ਇਸ ਸਮੇਂ ਸਿੱਖ ਕੌਮ ਨੂੰ ਲੰਮੇ ਅਰਸੇ ਤੋਂ ਤਾਂਘ ਹੈ ਕਿ ਸਿੱਖ ਕੌਮ ਨੂੰ ਕੋਈ ਸੰਪੂਰਨ ਰਾਜਨੀਤਿਕ ਸੇਧ ਦਿੱਤੀ ਜਾਵੇ। ਇਹ ਤਾਂ ਹੀ ਸੰਭਵ ਹੈ ਜੇ ਇਸ ਸੰਪੂਰਨਤਾ ਦੇ ਮਾਰਗ ਨੂੰ ਰਾਹ ਦੇਣ ਲਈ ਇੱਕ ਨਰੋਈ ਤੋਂ ਨਵੀਂ ਲੀਡਰਸ਼ਿਪ ਦੀ ਸਥਾਪਨਾ ਹੋਵੇ। ਜਿਸਦਾ ਮੁੱਖ ਉਦੇਸ਼ ਸਿੱਖ ਕੌਮ ਨੂੰ ਇੱਕ ਰਾਜਨੀਤਿਕ ਸੇਧ ਵਿੱਚ ਪਰੋਣਾ ਹੋਵੇ। ਮਹਾਰਾਜਾ ਰਣਜੀਤ ਸਿੰਘ ਦਾ ਸਿੱਖ ਰਾਜ ਟੁੱਟਣ ਤੋਂ ਬਾਅਦ ਆਪਣੇ ਪੱਧਰ ਤੇ ਅਨੇਕਾਂ ਚਿਹਰੇ ਤੇ ਸੰਸਥਾਵਾਂ ਸਿੱਖ ਕੌਮ ਨੂੰ ਅਗਵਾਈ ਦੇਣ ਲਈ ਸਥਾਪਤ ਹੋਈਆਂ ਹਨ ਜਿਸ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਮੁੱਖ ਰੂਪ ਵਿੱਚ ਸਥਾਪਤ ਹੋਈ। ਜਿਸਨੂੰ ਉਸ ਸਮੇਂ ਪੂਰੇ ਪੰਥ ਨੇ ਪ੍ਰਵਾਨਤਾ ਦਿਤੀ ਸੀ। ਇਸ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਮੁੱਖ ਉਦੇਸ਼ ਸਿੱਖ ਕੌਮ ਦੇ ਧਾਰਮਿਕ ਅਸਥਾਨਾਂ ਨੂੰ ਇੱਕ ਲੜੀ ਵਿੱਚ ਪ੍ਰੋਣਾ ਸੀ ਅਤੇ ਉਨਾਂ ਦੀ ਸੇਵਾ ਸੰਭਾਲ ਲਈ ਇੱਕ ਪ੍ਰਵਾਨਿਤ ਰਹਿਤ ਮਰਿਯਾਦਾ ਨੂੰ ਲਾਗੂ ਕਰਨਾ ਸੀ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਿੱਖ ਕੌਮ ਦੀ ਰਾਜਨੀਤਿਕ ਤਾਂਘ ਨੂੰ ਮੁੱਖ ਰੱਖ ਕੇ ਸ਼੍ਰੋਮਣੀ ਅਕਾਲੀ ਦਲ ਦੀ ਸਥਾਪਨਾ ਕੀਤੀ ਸੀ ਜਿਸਦਾ ਮੁੱਖ ਉਦੇਸ਼ ਸਿੱਖ ਕੌਮ ਨੂੰ ਮੁਕੰਮਲ ਰੂਪ ਵਿੱਚ ਰਾਜਨੀਤਿਕ ਅਗਵਾਈ ਦੇਣਾ ਸੀ। ਜਿਸ ਰਾਹੀਂ ਸਿੱਖ ਕੌਮ ਰਾਜਨੀਤਿਕ ਤੌਰ ਤੇ ਸੰਪੂਰਨ ਤੌਰ ਤੇ ਆਪਣੀ ਅਜ਼ਾਦ ਹਸਤੀ ਨੂੰ ਸਥਾਪਤ ਕਰ ਸਕੇ। ਇਹ ਪੂਰਤੀ ਵੀ ਭਾਰਤ ਦੀ ਅਜ਼ਾਦੀ ਦੇ ਸਮੇਂ ਤੱਕ ਪੂਰੀ ਤਾਂ ਨਹੀਂ ਹੋ ਸਕੀ ਪਰ ਉਸ ਸਮੇਂ ਦੇ ਸ਼ਾਸਕ ਅੰਗਰੇਜਾਂ ਸਾਹਮਣੇ ਸਿੱਖ ਕੌਮ ਇੱਕ ਮਜਬੂਤ ਤੀਜੀ ਧਿਰ ਵਜੋਂ ਉਭਰੀ ਸੀ। ਪਰ ਅਖੀਰ ਸਿੱਖ ਕੌਮ ਨੇ ਆਪਣੇ ਪੰਥ ਦੀਆਂ ਸਿਰਮੌਰ ਇਤਿਹਾਸਕ ਸਥਾਨਾਂ ਤੇ ਨਿਸ਼ਾਨੀਆਂ ਨੂੰ ਛੱਡ ਕੇ ਆਪਣਾ ਭਵਿੱਖ ਭਾਰਤ ਦੀ ਬਹੁਗਿਣਤੀ ਨਾਲ ਜੋੜਨ ਨੂੰ ਤਰਜ਼ੀਹ ਦਿਤੀ ਜਿਸ ਕਰਕੇ ਇਹ ਇੱਕ ਇਤਿਹਾਸਕ ਪੱਖ ਹੈ ਕਿ ੧੯੪੭ ਨੂੰ ਭਾਰਤ-ਪਾਕਿ ਦੀ ਵੰਡ ਸਮੇਂ ਕੁਝ ਪ੍ਰਸਥਿਤੀਆਂ ਨੂੰ ਸਾਹਮਣੇ ਰੱਖ ਕੇ ਰਾਜਨੀਤਿਕ ਪ੍ਰਤੀਨਿਧਤਾ ਵਾਲੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਤੇ ਹੋਰ ਲੀਡਰਸ਼ਿਪ ਨੇ ਭਾਰਤ ਦੇ ਨਾਲ ਹੀ ਆਪਣਾ ਭਵਿੱਖ ਸੁਰੱਖਿਅਤ ਸਮਝ ਕੇ ਜੋੜ ਲਿਆ। ਉਸ ਤੋਂ ਪਹਿਲਾਂ ਦੀ ਸਿੱਖ ਕੌਮ ਦੀ ਘਾਲਣਾ ਨੂੰ ਵੀ ਭਾਰਤ ਦੀ ਅਜ਼ਾਦੀ ਦੇ ਲੇਖੇ ਵਿੱਚ ਲਿਖ ਦਿੱਤਾ। ਇਸਦਾ ਖਮਿਆਜ਼ਾ ੧੯੪੭ ਦੀ ਅਜ਼ਾਦੀ ਤੋਂ ਬਾਅਦ ਸਿੱਖ ਲੀਡਰਸ਼ਿਪ ਨੂੰ ਜਲਦੀ ਹੀ ਭੁਗਤਣਾ ਪਿਆ ਤੇ ਉਸਤੋਂ ਬਾਅਦ ਸਿੱਖ ਲੀਡਰਸ਼ਿਪ ਇੰਨੀ ਸਮਰੱਥ ਨਹੀਂ ਬਣ ਸਕੀ ਕਿ ਉਹ ਆਪਣੇ ਖੁੱਸ ਰਹੇ ਰਾਜਨੀਤਿਕ ਮਨੋਰਥਾਂ ਨੂੰ ਸੁਰੱਖਿਅਤ ਕਰ ਸਕੇ। ਇਸੇ ਕਰਕੇ ਇਸਦੇ ਵਿਰੋਧ ਵਜੋਂ ਉਸ ਸਮੇਂ ਦੇ ਸਿੱਖ ਨੁਮਾਇਆਂ ਨੇ ਵੀ ਭਾਰਤੀ ਸੰਵਿਧਾਨ ਤੇ ਦਸਤਖਤ ਕਰਨ ਤੋਂ ਭਾਵੇਂ ਪਾਸਾ ਵੱਟ ਲਿਆ ਸੀ ਪਰ ਸਿੱਖ ਕੌਮ ਨੂੰ ਸਦਾ ਲਈ ਹਿੰਦੂ ਧਰਮ ਦੇ ਅਧੀਨ ਹੋਣ ਲਈ ਮਜ਼ਬੂਰ ਕਰ ਦਿਤਾ ਸੀ ਜੋ ਅੱਜ ਤੱਕ ਲਾਗੂ ਹੈ। ਇਸਤੋਂ ਬਾਅਦ ਭਾਵੇਂ ਸਿੱਖ ਕੌਮ ਨੇ ਆਪਣੀ ਪ੍ਰਭੂਸਤਾ ਤੇ ਖੁਦਮੁਖਤਿਆਰੀ ਲਈ ਅਨੇਕਾਂ ਸੰਘਰਸ਼ ਲੜੇ ਪਰ ਇਹ ਕਿਸੇ ਮੰਜ਼ਿਲ ਤੇ ਪਹੁੰਚਣ ਤੋਂ ਅਸਮਰਥ ਰਹੇ। ਇਹ ਉਸ ਸਮੇਂ ਦੀ ਸਿੱਖ ਲੀਡਰਸ਼ਿਪ ਸ਼੍ਰੋਮਣੀ ਅਕਾਲੀ ਦਲ ਨੂੰ ਉਨਾਂ ਦੇ ਰਾਜਨੀਤਿਕ ਮਨੋਰਥਾਂ ਤੱਕ ਪਹੁੰਚਾਉਣ ਵਿੱਚ ਸਹਾਈ ਜਰੂਰ ਹੁੰਦੇ ਰਹੇ ਹੈ। ਇਸੇ ਤਰਾਂ ੧੯੮੦ ਦੇ ਸ਼ੁਰੂ ਤੋਂ ਸਿੱਖ ਕੌਮ ਨੇ ਇੱਕ ਵਾਰ ਫੇਰ ਆਪਣਾ ਭਵਿੱਖ ਭਾਰਤ ਵਿੱਚ ਸੁਰੱਖਿਅਤ ਕਰਨ ਲਈ ਮੁੜ ਤੋਂ ਸੰਘਰਸ਼ ਅਰੰਭਿਆ ਸੀ ਪਰ ਇਸ ਦੌਰਾਨ ਵੀ ਸਿੱਖ ਕੌਮ ਭਾਵਨਾਤਮਕ ਜੋਸ਼ ਨੂੰ ਹੀ ਵਧੇਰੇ ਬਲ ਦਿੰਦੀ ਰਹੀ ਜਿਸ ਨੂੰ ਉਸ ਸਮੇਂ ਦੀ ਸਿੱਖ ਲੀਡਰਸ਼ਿਪ ਨੇ ਵੀ ਆਪਣੇ ਮਨੋਰਥਾਂ ਨੂੰ ਸਿੱਧ ਕਰਨ ਲਈ ਵਰਤਿਆ ਜੋ ਆਖਰਕਾਰ ੧੯੮੪ ਵਿੱਚ ਦਰਬਾਰ ਸਾਹਿਬ ਦੇ ਢਹਿ ਢੇਰੀ ਹੋਣ ਦਾ ਕਾਰਨ ਬਣੀ। ਉਸਤੋਂ ਬਾਅਦ ਵੀ ਸਿੱਖ ਕੌਮ ਆਪਣੀ ਕੋਈ ਇਸ ਤਰਾਂ ਦੀ ਲੀਡਰਸ਼ਿਪ ਨਹੀਂ ਬਣਾ ਸਕੀ ਜੋ ਇਸ ਦੁਖਾਂਤ ਤੇ ਕੁਰਬਾਨੀਆਂ ਤੋਂ ਬਾਅਦ ਸਿੱਖ ਕੌਮ ਦੇ ਹਿਰਦਿਆਂ ਵਿੱਚ ਉਠੇ ਵਲਵਲਿਆਂ ਨੂੰ ਕਿਸੇ ਰਾਜਨੀਤਿਕ ਰੂਪ ਵਿੱਚ ਪਰੋ ਸਕੇ ਤੇ ਸਿੱਖ ਕੌਮ ਦੀ ਕਮਜੋਰ ਪੈ ਚੁੱਕੀ ਰਾਜਸੀ ਲਾਲਸਾ ਦੇ ਵਿੱਚ ਜਕੜੀ ਸ਼੍ਰੋਮਣੀ ਅਕਾਲੀ ਦਲ ਤੋਂ ਮੁਕਤੀ ਪਾ ਕੇ ਨਵੇਂ ਸਿਰੇ ਤੋਂ ਪੰਥਕ ਜਜਬੇ ਨੂੰ ਰੂਪ ਰੇਖਾ ਦੇਣ ਲਈ ਰਾਜਨੀਤਿਕ ਪਾਰਟੀ ਦੀ ਸਥਾਪਨਾ ਕੀਤੀ ਜਾ ਸਕੇ। ਇਹ ਅੱਜ ਦੇ ਸਮੇਂ ਦਾ ਸਭ ਤੋਂ ਵੱਡਾ ਖਲਾਅ ਸਿੱਖ ਕੌਮ ਦੇ ਅੰਦਰ ਅੱਜ ਵੀ ਹੈ। ਜਿਸਦੀ ਪੂਰਤੀ ਦਾ ਕੋਈ ਰਾਹ ਅਜੇ ਤੱਕ ਦਿਖਾਈ ਨਹੀਂ ਦੇ ਰਿਹਾ ਤੇ ਸਿੱਖ ਕੌਮ ਹਸਤੀਆਂ ਦੇ ਆਲੇ ਦੁਆਲੇ ਪੂਰੀ ਤਰਾਂ ਘਿਰ ਕੇ ਸਦਾ ਵਾਂਗ ਵੰਡੀ ਹੋਈ ਦਿਖਾਈ ਦੇ ਰਹੀ ਹੈ ਇਸਨੂੰ ਪੂਰਨ ਲਈ ਸਿੱਖ ਕੌਮ ਦੀ ਸੂਝਵਾਨ ਮੱਤ ਨੂੰ ਇੱਕਤਰ ਹੋ ਕੇ ਸਿੱਖ ਕੌਮ ਦੇ ਇਸ ਅਹਿਮ ਪੱਖ ਪ੍ਰਤੀ ਆਪਣੀ ਬਚਨਬੱਧਤਾ ਨੂੰ ਕਾਇਮ ਕਰਨ ਦੀ ਅਤਿਅੰਤ ਲੋੜ ਹੈ ਜਿਸ ਰਾਹੀਂ ਸਿੱਖ ਕੌਮ ਆਪਣੇ ਖਿਲਰ ਚੁਕੇ ਭਵਿੱਖ ਨੂੰ ਨਵੇਂ ਖੁਦਮੁਖਤਿਆਰ ਰੂਪ ਵਿੱਚ ਸਿਰਜ ਕੇ ਸੁਰੱਖਿਅਤ ਕਰ ਸਕੇ।