ਸਿੱਖ ਪੰਥ ਵਿੱਚ ਇਸ ਸਮੇਂ ਦੋ ਕਿਸਮ ਦਾ ਸੰਵਾਦ ਚੱਲ ਰਿਹਾ ਹੈ। ਸਿੱਖਾਂ ਦਾ ਇੱਕ ਹਿੱਸਾ ਕੌਮ ਦੇ ਧਾਰਮਿਕ ਅਤੇ ਕੌਮੀ ਜਜਬੇ ਦੇ ਬਿਪਰ ਸੰਸਕਾਰਾਂ ਦੇ ਅਧੀਨ ਜਾਈ ਜਾਣ ਦੇ ਡਰ ਕਾਰਨ ਤਰਲੋਮੱਛੀ ਹੋ ਰਿਹਾ ਹੈ ਅਤੇ ਦੂਜਾ ਹਿੱਸਾ ਸਿੱਖ ਹੋਣ ਦੇ ਮਾਣ ਦੇ ਪਰਚਮ ਲਹਿਰਾ ਰਿਹਾ ਹੈ। ਸਿੱਖ ਪੰਥ ਦੇ ਬੌਧਿਕ ਹਲਕਿਆਂ ਨੂੰ ਪਹਿਲੀ ਕਿਸਮ ਦੇ ਜਾਇਜ ਡਰ ਨੇ ਘੇਰਿਆ ਹੋਇਆ ਹੈ ਅਤੇ ਉਹ ਸੱਚਮੁੱਚ ਹੀ ਕੌਮ ਦੇ ਦਿਸਹੱਦੇ ਤੇ ਚੜ੍ਹ ਰਹੀਆਂ ਬਿਪਰ ਸੰਸਕਾਰ ਦੀਆਂ ਕਾਲੀਆਂ ਘਟਾਵਾਂ ਨੂੰ ਦੇਖ ਰਿਹਾ ਹੈ। ਪਰ ਦੂਜੇ ਪਾਸੇ ਕੌਮ ਦੀ ਨੌਜਵਾਨੀ ਹੈ ਜੋ ਨਸ਼ਿਆਂ ਦੀ ਮਾਰ ਹੇਠ ਆਈ ਹੋਣ ਦੇ ਬਾਵਜੂਦ ਸਿੱਖ ਹੋਣ ਦੇ ਮਾਣ ਦਾ ਪਰਚਮ ਲਹਿਰਾ ਰਹੀ ਹੈ। ਖਾੜਕੂ ਸਿੱਖ ਲਹਿਰ ਦੇ ਖਾਤਮੇ ਤੋਂ ਬਾਅਦ ਸਟੇਟ ਅਤੇ ਮੀਡੀਆ ਦੀ ਦਹਿਸ਼ਤ ਦੇ ਸਾਏ ਹੇਠ ਜੀਵਨ ਬਸਰ ਕਰ ਰਹੀ ਸਿੱਖ ਜਵਾਨੀ ਨੂੰ ਸ਼ੋਸ਼ਲ ਮੀਡੀਆ ਅਜਿਹੀ ਰੱਬੋਂ ਆਈ ਸੁਗਾਤ ਵੱਜੋਂ ਬਹੁੜਿਆ ਹੈ ਜਿਸਦਾ ਉਹ ਰੱਜ ਕੇ ਲਾਹਾ ਲੈ ਰਹੀ ਹੈ।
ਸਿੱਖਾਂ ਦੇ ਵਿਦਵਾਨ ਹਲਕਿਆਂ ਵਿੱਚ ਝੋਰਾ ਇਸ ਗੱਲ ਦਾ ਹੈ ਕਿ ਅਕਾਲੀ ਦਲ ਨੂੰ ਖਾ ਜਾਣ ਤੋਂ ਬਾਅਦ ਮੀਡੀਆ ਵਿੱਚੋਂ ਸਿੱਖੀ ਦੇ ਦਰਦ ਦੀ ਗੱਲ ਕਰਨ ਵਾਲੇ ਸਿੱਖ ਵਿਦਵਾਨਾਂ ਦੀ ਸੁਚੇਤ ਛਾਂਟੀ ਕਰਨ ਤੋਂ ਲੈਕੇ ਸਿੱਖ ਪੰਥ ਦੇ ਧਾਰਮਿਕ ਡੇਰਿਆਂ ਤੇ ਇਸ ਵੇਲੇ ਬਿਪਰ ਸੰਸਕਾਰ ਦਾ ਵੱਡਾ ਅਦਿੱਖ ਹਮਲਾ ਹੋ ਰਿਹਾ ਹੈ। ਸਿੱਖ ਸੰਸਥਾਵਾਂ ਜੋ ਧਰਮ ਦੇ ਪ੍ਰਚਾਰ ਦੇ ਨਾਲ ਨਾਲ ਵਿਦਿਅਕ ਅਦਾਰੇ ਵੀ ਚਲਾ ਰਹੀਆਂ ਹਨ ਉਹ ਬਿਪਰ ਸੰਸਕਾਰੀਆਂ ਦੇ ਪਹਿਲੇ ਨਿਸ਼ਾਨੇ ਤੇ ਹਨ। ਅਜਿਹੀਆਂ ਸੰਸਥਾਵਾਂ ਵਿੱਚ ਆਰਥਿਕ ਮਾਮਲਿਆਂ ਨੂੰ ਦੇਖਣ ਦੀ ਜਿੰਮੇਵਾਰੀ ਗੈਰ-ਸਿੱਖਾਂ ਦੇ ਹੱਥ ਫੜਾਈ ਜਾ ਰਹੀ ਹੈ ਜੋ ਉਸ ਸੰਸਥਾ ਦੀ ਨੀਤੀ ਨੂੰ ਪ੍ਰਭਾਵਿਤ ਕਰਨ ਦਾ ਕਾਰਜ ਕਰ ਰਹੇ ਹਨ। ਸਿੱਖਾਂ ਦੇ ਵੱਡੇ ਧਾਰਮਿਕ-ਵਿਦਿਅਕ ਅਦਾਰਿਆਂ ਵਿੱਚ ਸਿੱਖ ਬੋਲਿਆਂ ਦੀ ਥਾਂ ਬੰਦੇ ਮਾਤਰਮ ਦੇ ਗੀਤ ਗਵਾਏ ਜਾ ਰਹੇ ਹਨ।
ਦੂਜੇ ਪਾਸੇ ਸਿੱਖ ਜਵਾਨੀ ਆਪਣੀ ਨਿੱਜੀ ਜੀਵਨ ਦੀਆਂ ਕਮਜ਼ੋਰੀਆਂ ਦੇ ਬਾਵਜੂਦ ਪੰਥਕ ਕਾਜ ਅਤੇ ਭਵਿੱਖ ਦੀ ਪੰਥਕ ਨੀਤੀ ਦੇ ਸੰਦਰਭ ਵਿੱਚ ਕੋਈ ਵੀ ਢਿੱਲ ਜਾਂ ਲਚਕ ਬਰਦਾਸ਼ਤ ਕਰਨ ਨੂੰ ਤਿਆਰ ਨਹੀ ਹੈ। ਸ਼ੋਸ਼ਲ ਮੀਡੀਆ ਤੇ ਕੁਝ ਭੁੱਲੜ ਵੀਰਾਂ ਨੇ ਕਈ ਵਾਰ ਸਿੱਖਾਂ ਦੇ ਗੌਰਵ ਨੂੰ ਟਿੱਚਰ ਕਰਨ ਦਾ ਯਤਨ ਕੀਤਾ, ਸ਼ਾਇਦ ਇਹ ਜਾਣ ਕੇ ਕਿ ਖਾੜਕੂ ਸਿੱਖ ਲਹਿਰ ਦੇ ਖਾਤਮੇ ਤੋਂ ਬਾਅਦ ਅਤੇ ਬੇਇੰਤਹਾ ਤਸ਼ੱਦਦ ਤੋਂ ਬਾਅਦ ਸਿੱਖ ਹੁਣ ਆਪਣੇ ਗੌਰਵ ਨੂੰ ਦਰਪੇਸ਼ ਹੋਈ ਚੁਣੌਤੀ ਦਾ ਉਸ ਦਲੇਰੀ ਨਾਲ ਮੁਕਾਬਲਾ ਨਹੀ ਕਰ ਸਕਣਗੇ ਜਿਸ ਦਲੇਰੀ ਨਾਲ ਉਨ੍ਹਾਂ ਸਰਕਾਰੀ ਜਬਰ ਦਾ ਕੀਤਾ ਸੀ। ਪਰ ਹਰ ਵਾਰ ਉਨ੍ਹਾਂ ਨੂੰ ਮੂੰਹ ਦੀ ਖਾਣੀ ਪਈ ਹੈ। ਕੁਝ ਦੇਰ ਪਹਿਲਾਂ ਜਦੋਂ ਸ਼੍ਰੋਮਣੀ ਕਮੇਟੀ ਨੇ ਆਪਣੇ ਅਜਾਇਬ ਘਰ ਵਿੱਚ ਸੰਤ ਜਰਨੈਲ ਸਿੰਘ ਦੀ ਫੋਟੋ ਲਾਉਣ ਦਾ ਐਲਾਨ ਕੀਤਾ ਤਾਂ ਕੁਝ ਭੁੱਲੜ ਲੋਕਾਂ ਨੇ ਉਸ ਫੋਟੋ ਨੂੰ ਲਾਹ ਦੇਣ ਦੇ ਦਗਮਜੇ ਮਾਰੇ ਪਰ ਸਿੱਖ ਰਵਾਇਤਾਂ ਤੋਂ ਕੋਰੇ ਅਜਿਹੇ ਸੱਜਣਾਂ ਨੂੰ ਉਦੋਂ ਮੂੰਹ ਦੀ ਖਾਣੀ ਪਈ ਜਦੋਂ ਸਿੱਖ ਸੰਸਥਾਵਾਂ ਨੇ ਐਲਾਨ ਕਰ ਦਿੱਤਾ ਕਿ ਜਿਹੜਾ ਵੀ ਸੰਤਾਂ ਦੀ ਫੋਟੋ ਲਾਹੁਣ ਆਵੇ ਆਪਣਾਂ ਕੱਫਣ ਸਿਰ ਤੇ ਬੰਨ੍ਹਕੇ ਆਵੇ। ਖ਼ੈਰ ਬਿਪਰ ਸੰਸਕਾਰ ਦੇ ਇਤਿਹਾਸ ਵਿੱਚ ਸ਼ਹਾਦਤ ਦੇਣ ਦੀ ਕੋਈ ਰਵਾਇਤ ਹੀ ਨਹੀ ਸੀ ਇਸ ਲਈ ਕੋਈ ਨਾ ਬਹੁੜਿਆ।
ਇਸੇ ਤਰ੍ਹਾਂ ਨਰਿੰਦਰ ਮੋਦੀ ਦੀ ਜਿੱਤ ਤੋਂ ਚਾਮ੍ਹਲੇ ਹੋਏ ਕੁਝ ਕਾਗਜ਼ੀ ਸ਼ੇਰਾਂ ਨੇ ਐਲਾਨ ਕਰ ਦਿੱਤਾ ਕਿ ਉਹ ਇਸ ਸਾਲ ਸ੍ਰੀ ਅਕਾਲ ਤਖਤ ਸਾਹਿਬ ਤੇ ੧੯੮੪ ਦੇ ਸ਼ਹੀਦਾਂ ਦਾ ਸਮਾਗਮ ਨਹੀ ਹੋਣ ਦੇਣਗੇ। ਕਿਸੇ ਚੁੱਕ ਵਿੱਚ ਆ ਕੇ ਸਮਾਗਮ ਰੋਕਣ ਚੱਲੇ ਕੁਝ ਮਨਚਲਿਆਂ ਨੂੰ ਜਲੰਧਰ ਦੇ ਬਿਧੀਪੁਰ ਫਾਟਕ ਤੇ ਹੀ ਸਿੱਖ ਰੋਹ ਦਾ ਸਾਹਮਣਾਂ ਕਰਨਾ ਪਿਆ ਅਤੇ ਉਨ੍ਹਾਂ ਭੱਜ ਭੱਜ ਕੇ ਆਪਣੀ ਜਾਨ ਬਚਾਈ।
ਫਿਰ ਦੋ ਤਿੰਨ ਵਾਰ ਇਨ੍ਹਾਂ ਸ਼ੋਸ਼ਲ ਮੀਡੀਆ ਤੇ ਸਿੱਖਾਂ ਨੂੰ ਚੁਣੌਤੀ ਦਿੱਤੀ ਕਿ ਉਹ ਪਟਿਆਲੇ ਆਕੇ ਸਾਡਾ ਮੁਕਾਬਲਾ ਕਰਨ। ਇਸ ਖਬਰ ਦੇ ਫੈਲਣ ਦੀ ਦੇਰ ਸੀ ਕਿ ਸੈਂਕੜੇ ਸਿੱਖ ਪਟਿਆਲੇ ਪਹੁੰਚ ਗਏ। ਦੂਜੇ ਪਾਸਿਓ ਕੋਈ ਵੀ ਨਾ ਆਇਆ। ਭਾਈ ਬਲਵੰਤ ਸਿੰਘ ਗੋਪਾਲਾ ਨੇ ਜਿਸ ਸਿਦਕ ਦਿਲੀ ਨਾਲ ਉਨ੍ਹਾਂ ਨੂੰ ਚੁਣੌਤੀ ਦਿੱਤੀ ਉਹ ਸ਼ਹੀਦਾਂ ਦੇ ਵਾਰਸਾਂ ਦੀ ਰੁਹਾਨੀ ਪਹਿਲ ਤਾਜ਼ਗੀ ਦੀ ਦੱਸ ਪਾਉਂਦੀ ਸੀ।
ਇਸੇ ਤਰ੍ਹਾਂ ਕਿਸੇ ਸ਼ਰਾਰਤੀ ਮਨਚਲੇ ਨੇ ਸੰਤ ਜਰਨੈਲ ਸਿੰਘ ਦੀ ਫੋਟੋ ਨੂੰ ਹਿੰਦੂ ਰੰਗ ਵਿੱਚ ਰੰਗ ਕੇ ਉਸਦੀ ਸੰਘ ਪਰਿਵਾਰ ਅਧੀਨ ਹੋਣ ਬਾਰੇ ਸ਼ੋਸ਼ਾ ਛੱਡ ਦਿੱਤਾ। ਸ਼ੋਸ਼ਲ ਮੀਡੀਆ ਤੇ ਸਿੱਖ ਨੌਜਵਾਨਾਂ ਨੇ ਪੰਜਾਬ ਤੋਂ ਲੈਕੇ ਅਮਰੀਕਾ, ਕਨੇਡਾ ਅਤੇ ਅਸਟਰੇਲੀਆ ਤੱਕ ਉਸਦਾ ਖੁਰਾ ਖੋਜ ਲੱਭਣ ਲਈ ਦਿਨ ਰਾਤ ਇੱਕ ਕਰ ਦਿੱਤਾ। ਇੱਕ ਨੌਜਵਾਨ ਤਾਂ ਉਸ ਵੱਲੋਂ ਦੱਸੇ ਆਪਣੇ ਪਿੰਡ ਦੀ ਜੂਹ ਵਿੱਚ ਜਾ ਖੜਾ ਹੋਇਆ ਅਤੇ ਉਸਨੇ ਸ਼ੋਸ਼ਲ ਮੀਡੀਆ ਤੇ ਪਿੰਡ ਦੀ ਸੱਥ ਵਿੱਚ ਖੜ੍ਹਕੇ ਵੀਡੀਓ ਅਪਲੋਡ ਕੀਤੀ ਕਿ ਇਸ ਪਿੰਡ ਵਿੱਚ ਉਸ ਨਾ ਦਾ ਕੋਈ ਵਿਅਕਤੀ ਨਹੀ ਹੈ। ਇਸ ਘਟਨਾ ਤੋਂ ਬਾਅਦ ਉਸ ਸ਼ਰਾਰਤੀ ਸੱਜਣ ਨੇ ਆਪਣੀ ਆਈ.ਡੀ. ਹੀ ਖਤਮ ਕਰ ਦਿੱਤੀ।
ਹਾਲੇ ਇਹ ਪ੍ਰਸੰਗ ਚੱਲ ਹੀ ਰਹੇ ਸਨ ਕਿ ਅਸਟਰੇਲੀਆ ਦੇ ਇੱਕ ਰਸਾਲੇ ਨੇ ਇੱਕ ਸਰਵੇਖਣ ਪ੍ਰਕਾਸ਼ਿਤ ਕਰਕੇ ਸਿੱਖਾਂ ਦੇ ਮਾਣ ਨੂੰ ਹੋਰ ਵੀ ਚਾਰ ਚੰਨ ਲਾ ਦਿੱਤੇ ਕਿ ਦੁਨੀਆਂ ਭਰ ਦੇ ਜਰਨੈਲਾਂ ਵਿੱਚ ਸਰਦਾਰ ਹਰੀ ਸਿੰਘ ਨਲੂਆ ਸਭ ਤੋਂ ਮਹਾਨ ਜਰਨੈਲ ਹੈ। ਪੰਥ ਦੇ ਉਸ ਮਹਾਨ ਜਰਨੈਲ ਦੀ ਉਸਤਤ ਅਤੇ ਬਹਾਦਰੀ ਸਬੰਧੀ ਉਸ ਅੰਗਰੇਜ਼ੀ ਦੇ ਰਸਾਲੇ ਨੇ ਜੋ ਇਬਾਰਤ ਲਿਖੀ ਹੈ ਉਹ ਸਿੱਖ ਕੌਮ ਦੇ ਸੁਨਹਿਰੇ ਅਤੀਤ ਦੀ ਗੌਰਵਸ਼ਾਲੀ ਨਿਸ਼ਾਨੀ ਹੈ। ਉਹ ਅਤੀਤ ਜੋ ਅੱਜ ਵੀ ਸਿੱਖਾਂ ਦੀ ਰਹਿਨੁਮਾਈ ਕਰ ਰਿਹਾ ਹੈ। ਜਿਸਦੀ ਰੁਹਾਨੀ ਨਜ਼ਰ ਅੱਜ ਵੀ ਕੌਮ ਦੀ ਪਿੱਠ ਤੇ ਹੈ। ਬਖਸ਼ਿਸ਼ ਦੀ ਉਸ ਰੁਹਾਨੀ ਨਜ਼ਰ ਕਾਰਨ ਹੀ ਅੱਜ ਦੇ ਦੁਖਦਾਈ ਸਮਿਆਂ ਵਿੱਚ ਵੀ ਸਿੱਖ ਕੌਮ ਆਪਣੇ ਇਤਹਾਸ ਤੇ ਪਰੰਪਰਾ ਨੂੰ ਦਰਪੇਸ਼ ਚੁਣੌਤੀ ਸਾਹਮਣੇ ਅੱਜ ਵੀ ਨੰਗੇ ਧੜ ਖੜ੍ਹ ਜਾਂਦੀ ਹੈ।
ਇਸ ਲਈ ਜਿਹੜੀਆਂ ਤਾਕਤਾਂ ਲੰਗੜੀ ਜਿਹੀ ਸੱਤਾ ਦੇ ਨਸ਼ੇ ਵਿੱਚ ਓਹਲੇ ਤੋਂ ਵਾਰ ਕਰ ਰਹੀਆਂ ਹਨ ਉਨ੍ਹਾਂ ਨੂੰ ਸਿੱਖ ਇਤਿਹਾਸ ਤੇ ਉਸਦੀਆਂ ਪਰੰਪਰਾਵਾਂ ਗੰਭੀਰਤਾ ਨਾਲ ਪੜ੍ਹ ਲੈਣੀਆਂ ਚਾਹੀਦੀਆਂ ਹਨ ਅਤੇ ਆਪਣੀ ਗੁਝੇ ਵਾਰਾਂ ਦੀ ਬਿਰਤੀ ਤਿਆਗ ਦੇਣੀ ਚਾਹੀਦੀ ਹੈ।
ਸਿੱਖ ਪੰਥ ਨੂੰ ਅੱਜ ਵੀ ਆਪਣੇ ਸਿੱਖ ਹੋਣ ਦਾ ਗੌਰਵ ਅਤੇ ਮਾਣ ਬਣਿਆ ਹੋਇਆ ਹੈ।