵੇ, ਖੂਨ ਨਾਲ ਲਥਪਥ ਸਿੱਖ ਔਰਤ ਪ੍ਰਕਰਮਾ ਵਿੱਚ ਬਿਨਾ ਕਿਸੇ ਸਹਾਰੇ ਦੇ ਗੁਰੂ ਦੀ ਓਟ ਵਿੱਚ ਦੁਸ਼ਮਣ ਦੀਆਂ ਸੰਗੀਨਾ ਦੀ ਛਾਂ ਹੇਠ ਤੁਰ ਰਹੀ ਹੋਵੇ, ਉਸ ਸਿੰਘਣੀ ਤੋਂ ਵੱਡੀ ਦਲੇਰ ਕੌਣ ਹੋ ਸਕਦੀ ਹੈ। ਜਰਾ ਸੋਚੋ ਜੇ ਉਸਦੇ ਜੀਵਨ ਤੇ ਇੱਕ ਫਿਲਮ ਬਣੇ, ਉਚ ਪਾਏ ਦੀ ਪੇਸ਼ੇਵਾਰਾਨਾ ਫਿਲਮ ਤਾਂ ਕਿਹੋ ਜਿਹੀ ਹੋਵੇਗੀ।
ਪੁਰਾਤਨ ਇਤਿਹਾਸ ਦੀਆਂ ਬੀਬੀਆਂ ਬਾਰੇ ਸੁਣੀਦਾ ਸੀ ਕਿ ਉਨ੍ਹਾਂ ਆਪਣੇ ਬੱਚਿਆਂ ਦੇ ਟੋਟੇ ਗਲਾਂ ਵਿੱਚ ਪਵਾਕੇ, ਖੰਨੀ ਖੰਨੀ ਰੋਟੀ ਤੇ ਗੁਜਾਰਾ ਕਰਕੇ ਸ਼ਾਮ ਨੂੰ ਅਰਦਾਸ ਕੀਤੀ ਕਿ ਗੁਰੂ ਸਾਹਿਬ ਜੀਓ ਆਪ ਦੇ ਭਾਣੇ ਵਿੱਚ ਚਾਰ ਪਹਿਰ ਦਿਨ ਸੁਖ ਦਾ ਬਤੀਤ ਹੋਇਆ ਹੈ ਰਾਤ ਆਈ ਹੈ ਸੁਖ ਦੀ ਬਤੀਤ ਕਰਨੀ। ਸਭ ਕੁਝ ਗਵਾ ਕੇ ਵੀ ਬੀਤੇ ਦਿਨ ਨੂੰ ਸੁਖ ਦਾ ਕਹਿਣ ਦੀ ਸ਼ਕਤੀ ਤੇ ਪ੍ਰੇਰਨਾ ਜਿਸ ਕੌਮ ਕੋਲ ਹੋਵੇ ਅਤੇ ਜਿਸ ਕੌਮ ਕੋਲ ਬੀਬੀ ਪ੍ਰਤੀਮ ਕੌਰ ਵਰਗੀਆਂ ਹਜਾਰਾਂ ਸਿੰਘਣੀਆਂ ਹੋਣ ਜਿਨ੍ਹਾਂ ਦੇ ਸਰੀਰਾਂ ਤੇ ਬਲਦੀਆਂ ਸਿਗਰਟਾਂ ਲਗਾਈਆਂ ਗਈਆਂ ਹੋਣ। ਉਸ ਕੌਮ ਦੇ ਇਤਿਹਾਸ ਦੀ ਸਰਜਣਾਂ ਦਾ ਕਾਰਜ ਇੱਕ ਅਜਿਹੀ ਜਮਹੂਰੀਅਤ ਵਿੱਚ ਕਿਸ ਤਰ੍ਹਾਂ ਹੋ ਸਕਦਾ ਹੈ ਜੋ ਬੰਦੂਕ ਦੇ ਸਹਾਰੇ ਖੜ੍ਹੀ ਹੋਵੇ।
ਇਹ ਗੱਲ ਠੀਕ ਹੈ ਕਿ ਇਤਿਹਾਸ ਨੂੰ ਸਾਭਣ ਦੇ ਕਾਰਜ ਵਿੱਚ ਕੁਝ ਦੇਰੀ ਹੋ ਰਹੀ ਹੈ ਪਰ ਇਸਦਾ ਮਤਲਬ ਇਹ ਨਹੀ ਕਿ ਇਤਿਹਾਸ ਸਿੱਖ ਲਹਿਰ ਦੀ ਪਿੱਠ ਤੇ ਨਹੀ ਖੜ੍ਹਾ। ਜੇ ਸਿੱਖ ਸ਼ਹੀਦ ਪੰਥ ਦੀ ਪਿੱਠ ਤੇ ਨਾ ਖੜ੍ਹੇ ਹੁੰਦੇ, ਭਾਈ ਹਰਜਿੰਦਰ ਸਿੰਘ ਜਿੰਦਾ ਗਲ ਵਿੱਚ ਫਾਂਸੀ ਦਾ ਰੱਸਾ ਪਾਕੇ ਇਹ ਨਾ ਕਹਿ ਸਕਦੇ, ‘ਸੁਖਿਆ ਜੈਕਾਰਾ ਗਜਾ’।
ਸਿੱਖ ਲਹਿਰ ਦਾ ਸੱਚ ਬਹੁਤ ਅਦਭੁੱਤ ਹੈ ਅਤੇ ਇਹ ਹੌਲੀ ਹੌਲੀ ਸਾਹਮਣੇ ਆਵੇਗਾ। ੩੦ ਸਾਲਾਂ ਤੋਂ ਬਾਅਦ ਵੀ ਇਸਦੀ ਤਾਬ ਜੇ ਝੱਲੀ ਨਹੀ ਜਾ ਰਹੀ ਤਾਂ ਇਸਦਾ ਮਤਲਬ ਹੈ ਕਿ ਇਤਿਹਾਸ ਬਹੁਤ ਮੂੰਹਜੋਰ ਤੇ ਪਵਿੱਤਰ ਹੈ।