ਕਿਸਾਨ ਮੋਰਚਾ ਖਤਮ ਹੋਣ ਤੋਂ ਬਾਅਦ ਪੰਜਾਬ ਵਿੱਚ ਰਾਜਨੀਤਕ ਸਰਗਰਮੀਆਂ ਤੇਜ਼ ਹੋ ਗਈਆਂ ਹਨ। ਮੋਰਚੇ ਕਾਰਨ ਜਿਹੜੇ ਸਿਆਸਤਦਾਨ ਪੰਜਾਬ ਵਿੱਚ ਸਰਗਰਮੀ ਨਹੀ ਸੀ ਕਰ ਸਕਦੇ ਹੁਣ ਉਨ੍ਹਾਂ ਨੇ ਕਾਫੀ ਤੇਜੀ ਨਾਲ ਆਪਣੀਆਂ ਸਰਗਰਮੀਆਂ ਵਧਾ ਦਿੱਤੀਆਂ ਹਨ। ਅਕਾਲੀ ਦਲ ਨੇ ਪਿਛਲੇ ਦਿਨੀ ਮੋਗੇ ਲਾਗੇ ਵੱਡੀ ਰੈਲੀ ਕਰਕੇ ਆਪਣੇ ਖੁਸ ਰਹੇ ਵਕਾਰ ਨੂੰ ਠੁੰਮਣਾਂ ਦੇਣ ਦਾ ਯਤਨ ਕੀਤਾ ਹੈ। ਖਾਸ ਗੱਲ ਇਹ ਰਹੀ ਕਿ ਅਕਾਲੀ ਦਲ ਦੇ ਪਰਧਾਨ ਸੁਖਬੀਰ ਸਿੰਘ ਬਾਦਲ ਨੇ ਆਪਣੀ ਰਾਜਨੀਤਕ ਜਿੰਦਗੀ ਨੂੰ ਬਚਾਉਣ ਲਈ ਆਪਣੇ 94 ਸਾਲਾ ਪਿਤਾ ਪਰਕਾਸ਼ ਸਿੰਘ ਬਾਦਲ ਦਾ ਸਹਾਰਾ ਲਿਆ। ਸਾਡੇ ਸਮਾਜ ਵਿੱਚ ਇਹ ਗੱਲ ਮੰਨੀ ਜਾਂਦੀ ਹੈ ਕਿ ਜਦੋਂ ਬਜ਼ੁਰਗ ਵਡੇਰੀ ਉਮਰ ਦੇ ਹੋ ਜਾਣ ਤਾਂ ਫਿਰ ਉਨ੍ਹਾਂ ਦੇ ਬੱਚਿਆਂ ਨੂੰ ਘਰ ਪਰਵਾਰ ਦੀ ਜਿੰਮੇਵਾਰੀ ਸੰਭਾਲ ਲੈਣੀ ਚਾਹੀਦੀ ਹੈ। ਕਿਸੇ ਬਜ਼ੁਰਗ ਦੇ 94 ਸਾਲ ਤੱਕ ਪਹੁੰਚਦਿਆਂ ਨਾ ਕੇਵਲ ਨੌਜਵਾਨ ਜਿੰਮੇਵਾਰੀ ਚੁੱਕ ਲੈਂਦੇ ਹਨ ਬਲਕਿ ਕਾਫੀ ਸਾਰੀ ਸਮੇਟ ਵੀ ਲੈਂਦੇ ਹਨ।

ਪਰ ਸਾਡੇ ਅਕਾਲੀ ਦਲ ਦੀ ਇਹ ਕੀ ਮਜਬੂਰੀ ਹੈ ਕਿ 94 ਸਾਲ ਦੇ ਬਜ਼ੁਰਗ ਨੂੰ ਹਾਲੇ ਵੀ ਆਪਣੇ ਪੁੱਤ ਦਾ ਸਿਆਸੀ ਕਾਰੋਬਾਰ ਚਲਾਉਣ ਲਈ ਸਰਗਰਮੀ ਕਰਨੀ ਪੈ ਰਹੀ ਹੈ। ਇਸਦਾ ਸਾਡੇ ਸਮਾਜ ਵਿੱਚ ਕੀ ਅਰਥ ਲਿਆ ਜਾਂਦਾ ਹੈ, ਆਪਾਂ ਸਾਰੇ ਜਾਣਦੇ ਹਨ। ਭਾਵ ਕਿ ਬਜ਼ੁਰਗ ਦੀ ਔਲਾਦ ਇਸ ਕਾਬਲ ਨਹੀ ਕਿ ਉਹ ਘਰ ਦੇ ਸਿਆਸੀ ਕਾਰੋਬਾਰ ਨੂੰ ਸੰਭਾਲ ਸਕੇ। ਅਕਾਲੀ ਦਲ ਨੇ ਇਸ ਰੈਲੀ ਦੌਰਾਨ ਸੰਘੀ ਢਾਂਚੇ ਨੂੰ ਮਜਬੂਤ ਕਰਨ ਦਾ ਢਿੱਲਾ ਜਿਹਾ ਹੋਕਾ ਦਿੱਤਾ ਹੈ ਪਰ ਪੰਥਕ ਸਫਾਂ ਨੂੰ ਅਕਾਲੀ ਦਲ ਨਾਲ ਜੋੜਨ ਦਾ ਕੋਈ ਯਤਨ ਜਾਂ ਸਰਗਰਮੀ ਇਸ ਵਿੱਚ ਨਜ਼ਰ ਨਹੀ ਆਈ। ਨਿਸ਼ਾਨਾ ਸਿਰਫ ਤੇ ਸਿਰਫ ਸੱਤਾ ਦੀ ਪਰਾਪਤੀ ਹੀ ਰਿਹਾ।

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੀ ਲਗਾਤਾਰ ਪੰਜਾਬ ਦੇ ਦੌਰੇ ਤੇ ਹਨ। ਉਹ ਵੀ ਪੰਜਾਬੀਆਂ ਨੂੰ ਭਿਖਾਰੀ ਸਮਝਕੇ ਹਜਾਰ ਹਜਾਰ ਰੁਪਏ ਵੰਡਣ ਦੇ ਹੀ ਐਲਾਨ ਕਰੀ ਜਾ ਰਹੇ ਹਨ। ਪੰਜਾਬ ਦੇ ਪਾਣੀਆਂ ਦਾ ਮਸਲਾ,ਧਰਤੀ ਦੇ ਗੰਧਲੀ ਹੋਣ ਦਾ ਮਸਲਾ,ਪੰਜਾਬ ਦੇ ਇਲਾਕਿਆਂ ਦਾ ਮਸਲਾ, ਮਾਂ ਬੋਲੀ ਪੰਜਾਬੀ ਦੇ ਹਿੰਦੀਕਰਨ ਦਾ ਮਸਲਾ, ਸਿੱਖ ਕੈਦੀਆਂ ਦੀ ਰਿਹਾਈ ਦਾ ਮਸਲਾ ਜਾਂ ਫਿਰ ਪੰਜਾਬ ਨੂੰ ਵੀ ਦਿੱਲੀ ਵਾਂਗ ਮਿਉਂਸਪੈਲਟੀ ਬਣਾਏ ਜਾਣ ਵਿਰੁੱਧ ਸੰਘਰਸ਼ ਦੇ ਮਾਮਲੇ ਉਨ੍ਹਾਂ ਦੇ ਸਿਆਸੀ ਚਿਤਰਪਟ ਤੋਂ ਗਾਇਬ ਹਨ। ਮਿਸਟਰ ਕੇਜਰੀਵਾਲ ਪੰਜਾਬ ਨੂੰ ਹਾਲੇ ਤੱਕ ਸਮਝ ਹੀ ਨਹੀ ਸਕੇ। ਉਹ ਪੰਜਾਬੀਆਂ ਨੂੰ ਨਰੇਲੇ ਵਿੱਚ ਰਹਿੰਦੇ ਉਨ੍ਹਾਂ ਪਰਵਾਸੀ ਪਰਵਾਰਾਂ ਵਾਂਗ ਦੇਖਦੇ ਹਨ ਜਿਨ੍ਹਾਂ ਲਈ ਹਜਾਰ ਰੁਪਏ ਬਹੁਤ ਵੱਡੀ ਰਕਮ ਹੁੰਦੀ ਹੈ ਅਤੇ ਜੋ ਇਸ ਨਿਗੂਣੀ ਰਕਮ ਲਈ ਹੀ ਪਰਚ ਜਾਂਦੇ ਹਨ।

ਭਾਜਪਾ ਵੱਡੀ ਸਰਗਰਮੀ ਨਾਲ ਪੰਜਾਬ ਵਿੱਚ ਉਤਰਨ ਦਾ ਮਨ ਬਣਾ ਰਹੀ ਹੈ। ਉਹ ਰਵਾਇਤੀ ਹਿੰਦੂ ਵੋਟ ਤੇ ਟੇਕ ਰੱਖ ਰਹੀ ਹੈ ਜਿਸਦਾ ਇਸ ਵਾਰ ਕਾਂਗਰਸ ਤੋਂ ਮੋਹ ਭੰਗ ਹੋ ਗਿਆ ਹੋਇਆ ਹੈ। ਹੁਣੇ ਜਿਹੇ ਪਰਕਾਸ਼ਤ ਹੋਏ ਕੁਝ ਅੰਕੜੇ ਦੱਸਦੇ ਹਨ ਕਿ 2017 ਵਿੱਚ ਪੰਜਾਬ ਦੇ ਸ਼ਹਿਰੀ ਹਿੰਦੂ ਨੇ, ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਰੋਕਣ ਲਈ ਸਮੁੱਚੇ ਰੂਪ ਵਿੱਚ ਕਾਂਗਰਸ ਨੂੰ ਵੋਟ ਪਾਈ ਸੀ। ਇਸ ਵੇਲੇ ਪੰਜਾਬ ਦਾ ਸ਼ਹਿਰੀ ਹਿੰਦੂ ਕਾਂਗਰਸ ਤੋਂ ਖੁਸ਼ ਨਹੀ ਹੈ। ਭਾਜਪਾ ਇਸ ਹਿੰਦੂ ਵੋਟ ਨੂੰ ਆਪਣੇ ਨਾਲ ਜੋੜਨਾ ਚਾਹੁੰਦੀ ਹੈ। ਭਾਵੇਂ ਕੋਈ ਸੀਟ ਜਿੱਤੇ ਜਾਂ ਨਾ ਪਰ ਵੋਟ ਉਸਨੂੰ ਪਵੇ।

ਇਸ ਕੰਮ ਲਈ ਭਾਜਪਾ ਨੇ ਕਿਸਾਨਾਂ ਦੀ ਕੋਈ ਸਿਆਸੀ ਪਾਰਟੀ ਖੜ੍ਹੀ ਕਰਵਾਉਣ ਲਈ ਵੱਡੇ ਯਤਨ ਅਰੰਭੇ ਹੋਏ ਹਨ। ਭਾਜਪਾ ਦਾ ਇਹ ਅੰਦਾਜ਼ਾ ਹੈ ਕਿ ਜੇ ਕਿਸਾਨ ਆਪਣੀ ਕੋਈ ਚੌਥੀ ਧਿਰ ਬਣਾ ਲੈਣ ਤਾਂ ਉਹ ਹਰ ਹਲਕੇ ਤੋਂ ਲਗਭਗ 20 ਹਜਾਰ ਵੋਟ ਤੋੜ ਸਕਦੇ ਹਨ ਜੋ ਕਿ ਅਕਾਲੀ ਦਲ ਤੇ ਕਾਂਗਰਸ ਨੂੰ ਪੈਣੀ ਸੀ। 20 ਹਜਾਰ ਵੋਟ ਟੁੱਟਣ ਦੇ ਨਾਲ ਨਾਲ ਉਹ ਸ਼ਹਿਰੀ ਹਿੰਦੂ ਵੋਟ ਨੂੰ ਆਪਣੇ ਲਈ ਇਕੱਠਾ ਕਰਨਾ ਚਾਹੁੰਦੇ ਹਨ। ਪਰ ਹਾਲੇ ਕਿਸਾਨ ਜਥੇਬੰਦੀਆਂ ਨੇ ਅਜਿਹਾ ਕੋਈ ਫੈਸਲਾ ਨਹੀ ਕੀਤਾ ਇਸ ਲਈ ਭਾਜਪਾ ਦੇ ਸੁਪਨਿਆਂ ਨੂੰ ਬੂਰ ਨਹੀ ਪੈ ਰਿਹਾ।

ਕਾਂਗਰਸ ਭਾਵੇਂ ਅੰਦਰੋ ਕਾਫੀ ਖਿੱਚੋਤਾਣ ਦਾ ਸ਼ਿਕਾਰ ਹੈ ਪਰ ਇਕੱਠੀ ਨਜ਼ਰ ਆਉਣ ਦਾ ਯਤਨ ਕਰ ਰਹੀ ਹੈ। ਆਪਣੀਆਂ ਸਾਰੀਆਂ ਕਮਜੋਰੀਆਂ ਦੇ ਬਾਵਜੂਦ ਕਾਂਗਰਸ ਹਾਲੇ ਵੀ ਪੰਜਾਬ ਵਿੱਚ ਅੱਗੇ ਚੱਲ ਰਹੀ ਹੈ। ਆਉਣ ਵਾਲੇ ਦਿਨਾਂ ਵਿੱਚ ਸਥਿਤੀ ਬਦਲ ਵੀ ਸਕਦੀ ਹੈ। ਅਕਾਲੀ ਦਲ ਅਤੇ ਭਾਜਪਾ ਦੀ ਸਿਆਸੀ ਨੀਤੀ ਵਿੱਚ ਤਬਦੀਲੀ ਪੰਜਾਬ ਦਾ ਵੋਟ ਦ੍ਰਿਸ਼ ਬਦਲ ਸਕਦੀ ਹੈ।