ਜੂਨ ੧੯੮੪ ਵਿੱਚ ਸ੍ਰੀ ਹਰਿਮੰਦਰ ਸਾਹਿਬ ਅਤੇ ਸ੍ਰੀ ਅਕਾਲ ਤਖਤ ਸਾਹਿਬ ਤੇ ਭਾਰਤੀ ਫੌਜਾਂ ਵੱਲ਼ੋਂ ਕੀਤੇ ਗਏ ਹਮਲੇ ਦੇ ੩੦ ਸਾਲ ਪੂਰੇ ਹੋਣ ਤੇ ਪੰਜਾਬ ਅਤੇ ਭਾਰਤ ਵਿੱਚ ਕਾਫੀ ਸਰਗਰਮੀਆਂ ਦੇਖਣ ਨੂੰ ਮਿਲੀਆਂ। ਪੰਜਾਬ ਵਿੱਚ ਵੱਖ-ਵੱਖ ਪੰਥਕ ਜਥੇਬੰਦੀਆਂ ਨੇ ੧੯੮੪ ਦੇ ਸਾਕੇ ਦੌਰਾਨ ਸ਼ਹੀਦੀਆਂ ਪ੍ਰਾਪਤ ਕਰ ਗਏ ਸਿੱਖਾਂ ਨੂੰ ਸ਼ਰਧਾਂਜਲੀ ਭੇਟ ਕੀਤੀ। ਅੰਮ੍ਰਿਤਸਰ ਸਾਹਿਬ ਵਿਖੇ ਕੁਝ ਸਿੱਖ ਜਥੇਬੰਦੀਆਂ ਨੇ ਸ਼ਹੀਦੀ ਮਾਰਚ ਕੱਢਿਆ, ਮਹਿਤਾ ਚੌਕ ਵਿਖੇ ਦਮਦਮੀ ਟਕਸਾਲ ਦੇ ਹੈਡ ਕਵਾਟਰ ਤੇ ਵੀ ਸ਼ਹੀਦੀ ਸਮਾਗਮ ਕਰਵਾਇਆ ਗਿਆ। ਕੇਂਦਰੀ ਸਮਾਗਮ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਹੋਇਆ ਜਿੱਥੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ। ਸਿੱਖਾਂ ਨੇ ਆਪਣੀਆਂ ਰਵਾਇਤਾਂ ਮੁਤਾਬਿਕ ਸ੍ਰੀ ਹਰਿਮੰਦਰ ਸਾਹਿਬ ਅਤੇ ਸ੍ਰੀ ਅਕਾਲ ਤਖਤ ਸਾਹਿਬ ਦੀ ਪਵਿੱਤਰਤਾ ਦੀ ਰਾਖੀ ਲਈ ਲਈ ਜੂਝ ਕੇ ਜਾਨਾਂ ਵਾਰ ਗਏ ਯੋਧਿਆਂ ਨੂੰ ਯਾਦ ਕੀਤਾ।

ਦੂਜੀ ਸਰਗਰਮੀ ਭਾਰਤ ਵਿੱਚ ਚੱਲੀ ਜਿੱਥੇ ਮੀਡੀਆ ਨੇ ੩੦ ਸਾਲ ਪਹਿਲਾਂ ਵਾਪਰੀ ਘਟਨਾ ਬਾਰੇ ਆਪਣੇ ‘ਵਿਸ਼ੇਸ਼ ਮਾਹਰਾਂ’ ਤੋਂ ਲੇਖ ਲਿਖਵਾਏ ਅਤੇ ਟੀ.ਵੀ. ਚੈਨਲਾਂ ਨੇ ਵਿਸ਼ੇਸ਼ ਡਾਕੂਮੈਂਟਰੀਆਂ ਪੇਸ਼ ਕੀਤੀਆਂ। ਜਿਨ੍ਹਾਂ ਵਿੱਚ ‘ਸੀਨੀਅਰ ਪੱਤਰਕਾਰਾਂ’ ਅਤੇ ਆਪੂੰ ਸਜੇ ਸੁਰੱਖਿਆ ਮਾਹਰਾਂ ਦੀ ਰਾਇ ਪ੍ਰਸਾਰਤ ਕੀਤੀ ਗਈ। ਪ੍ਰਿੰਟ ਮੀਡੀਆ ਵਿੱਚ ਵੀ ੩੦ ਸਾਲ ਪਹਿਲਾਂ ਵਾਪਰੇ ਸਾਕੇ ਬਾਰੇ ਕਾਫੀ ਕੁਝ ਲਿਖਿਆ ਗਿਆ। ਬੀ.ਬੀ.ਸੀ ਨੇ ਇਸ ਮੌਕੇ ਤੇ ਉਸ ਸਾਕੇ ਤੋਂ ਬਾਅਦ ਘਰਾਂ ਤੋਂ ਗੁੰਮ ਹੋਏ ਹਜਾਰਾਂ ਬੇਕਸੂਰ ਲੋਕਾਂ ਦੇ ਸਬੰਧੀਆਂ ਦੀ ਪੀੜ ਨੂੰ ਦਰਸਾਉਂਦੀ ਸਟੋਰੀ ਪ੍ਰਕਾਸ਼ਿਤ ਕੀਤੀ, ਏ.ਐਫ.ਪੀ ਨੇ ਖਾਲਿਸਤਾਨ ਦੇ ਸੁਪਨੇ ਦੀ ਮੌਤ ਦਾ ਐਲਾਨ ਕੀਤਾ, ਇੰਡੀਆ ਟੂਡੇ ਦੇ ਤਤਕਾਲੀ ਰੈਜ਼ੀਡੈਂਟ ਐਡੀਟਰ ਰਾਹੁਲ ਸਿੰਘ ਨੇ ਉਨ੍ਹਾਂ ਦਿਨਾਂ ਬਾਰੇ ਆਪਣੇ ਵਿਚਾਰ ਪੇਸ਼ ਕੀਤੇ, ਭਾਰਤੀ ਅਤੇ ਵਿਦੇਸ਼ੀ ਇੰਟੈਲੀਜੈਂਸ ਏਜੰਸੀਆਂ ਬਾਰੇ ਰਿਪੋਰਟਿੰਗ ਕਰਨ ਵਾਲੇ ਪਰਵੀਨ ਸੁਆਮੀ ਨੇ, ਸੰਤ ਜਰਨੈਲ ਸਿੰਘ ਦੇ ਸਿਆਸੀ ਪੁਨਰਜਨਮ ਦੀ ਗੱਲ ਛੋਹੀ। ਜਨਰਲ ਕੁਲਦੀਪ ਬਰਾੜ ਨੇ ਆਪਣੀ ੩੦ ਸਾਲ ਪੁਰਾਣੀ ਰੀਲ਼੍ਹ ਫਿਰ ਘੁਮਾ ਦਿੱਤੀ।

ਅਪ੍ਰੇਸ਼ਨ ਬਲਿਊ ਸਟਾਰ ਦੀ ੩੦-ਵੀਂ ਵਰ੍ਹੇਗੰਢ ਉਤੇ ਸਭ ਤੋਂ ਵੱਧ ਜੋਰ ਇੱਕ ਵਾਰ ਫਿਰ ਮਾਰਕ ਟਲੀ ਨੂੰ ਲਾਉਣਾਂ ਪਿਆ। ੩੦ ਸਾਲ ਪਹਿਲਾਂ ਕੀਤੀਆਂ ਗਲਤੀਆਂ ਦਾ ਭੂਤ ਸ਼ਾਇਦ ਉਸਦਾ ਪਿੱਛਾ ਨਹੀ ਛੱਡ ਰਿਹਾ ਇਸੇ ਲਈ ਹਰ ਸਾਲ ਉਹ ਵਿਸ਼ੇਸ਼ ਤੌਰ ਤੇ ਭਾਰਤੀ ਤੇ ਵਿਦੇਸ਼ੀ ਮੀਡੀਆ ਨੂੰ ਆਪਣੀ ‘ਵਿਸ਼ੇਸ਼ ਰਾਇ’ ਨਾਲ ਨਿਵਾਜ਼ਦਾ ਹੈ। ਬੇਸ਼ੱਕ ਉਪਰ ਗਿਣਾਏ ਗਏ ਲਗਭਗ ਸਾਰੇ ਪੱਤਰਕਾਰਾਂ ਅਤੇ ਮਾਹਰਾਂ ਨੇ ਵੀ ਆਪਣੀ ਰਾਇ ਵਿੱਚ ਸੰਤ ਜਰਨੈਲ ਸਿੰਘ ਨੂੰ ਕੋਈ ਚੰਗੇ ਮਨੁੱਖ ਵੱਜੋਂ ਪੇਸ਼ ਨਹੀ ਕੀਤਾ ਪਰ ਮਾਰਕ ਟਲੀ ਨੇ ਤਾਂ ਇਸ ਵਾਰ ਵੀ ਉਨ੍ਹਾਂ ਨੂੰ ਬਹੁਤ ਹੀ ਕਠੋਰ, ਪੇਂਡੂ ਅਤੇ ਅੜਬ ਜਾਂ ਕਹਿ ਲਉ ਖੁੰਖਾਰੂ ਵਿਅਕਤੀ ਵੱਜੋਂ ਪੇਸ਼ ਕਰਨ ਦਾ ਯਤਨ ਕੀਤਾ। ਸੰਤ ਜਰਨੈਲ ਸਿੰਘ ਬਾਰੇ ਮਾਰਕ ਟਲੀ ਨੇ ਜਿੰਨੇ ਕੁ ਕਠੋਰ ਸ਼ਬਦ ਵਰਤੇ ਜਾ ਸਕਦੇ ਸਨ ਵਰਤੇ। ਸ਼ਾਇਦ ਇਸ ਤਰਹਾਂ ਕਰਕੇ ਉਹ ਆਪਣੀ ਜਮੀਰ ਦੇ ਉਸ ਹਿੱਸੇ ਤੋਂ ਖਹਿੜਾ ਛੁਡਾਉਣਾਂ ਚਾਹੁੰਦਾ ਹੈ ਜੋ ਵਾਰ ਵਾਰ ਉਸਨੂੰ ਪੱਤਰਕਾਰਤਾ ਦਾ ਧਰਮ ਨਾ ਨਿਭਾਉਣ ਲਈ ਲਾਹਨਤਾ ਪਾ ਰਿਹਾ ਹੈ ਅਤੇ ਲਗਾਤਾਰ ਉਸਦਾ ਪਿੱਛਾ ਕਰ ਰਿਹਾ ਹੈ। ਇਹੋ ਹੀ ਹਾਲ ਜਨਰਲ ਕੁਲਦੀਪ ਬਰਾੜ ਦਾ ਹੈ, ਉਨ੍ਹਾਂ ਦੀ ਸਰੀਰਕ ਭਾਸ਼ਾ (body language) ਇਹ ਦੱਸ ਰਹੀ ਹੁੰਦੀ ਹੈ ਕਿ ਉਹ ਆਖ਼ੇ ਜਾ ਰਹੇ ਸ਼ਬਦਾਂ ਦੀ ਹਾਮੀ ਨਹੀ ਭਰ ਰਹੀ ਪਰ ਇਹ ਦੋਵੇਂ ਸੱਜਣ ਹਰ ਸਾਲ ਆਪਣੀ ਜਿੱਦ ਪੂਰੀ ਕਰ ਰਹੇ ਮਹਿਸੂਸ ਹੁੰਦੇ ਹਨ।

ਅਪ੍ਰੇਸ਼ਨ ਬਲਿਊ ਸਟਾਰ ਦੀ ੩੦-ਵੀਂ ਵਰ੍ਹੇਗੰਢ ਤੇ ਭਾਰਤੀ ਪੱਤਰਕਾਰਾਂ ਅਤੇ ਵਿਦਵਾਨਾਂ ਨੇ ਸੰਤ ਜਰਨੈਲ ਸਿੰਘ ਦੀ ਵਿਆਖਿਆ ਕਰਨ ਦੀ ਕੋਸ਼ਿਸ਼ ਕੀਤੀ ਹੈ। ਰਾਹੁਲ ਸਿੰਘ, ਪਰਵੀਨ ਸੁਆਮੀ ਜਾਂ ਮਾਰਕ ਟਲੀ ਹਰ ਕਿਸੇ ਨੇ ਉਨ੍ਹਾਂ ਨੂੰ ਇੱਕ ਖਲਨਾਇਕ ਵੱਜੋਂ ਪੇਸ਼ ਕਰਨ ਦਾ ਯਤਨ ਕੀਤਾ ਹੈ। ਜੋ ਉਨ੍ਹਾਂ ਦੇ ਸੁਭਾਅ, ਕਿੱਤੇ ਅਤੇ ਧਰਮ- ਸੱਭਿਆਚਾਰਕ ਪਿਛੋਕੜ ਤੋਂ ਜਾਇਜ ਵੀ ਹੈ। ਜਦੋਂ ਵੀ ਕੋਈ ਗੈਰ ਸਿੱਖ (ਸਿੰਥੀਆ ਕਿੰਪਲੇ ਮਹਿਮੂਦ ਵਰਗਿਆਂ ਨੂੰ ਛੱਡਕੇ) ਸੰਤ ਜਰਨੈਲ ਸਿੰਘ ਦੀ ਵਿਆਖਿਆ ਕਰਨ ਦੀ ਕੋਸ਼ਿਸ ਕਰੇਗਾ ਤਾਂ ਉਹ ਇਸੇ ਸਿੱਟੇ ਤੇ ਪਹੁੰਚੇਗਾ ਜਿਸ ਸਿੱਟੇ ਤੇ ਉਪਰੋਕਤ ਵਰਨਣ ਕੀਤੇ ਸੱਜਣ ਪਹੁੰਚ ਰਹੇ ਹਨ।

ਅਸਲ ਵਿੱਚ ਇਹ ਸੱਜਣ ਜਿੰਨੀ ਸੰਤ ਜਰਨੈਲ ਸਿੰਘ ਦੀ ਵਿਆਖਿਆ ਕਰਨਗੇ ਉਨਾਂ ਹੀ ਉਹ ਸਿੱਖ ਮਸਲੇ ਦੇ ਮੂਲ ਤੱਤ ਨੂੰ ਅਚੇਤ ਜਾਂ ਸੁਚੇਤ ਤੌਰ ਤੇ ਉਭਾਰ ਕੇ ਪੇਸ਼ ਕਰ ਰਹੇ ਹੋਣਗੇ। ਸਿੱਖ ਬਗਾਵਤ ਜਾਂ ਸਿੱਖ਼ ਮਸਲੇ ਦੇ ਮੂਲ ਤੱਤ ਹੀ ਇਸ ਵਿੱਚ ਪਏ ਹਨ ਕਿ ਸਿੱਖਾਂ ਦੀ, ਸਿੱਖੀ ਦੀ ਅਤੇ ਸਿੱਖ ਇਤਿਹਾਸ ਦੀ ਵਿਆਖਿਆ ਕਰਨ ਦੀ ਹਿਮਾਕਤ ਉਹ ਲੋਕ ਕਰ ਰਹੇ ਹਨ ਜਿਨ੍ਹਾਂ ਦਾ ਸਿੱਖੀ ਨਾਲ ਕੁਝ ਵੀ ਸਾਂਝਾ ਨਹੀ ਹੈ। ਜੋ ਨਾ ਤਾਂ ਸ਼ਕਲ਼ੋਂ ਸਿੱਖ ਹਨ ਅਤੇ ਨਾ ਹੀ ਸੀਰਤ ਤੋਂ। ਜਿਹੜੇ ਸੀਰਤ ਤੋਂ ਸਿੱਖ ਹਨ ਸਿੰਥੀਆ ਕਿੰਪਲੇ ਮਹਿਮੂਦ ਵਰਗੇ ਉਹ ਸੰਤ ਜਰਨੈਲ ਸਿੰਘ ਦੀ ਵਿਆਖਿਆ ਬਿਲਕੁਲ ਵੱਖਰੇ ਢੰਗ ਨਾਲ ਕਰ ਰਹੇ ਹਨ। ਸਿੱਖ ਮਸਲੇ ਦੀ ਮੂਲ ਜੜ੍ਹ ਹੀ ਇੱਥੇ ਪਈ ਹੈ ਕਿ ਸਿੱਖੀ ਦੀ ਵਿਆਖਿਆ ਸਿੱਖ ਵਿਰੋਧੀ ਕਰ ਰਹੇ ਹਨ। ਜੇ ਸਿੱਖ ਵਿਰੋਧੀਆਂ ਨੇ ਸਿੱਖੀ ਦੀ ਵਿਆਖਿਆ ਦਾ ਬੀੜਾ ਨਾ ਚੁੱਕਿਆ ਹੁੰਦਾ ਤਾਂ ਸ਼ਾਇਦ ਸਿੱਖ ਮਸਲਾ ਏਨੇ ਵੱਡੇ ਪੱਧਰ ਤੇ ਉਜਾਗਰ ਨਾ ਹੁੰਦਾ।

ਕਿਸੇ ਧਰਮ, ਫਲਸਫੇ, ਵਿਚਾਰ ਅਤੇ ਇਤਿਹਾਸਕ ਸ਼ਖਸ਼ੀਅਤ ਦੀ ਵਿਆਖਿਆ ਇਸ ਗੱਲ ਤੇ ਨਿਰਭਰ ਨਹੀ ਕਰਦੀ ਕਿ ਉਸ ਬਾਰੇ ਕੀ ਕਿਹਾ ਗਿਆ ਹੈ ਬਲਕਿ ਇਸ ਗੱਲ ਤੇ ਨਿਰਭਰ ਕਰਦੀ ਹੈ ਕਿ ਕਿਸ ਵੱਲ਼ੋਂ ਕਿਹਾ ਗਿਆ ਹੈ। ਪੱਛਮ ਦੇ ਇੱਕ ਬਹੁਤ ਵੱਡੇ ਵਿਦਵਾਨ ਨੇ ਆਖਿਆ ਹੈ ਕਿ ਇਤਿਹਾਸ ਨੂੰ ਪੜ੍ਹਨ ਤੋਂ ਪਹਿਲਾਂ ਇਤਿਹਾਸਕਾਰ ਨੂੰ ਪੜ੍ਹੋ। ਜੇ ਮਾਰਕ ਟਲੀ, ਰਾਹੁਲ ਸਿੰਘ ਅਤੇ ਪਰਵੀਨ ਸੁਆਮੀ ਦੀਆਂ ਐਨਕਾਂ ਰਾਹੀਂ ਇਤਿਹਾਸ ਪੜ੍ਹੀਏ ਤਾਂ ਸਿੱਖ ਜਰਨੈਲ ਹਰੀ ਸਿੰਘ ਨਲੂਆ ਵੀ ਬਹੁਤ ਵੱਡਾ ਦਰਿੰਦਾ ਹੋ ਸਕਦਾ ਹੈ ਜਿਸਦਾ ਨਾ ਲੈ ਕੇ ਪਠਾਨਣੀਆਂ ਆਪਣੇ ਬੱਚਿਆਂ ਨੂੰ ਸੁਆਇਆ ਕਰਦੀਆਂ ਸਨ, ਕਿ ਸੌਂ ਜਾ ਨਹੀ ਤਾਂ ਹਰੀ ਸਿੰਘ ਆ ਜਾਵੇਗਾ। ਇਸੇ ਨਜ਼ਰ ਤੋਂ ਬਾਬਾ ਬੰਦਾ ਸਿੰਘ ਬਹਾਦਰ ਵੀ ਅਨਪੜ੍ਹ (school drop-out) ਅਤੇ ਜਾਹਲ ਜਰਨੈਲ ਸਿੱਧ ਹੁੰਦਾ ਹੈ। ਫੇਸਬੁੱਕ ਤੇ ਇਸ ਵੇਲੇ ਲਹੌਰ ਦੇ ਇੱਕ ਮੁਸਲਿਮ ਵਿਦਵਾਨ ਦੀ ਵੀਡੀਓ ਫਿਰ ਰਹੀ ਹੈ ਜਿਸ ਵਿੱਚ ਉਹ ਭੰਗੀਆਂ ਦੀ ਮਿਸਲ ਨੂੰ ਬਹੁਤ ਦਰਿੰਦੀ ਮਿਸਲ ਦੱਸ ਰਿਹਾ ਹੈ ਪਰ ਸਿੱਖ ਪੰਥ ਅਪਣੀਆਂ ਮਿਸਲਾਂ ਤੇ ਮਾਣ ਕਰਦਾ ਹੈ ਜਿਨ੍ਹਾਂ ਦੀ ਸਿਰਲੱਥ ਅਤੇ ਲਹੂ-ਭਿੱਜੀ ਕੁਰਬਾਨੀ ਨੇ ਸਿੱਖ ਰਾਜ ਸਾਕਾਰ ਕਰਵਾਇਆ।

ਇਹ ਸਿਰਫ ਸਿੱਖਾਂ ਨਾਲ ਹੀ ਨਹੀ ਵਾਪਰ ਰਿਹਾ ਬਲਕਿ ਦੁਨੀਆਂ ਵਿੱਚ ਹਰ ਥਾਂ ਵਾਪਰ ਰਿਹਾ ਹੈ। ਹਰ ਕੌਮ ਅਤੇ ਹਰ ਭਾਈਚਾਰੇ ਦੇ ਨਾਇਕ ਅਤੇ ਖਲਨਾਇਕ ਵੱਖਰੇ ਵੱਖਰੇ ਹਨ। ਸਮੱਸਿਆਵਾਂ ਖੜ੍ਹੀਆਂ ਹੀ ਤਾਂ ਹੁੰਦੀਆਂ ਹਨ ਜਦੋਂ ਕੋਈ ਤਾਕਤਵਰ ਕੌਮ ਆਪਣੇ ਨਾਇਕ, ਆਪਣੇ ਅਕੀਦੇ ਅਤੇ ਆਪਣੀ ਸੱਭਿਅਤਾ ਕਿਸੇ ਦੂਜੀ ਤੇ ਜਬਰਦਸਤੀ ਥੋਪਣ ਦਾ ਯਤਨ ਕਰਦੀ ਹੈ। ਹਾਵਰਡ ਯੂਨੀਵਰਸਿਟੀ ਦੇ ਪ੍ਰੋਫੈਸਰ ਸੈਮੂਅਲ ਹਟਿੰਗਟਨ ਦਾ ਥੀਸਸ ‘ਦਾ ਕਲੈਸ਼ ਆਫ ਸਿਵਲਾਈਜ਼ੇਸ਼ਨ’ ਇਸੇ ਤੇ ਅਧਾਰਿਤ ਹੈ। ਉਹ ਆਖਦੇ ਹਨ ਕਿ ਪੱਛਮ ਵੱਲ਼ੋਂ ਆਪਣੀ ਸੱਭਿਅਤਾ ਪੂਰਬੀ ਸੱਭਿਆਤਾਵਾਂ ਤੇ ਥੋਪਣ ਦੇ ਯਤਨ ਦੁਖਦਾਈ ਹੋਣਗੇ।

ਪੱਛਮੀ ਦੁਨੀਆਂ ਵਿੱਚ ਜਾਰਜ ਬੁਸ਼ ਨੂੰ ਇੱਕ ਵੱਡੇ ਨਾਇਕ ਦੇ ਤੌਰ ਤੇ ਦੇਖਿਆ ਜਾਂਦਾ ਹੈ ਪਰ ਦੁਨੀਆਂ ਦੇ ਇੱਕ ਵੱਡੇ ਹਿੱਸੇ ਵਿੱਚ ਉਸਨੂੰ ਕਾਤਲ ਦੇ ਰੂਪ ਵਿੱਚ ਯਾਦ ਕੀਤਾ ਜਾਂਦਾ ਹੈ। ਇਜ਼ਰਾਈਲ ਦੇ ਸਾਬਕਾ ਰਾਸ਼ਟਰਪਤੀ ਏਰੀਅਲ ਸ਼ੈਰੌਨ ਕੁਝ ਸਮਾਂ ਪਹਿਲਾਂ ਲੰਬੀ ਬਿਮਾਰੀ ਤੋਂ ਬਾਅਦ ਚੱਲ ਵਸੇ । ਪੱਛਮੀ ਦੁਨੀਆਂ ਦੇ ਹਰ ਅਖਬਾਰ ਵਿੱਚ ਉਸਨੂੰ ਵੱਡਾ ਬਹਾਦਰ ਅਤੇ ‘ਸ਼ੇਰਦਿਲ ਜਰਨੈਲ’ ਦੇ ਤੌਰ ਤੇ ਪੇਸ਼ ਕੀਤਾ ਗਿਆ। ਵੱਡੀਆਂ ਅਖਬਾਰਾਂ ਨੇ ਉਸਦੀ ਸ਼ਰਧਾ ਵਿੱਚ ਦਸ-ਦਸ ਸਫਿਆਂ ਦੇ ਸਪਲੀਮੈਂਟ ਪ੍ਰਕਾਸ਼ਿਤ ਕੀਤੇ ਪਰ ਫਲਸਤੀਨੀਆਂ ਲਈ ਉਹ ਇੱਕ ਖੁੰਖਾਰੂ ਦਰਿੰਦੇ ਤੋਂ ਵੱਧ ਕੁਝ ਨਹੀ ਸੀ। ਹੁਣ ਮਾਰਕ ਟਲੀ ਏਰੀਅਲ ਸ਼ੈਰੌਨ ਦੀ ਕਿਹੜੀ ਵਿਆਖਿਆ ਨਾਲ ਖੜ੍ਹਨਗੇ ਇਜ਼ਰਾਈਲੀ ਜਾਂ ਫਲਸਤੀਨੀਆਂ ਵਾਲੀ, ਇਹ ਉਨ੍ਹਾਂ ਦੇ ਇਤਿਹਾਸਕ ਪਿਛੋਕੜ ਅਤੇ ਰਹਿਣ ਸਹਿਣ ਨੇ ਤੈਅ ਕਰਨਾ ਹੈ।

ਪਿਛੇ ਜਿਹੇ ਇੰਗਲ਼ੈਂਡ ਦੇ ਸ਼ਹਿਰ ਲੂਟਨ ਵਿੱਚ ਉਨ੍ਹਾਂ ਫੌਜੀਆਂ ਦੀ ਸ਼ਾਨ ਅਤੇ ਸਵਾਗਤ ਲਈ ਪਰੇਡ ਦਾ ਪ੍ਰਬੰਧ ਕੀਤਾ ਗਿਆ ਜੋ ਅਫਗਾਨਿਸਤਾਨ ਦੇ ਮੋਰਚੇ ਤੋਂ ਵਾਪਸ ਆਏ ਸਨ ਪਰ ਉਸ ਪਰੇਡ ਦੇ ਬਰਾਬਰ ਇੰਗਲ਼ੈਂਡ ਵਿੱਚ ਜੰਮੇ ਪਲੇ ਮੁਸਲਿਮ ਨੌਜਵਾਨਾਂ ਨੇ ਵਿਰੋਧੀ ਪਰੇਡ ਦਾ ਪ੍ਰਬੰਧ ਕਰ ਲਿਆ। ਉਨ੍ਹਾਂ ਆਖਿਆ ਕਿ ਇਹ ਫੌਜੀ ਨਾਇਕ ਨਹੀ ਹਨ ਬਲਕਿ ਸਾਡੇ ਮਾਸੂਮ ਬੱਚਿਆਂ ਦੇ ਕਾਤਲ ਹਨ ਇਸ ਲਈ ਇਨ੍ਹਾਂ ਲਈ ਕਿਸੇ ਸਵਾਗਤ ਜਾਂ ਵਿਸ਼ੇਸ਼ ਦਰਜੇ ਦਾ ਕੋਈ ਸਵਾਲ ਨਹੀ ਹੈ।

ਕਹਿਣ ਤੋਂ ਭਾਵ ਇਤਿਹਾਸ ਦੇ ਵਰਤਾਰਿਆਂ ਅਤੇ ਇਤਿਹਾਸਕ ਵਿਚਾਰਧਾਰਾਵਾਂ ਦੀ ਵਿਆਖਿਆ ਹਰ ਮਨੁੱਖ ਦੇ ਆਪਣੇ ਪਿਛੋਕੜ ਤੇ ਨਿਰਭਰ ਕਰਦੀ ਹੈ। ਉਹ ਕਿਸ ਪਿਛੋਕੜ ਵਿੱਚੋਂ ਆਇਆ ਅਤੇ ਫਿਰ ਆਪਣੇ ਜੀਵਨ ਦੌਰਾਨ ਕਿਸ ਵਿਚਾਰਧਾਰਾ ਨਾਲ ਨੱਥੀ ਹੋ ਗਿਆ।

ਮਾਰਕ ਟਲੀ ਦਾ ਅਤੀਤ ਉਸਦਾ ਪਿੱਛਾ ਨਹੀ ਛੱਡ ਰਿਹਾ। ਇੱਕ ਏਨੇ ਵੱਡੇ ਅਦਾਰੇ ਦਾ ਪੱਤਰਕਾਰ ਹੋਣ ਦੇ ਬਾਵਜੂਦ ਉਸ ਨੇ ਆਪਣੇ ਪੇਸ਼ੇ ਨਾਲ ਵਫਾ ਨਹੀ ਕੀਤੀ। ਬ੍ਰਿਟਿਸ਼ ਸਰਕਾਰ ਨੇ ਉਸਨੂੰ ਅਤੇ ਬੀ.ਬੀ.ਸੀ. ਨੂੰ ਭਾਰਤ ਸਰਕਾਰ ਦੀ ਵਿਚਾਰਧਾਰਾ ਨੂੰ ਅਪਨਾਉਣ ਅਤੇ ਪ੍ਰਗਟਾਉਣ ਲਈ ਮਨਾ ਲਿਆ ਸੀ ਇਸੇ ਲਈ ਆਪਣੀ ਉਸ ਗਲਤੀ ਨੂੰ ਉਹ ਵਾਰ ਵਾਰ ਸਹੀ ਠਹਿਰਾਉਣ ਦਾ ਯਤਨ ਕਰ ਰਿਹਾ ਹੈ।

ਸਿੱਖ ਇਤਿਹਾਸ ਬਾਰੇ ਉਸਦੀਆਂ ਟਿੱਪਣੀਆਂ ਵੀ ਇਸ ਵਿਚਾਰਧਾਰਾ ਤੇ ਅਧਾਰਿਤ ਹਨ। ਇਹ ਹੀ ਸਮੱਸਿਆ ਦੀ ਅਸਲ ਜੜ੍ਹ ਹਨ। ਗੈਰ-ਸਿੱਖਾਂ ਨੂੰ ਚਾਹੀਦਾ ਹੈ ਕਿ ਉਹ ਗੁਰਬਾਣੀ, ਸਿੱਖੀ ਅਤੇ ਸਿੱਖ ਇਤਿਹਾਸ ਦੀ ਵਿਆਖਿਆ ਨਾ ਕਰਨ। ਸਿੱਖ ਆਪਣੀ ਵਿਆਖਿਆ ਆਪ ਕਰ ਸਕਦੇ ਹਨ। ਅਤੇ ਵਧੀਆ ਢੰਗ ਨਾਲ ਕਰ ਸਕਦੇ ਹਨ। ਸਿੱਖ, ਹਰੀ ਸਿੰਘ ਨਲੂਆ ਦੀ ਵਿਆਖਿਆ ਵੀ ਕਰ ਸਕਦੇ ਹਨ, ਬਾਬਾ ਬੰਦਾ ਸਿੰਘ ਬਹਾਦਰ ਦੀ ਵਿਆਖਿਆ ਵੀ ਕਰ ਸਕਦੇ ਹਨ ਅਤੇ ਸੰਤ ਜਰਨੈਲ ਸਿੰਘ ਦੀ ਵਿਆਖਿਆ ਵੀ ਕਰ ਸਕਦੇ ਹਨ। ਜੇ ਸਿੱਖੀ ਨਾਲ ਖਾਰ ਖਾਣ ਵਾਲੇ ਸੱਜਣ ਹੁਣ ਕੋਈ ਹੋਰ ਸ਼ੁਗਲ ਅਪਨਾ ਲੈਣ ਤਾਂ ਇਹ ਉਨ੍ਹਾਂ ਲਈ ਵੀ ਠੀਕ ਹੋਵੇਗਾ ਅਤੇ ਸਿੱਖਾਂ ਲਈ ਵੀ।