ਕੰਨੜ ਭਾਸ਼ਾ ਦੀ ਪ੍ਰਸਿੱਧ ਪੱਤਰਕਾਰ ਗੌਰੀ ਲੰਕੇਸ਼ ਦਾ ਪਿਛਲੇ ਦਿਨੀ ਉਸਦੇ ਘਰ ਵਿੱਚ ਹੀ ਕਤਲ ਕਰ ਦਿੱਤਾ ਗਿਆ। ਗੌਰੀ ਉਸ ਵੇਲੇ ਆਪਣੇ ਘਰ ਵਿੱਚ ਹੀ ਸੀ ਜਦੋਂ ਕਾਤਲਾਂ ਨੇ ਉਸਦਾ ਬੂਹਾ ਖੜਕਾਇਆ। ਜਿਉਂ ਹੀ ਉਸ ਨਿਡਰ ਪੱਤਰਕਾਰ ਨੇ ਦਰਵਾਜ਼ਾ ਖੋਲ਼੍ਹਿਆ ਤਾਂ ਮੰਦਭਾਵਨਾ ਅਧੀਨ ਇੱਕ ਸੱਚੀ ਸੁੱਚੀ ਰੂਹ ਦਾ ਕਤਲ ਕਰਨ ਆਏ ਬੁਜ਼ਦਿਲਾਂ ਨੇ ਉਸਨੂੰ ਆਪਣੀ ਕਾਤਲੀ ਸੋਚ ਦਾ ਨਿਸ਼ਾਨਾ ਬਣਾ ਲਿਆ।
ਗੌਰੀ ਲੰਕੇਸ਼ ਕੰਨੜ ਭਾਸ਼ਾ ਦੀ ਉਹ ਪ੍ਰਸਿੱਧ ਹਸਤੀ ਸੀ ਜਿਸਨੇ ਹਿੰਦੀ ਨੂੰ ਉਸਦੇ ਲੋਕਾਂ ਤੇ ਜਬਰੀ ਠੋਸਣ ਦੇ ਯਤਨਾ ਦਾ ਡਟਵਾਂ ਵਿਰੋਧ ਕੀਤਾ। ਲਗਾਤਾਰ ਉਹ ਦੱਖਣ ਭਾਰਤ ਦੇ ਲੋਕਾਂ ਦਾ ਹਿੰਦੀਕਰਨ ਅਤੇ ਹਿੰਦੂਕਰਨ ਕਰਨ ਦੇ ਵਿਰੋਧ ਵਿੱਚ ਡਟਦੀ ਆ ਰਹੀ ਸੀ। ਉਸਨੇ ਆਪਣੇ ਕੌਮੀ ਗੌਰਵ ਤੇ ਸਿਰਫ ਮਾਣ ਹੀ ਨਹੀ ਸੀ ਕੀਤਾ ਬਲਕਿ ਆਪਣੇ ਲੋਕਾਂ ਵਿੱਚ ਵੀ ਉਸ ਨਿਆਰੇ ਅਤੇ ਦਲੇਰ ਕੌਮੀ ਗੌਰਵ ਦੀ ਚਿਣਗ ਜਗਾਈ ਰੱਖੀ ਸੀ ਜੋ ਬਿਪਰ ਸੰਸਕਾਰ ਵਾਲਿਆਂ ਦੀਆਂ ਅੱਖਾਂ ਵਿੱਚ ਰੜਕਦਾ ਸੀ।
ਗੌਰੀ ਨੇ ਕੰਨੜ ਭਾਸ਼ਾ ਦੀ ਹਿੰਦੀ ਨਾਲੋਂ ਉਤਮਤਾ ਦਾ ਲੋਹਾ ਮਨਵਾ ਲਿਆ ਹੋਇਆ ਸੀ ਅਤੇ ਭਾਰਤ ਦੀ ਰਾਜਸੱਤਾ ਤੇ ਕਾਬਜ ਜਿਹੜੇ ਲੋਕ ਹੁਣ ਆਪਣੇ ਨਿਆਰੇਪਣ ਦੇ ਮਾਣ ਨਾਲ ਜੀਅ ਰਹੇ ਲੋਕਾਂ ਨੂੰ ਮਾਨਸਿਕ ਤੌਰ ਤੇ ਹਰਾਉਣ ਦੇ ਯਤਨ ਕਰ ਰਹੇ ਹਨ ਉਨ੍ਹਾਂ ਨੂੰ ਗੌਰੀ ਲੰਕੇਸ਼ ਅਤੇ ਉਸ ਵਰਗੀਆਂ ਹੋਰ ਦਲੇਰ ਕਲਮਾਂ ਦੀ ਅਵਾਜ਼ ਰੱਤੀ ਭਰ ਨਹੀ ਭਾਉਂਦੀ। ਰਾਜਸੱਤਾ ਦਾ ਅਨੰਦ ਮਾਣ ਰਹੇ ਲੋਕ ਭਾਰਤੀ ਮੀਡੀਆ ਕਰਮੀਆਂ ਨੂੰ ਉਨ੍ਹਾਂ ਦਸ-ਬਾਰਾਂ ਐਂਕਰਾਂ ਵਰਗਾ ਕਰ ਦੇਣਾਂ ਚਾਹੁੰਦੇ ਹਨ ਜਿਨ੍ਹਾਂ ਨੇ ਭਾਰਤੀ ਟੈਲੀਵਿਜ਼ਨ ਦੀ ਦੁਨੀਆਂ ਨੂੰ ਮੱਛੀ ਬਜ਼ਾਰ ਬਣਾ ਕੇ ਰੱਖ ਦਿੱਤਾ ਹੈ। ਇਨ੍ਹਾਂ ਸੱਤਾਧਾਰੀਆਂ ਦਾ ਇੱਕ ਖੁੰਖਾਰੂ ਏਜੰਡਾ ਹੈ। ਉਹ ਦੇਸ਼ ਦੀ ਸੱਤਾ ਨੂੰ ਆਪਣੇ ਏਜੰਡੇ ਦੀ ਪ੍ਰਾਪਤੀ ਲਈ ਵਰਤਦੇ ਹਨ ਇਸੇ ਲਈ ਉਨ੍ਹਾਂ ਦੇ ਏਜੰਡੇ ਵਿੱਚ ਮਾੜਾ ਮੋਟਾ ਨੁਕਸ ਕੱਢਣ ਵਾਲਾ ਜਾਂ ਫਿਰ ਉਸ ਤੋਂ ਵੱਖ ਵਿਚਾਰ ਰੱਖਣ ਵਾਲਾ ਕੋਈ ਵੀ ਦੇਸ਼ ਵਾਸੀ ਇਨ੍ਹਾਂ ਲੋਕਾਂ ਨੂੰ ਪਸੰਦ ਨਹੀ ਹੈ। ਆਪਣੇ ਕੌਮੀ ਨਿਆਰੇਪਣ ਦੀ ਗੱਲ ਕਰਨ ਵਾਲਾ ਹਰ ਕੌਮਵਾਦੀ ਇਨ੍ਹਾਂ ਦੀਆਂ ਨਜ਼ਰਾਂ ਵਿੱਚ ਦੇਸ਼-ਧਰੋਹੀ ਹੈ। ਅਤੇ ਹਰ ਹਾਲ ਵਿੱਚ ਉਸਦਾ ਕਤਲ ਕੀਤਾ ਜਾਣਾਂ ਚਾਹੀਦਾ ਹੈ ਤਾਂ ਕਿ ਭਾਰਤ-ਵਰਸ਼ ਨੂੰ ਇੱਕ ‘ਪਵਿੱਤਰ ਹਿੰਦੂ’ ਦੇਸ਼ ਵਿੱਚ ਤਬਦੀਲ ਕਰਨ ਦਾ ਸੁਪਨਾ ਪੂਰਾ ਹੋ ਸਕੇ।
ਦੇਸ਼ ਦੀ ਸੱਤਾ ਤੇ ਸਵਾਰ ਹੋ ਕੇ ਵੀ ਇਨ੍ਹਾਂ ਸੱਜਣਾਂ ਵਿੱਚੋਂ ਅਧੂਰੇਪਣ ਦੀ ਭਾਵਨਾ ਨਹੀ ਮਿਟ ਰਹੀ। ਇਨ੍ਹਾਂ ਦੀਆਂ ਨਜ਼ਰਾਂ ਵਿੱਚ ਹਰ ਅਧੀਨ ਕੌਮ ਉਨ੍ਹਾਂ ਦੇ ਕੌਮੀ ਪ੍ਰਜੈਕਟ ਵਿੱਚ ਇੱਕ ਵੱਡਾ ਅੜਿੱਕਾ ਬਣੀ ਹੋਈ ਹੈ। ਦੇਸ਼ ਨੂੰ ਇੱਕੋ ਕੌਮ ਦਾ ਅਤੇ ਇੱਕੋ ਰੰਗ ਦਾ ਮੁਲਕ ਬਣਾਉਣ ਦੇ ਏਜੰਡੇ ਤੇ ਕੰਮ ਕਰ ਰਹੇ ਇਨ੍ਹਾਂ ਲੋਕਾਂ ਨੇ ਦੇਸ਼ ਦੇ ਬਹੁਤੇ ਰਾਜਨੀਤੀਵਾਨਾਂ ਨੂੰ ਉਨ੍ਹਾਂ ਦੀਆਂ ਨਿੱਜੀ ਕਮਜੋਰੀਆਂ ਕਾਰਨ ਡਰਾ ਲਿਆ ਹੈ। ਦਿੱਲੀ ਕੇਂਦਰਿਤ ਮੀਡੀਆ ਦਾ ਵੱਡਾ ਹਿੱਸਾ ਵੀ ਆਪਣੇ ਰੋਜ਼ੀ ਰੋਟੀ ਦੇ ਸਵਾਲ ਕਾਰਨ ਇਨ੍ਹਾਂ ਦੀ ਭਿੱਜੀ ਬਿੱਲੀ ਬਣ ਗਿਆ ਹੈ। ਅਦਾਲਤਾਂ ਦਾ ੮੦ ਫੀਸਦੀ ਹਿੱਸਾ ਇਨ੍ਹਾਂ ਦੇ ਪੁੱਤ-ਪੋਤਰਿਆਂ ਨਾਲ ਹੀ ਭਰਿਆ ਹੋਇਆ ਹੈ। ਹੁਣ ਇਨ੍ਹਾਂ ਦਾ ਨਿਸ਼ਾਨਾ ਪੰਜਾਬ ਅਤੇ ਦੱਖਣੀ ਭਾਰਤ ਦੇ ਉਹ ਲੋਕ ਹਨ ਜੋ ਹਾਲੇ ਵੀ ਆਪਣੇ ਨਿਆਰੇਪਣ ਦੀ ਜਿੱਦ ਨਹੀ ਛੱਡ ਰਹੇ।
ਰੂਸ ਦੇ ਪ੍ਰਧਾਨ ਵਲਾਦੀਮੀਰ ਪੁਤਿਨ ਨੇ ਰੂਸ ਵਿੱਚ ਇਸ ਮਾਡਲ ਦੇ ਅਧਾਰ ਤੇ ਹੀ ਜਮਹੂਰੀਅਤ ਖੜ੍ਹੀ ਕਰ ਲਈ ਹੋਈ ਹੈ। ਉਥੇ ਵੀ ਅੰਨਾ ਪੋਲਿਤਸਵਕਾਇਆ ਸਮੇਤ ਸੈਕੜੇ ਪੱਤਰਕਾਰ ਮਾਰ ਦਿੱਤੇ ਗਏ ਹਨ। ਵਿਰੋਧੀ ਧਿਰ ਵਿੱਚ ਉਹ ਹੀ ਕੰਮ ਕਰ ਸਕਦਾ ਹੈ ਜੋ ਪੁਤਿਨ ਨੂੰ ਮਨਜੂਰ ਹੋਵੇ। ਅਖਬਾਰ ਉੁਹ ਕੁਝ ਹੀ ਲਿਖ ਸਕਦੇ ਹਨ ਜੋ ਪੁਤਿਨ ਨੂੰ ਚੰਗਾ ਲਗਦਾ ਹੈ।
ਪੁਤਿਨ ਦੀ ਜਮਹੂਰੀਅਤ ਅਤੇ ਮੋਦੀ ਦੀ ਜਮਹੂਰੀਅਤ ਵਿੱਚ ਕਿਸੇ ਨੂੰ ਆਪਣੇ ਵਿਚਾਰ ਰੱਖਣ ਜਾਂ ਪ੍ਰਗਟ ਕਰਨ ਦੀ ਇਜਾਜਤ ਨਹੀ ਹੈ। ਲੋਕ ਸਿਰਫ ਭਾਰਤ ਮਾਤਾ ਕੀ ਜੈ ਕਹਿ ਸਕਦੇ ਹਨ। ਸੋਚ ਨਹੀ ਸਕਦੇ ਅਤੇ ਨਾ ਹੀ ਆਪਣੀ ਸੋਚ ਦਾ ਪ੍ਰਗਟਾਵਾ ਕਰ ਸਕਦੇ ਹਨ।
ਪੁਤਿਨ ਵੀ ਆਪਣੇ ਵਿਰੋਧੀਆਂ ਨੂੰ ਬਰਦਾਸ਼ਤ ਨਹੀ ਕਰ ਸਕਦਾ ਅਤੇ ਮੋਦੀ ਵੀ ਨਹੀ। ਰੂਸ ਅਤੇ ਭਾਰਤ ਵਿੱਚ ਸਰਕਾਰ ਤੋਂ ਵੱਖਰੇ ਵਿਚਾਰ ਰੱਖਣ ਦੀ ਸਜ਼ਾ ਮੌਤ ਹੈ। ਗੌਰੀ ਲੰਕੇਸ਼ ਨੂੰ ਸਜ਼ਾ ਦੇ ਦਿੱਤੀ ਗਈ ਹੈ।
ਅਗਲਾ ਨੰਬਰ ਕਿਸਦਾ ਹੈ। ਇਹ ਦੇਖਣਾਂ ਹੋਵੇਗਾ।