ਵੈਦਿਕ ਸਮਿਆਂ ਤੋਂ ਹੀ ਧਰਮ ਰਾਜਨੀਤਿਕ ਦ੍ਰਿਸ਼ਟੀ ਦਾ ਅਧਾਰ ਰਿਹਾ ਹੈ।ਮੌਜੂਦਾ ਸਮੇਂ ਵਿਚ ਭਾਰਤ ਵਿਚ ਧਰਮ ਅਧਾਰਿਤ ਰਾਜਨੀਤੀ ਨੇ ਬਹੁਵਾਦੀ ਰਾਸ਼ਟਰਵਾਦ ਉੱਪਰ ਆਪਣਾ ਪਰਛਾਵਾਂ ਗਹਿਰਾ ਕਰ ਦਿੱਤਾ ਹੈ।ਇਕ ਅਜਿਹੀ ਰਾਸ਼ਟਰਵਾਦੀ ਪਛਾਣ ਬਣਾਉਣ ਉੱਪਰ ਜੋਰ ਦਿੱਤਾ ਜਾ ਰਿਹਾ ਹੈ ਜੋ ਘੱਟ-ਗਿਣਤੀਆਂ ਨੂੰ ਨਜ਼ਰਅੰਦਾਜ਼ ਕਰਦੀ ਹੈ ਅਤੇ ਉਨ੍ਹਾਂ ਨੂੰ ਹਾਸ਼ੀਏ ’ਤੇ ਧੱਕ ਦਿੰਦੀ ਹੈ।ਪਿਛਲੇ ਦਹਾਕੇ ਤੋਂ ਧਰਮ ਅਧਾਰਿਤ ਰਾਜਨੀਤੀ ਨੇ ਜਿਆਦਾ ਪ੍ਰਮੁੱਖਤਾ ਹਾਸਿਲ ਕਰ ਲਈ ਹੈ।੨੦੧੬ ਵਿਚ ਅਮਰੀਕੀ ਰਾਸ਼ਟਰਪਤੀ ਦੀ ਚੋਣ ਸਮੇਂ ਅਤੇ ਉਸ ਤੋਂ ਬਾਅਦ ਡੋਨਲਡ ਟਰੰਪ ਦੇ ਕਾਰਜਕਾਲ ਦੌਰਾਨ ਧਰਮ ਨੂੰ ਕੇਂਦਰ ਵਿਚ ਰੱਖਿਆ ਗਿਆ।ਕੋਸਟਾ ਰਿਕਾ ਵਰਗੇ ਉਦਾਰਵਾਦੀ ਮੁਲਕ ਵਿਚ ਰਾਸ਼ਟਰਪਤੀ ਚੋਣਾਂ ਸਮੇਂ ਇਕ ਉਮੀਦਾਵਰ, ਜੋ ਕਿ ਈਸਾਈ ਪਿਛੋਕੜ ਨਾਲ ਸੰਬੰਧਿਤ ਸੀ, ਦੁਆਰਾ ਧਰਮ ਨੂੰ ਆਧਾਰ ਬਣਾਇਆ ਗਿਆ।ਇਸੇ ਤਰਾਂ ਹੀ ਬ੍ਰਾਜੀਲ ਵਰਗੇ ਮੁਲਕ ਵਿਚ ਰੱਬ ਦਾ ਨਾਂ ਪ੍ਰਮੁੱਖਤਾ ਨਾਲ ਵਰਤਿਆ ਗਿਆ।ਯੂਰੋਪ ਦੇ ਕੁਝ ਹਿੱਸਿਆ, ਲੈਟਿਨ ਅਮਰੀਕਾ, ਰੂਸ ਅਤੇ ਤੁਰਕੀ ਨਾਲ ਸੰਬੰਧਿਤ ਨਵੇਂ ਗਣਤੰਤਰਾਂ ਵਿਚ ਰਾਜਨੀਤਿਕ ਖੇਤਰ ਵਿਚ ਧਰਮ ਮਹੱਤਵਪੂਰਨ ਰੋਲ ਅਦਾ ਕਰਦਾ ਹੈ।ਭਾਵੇਂ ਭਾਰਤ ਇਕ ਧਰਮ-ਨਿਰਪੱਖ ਗਣਤੰਤਰ ਹੈ, ਪਰ ਭਾਰਤੀ ਰਾਜਨੀਤਿਕ ਦ੍ਰਿਸ਼ ਵਿਚ ੧੯੬੦ਵਿਆਂ ਦੀ ਸ਼ੁਰੂਆਤ ਤੋਂ ਹੀ ਧਰਮ ਰਾਜਨੀਤੀ ਨਾਲ ਰਲਗੱਡ ਰਿਹਾ ਹੈ।ਭਾਰਤ ਦੀ ਪ੍ਰਮੱੁਖ ਅਤੇ ਸਭ ਤੋਂ ਪੁਰਾਣੀ ਰਾਜਨੀਤਿਕ ਪਾਰਟੀ ਕਾਂਗਰਸ ਨੇ ਰਾਜਨੀਤਿਕ ਪ੍ਰਗਟਾਵੇ ਲਈ ਹਮੇਸ਼ਾ ਧਰਮ ਨੂੰ ਵਰਤਿਆ ਹੈ।ਮੌਜੂਦਾ ਸੱਤਾਧਾਰੀ ਪਾਰਟੀ ਧਰਮ ਨੂੰ ਆਪਣੇ ਹਿੱਤਾਂ ਲਈ ਵਰਤਣ ਵਿਚ ਹੋਰ ਵੀ ਜਿਆਦਾ ਮੂੰਹਫੱਟ ਸ਼ਪੱਸ਼ਟਵਾਦੀ ਰਹੀ ਹੈ ਜੋ ਕਿ ਇਸ ਦੀ ਸ਼ੁਰੂਆਤ ਤੋਂ ਹੀ ਇਸ ਦਾ ਮੁੱਖ ਅਧਾਰ ਰਿਹਾ ਹੈ।ਬੀਜੇਪੀ ਦੀ ਰਾਜਨੀਤਿਕ-ਧਾਰਮਿਕ ਸਹਿਜੀਵਤਾ ਨੇ ਭਾਰਤ ਨੂੰ ਹਿੰਦੂ ਰਾਸ਼ਟਰ ਬਣਾਉਣ ਲਈ ਧਾਰਮਿਕ ਬਹੁਸੰਖਿਆਵਾਦ ਨੂੰ ਵੈਧ ਬਣਾ ਦਿੱਤਾ ਹੈ।ਚੁਣਾਵੀ ਪ੍ਰੀਕਿਰਿਆ ਵਿਚ ਬੀਜੇਪੀ ਦੇ ਉਦੈ ਨੇ ਭਾਰਤ ਦੇ ਧਰਮ-ਨਿਰਪੱਖ ਖਾਸੇ ਨੂੰ ਬਹੁਤ ਨੁਕਸਾਨ ਪਹੁੰਚਾਇਆ ਹੈ।
ਭਾਰਤ ਦਾ ਧਰਮ ਨਿਰਪੱਖ ਖਾਸਾ ਅਜ਼ਾਦੀ ਤੋਂ ਪਹਿਲਾਂ ਅਤੇ ਬਾਅਦ ਵਿਚ ਰਾਜਨੀਤਿਕ ਹਿੱਤਾਂ ਲਈ ਲੋਕਾਂ ਦੇ ਜੋਸ਼ ਨੂੰ ਹਵਾ ਦੇਣ ਲਈ ਧਰਮ ਦੇ ਆਲੇ-ਦੁਆਲੇ ਹੀ ਘੁੰਮਦਾ ਰਿਹਾ ਹੈ।ਕਾਂਗਰਸ ਪਾਰਟੀ ਭਾਵੇਂ ਜਨਤਕ ਰੂਪ ਵਿਚ ਧਰਮ-ਨਿਰਪੱਖਤਾ ਲਈ ਵਚਨਬੱਧ ਸੀ, ਪਰ ਰਾਜਨੀਤਿਕ ਸਮੀਕਰਨਾਂ ਲਈ ਇਸ ਨੇ ਵੀ ਸਮੇਂ-ਸਮੇਂ ਤੇ, ਖਾਸ ਕਰਕੇ ਇੰਦਰਾ ਗਾਂਧੀ ਦੀ ਅਗਵਾਈ ਵਿਚ, ਧਰਮ ਨੂੰ ਵਰਤਿਆ।ਮੱਧ-ਯੁੱਗ ਤੋਂ ਹੀ ਭਾਰਤੀ ਬਰੇ-ਸਗੀਰ ਵਿਚ ਧਰਮ ਅਤੇ ਰਾਜਨੀਤੀ ਦਾ ਰਿਸ਼ਤਾ ਬਹੁਤ ਹੀ ਗਹਿਰੇ ਰੂਪ ਵਿਚ ਪ੍ਰਮੱੁਖ ਬਿਰਤਾਂਤ ਰਿਹਾ ਹੈ।੧੯੪੭ ਵਿਚ ਭਾਰਤ ਦੀ ਖੂਨੀ ਵੰਡ ਵੀ ਧਰਮ ਅਧਾਰਿਤ ਰਾਜ ਬਣਾਉਣ ਦੇ ਸੁਪਨੇ ਨੂੰ ਸਾਕਾਰ ਕਰਨ ਲਈ ਹੋਈ।
ਇਤਿਹਾਸਿਕ ਪੱਖ ਤੋਂ ਦੇਖਦਿਆਂ ਧਰਮ ਨੇ ਰਾਜਨੀਤਿਕ ਲਾਮਬੰਦੀ ਵਿਚ ਮਹੱਤਵਪੂਰਨ ਭੂਮਿਕਾ ਅਦਾ ਕੀਤੀ ਹੈ।ਧਰਮ ਦੀਆਂ ਵਿਆਪਕ ਵਿਚਾਰਧਾਰਾਵਾਂ ਨੇ ਰਾਜਨੀਤਿਕ ਸਿਧਾਂਤਾਂ ਨੂੰ ਵੀ ਪ੍ਰਭਾਵਿਤ ਕੀਤਾ ਹੈ।ਇਸਲਾਮ ਨੇ ਪਛਾਣ ਅਧਾਰਿਤ ਰਾਜਨੀਤੀ ਦੀ ਜ਼ਮੀਨ ਤਿਆਰ ਕੀਤੀ, ਈਸਾਈ ਵਿਚਾਰਧਾਰਾ ਨੇ ਪੱਛਮੀ ਰਾਜਨੀਤਿਕ ਪਰਿਦ੍ਰਿਸ਼ ਨੂੰ ਪ੍ਰਭਾਵਿਤ ਕੀਤਾ ਹੈ, ਯਹੂਦੀਵਾਦ ਨੇ ਯਹੂਦੀ ਰਾਜ ਦੀ ਨੀਂਹ ਰੱਖੀ ਅਤੇ ਸਹਿੰਦੂਵਾਦੀ ਵਿਚਾਰਧਾਰਾ ਭਾਰਤੀ ਵਿਚ ਹਿੰਦੂਵਾਦੀ ਰਾਜਨੀਤੀ ਦਾ ਮੁੱਖ ਅਧਾਰ ਰਹੀ ਹੈ।ਮਹਾਤਮਾ ਗਾਂਧੀ ਨੇ ਆਪਣੀ ਸਵੈ-ਜੀਵਨੀ ਵਿਚ ਇਹ ਟਿੱਪਣੀ ਕੀਤੀ ਹੈ ਜੋ ਕਹਿੰਦੇ ਹਨ ਕਿ ਰਾਜਨੀਤੀ ਵਿਚ ਧਰਮ ਦਾ ਕੋਈ ਰੋਲ ਨਹੀ ਹੈ, ਅਸਲ ਵਿਚ ਧਰਮ ਦੀ ਮਹੱਤਤਾ ਤੋਂ ਜਾਣੂ ਨਹੀਂ ਹਨ।ਸੰਸਾਰ ਦਾ ਮੌਜੂਦਾ ਰਾਜਨੀਤਿਕ ਪਰਿਦ੍ਰਿਸ਼ ਗਾਂਧੀ ਦੀ ਟਿੱਪਣੀ ਦੀ ਗਵਾਹੀ ਭਰਦਾ ਹੈ।ਰਾਸ਼ਟਰਵਾਦ ਨੂੰ ਅਜ਼ਾਦੀ ਲਈ ਰਾਸ਼ਟਰੀ ਪਛਾਣ ਅਤੇ ਰਾਜਨੀਤਿਕ ਅਤੇ ਧਾਰਮਿਕ ਹਿੰਸਾ ਨੂੰ ਬੜਾਵਾ ਦੇਣ ਵਿਚ ਧਰਮ ਨੇ ਮਹਤੱਵਪੂਰਨ ਰਾਜਨੀਤਿਕ ਸ਼ਕਤੀ ਵਜੋਂ ਕੰਮ ਕੀਤਾ ਹੈ।ਇਸ ਦੇ ਉਲਟ ਰਾਜਨੀਤਿਕ ਚਿੰਤਕਾਂ ਜਿਵੇਂ ਕਿ ਜਾਹਨ ਲੌਕ ਨੇ ਵਿਚਾਰ ਪੇਸ਼ ਕੀਤਾ ਸੀ ਕਿ ਤਰਕ, ਤਰਕਵਾਦ ਦੇ ਉਭਾਰ ਨਾਲ ਧਾਰਮਿਕ ਰਾਜਨੀਤਿਕ ਸੱਭਿਆਚਾਰ ਸਮੇਂ ਨਾਲ ਫਿੱਕਾ ਪੈ ਜਾਵੇਗਾ।ਪਰ ਅਸਲ ਵਿਚ ਧਰਮ ਨੇ ਆਪਣੇ ਆਪ ਨੂੰ ਹੋਰ ਵੀ ਸ਼ਕਤੀਸ਼ਾਲੀ ਰੂਪ ਵਿਚ ਸਥਾਪਿਤ ਕਰ ਲਿਆ ਹੈ ਜਿਸ ਨੇ ਵਿਸ਼ਵੀ ਰਾਜਨੀਤੀ, ਸਮਾਜਿਕ ਢਾਂਚੇ ਅਤੇ ਆਰਥਿਕਤਾ ਨੂੰ ਪ੍ਰਭਾਵਿਤ ਕੀਤਾ ਹੈ।ਇਸ ਨੂੰ ਹਿੰਦੂਵਾਦੀ ਵਿਚਾਰਧਾਰਾ, ਲੈਟਿਨ ਅਮਰੀਕਾ ਵਿਚ ਧਾਰਮਿਕ ਅਜ਼ਾਦੀ, ਇਰਾਨ ਵਿਚ ਇਸਲਾਮਿਕ ਕ੍ਰਾਂਤੀ, ਯੂਗੋਸਾਲਵੀਆ ਦਾ ਬੋਸਨੀਆ, ਕਸੋਵੋ ਅਤੇ ਕ੍ਰੋਸ਼ੀਆ ਵਿਚ ਟੱੁਟਣ ਦੇ ਰੂਪ ਵਿਚ ਦੇਖਿਆ ਜਾ ਸਕਦਾ ਹੈ।ਪੱਛਮੀ ਏਸ਼ੀਆ ਵਿਚ ਚੱਲ ਰਹੇ ਸੰਘਰਸ਼ ਵਿਚ ਧਰਮ ਨੂੰ ਦੈਵੀ ਰੂਪ ਮੰਨਣ ਤੋਂ ਲੈ ਕੇ ਧਾਰਮਿਕ ਚਿੰਨ੍ਹਵਾਦ ਮਹੱਤਵਪੂਰਨ ਪੱਖ ਰਿਹਾ ਹੈ।
ਰਾਜਨੀਤੀ ਅਤੇ ਧਰਮ ਨੂੰ ਅਲੱਗ-ਅਲੱਗ ਸਮਝਣ ਦਾ ਵਿਚਾਰ ਸੌਲਵੀ ਸਦੀ ਦੇ ਮੱਧ ਵਿਚ ਯੂਰਪੀ ਗਿਆਨਵਾਦ ਨਾਲ ਸ਼ੁਰੂ ਹੋਇਆ।ਇਸ ਗਿਆਨਵਾਦੀ ਪਰੰਪਰਾ ਨੇ ਮੱਧਯੁੱਗੀ ਕੈਥੋਲਿਕ ਚਰਚ ਦੀ ਪ੍ਰਭੂਸੱਤਾ ਨੂੰ ਚੁਣੌਤੀ ਦਿੱਤੀ ਜਿਸ ਦੀ ਮਨੁੱਖੀ ਹੌਂਦ ਉੱਪਰ ਅਧਿਆਤਮਕ ਅਤੇ ਲੌਕਿਕ ਉੱਪਰ ਪਕੜ ਸੀ।ਅੰਗਰੇਜ਼ ਦਾਰਸ਼ਨਿਕ ਜੌਹਨ ਲੌਕ ਦੇ ਯਤਨਾਂ ਨਾਲ ਵਿਭਿੰਨ ਵਿਰੋਧੀ ਅਵਾਜ਼ਾਂ ਅਤੇ ਇਜ਼ਹਾਰ ਦਾ ਉਦੈ ਹੋਇਆ।ਉਸ ਨੇ ਧਰਮ ਅਤੇ ਰਾਜਨੀਤੀ ਨੂੰ ਵੱਖ ਕਰਨ ਲਈ ਸਪੱਸ਼ਟ ਰੇਖਾ ਖਿੱਚੀ ਅਤੇ ਇਸ ਨੂੰ ਮਨੁੱਖੀ ਤਰਕ ਅਤੇ ਅਸਲੀਅਤ ਦੇ ਅਲੱਗ ਅੱਲਗ ਪੱਖ ਦੱਸਿਆ।ਲੌਕ ਦਾ ਮੰਨਣਾ ਸੀ ਕਿ ਧਰਮ ਨਿੱਜੀ ਵਿਅਕਤੀਗਤ ਵਿਚਾਰ ਅਤੇ ਵਿਸ਼ਵਾਸ ਹੈ ਜਦੋਂ ਕਿ ਰਾਜਨੀਤੀ ਇਕ ਸੱਭਿਅਕ ਮਨੱੁਖ ਦੀ ਤਰਕ ਉੱਪਰ ਅਧਾਰਿਤ ਨਾਗਰਿਕ ਅਤੇ ਜਨਤਕ ਮਸਲਿਆਂ ਵਿਚ ਸ਼ਮੂਲੀਅਤ ਹੈ।ਇਨ੍ਹਾਂ ਹੀ ਵਿਚਾਰਾਂ ਨੂੰ ਬਾਅਦ ਵਿਚ ਅਠਾਰਵੀ ਸਦੀ ਵਿਚ ਜਰਮਨ ਦਾਰਸ਼ਨਿਕ ਇਮੈਨੂਅਲ ਕਾਂਤ ਨੇ ਹੋਰ ਪੱਕਿਆ ਕੀਤਾ।ਉਸ ਨੇ ਰਾਜਨੀਤਿਕ ਸੱਤਾ ਦੇ ਸੰਦਰਭ ਵਿਚ ਧਰਮ ਦੀਆਂ ਸੀਮਾਵਾਂ ਉੱਪਰ ਜੋਰ ਦਿੱਤਾ।ਅਮਰੀਕਾ ਦੇ ਸੰਸਥਾਪਕਾਂ ਨੇ ਇਹਨਾਂ ਹੀ ਆਲੋਚਨਾਤਮਿਕ ਪੱਖਾਂ ਨੂੰ ਧਿਆਨ ਵਿਚ ਰੱਖਿਆ। ਇਸੇ ਤਰਾਂ ਹੋਰ ਯੂਰਪੀ ਰਾਜਾਂ ਵਿਚ ਵੀ ਸੱਭਿਅਕ ਸਮਾਜ ਅਤੇ ਰਾਜਨੀਤਿਕ ਸੱਤਾ ਸਥਾਪਿਤ ਕਰਨ ਲਈ ਚਰਚ ਅਤੇ ਰਾਜ ਵਿਚ ਸਪੱਸ਼ਟ ਹੱਦਬੰਦੀ ਕੀਤੀ ਗਈ।
ਸਮਾਜਿਕ ਚਿੰਤਕਾਂ ਅਤੇ ਦਾਰਸ਼ਨਿਕਾਂ ਨੇ ਇਸ ਗੱਲ ਉੱਪਰ ਜੋਰ ਦਿੱਤਾ ਕਿ ਧਰਮ ਮਨੁੱਖੀ ਦਿਮਾਗ ਦਾ ਕਾਲਪਨਿਕ ਅਚੇਤਨ ਪੱਖ ਹੈ।ਧਰਮ ਨੂੰ ਰਾਜਨੀਤੀ ਤੋਂ ਅਲੱਗ ਕਰਕੇ ਦੇਖਣ ਨੂੰ ਅਜ਼ਾਦ ਮਨੁੱਖੀ ਇਜ਼ਹਾਰ ਅਤੇ ਸੱਭਿਅਕ ਨਾਗਰਿਕ ਸਮਾਜ ਵਿਚ ਰਾਜਨੀਤਿਕ ਢਾਂਚੇ ਦਾ ਪ੍ਰਤੀਕ ਮੰਨਿਆ ਗਿਆ। ਇਤਿਹਾਸ ਵਿਚ ਸਾਨੂੰ ਵਿਲੱਖਣ ਸਖ਼ਸ਼ੀਅਤ ਵਾਲੇ ਵਿਅਕਤੀਆਂ ਦੀਆਂ ਉਦਾਹਰਣਾਂ ਵੀ ਮਿਲਦੀਆਂ ਹਨ ਜਿਨ੍ਹਾਂ ਨੂੰ ਪੈਗੰਬਰ ਮੰਨਿਆ ਗਿਆ।ਸਿੱਖ ਗੁਰੂਆਂ ਨੇ ਵੀ ਪ੍ਰਚਲਿਤ ਰਸਮਾਂ-ਰੀਤਾਂ, ਧਾਰਮਿਕ ਪ੍ਰਭੂਸੱਤਾ, ਰਾਜਨੀਤਿਕ ਸ਼ਕਤੀ ਅਤੇ ਉਨ੍ਹਾਂ ਦੀ ਪਰੰਪਰਿਕ ਸੱਤਾ ਨੂੰ ਚੁਣੌਤੀ ਦੇ ਕੇ ਜਿਉਣ ਦੇ ਨਵੇਂ ਢੰਗ ਅਤੇ ਵਿਚਾਰਾਂ ਦੀ ਗੱਲ ਕੀਤੀ। ਇਸ ਨੇ ਪ੍ਰਚਲਿਤ ਧਾਰਮਿਕ ਰਾਜਨੀਤਿਕ ਸ਼ਕਤੀ ਦੇ ਵਿਰੁੱਧ ਸੁਧਾਰਵਾਦ ਦੇ ਯੁੱਗ ਦੀ ਸ਼ੁਰੂਆਤ ਕੀਤੀ।ਦੱਖਣੀ ਅਮਰੀਕਾ ਅਤੇ ਭਾਰਤ ਵਿਚ ਬਸਤੀਵਾਦੀ ਤਾਕਤਾਂ ਨੇ ਧਾਰਮਿਕ ਰਾਜਨੀਤਿਕ ਮਹੱਤਤਾ ਉੱਪਰ ਜੋਰ ਦਿੱਤਾ।ਇੱਥੋਂ ਤੱਕ ਕਿ ਆਧੁਨਿਕ ਅਮਰੀਕਾ ਨੇ ਵੀ ਧਰਮ ਨੂੰ ਰਾਜਨੀਤਿਕ ਸੰਦਰਭ ਵਿਚ ਪ੍ਰਭਾਸ਼ਿਤ ਕੀਤਾ।ਪ੍ਰਭੂਸੱਤਾ ਪ੍ਰਾਪਤੀ ਕਰਨ ਦੀ ਤਰਤੀਬ ਵਿਚ ਸੱਤਾਧਾਰੀ ਧਿਰ ਲੋਕਾਂ ਦੀ ਬਿਰਤੀ ਧਰਮ ਨਾਲ ਜੋੜ ਕੇ ਧਰਮ ਅਤੇ ਰਾਜਨੀਤੀ ਦੇ ਰਲਗੱਡ ਤੋਂ ਫਾਇਦਾ ਲੈਣ ਦੀ ਤਾਕ ਵਿਚ ਰਹਿੰਦੇ ਹਨ।ਇਸ ਤਰਾਂ ਦੋਹਾਂ ਨੂੰ ਰਲਗੱਡ ਕਰ ਦੇਣਾ ਰਾਜ ਅਤੇ ਧਰਮ ਦੀ ਵੱਖਰਤਾ ਵਿਚਲੀ ਬਾਰੀਕ ਰੇਖਾ ਨੂੰ ਧੁੰਦਲਾ ਕਰ ਦਿੰਦਾ ਹੈ ਅਤੇ ਇਹ ਮਜਬੂਤ ਸੰਗਠਿਤ ਰਾਸ਼ਟਰੀ ਪਛਾਣ ਬਣਨ ਦੇ ਰਾਹ ਵਿਚ ਵੀ ਰੋੜਾ ਬਣਦਾ ਹੈ।
ਧਰਮ, ਅਧਿਆਤਮਿਕਤਾ ਅਤੇ ਰਾਜਨੀਤਿਕ ਸ਼ਕਤੀ ਦੇ ਸਰੂਪ ਅਤੇ ਸੰਬੰਧ ਉੱਪਰ ਆਲੋਚਨਾਤਿਮਕ ਵਿਚਾਰ ਪਲੇਟੋ ਦੇ ਸਮੇਂ ਤੋਂ ਹੀ ਚੱਲਦਾ ਆ ਰਿਹਾ ਹੈ।ਪ੍ਰਾਚੀਨ ਯੂਨਾਨ ਵਿਚ ਅਰਸਤੂ ਦੀ ਰਾਜਨੀਤੀ, ਮੱਧ-ਭਾਰਤ ਵਿਚ ਕੌਟਿਲਯਾ ਦਾ ਅਰਥ-ਸ਼ਾਸਤਰ, ਪ੍ਰਾਚੀਨ ਇਸਲਾਮ ਵਿਚ ਅਰਬ ਦੇ ਧਾਰਮਿਕ ਗਿਆਤਾ, ਮੱਧਯੱੁਗ ਦੇ ਵਿਚਾਰਕ ਜਿਵੇਂ ਰੋਮਨ ਅਫਰੀਕਨ ਦਾਰਸ਼ਨਿਕ ਅਗਸਟਾਈਨ, ਇਟਾਲੀਅਨ ਪੁਜਾਰੀ ਅਤੇ ਰਾਜਨੀਤਿਕ ਦਾਰਸ਼ਨਿਕ ਐਕੁਅਨਿਸ, ਯਹੂਦੀ ਦਾਰਸ਼ਨਿਕ ਮੇਮੋਨਾਈਡਸ ਇਸ ਦੀਆਂ ਕੁਝ ਉਦਾਹਰਣਾਂ ਹਨ ਜਿਨ੍ਹਾਂ ਨੇ ਦੈਵੀ ਅਤੇ ਰਾਜਨੀਤੀ ਦੇ ਆਦਰਸ਼ਕ ਸੰਤੁਲਨ ਦੀ ਗੱਲ ਕੀਤੀ ।ਉਹ ਕਿਸੇ ਅਲੌਕਿਕ ਸ਼ਕਤੀ ਤੋਂ ਬਿਨਾਂ ਤਰਕ ਅਧਾਰਿਤ ਵਿਸ਼ਵਾਸ ਨੂੰ ਮਹੱਤਤਾ ਦਿੰਦੇ ਸਨ।ਧਰਮ ਅਤੇ ਰਾਜਨੀਤੀ ਦੀ ਵਿਵਸਥਾ ਕਾਰਲ ਮਾਰਕਸ ਦੇ ਰਾਜਨੀਤਿਕ ਦਰਸ਼ਨ ਵਿਚ ਵੀ ਬਹੁਤ ਮਹੱਤਵਪੂਰਨ ਹੈ।ਉਹ ਧਰਮ ਅਤੇ ਰਾਜਨੀਤੀ ਨੂੰ ਰਲਗੱਡ ਕਰਨ ਦਾ ਆਲੋਚਕ ਸੀ। ਆਪਣੇ ਸ਼ੁਰੂਆਤੀ ਵਰ੍ਹਿਆਂ ਵਿਚ ਉਹ ਧਰਮ ਨੂੰ ਰਹੱਸਵਾਦੀ ਇਜ਼ਹਾਰ ਉੱਪਰ ਅਧਾਰਿਤ ਵਿਚਾਰਧਾਰਾ ਮੰਨਦਾ ਸੀ। ਆਪਣੀ ਬਾਅਦ ਦੀ ਜ਼ਿੰਦਗੀ ਵਿਚ ਉਸ ਦੇ ਵਿਚਾਰਾਂ ਵਿਚ ਤਬਦੀਲੀ ਆਈ ਅਤੇ ਉਹ ਸਮਾਜ ਅਤੇ ਰਾਜਨੀਤੀ ਲਈ ਧਰਮ ਨੂੰ ਇਕ ਉਮੀਦ ਦੇ ਰੂਪ ਵਿਚ ਦੇਖਦਾ ਹੈ।
ਰਾਜਨੀਤਿਕ ਵਿਸ਼ਵਾਸ ਰਾਸ਼ਟਰੀ ਰਾਜਨੀਤਿਕ ਭਾਗੀਦਾਰੀ ਵਿਚ ਮਹੱਤਵਪੂਰਨ ਰੋਲ ਅਦਾ ਕਰਦੇ ਹਨ ਜਿਵੇਂ ਕਿ ਮੌਜੂਦਾ ਸਮੇਂ ਵਿਚ ਭਾਰਤ ਵਿਚ ਹਿੰਦੂਵਾਦੀ ਵਿਚਾਰਧਾਰਾ ਉੱਪਰ ਅਧਾਰਿਤ ਸਥਾਪਤੀ ਨੂੰ ਸੰਗਠਿਤ ਰੂਪ ਵਿਚ ਮੱਧਯੁੱਗੀ ਵਰਣ ਵਿਵਸਥਾ ਦੇ ਅਧਾਰ ਤੇ ਵੰਡੇ ਸਮਾਜ ਅਤੇ ਧਰਮ ਅਤੇ ਰਾਜਨੀਤੀ ਦੇ ਰਲਗੱਡ ਨੇ ਤਾਨਾਸ਼ਾਹੀ ਨਿਯੰਤਰਣ ਦੇ ਦਿੱਤਾ ਹੈ ਜਿਸ ਕਾਰਣ ਉਹ ਆਪਣੇ ਆਪ ਨੂੰ ਹਿੰਦੂਵਾਦੀ ਵਿਚਾਰਧਾਰਾ ਦੇ ਇਕੋ-ਇਕ ਰਖਵਾਲੇ ਮੰਨਦੇ ਹਨ।ਧਰਮ ਅਤੇ ਰਾਜਨੀਤੀ ਦੀ ਸਮਰੂਪਤਾ ਅਤੇ ਸੰਬੰਧ ਉੱਪਰ ਅਧਾਰਿਤ ਸੁਮੇਲਤਾ ਵਾਲੇ ਰਾਜ ਅਤੇ ਸਮਾਜ ਦੇ ਭਰਮ ਨੂੰ ਤਰਕ ਅਤੇ ਵਿਚਾਰ ਸਹਿਤ ਦੇਖਣ ਦੀ ਲੋੜ ਹੈ।
ਰਾਜਨੀਤਿਕ ਸੱਤਾ ਦਾ ਦੈਵੀ ਰੂਪ ਹੋਣ ਦਾ ਮੱਧਯੁੱਗੀ ਵਿਚਾਰ ਅੱਜ ਦੇ ਰਾਜਨੀਤਿਕ ਪ੍ਰਬੰਧ ਵਿਚ ਆਪਣਾ ਮਹੱਤਵ ਗੁਆ ਲਿਆ ਹੈ।ਭਾਰਤ ਵਰਗੇ ਧਰਮ ਨਿਰਪੱਖ ਦੇਸ਼ ਵਿਚ ਅਜੇ ਵੀ ਧਰਮ ਅਧਾਰਿਤ ਰਹੱਸਵਾਦ, ਮਿਥਿਹਾਸ ਅਤੇ ਹਿੰਦੂਵਾਦੀ ਰਸਮਾਂ-ਰੀਤਾਂ ਨੂੰ ਰਾਜਨੀਤਿਕ ਸ਼ਕਤੀ ਦਾ ਅਧਾਰ ਬਣਾਇਆ ਜਾਂਦਾ ਹੈ।ਵਿਕਸਿਤ ਦੇਸ਼ਾਂ ਨੇ ਲੋਕਾਂ ਦੀ ਸਹਿਮਤੀ ਉੱਪਰ ਅਧਾਰਿਤ ਉਦਾਰਵਾਦੀ ਲੋਕਤੰਤਰ ਦੀ ਵਿਵਸਥਾ ਨੂੰ ਕਿਸੇ ਦੈਵੀ ਸ਼ਕਤੀ ਉੱਪਰ ਅਧਾਰਿਤ ਵਿਵਸਥਾ ਨੂੰ ਪਹਿਲ ਦਿੱਤੀ ਹੈ।੧੯੬੦ਵਿਆਂ ਤੋਂ ਪ੍ਰਮੱੁਖ ਨਾਰੀਵਾਦੀ ਚਿੰਤਕ ਵੀ ਧਰਮ ਦੀ ਪਿੱਤਰਸੱਤਾਤਮਕ ਵਿਵਸਥਾ ਅਤੇ ਵਰਗਬੰਦੀ ਨੂੰ ਪ੍ਰਸ਼ਨ ਦੇ ਘੇਰੇ ਵਿਚ ਲੈ ਕੇ ਆ ਰਹੇ ਹਨ।
ਧਰਮ ਅਤੇ ਰਾਜਨੀਤੀ ਨੂੰ ਵੱਖ-ਵੱਖ ਕਰਕੇ ਚੱਲਣ ਦੀਆਂ ਕੋਸ਼ਿਸ਼ਾਂ ਨੂੰ ਉਸ ਢੰਗ ਨਾਲ ਬੂਰ ਨਹੀ ਪਿਆ ਹੈ ਜਿਸ ਤਰਾਂ ਦੀ ਤਸੱਵਰ ਜੌਹਨ ਲੌਕ ਅਤੇ ਜੈਫਰਸਨ ਜਿਹੇ ਦਾਰਸ਼ਨਿਕਾਂ ਨੇ ਕੀਤਾ ਸੀ। ਇਸ ਦੇ ਉਲਟ ਧਰਮ ਅਤੇ ਰਾਜਨੀਤੀ ਦੇ ਰਲਗੱਡ ਨੇ ਨਾਗਰਿਕ ਧਰਮ, ਧਾਰਮਿਕ ਰਾਸ਼ਟਰਵਾਦ ਅਤੇ ਇਸ ਤੋਂ ਉਪਜਦੀ ਹਿੰਸਾ ਦੀ ਹੌਂਦ ਨਾਲ ਹੋਰ ਗੁੰਝਲਤਾਈਆਂ ਨੂੰ ਜਨਮ ਦਿੱਤਾ ਹੈ।ਗਾਂਧੀ ਨੇ ਇਹ ਤਸੱਵਰ ਵੀ ਨਹੀਂ ਕੀਤਾ ਹੋਣਾ ਕਿ ਉੱਤਰ-ਬਸਤੀਵਾਦੀ ਭਾਰਤ ਵਿਚ ਧਰਮ ਇਸ ਤਰਾਂ ਦਾ ਰੋਲ ਅਦਾ ਕਰੇਗਾ ਜਿੱਥੇ ਧਰਮ ਰਾਜਨੀਤੀ, ਰਾਸ਼ਟਰਵਾਦੀ ਵਿਚਾਰਧਾਰਾ ਅਤੇ ਪਛਾਣ ਉੱਪਰ ਹਾਵੀ ਹੈ।