ਮਹਾਰਾਜਾ ਦਲੀਪ ਸਿੰਘ ਦਾ ਨਾਅ ਜਿਹਨ ਵਿੱਚ ਆਉਂਦਿਆਂ ਹੀ ਗਵਾਚੇ ਹੋਏ ਸਿੱਖ ਰਾਜ ਦੀ ਪੀੜ, ਸਰਕਾਰੀ ਜਬਰ ਦੀ ਇੰਤਹਾ ਅਤੇ ਇੱਕ ਪਿੰਜਰੇ ਵਿੱਚ ਬੰਦ ਹੋਏ ਸ਼ੇਰ ਦੀਆਂ ਅਜ਼ਾਦੀ ਲਈ ਕੀਤੀਆਂ ਕੋਸ਼ਿਸਾਂ ਦਾ ਸਮੁੱਚਾ ਸੀਨ ਸਾਹਮਣੇ ਆ ਜਾਂਦਾ ਹੈ। ਮਹਾਰਾਜਾ ਦਲੀਪ ਸਿੰਘ ਸਿੱਖ ਇਤਿਹਾਸ ਦਾ ਉਹ ਪਾਤਰ ਹੈ ਜੋ ਕੁਕਨੂਸ ਵਾਂਗ ਇੱਕ ਵਾਰ ਸੁਆਹ ਹੋਕੇ ਫਿਰ ਆਪਣੀ ਹੀ ਰਾਖ ਵਿੱਚੋਂ ਪ੍ਰਜਵੱਲਿਤ ਹੋ ਗਿਆ। ਜਦੋਂ ਉਸਦੀ ਸਮਝ ਅਤੇ ਸੋਝੀ ਨੂੰ ਆਪਣੇ ਵਿਰਸੇ ਦੀ ਜਾਗ ਲੱਗੀ ਤਾਂ ਸਕਰਾਰੀ ਜਬਰ ਨਾਲ ਦਬਾਈ ਹੋਈ ਉਸਦੀ ਅਜ਼ਾਦੀ, ਗੁਰੂ ਸਾਹਿਬ ਨਾਲ ਉਸਦਾ ਰਿਸ਼ਤਾ ਅਤੇ ਆਪਣੇ ਸੰਗੀ ਸਿੱਖਾਂ ਨਾਲ ਉਸਦੀਆਂ ਮੋਹ ਦੀਆਂ ਤੰਦਾਂ ਮੁੜ ਤੋਂ ਜੀਵਤ ਹੋ ਗਈਆਂ। ੧੮੩੮ ਨੂੰ ਜਨਮੇ ਇਸ ਹੋਣਹਾਰ ਬਾਲ ਨੂੰ ਆਪਣੇ ਬਚਪਨ ਦੇ ਕੁਝ ਸਾਲ ਹੀ ਸੁਖਾਂ ਵਿੱਚ ਬਤੀਤ ਕਰਨ ਦਾ ਸੁਭਾਗ ਪ੍ਰਾਪਤ ਹੋਇਆ। ਸਿੱਖ ਕੌਮ ਦੇ ਬੇਤਾਜ਼ ਮਹਾਰਾਜੇ, ਰਣਜੀਤ ਸਿੰਘ ਦੀ ਇਸ ਆਖਰੀ ਔਲਾਦ ਨੂੰ ਆਪਣੇ ਜੀਵਨ ਵਿੱਚ ਜਿਨ੍ਹਾਂ ਦੁਸ਼ਵਾਰੀਆਂ ਦਾ ਸਾਹਮਣਾਂ ਕਰਨਾ ਪਿਆ ਉਹ ਸ਼ਾਇਦ ਇਤਿਹਾਸ ਦੇ ਕਿਸੇ ਹੋਰ, ਮਹਾਰਾਜੇ ਨੂੰ ਨਾ ਕਰਨਾ ਪਿਆ ਹੋਵੇ।
ਪੰਜ ਸਾਲ ਦੀ ਉਮਰ ਵਿੱਚ ਜਿਸ ਨੂੰ ਰਾਜ ਦਾ ਮੁਖੀ ਬਣਾ ਦਿੱਤਾ ਗਿਆ ਅਤੇ ਉਸਦੀ ਮਾਂ ਦੀਆਂ ਇਛਾਵਾਂ ਦੇ ਵਿਰੁੱਧ ਜਾਕੇ ਸਾਜਿਸ਼ਕਾਰਾਂ ਨੇ ਇਹ ਰਾਜ ਤਿਲਕ ਦਲੀਪ ਸਿੰਘ ਨੂੰ ਉਸਦੇ ਹੋਰਨਾ ਭਰਾਵਾਂ ਵਾਂਗ ਕਤਲ ਕਰਵਾਉਣ ਦੇ ਮਨਸ਼ੇ ਨਾਲ ਹੀ ਦਿੱਤਾ ਸੀ। ਉਸਦੇ ਮੱਥੇ ਤੇ ਲਹੂ ਦਾ ਤਿਲਕ ਲਗਾ ਕੇ ਸਿੱਖ ਰਾਜ ਦੇ ਵਿਰੋਧੀਆਂ ਨੇ ਮਹਾਰਾਣੀ ਜਿੰਦ ਕੌਰ ਨੂੰ ਸੁਨੇਹਾ ਦਿੱਤਾ ਸੀ ਉਸਦੇ ਅਰਥ ਬਹੁਤ ਡੂੰਘੇ ਸਨ।
ਬੇਸ਼ੱਕ ਮਹਾਰਾਜਾ ਦਲੀਪ ਸਿੰਘ ਨੂੰ ਲਹੌਰ ਤਖਤ ਦਾ ਰਾਜ ਸੰਭਾਲ ਦਿੱਤਾ ਗਿਆ ਸੀ ਪਰ ਅੰਗਰੇਜ਼ਾਂ ਦੀਆਂ ਰਾਜਸੀ ਇਛਾਵਾਂ ਦੇ ਰਾਹ ਵਿੱਚ ਸਿੱਖ ਰਾਜ ਸਭ ਤੋਂ ਵੱਡਾ ਅੜਿਕਾ ਬਣਿਆ ਹੋਇਆ ਸੀ। ਦੋ ਵੱਡੀਆਂ ਅਤੇ ਲਹੂਵੀਟਵੀਆਂ ਜੰਗਾਂ ਨੇ ਅੰਗਰੇਜ਼ ਅਫਸਰਾਂ ਅਤੇ ਰਾਜਸੀ ਨੇਤਾਵਾਂ ਦੇ ਸਾਹ ਸੂਤ ਦਿੱਤੇ ਸਨ। ਜਿਸ ਬਹਾਦਰੀ ਅਤੇ ਜਿੰਦਾਦਿਲੀ ਨਾਲ ਸਿੱਖ ਫੌਜਾਂ ਆਪਣੇ ਰਾਜਭਾਗ ਅਤੇ ਖਾਸ ਕਰਕੇ ਆਪਣੀ ਸਿੱਖੀ ਅਣਖ਼ ਅਤੇ ਗੈਰਤ ਨੂੰ ਬਚਾਉਣ ਲਈ ਲੜੀਆਂ ਸਨ ਉਸਨੇ ਗੋਰਿਆਂ ਦੇ ਮਨਾ ਵਿੱਚ ਸਿੱਖ ਬਹਾਦਰੀ ਦਾ ਦਹਿਲ ਹਮੇਸ਼ਾ ਲਈ ਪਾ ਦਿੱਤਾ ਸੀ। ਬੇਸ਼ੱਕ ਗੋਰਿਆਂ ਨੇ ਕਪਟੀ ਚਾਲਾਂ ਚੱਲਕੇ ਸਿੱਖਾਂ ਨੂੰ ਬਹੁਤ ਸੰਘਰਸ਼ ਤੋਂ ਬਾਅਦ ਜਿੱਤ ਲਿਆ ਸੀ ਪਰ ਇਨ੍ਹਾਂ ਦੋ ਜੰਗਾਂ ਵਿੱਚ ਅੰਗਰੇਜ਼ਾਂ ਦਾ ਜਿੰਨਾ ਜਾਨੀ ਨੁਕਸਾਨ ਹੋਇਆ ਉਸਨੇ ਅੰਗਰੇਜ਼ ਅਫਸਰਸ਼ਾਹੀ ਦੇ ਸਾਹ ਸੂਤ ਦਿੱਤੇ ਸਨ। ਚੇਲਿਆਂਵਾਲੀ ਦੀ ਲੜਾਈ ਤੋਂ ਬਾਅਦ ਇੱਕ ਫੌਜੀ ਕਮਾਂਡਰ ਨੇ ਲੰਡਨ ਨੂੰ ਜੋ ਸੁਨੇਹਾ ਭੇਜਿਆ ਉਹ ਅੰਗਰੇਜ਼ਾਂ ਦੀ ਦਹਿਲੀ ਹੋਈ ਮਾਨਸਿਕਤਾ ਦਾ ਪ੍ਰਤੀਕ ਸੀ। ਉਸਨੇ ਲੰਡਨ ਨੂੰ ਲਿਖਿਆ- ਅਸੀਂ ਇਹ ਜੰਗ ਜਿੱਤ ਲਈ ਹੈ ਪਰ ਇਹ ਜਿੱਤ ਸਾਡੇ ਲਈ ਹਾਰ ਨਾਲੋਂ ਵੀ ਭੈੜੀ ਜਿੱਤ ਸਾਬਤ ਹੋਈ ਹੈ।
ਚੇਲਿਆਂ ਵਾਲੀ ਦੀ ਲੜਾਈ ਤੋਂ ਬਾਅਦ ਅੰਗਰੇਜ਼ਾਂ ਨੇ ਇੱਕ ਗੱਲ ਸਾਫ ਤੌਰ ਤੇ ਭਾਂਪ ਲਈ ਸੀ ਕਿ ਜੇ ਭਵਿੱਖ ਵਿੱਚ ਸਿੱਖ ਬਗਾਵਤ ਨੂੰ ਰੋਕਣਾਂ ਹੈ ਅਤੇ, ਅੰਗਰੇਜ਼ਾਂ ਦੇ ਰਾਜ ਨੂੰ ਸਥਾਈ ਰੱਖਣਾਂ ਹੈ ਤਾਂ ਮਹਾਰਾਜਾ ਦਲੀਪ ਸਿੰਘ ਨੂੰ ਪੰਜਾਬ ਤੋਂ ਬਾਹਰ ਕਰਨਾ ਪਵੇਗਾ। ਉਹ ਜਾਣ ਗਏ ਸਨ ਕਿ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਕੇਵਲ ਇੱਕ ਰਾਜ ਹੀ ਨਹੀ ਸੀ ਬਲਕਿ ਸਿੱਖਾਂ ਦੀ ਜਿੰਦ ਜਾਨ ਅਤੇ ਉਨ੍ਹਾਂ ਦੀ ਅਣਖ ਗੈਰਤ ਦੇ ਨਾਲ ਨਾਲ ਉਨ੍ਹਾਂ ਦਾ ਧਾਰਮਕ ਅਕੀਦਾ ਵੀ ਇਸ ਰਾਜ ਨਾਲ ਜੁੜਿਆ ਹੋਇਆ ਸੀ। ਸਿੱਖ ਲੱਖਾਂ ਸ਼ਹੀਦੀਆਂ ਦੇ ਕੇ ਵੀ ਆਪਣੇ ਰਾਜ ਦੀ ਮੁੜ ਪ੍ਰਾਪਤੀ ਲਈ ਯਤਨ ਕਰਦੇ ਰਹਿਣਗੇ।
ਇਸ ਲਈ ੧੮੫੪ ਵਿੱਚ ਮਹਾਰਾਜਾ ਦਲੀਪ ਸਿੰਘ ਨੂੰ ਕੈਦੀ ਬਣਾਕੇ ਸਾਉੂਥਹੈਂਪਟਨ ਵਿਖੇ ਲਿਆਂਦਾ ਗਿਆ। ਕੋਹੇਨੂਰ ਹੀਰੇ ਵਾਂਗ ਮਹਾਰਾਜਾ ਦਲੀਪ ਸਿੰਘ ਵੀ ਬ੍ਰਿਟਿਸ਼ ਰਾਜ ਲਈ ਇੱਕ ਲ਼ੁੱਟ ਦੀ ਨਿਸ਼ਾਨੀ ਸੀ। ਅੰਗਰੇਜ਼ਾਂ ਦੀ ਜਿੱਤ ਦਾ ਜਸ਼ਨ ਸੀ ਸਾਡਾ ਮਾਸੂਮ ਮਹਾਰਾਜਾ। ਉਹ ਰਾਜਸੀ ਬੰਧਕ ਅਤੇ ਸਰਕਾਰੀ ਕੈਦੀ ਸੀ। ਉਸਦੀ ਸਿੱਖੀ ਅਤੇ ਰਾਜ ਕਰਨ ਦੇ ਸੁਪਨੇ ਨੂੰ ਖਤਮ ਕਰਨ ਦੇ ਮਨਸ਼ੇ ਨਾਲ ਹੀ ਅੰਗਰੇਜ਼ਾਂ ਨੇ ਉਸਨੂੰ ਸਰ ਜਾਹਨ ਅਤੇ ਲੇਡੀ ਲੌਗਿਨ ਦੀ ਨਿਗਰਾਨੀ ਹੇਠ ਭੇਜ ਦਿੱਤਾ ਜਿਨ੍ਹਾਂ ਨੂੰ ਉਹ ਆਪਣੇ ਮਾਤਾ ਪਿਤਾ ਹੀ ਸਮਝਦਾ ਸੀ। ਉਨ੍ਹਾਂ ਮਹਾਰਾਜਾ ਦਲੀਪ ਸਿੰਘ ਨੂੰ ਈਸਾਈਅਤ ਗ੍ਰਹਿਣ ਕਰਨ ਅਤੇ ਇੰਗਲੈਂਡ ਦੇ ਕੁਦਰਤੀ ਨਜ਼ਾਰਿਆਂ ਨਾਲ ਪਿਆਰ ਜਤਾਉਣ ਲਈ ਤਬਦੀਲ ਕਰ ਲਿਆ। ਮਾਸੂਮ ਮਹਾਰਾਜੇ ਕੋਲ ਹੋਰ ਕੋਈ ਰਾਹ ਨਹੀ ਸੀ, ਉਹ ਫਿਰ ਅੰਗਰੇਜ਼ਾਂ ਦੀ ਇੱਛਾ ਅਨੁਸਾਰ ਜੀਵਨ ਜੀਊਣ ਲਈ ਮਜਬੂਰ ਹੋਗਿਆ। ਉਸਦੀਆਂ ਲਗਾਤਾਰ ਕੋਸ਼ਿਸ਼ਾਂ ਦੇ ਬਾਵਜੂਦ ਵੀ ਮਹਾਰਾਜਾ ਦਲੀਪ ਸਿੰਘ ਨੂੰ ਪੰਜਾਬ ਵਾਪਸ ਨਾ ਜਾਣ ਦਿੱਤਾ ਗਿਆ। ਕਿਉਂਕਿ ਅੰਗਰੇਜ਼ ਹਕੂਮਤ ਇਹ ਮਹਿਸੂਸ ਕਰਦੀ ਸੀ ਕਿ ਲਹੌਰ ਦਰਬਾਰ ਨਾਲ ਸਿੱਖਾਂ ਦਾ ਰਿਸ਼ਤਾ ਇੱਕ ਧਾਰਮਕ ਰਿਸ਼ਤਾ ਬਣ ਗਿਆ ਹੋਇਆ ਹੈ ਅਤੇ ਸਿੱਖ ਰਾਜ ਦਾ ਖੁਸਣਾਂ ਉਨ੍ਹਾਂ ਦੇ ਧਾਰਮਕ ਅਕੀਦੇ ਨੂੰ ਹਰਜਾ ਪਹੁੰਚਾਉਣ ਵਾਂਗ ਲੱਗਿਆ ਹੈ। ਇਸ ਲਈ ਜਦੋ ਵੀ ਲਹੌਰ ਦਰਬਾਰ ਦਾ ਕੋਈ ਵਾਰਸ ਸਿੱਖ ਕੌਮ ਨੂੰ ਅਵਾਜ਼ ਮਾਰੇਗਾ ਤਾਂ ਪੂਰੇ ਭਾਰਤ ਵਿੱਚੋਂ ਸਿੱਖ ਉਸਦੀ ਅਵਾਜ਼ ਤੇ ਫੁੱਲ ਚੜ੍ਹਾਉਣ ਲਈ ਭੱਜੇ ਆਉਣਗੇ ਅਤੇ ਅੰਗਰੇਜ਼ ਰਾਜ ਦਾ ਅੰਤ ਕਰ ਦੇਣਗੇ। ਬੇਸ਼ੱਕ ਮਹਾਰਾਜਾ ਦਲੀਪ ਸਿੰਘ ਕਿੰਨਾ ਵੀ ਅੰਗਰੇਜ਼ ਅਤੇ ਈਸਾਈ ਕਿਉਂ ਨਾ ਬਣ ਗਿਆ ਸੀ ਪਰ ਉਸਦੇ ਦਿਲ ਵਿੱਚ ਆਪਣੇ ਖੁਸੇ ਹੋਏ ਸਿੱਖ ਰਾਜ ਦੀ ਰੀਝ ਕਦੇ ਮੱਠੀ ਨਹੀ ਸੀ ਪਈ। ਇਤਿਹਾਸ ਨੇ ਉਸਨੂੰ ਜਿਸ ਕਿਸਮ ਦੀ ਜਿੰਦਗੀ ਸਾਹਮਣੇ ਲਿਆ ਖੜ੍ਹਾ ਸੀ ਉਸ ਵਿੱਚ ਰਹਿੰਦਿਆਂ ਮਹਾਰਾਜੇ ਨੇ ਉਹ ਸਭ ਕੁਝ ਕੀਤਾ ਜੋ ਉਹ ਕਰ ਸਕਦਾ ਸੀ। ਐਲਵੀਡੀਨ ਵਿਖ਼ੇ ਜਿੱਥੇ ਮਹਾਰਾਜਾ ਦਲੀਪ ਸਿੰਘ ਰਹਿੰਦਾ ਸੀ ਉਸਨੇ ਆਪਣੇ ਘਰ ਨੂੰ ਪੰਜਾਬੀ ਰੰਗ ਨੁਹਾਰ ਨਾਲ ਬਣਾਇਆ ਅਤੇ ਸਜਾਇਆ। ਸਫੌਕ ਵਿਖੇ ਉਹ ਆਪਣੇ ਪਿਤਾ ਦੇ ਰਾਜ ਦਰਬਾਰ ਵਾਂਗ ਦਰਬਾਰ ਲਾ ਕੇ ਰਹਿੰਦਾ ਸੀ। ਜਲਾਵਤਨੀ ਵਿੱਚ ਜਬਰੀ ਸੁਟੇ ਗਏ ਕਿਸੇ ਅਣਖ਼ੀ ਬੰਦੇ ਕੋਲ ਉਸ ਜਲਾਵਤਨੀ ਨੂੰ ਭੋਗਦਿਆਂ ਜੋ ਕੁਝ ਵੀ ਹੋ ਸਕਦਾ ਸੀ ਮਹਾਰਾਜਾ ਦਲੀਪ ਸਿੰਘ ਨੇ ਉਹ ਸਾਰੇ ਯਤਨ ਕੀਤੇ।
ਆਖਰ ੧੪ ਸਾਲ ਬਾਅਦ ਜਦੋਂ ਉਹ ਆਪਣੇ ਮਾਂ ਮਹਾਰਾਣੀ ਜਿੰਦ ਕੌਰ ਨੂੰ ਮਿਲੇ ਤਾਂ ਮਾਂ ਦੀ ਮਮਤਾਵਾਨ ਛੋਹ ਨੇ ਮਹਾਰਾਜਾ ਦਲੀਪ ਸਿੰਘ ਦਾ ਜੀਵਨ ਬਦਲ ਕੇ ਰੱਖ ਦਿੱਤਾ। ਮਾਂ ਦੀ ਇੱਕ ਛੋਹ ਨੇ ਉਸ ਵਿੱਚ ਫਿਰ ਸਿੱਖ ਰਾਜ ਨੂੰ ਪ੍ਰਾਪਤ ਕਰਨ ਦੀ ਚਿਣਗ ਜਗਾ ਦਿੱਤੀ। ਜਦੋਂ ਸਿੱਖਾਂ ਨੂੰ ਪਤਾ ਲੱਗਾ ਕਿ ਸਾਡੇ ਸਿੱਖ ਰਾਜ ਦਾ ਵਾਰਸ ਕਲਕੱਤੇ ਵਿੱਚ ਆਣ ਪਹੁੰਚਾ ਹੈ ਤਾਂ ਉਨ੍ਹਾਂ ਆਪੋ ਆਪਣੇ ਯਤਨਾਂ ਨਾਲ ਸਿੱਖ ਰਾਜ ਦੇ ਉਸ ਆਖਰੀ ਚਿਰਾਗ ਨੂੰ ਮਿਲਕੇ ਕੌਮੀ ਰਾਜ ਦੀ ਮੁੜ ਪ੍ਰਾਪਤੀ ਲਈ ਯਤਨ ਕਰਨ ਦਾ ਅਹਿਦ ਲਿਆ। ਮਹਾਰਾਜਾ ਦਲੀਪ ਸਿੰਘ ਦੀ ਹਾਜਰੀ ਨੇ ਹੀ ਸਿੱਖਾਂ ਦੀਆਂ ਰਗਾਂ ਵਿੱਚ ਰਾਜ ਦੀ ਚਿਣਗ ਪੈਦਾ ਕਰ ਦਿੱਤੀ।
ਕਲਕੱਤੇ ਤੋਂ ਵਾਪਸ ਇੰਗਲੈਂਡ ਆ ਕੇ ਮਹਾਰਾਜਾ ਦਲੀਪ ਸਿੰਘ ਨੇ ਅੰਗਰੇਜ਼ਾਂ ਦੇ ਘੇਰੇ ਵਿੱਚ ਰਹਿੰਦਿਆਂ ਉਸ ਗੁਲਾਮੀ ਨੂੰ ਕੱਟਣ ਦੇ ਯਤਨ ਨਿਰੰਤਰ ਜਾਰੀ ਰੱਖੇ। ਪੰਜਾਬ ਵਿੱਚ ਆਪਣੇ ਵਿਸ਼ਵਾਸ਼ ਵਾਲੇ ਸਿੱਖ ਸਰਦਾਰਾਂ ਨੂੰ ਸੁਨੇਹੇ ਘੱਲ ਕੇ ਮਹਾਰਾਜਾ ਦਲੀਪ ਸਿੰਘ ਨੇ ਗੋਰਿਆਂ ਦਾ ਸਿੰਘਾਸਨ ਪਲਟ ਦੇਣ ਦੇ ਭਰਪੂਰ ਯਤਨ ਕੀਤੇ।
ਨਿਰਸੰਦੇਹ ਮਹਾਰਾਜਾ ਦਲੀਪ ਸਿੰਘ ਨੇ ਇਤਿਹਾਸ ਦੀ ਉਹ ਘੜੀ ਪਲਟਣ ਦੇ ਯਤਨ ਕੀਤੇ,ਜਿਸ ਨੇ ਕਿਸੇ ਸਮੇਂ ਸਿੱਖ ਰਾਜ ਖੋਹ ਲਿਆ ਸੀ। ਉਸਦੇ ਮਨ ਵਿੱਚ ਗੁਰੂ ਗੋਬਿੰਦ ਸਿੰਘ ਜੀ ਦੀ ਉਹ ਭਵਿੱਖਬਾਣੀ ਹਮੇਸ਼ਾ ਪਨਪਦੀ ਰਹੀ ਕਿ ਸਿੱਖਾਂ ਦਾ ਰਾਜ ਬੁਲੰਦ ਹੋਵੇਗਾ।
ਮਹਾਰਾਜਾ ਦਲੀਪ ਸਿੰਘ ਨੇ ਸਿੱਖ ਕੌਮ ਦੀਆਂ ਰਾਜ ਕਰਨ ਦੀਆਂ ਰੀਝਾਂ ਨੂੰ ਮੁੜ ਤੋਂ ਪ੍ਰਜਵੱਲਿਤ ਕੀਤਾ। ਇਨ੍ਹੀ ਦਿਨੀ ਸਿੱਖ ਕੌਮ ਦੇ ਉਸ ਦਰਵੇਸ਼ ਮਹਾਰਾਜੇ ਦੀ ੧੨੫ ਵੀ ਬਰਸੀ ਮਨਾਈ ਜਾ ਰਹੀ ਹੈ।