ਪੰਜਾਬ ਵਿੱਚ ਅੱਜਕੱਲ੍ਹ ਨਸ਼ਿਆਂ ਦੇ ਖਿਲਾਫ਼ ਇੱਕ ਮੁਹਿੰਮ ਚੱਲ ਰਹੀ ਹੈ। ਪਿਛਲੇ ਕੁਝ ਦਿਨਾਂ ਤੋਂ ਸ਼ੋਸ਼ਲ ਮੀਡੀਆ ਤੇ ਜੋ ਵੀਡੀਓਜ਼ ਜਾਰੀ ਹੋਈਆਂ ਉਨ੍ਹਾਂ ਨੇ ਨਿਰਸੰਦੇਹ ਪੰਜਾਬ ਦਾ ਭਲਾ ਚਾਹੁੰਣ ਵਾਲੇ ਹਰ ਸੁਹਿਰਦ ਵਿਅਕਤੀ ਦੇ ਮਨ ਨੂੰ ਟੁੰਬਿਆ ਹੈ। ਰਾਜਨੀਤਿਕ ਪਾਰਟੀਆਂ ਤੋਂ ਲੈਕੇ ਪਿੰਡਾਂ ਦੇ ਨੌਜਵਾਨਾਂ ਤੱਕ ਅਤੇ ਧਾਰਮਕ ਸ਼ਖਸ਼ੀਅਤਾਂ ਤੋਂ ਲੈਕੇ ਸੱਭਿਆਚਾਰਕ ਦੂਤਾਂ ਤੱਕ ਸਭ ਨੇ ਆਪਣੀ ਜਿੰਮੇਵਾਰੀ ਸੰਭਾਲਦੇ ਹੋਏ ਪਿੰਡ ਪਿੰਡ ਗਲੀ ਗਲੀ ਨਸ਼ਿਆਂ ਦੇ ਖਿਲਾਫ ਹੋਕਾ ਦੇਣਾਂ ਅਰੰਭ ਕਰ ਦਿੱਤਾ ਹੈ। ਜਿਵੇਂ ਕਿਸੇ ਨੂੰ ਚੰਗਾ ਲਗਦਾ ਹੈ ਜਾਂ ਮਸਲੇ ਦੀ ਜਿੰਨੀ ਕੁ ਕਿਸੇ ਨੂੰ ਸਮਝ ਆਉਂਦੀ ਹੈ ਉਸ ਪੱਧਰ ਤੱਕ ਹਰ ਸੂਝਵਾਨ ਵਿਅਕਤੀ ਆਪਣੀ ਜਿੰਮੇਵਾਰੀ ਨਿਭਾ ਰਿਹਾ ਹੈ।

ਜਿੱਥੇ ਅਸੀਂ ਪੰਜਾਬ ਦੇ ਸੂਝਵਾਨ ਲੋਕਾਂ ਵੱਲੋਂ ਅਰੰਭ ਕੀਤੀ ਇਸ ਮੁਹਿੰਮ ਦਾ ਸਵਾਗਤ ਕਰਦੇ ਹਾਂ ਉਥੇ ਇਹ ਵੀ ਸਮਝਦੇ ਹਾਂ ਕਿ ਪੰਜਾਬ ਦੋਖੀ ਤਾਕਤਾਂ ਪੰਜਾਬ ਦੀਆਂ ਗੋਡਣੀਆਂ ਲਵਾਉਣ ਲਈ ਜਿਸ ਯੋਜਨਾ ਤੇ ਕੰਮ ਕਰ ਰਹੀਆਂ ਸਨ ਉਸ ਵਿੱਚ ਕੁਝ ਹੱਦ ਤੱਕ ਉਹ ਕਾਮਯਾਬ ਹੁੰਦੀਆਂ ਨਜ਼ਰ ਆ ਰਹੀਆਂ ਹਨ।

ਜਦੋਂ ਕੌਮਾਂ ਦੀ ਜਿੰਦਗੀ ਦੇ ਦਿਸਹੱਦੇ ਉਤੇ ਜੁਲਮ ਦੀਆਂ ਅਜਿਹੀਆਂ ਕਾਲੀਆਂ ਘਟਾਵਾਂ ਚੜ੍ਹ ਕੇ ਆ ਜਾਣ ਉਸ ਵੇਲੇ ਕੌਮਾਂ ਦੇ ਸੂਰਮਿਆਂ ਨੂੰ ਅਤੇ ਧਾਰਮਕ ਪੁਰਸ਼ਾਂ ਨੂੰ ਮੈਦਾਨ ਵਿੱਚ ਨਿੱਤਰਨਾ ਪੈਂਦਾ ਹੈ। ਠੀਕ ਹੈ ਕਿ ਨਸ਼ਿਆਂ ਦੀ ਜਿਸ ਦਲਦਲ ਵਿੱਚ ਪੰਜਾਬ ਫਸਿਆ ਹੋਇਆ ਹੈ ਉਸ ਲਈ ਕਨੂੰਨ ਦਾ ਸਿਕੰਜਾ, ਨਸ਼ਾ-ਛੁਡਾਊ ਕੇਂਦਰ,ਪਿੰਡ ਪੱਧਰੀ ਜਾਗਰਤੀ ਅਤੇ ਹੋਰ ਇਸ ਕਿਸਮ ਦੀਆਂ ਸਰਗਰਮੀਆਂ ਦੀ ਜਰੂਰਤ ਪਵੇਗੀ। ਪਰ ਇਨਾ੍ਹ ਸਰਗਰਮੀਆਂ ਦੀ ਸੇਧ ਅਤੇ ਪ੍ਰਭਾਵ ਇੱਕ ਸੀਮਤ ਹੱਦ ਤੱਕ ਹੀ ਪਵੇਗਾ।

ਪੰਜਾਬ ਇਸ ਵੇਲੇ ਜਿਸ ਹਾਲਾਤ ਵਿੱਚੋਂ ਲੰਘ ਰਿਹਾ ਹੈ ਉਸ ਵਿੱਚ ਇਸ ਨੂੰ ਗੁਰੂ ਸਾਹਿਬ ਦੀ ਸਿੱਖਿਆ ਨੂੰ ਪਰਣਾਏ ਹੋਏ ਅਜਿਹੇ ਸੂਰਬੀਰਾਂ ਦੀ ਲੋੜ ਹੈ ਜੋ ਆਪਣੇ ਜੀਵਨ ਦੀ ਇਖਲਾਕੀ ਉਚਤਾ ਨਾਲ ਕੌਮ ਦੀਆਂ ਸੁਤੀਆਂ ਕਲਾਵਾਂ ਜਗਾ ਦੇਵੇ। ਅਤੇ ਕੌਮ ਨੂੰ ਮੁੜ ਤੋਂ ਆਪਣੇ ਇਤਿਹਾਸ ਨਾਲ ਜੋੜ ਦੇਵੇ। ਬਾਬਾ ਬੰਦਾ ਸਿੰਘ, ਅਕਾਲੀ ਫੂਲਾ ਸਿੰਘ ਅਤੇ ਭਾਈ ਮਨੀ ਸਿੰਘ ਦੇ ਵਾਰਸਾਂ ਨੂੰ ਇਤਿਹਾਸ ਦੀ ਵੰਗਾਰ ਪਾਕੇ ਨੀਂਦ ਵਿੱਚੋਂ ਜਗਾ ਦੇਵੇ। ਸਿਰਫ ਪੁਰਾਤਨ ਇਤਿਹਾਸ ਹੀ ਨਹੀ ਬਲਕਿ ਸਿੱਖ ਕੌਮ ਨੂੰ ਕੱਲ੍ਹ ਵਾਪਰੇ ਇਤਿਹਾਸ ਦੀ ਪਾਣ ਵੀ ਚਾੜ੍ਹੇ। ਕੌਮ ਨੂੰ ਦਰਸਾਵੇ ਕਿ ਵੀਹਵੀਂ ਸਦੀ ਦਾ ਅਕਾਲੀ ਫੂਲਾ ਸਿੰਘ (ਭਾਈ ਗੁਰਜੰਟ ਸਿੰਘ ਬੁੱਧਸਿੰਘਵਾਲਾ) ਕਿਵੇਂ ਜੁਲਮ ਦੇ ਵਹਿਣ ਮੋੜ ਦੇਂਦਾ ਸੀ। ਕਿ ਡਾਕਟਰ ਪ੍ਰੀਤਮ ਸਿੰਘ ਕਿਵੇਂ ਜਾਲਮ ਨੂੰ ਸਿੱਧੇ ਮੂੰਹ ਟੱਕਰਦਾ ਹੁੰਦਾ ਸੀ। ਕਿ ਕਿਵੇਂ ਦੁਨੀਆਂ ਦੀਆਂ ਸਾਰੀਆਂ ਸਲਤਨਤਾਂ ਨੂੰ ਲੱਤ ਮਾਰਕੇ ਭਾਈ ਹਰਜਿੰਦਰ ਸਿੰਘ ਅਤੇ ਭਾਈ ਸੁਖਦੇਵ ਸਿੰਘ ਨੇ ਆਪਣੇ ਪਿਆਰੇ ਪੰਥ ਦੀ ਆਨ ਅਤੇ ਸ਼ਾਨ ਲਈ ਕੁਰਬਾਨੀ ਕੀਤੀ। ਕਿ ਕਿਵੇਂ ਦਰਵੇਸ਼ੀ ਦੀ ਮੂਰਤ ਭਾਈ ਕਿਹਰ ਸਿੰਘ ਸਿੱਖ ਇਤਿਹਾਸ ਦੇ ਇੱਕ ਜਿੰਮੇਵਾਰ ਪੰਨੇ ਦਾ ਮਹਾਂਨਾਇਕ ਬਣਿਆ।

ਜਦੋਂ ਵੀ ਕੌਮਾਂ ਤੇ ਅਜਿਹੀਆਂ ਭੀੜਾਂ ਪੈਂਦੀਆਂ ਹਨ ਤਾਂ ਕੌਮਾਂ ਦਾ ਇਤਿਹਾਸ ਹੀ ਉਨ੍ਹਾਂ ਦੀ ਪਿੱਠ ਥਾਪੜਦਾ ਹੈ ਅਤੇ ਮੁਰਦਾ ਹੋਈ ਕੌਮ ਨੂੰ ਨਵੀਂ ਰੂਹ ਨਾਲ ਹਰਿਆ ਭਰਿਆ ਕਰ ਦੇਂਦਾ ਹੈ।

ਅੱਜ ਵੀ ਸਾਨੂੰ ਸਾਡੇ ਇਤਿਹਾਸ ਵੱਲ ਮੁੜਨ ਦੀ ਲੋੜ ਹੈ। ੧੯੭੮ ਵਿੱਚ ਸੰਤ ਜਰਨੈਲ ਸਿੰਘ ਨੇ ਵੀ ਅਜਿਹਾ ਹੀ ਕੀਤਾ ਸੀ। ਉਨ੍ਹਾਂ ਕੌਮ ਦੇ ਇਤਿਹਾਸ ਨੂੰ ਤਤਕਾਲੀ ਲੋੜਾਂ ਅਨੁਸਾਰ ਪਰਿਭਾਸ਼ਤ ਕੀਤਾ ਸੀ। ਅਜਿਹੇ ਮੌਕੇ ਜੋ ਚੀਜ ਸਭ ਤੋਂ ਮਹੱਤਵਪੂਰਨ ਹੁੰਦੀ ਹੈ ਉਹ ਹੈ ਇਤਿਹਾਸ ਦਾ ਵਰਨਣ ਕਰਨ ਵਾਲੇ ਦਾ ਆਪਣਾਂ ਜੀਵਨ ਅਤੇ ਕਿਰਦਾਰ। ਕਹਿਣੀ ਅਤੇ ਕਰਨੀ ਦੇ ਪੂਰੇ ਮਨੁੱਖ ਹੀ ਇਤਿਹਾਸ ਦੇ ਵਹਿਣ ਮੋੜ ਸਕਦੇ ਹਨ। ਕੋਈ ਮਰਦ-ਅਗੰਮੜਾ ਹੀ ਕੌਮ ਦੇ ਮੱਥੇ ਦੀਆਂ ਲਕੀਰਾਂ ਬਦਲ ਸਕਦਾ ਹੈ।

ਸਿੱਖ ਕੌਮ ਨੂੰ ਅਤੇ ਮਾਂ ਧਰਤੀ ਪੰਜਾਬ ਨੂੰ ਅੱਜ ਅਜਿਹੇ ਕਹਿਣੀ ਅਤੇ ਕਰਨੀ ਦੇ ਪੂਰੇ ਗੁਰਸਿੱਖਾਂ ਦੀ ਲੋੜ ਹੈ ਜੋ ਆਪਣੇ ਸੁੱਚੇ ਕਿਰਦਾਰ ਦੇ ਬਲਬੂਤੇ ਉਤੇ ਇਤਿਹਾਸ ਦੇ ਵਹਿਣ ਮੋੜ ਦੇਣ।

ਪੰਜਾਬ ਨੂੰ ਇਸ ਵੇਲੇ ਅਜਿਹੇ ਸੂਰਮਿਆਂ ਦੀ ਲੋੜ ਹੈ।