੧੯੪੭ ਦੀ ਸੱਤਾ ਤਬਦੀਲੀ ਤੋਂ ਬਾਅਦ ਦਿੱਲੀ ਦੇ ਹਾਕਮਾਂ ਦੀ ਨਿਗਾਹ ਪੰਜਾਬ ਵੱਲ ਹੀ ਰਹੀ ਹੈ। ਬਾਕੀ ਭਾਰਤ ਨਾਲ਼ੋਂ ਪੰਜਾਬ ਦੀ ਸਿਆਸੀ ਫਿਜ਼ਾ ਉਨ੍ਹਾਂ ਦਾ ਤਰਜੀਹੀ ਵਿਸ਼ਾ ਰਹੀ ਹੈ। ਪੰਜਾਬ ਨੂੰ ਉਹ ਆਪਣੀ ਕਠਪੁਤਲੀ ਬਣਾ ਕੇ ਨਚਾਉਣ ਦੀਆਂ ਰੀਝਾਂ ਪਾਲਦੇ ਰਹੇ ਹਨ। ਇਹ ਪੰਜਾਬ ਹੀ ਸੀ ਜੋ ਗੋਰਿਆਂ ਦਾ ਰਾਹ ਰੋਕਣ ਲਈ ਰੇਲ ਗੱਡੀਆਂ ਦੇ ਅੱਗੇ ਪੈ ਗਿਆ ਸੀ ਅਤੇ ਉਹ ਪੰਜਾਬ ਹੀ ਸੀ ਜੋ ਕਾਲੇ ਪਾਣੀਆਂ ਦੀਆਂ ਸਜ਼ਾਵਾਂ ਕੱਟਕੇ ਵੀ ਜੈਕਾਰੇ ਗਜਾਉਂਦਾ ਵਾਪਸ ਆ ਗਿਆ ਸੀ।

ਇਸੇ ਲਈ ਭਾਰਤ ਦੇ ਨਵੇਂ ਹਾਕਮਾਂ ਲਈ ਪੰਜਾਬ ਬਹੁਤ ਸਿਰਦਰਦੀ ਦਾ ਵਿਸ਼ਾ ਬਣ ਗਿਆ ਸੀ। ਉਹ ਜਾਣਦੇ ਸਨ ਕਿ ਜਿਹੜੇ ਪੰਜਾਬ ਨੇ ਮੁਗਲਾਂ ਅਤੇ ਅੰਗਰੇਜ਼ਾਂ ਦੀ ਈਨ ਨਹੀ ਮੰਨੀ ਉਹ ਸਾਡੀ ਪੰਜਾਲੀ ਹੇਠ ਵੀ ਬਹੁਤਾ ਚਿਰ ਨਹੀ ਟਿਕੇਗਾ। ‘ਰਾਜ ਕਰੇਗਾ ਖਾਲਸਾ’ ਦਾ ਜੋ ਸੰਕਲਪ ਪੰਜਾਬ ਨੂੰ ਅੱਤਿਆਚਾਰਾਂ ਦਾ ਸਾਹਮਣਾਂ ਕਰਨ ਲਈ ਬਲ ਬਖਸ਼ਦਾ ਹੈ ਉਹ ਬਲ ਹੁਣ ‘ਅਜ਼ਾਦ ਭਾਰਤ’ ਦੇ ਹਾਕਮਾਂ ਵਿਰੁੱਧ ਵੀ ਵਰਤਿਆ ਜਾ ਸਕਦਾ ਹੈ।

ਇਸ ਲਈ ਦਿੱਲੀ ਦੇ ਹਾਕਮਾਂ ਨੇ ਪੰਜਾਬ ਵਿੱਚ ਸੱਤਾ ਦਾ ਪੈਟਰਨ ਅਜਿਹਾ ਘੜਿਆ ਕਿ ਦੇਖਣ ਨੂੰ ਤਾਂ ਪੰਜਾਬ ਦੀ ਸੱਤਾ ਤੇ ਕੇਸ ਦਾਹੜੀਆਂ ਵਾਲੇ ਸੱਜਣ ਕਾਬਜ ਸਨ ਪਰ ਉਹ ਲੁਕਵੇਂ ਢੰਗ ਨਾਲ ਦਿੱਲੀ ਦੇ ਏਜੰਟ ਬਣਕੇ ਹੀ ਕੰਮ ਕਰ ਰਹੇ ਸਨ। ੧੯੪੭ ਤੋਂ ਬਾਅਦ ਪੰਜਾਬ ਵਿੱਚ ਇੱਕ ਤਰ੍ਹਾਂ ਦਿੱਲੀ ਹੀ ਰਾਜ ਕਰ ਰਹੀ ਸੀ। ਪੰਜਾਬ ਦੀਆਂ ਸਿਆਸੀ, ਸਮਾਜਕ ਅਤੇ ਆਰਥਕ, ਧਾਰਮਕ ਤਰਜੀਹਾਂ ਕੀ ਹੋਣ ਇਸਦਾ ਫੈਸਲਾ ਦਿੱਲੀ ਤੋਂ ਹੁੰਦਾ ਸੀ। ਸੰਸਦ ਅਤੇ ਅਦਾਲਤਾਂ ਦਿੱਲੀ ਦੇ ਪ੍ਰਜੈਕਟ ਦੇ ਅਹਿਮ ਥੰਮ ਸਨ। ਲੋਕਾਂ ਨੂੰ ਅਜ਼ਾਦੀ ਦੇ ਭੁਲੇਖੇ ਪਾਕੇ ਅਸਲ ਵਿੱਚ ਦਿੱਲੀ ਦੀ ਬਸਤੀ ਬਣਾ ਕੇ ਰੱਖਿਆ ਹੋਇਆ ਸੀ।

ਪੰਜਾਬ ਦੇ ਫੈਸਲੇ ਭਾਰਤ ਦੀ ਇੰਟੈਲੀਜੈਂਸ ਕਰਦੀ ਸੀ।

ਹੁਣ ਫਿਰ ਇੱਕ ਵਾਰ ਪੰਜਾਬ ਨੂੰ ਆਪਣੇ ਹਾਕਮ ਚੁਣਨ ਦਾ ਮੌਕਾ ਮਿਲ ਰਿਹਾ ਹੈ। ਇਸ ਵੇਲੇ ਤਿੰਨ ਧਿਰਾਂ ਪੰਜਾਬ ਦੀ ਸਿਆਸੀ ਸੱਤਾ ਤੇ ਆਪਣਾਂ ਹੱਕ ਜਮਾਉਣ ਲਈ ਯਤਨ ਕਰ ਰਹੀਆਂ ਹਨ। ਰਵਾਇਤੀ ਸਿਆਸਤਦਾਨ ਜਿਵੇਂ ਅਸੀਂ ਪਹਿਲਾਂ ਆਖ ਚੁੱਕੇ ਹਾਂ ਕਿ ਦਿੱਲੀ ਦੀ ਸਿਆਸੀ ਖੇਡ ਦਾ ਹਿੱਸਾ ਬਣੇ ਹੋਏ ਹਨ। ਉਨ੍ਹਾਂ ਤੋਂ ਦਿੱਲੀ ਨੂੰ ਅੱਖਾਂ ਦਿਖਾਉਣ ਅਤੇ ਪੰਜਾਬ ਦੀਆਂ ਮੰਗਾਂ ਲਈ ਕਿਸੇ ਕਿਸਮ ਦੀ ਆਸ ਨਹੀ ਰੱਖੀ ਜਾ ਸਕਦੀ, ਕਿਉਂਕਿ ਦਿੱਲੀ ਨੇ ਉਨ੍ਹਾਂ ਨੂੰ ਖੁੱਲ਼੍ਹ ਦੇ ਦਿੱਤੀ ਹੋਈ ਹੈ ਕਿ ਉਹ ਭਰਿਸ਼ਟਾਚਾਰ ਜਿੰਨਾ ਮਰਜੀ ਕਰ ਲੈਣ ਪਰ ਪੰਜਾਬ ਦੇ ਕੌਮੀ ਹੱਕਾਂ ਹਿੱਤਾਂ ਬਾਰੇ ਕੁਝ ਨਾ ਬੋਲਣ। ਆਪਣੀ ਆਰਥਕ ਅਤੇ ਸਿਆਸੀ ਹਿਰਸ ਪੂਰੀ ਕਰਨ ਲਈ ਇਨ੍ਹਾਂ ਰਵਾਇਤੀ ਪਾਰਟੀਆਂ ਨੇ ਪੰਜਾਬ ਨੂੰ ਭਰਿਸ਼ਟਾਚਾਰ ਦੇ ਅੱਡੇ ਬਣਾ ਦਿੱਤਾ ਹੋਇਆ ਹੈ। ਇਸ ਵੇਲੇ ਪੰਜਾਬ ਵਿੱਚ ਇੱਕ ਤੀਜੀ ਸਿਆਸੀ ਧਿਰ ਵੀ ਮੈਦਾਨ ਵਿੱਚ ਆਈ ਹੈ। ਜੋ ਪੰਜਾਬ ਵਾਸੀਆਂ ਨੂੰ ਤੀਜਾ ਬਦਲ ਦੇਣ ਦੇ ਵਾਅਦੇ ਕਰ ਰਹੀ ਹੈ।

ਅਸੀਂ ਇਹ ਨਹੀ ਆਖ ਰਹੇ ਕਿ ਇਹ ਤੀਜੀ ਧਿਰ ਆਮ ਆਦਮੀ ਪਾਰਟੀ ਸਿੱਖਾਂ ਦੇ ਉਹ ਜ਼ਖਮ ਪੂਰੀ ਤਰ੍ਹਾਂ ਭਰ ਦੇਵੇਗੀ ਜੋ ਭਾਰਤੀ ਸਟੇਟ ਨੇ ਪਿਛਲੇ ੬ ਦਹਾਕਿਆਂ ਤੋਂ ਸਿੱਖਾਂ ਦੀ ਮਾਨਸਿਕਤਾ ਤੇ ਲਾਏ ਹਨ। ਪਰ ਸਾਡਾ ਮੰਨਣਾਂ ਹੈ ਕਿ ਇਹ ਹੋ ਸਕਦਾ ਹੈ ਦਿੱਲੀ ਦੀ ਲੰਬੇ ਸਮੇਂ ਤੋਂ ਚਲੀ ਆੁਉਂਦੀ ਖੇਡ ਨੂੰ ਕੁਝ ਹੱਦ ਤੱਕ ਖਿਲਾਰ ਦੇਵੇ। ਸਾਡਾ ਇਹ ਵੀ ਮੰਨਣਾਂ ਹੈ ਕਿ ਆਮ ਆਦਮੀ ਪਾਰਟੀ ਨੇ ਨਾ ਤਾਂ ਨਹਿਰ ਬਣਨੋ ਰੋਕ ਲੈਣੀ ਹੈ ਅਤੇ ਨਾ ਹੀ ਸਿੱਖਾਂ ਦੀਆਂ ਸਿਆਸੀ ਮੰਗਾਂ ਪੂਰੀ ਤਰ੍ਹਾਂ ਮੰਨ ਲੈਣੀਆਂ ਹਨ ਪਰ ਇਸਦਾ ਕਿਉਂਕਿ ਦਿੱਲੀ ਤੇ ਕਾਬਜ ਵਰਤਮਾਨ ਧਿਰ ਨਾਲ ਇੱਟ-ਕੁਤੇ ਦਾ ਵੈਰ ਹੈ ਇਸ ਲਈ ਵੱਡੇ ਦੁਸ਼ਮਣ ਦੇ ਖੇਮੇ ਖਿਲਾਰਨ ਲਈ ਅਤੇ ਉਨ੍ਹਾਂ ਵਿੱਚ ਆਪਸੀ ਜੰਗ ਛੇੜਨ ਲਈ ਇਸ ਤੀਜੀ ਧਿਰ ਨੂੰ ਅਜਮਾ ਲੈਣਾਂ ਚਾਹੀਦਾ ਹੈ।

ਦੂਜਾ ਸਿੱਖਾਂ ਦੀਆਂ ਆਸਾਂ ਅਤੇ ਮੰਗਾਂ ਵੀ ਦੋ ਕਿਸਮ ਦੀਆਂ ਹਨ। ਇੱਕ ਨਿੱਜੀ ਜਿੰਦਗੀ ਦੀਆਂ ਅਤੇ ਦੂਜੀਆਂ ਕੌਮੀ ਜਿੰਦਗੀ ਦੀਆਂ। ਸਿੱਖਾਂ ਨੂੰ ਵਰਤਮਾਨ ਰਾਜ ਵਿੱਚ ਪੈਰ ਪੈਰ ਤੇ ਪੁਲਿਸ ਹੱਥੋਂ ਅਤੇ ਅਫਸਰਸ਼ਾਹੀ ਹੱਥੋਂ ਜਲਾਲਤ ਸਹਿਣੀ ਪੈ ਰਹੀ ਹੈ। ਪੰਜਾਬ ਪੁਲਿਸ ਅਤੇ ਅਫਸਰਸ਼ਾਹੀ ਗੁੰਡਾ ਗਰੋਹਾਂ ਵਾਂਗ ਕੰਮ ਕਰ ਰਹੀ ਹੈ। ਇਸ ਲਈ ਪੰਜਾਬ ਦੇ ਲੋਕਾਂ (ਸਿੱਖਾਂ) ਦੀ ਪਹਿਲੀ ਤਰਜੀਹ ਅਸੀਂ ਸਮਝਦੇ ਹਾਂ ਕਿ ਨਿੱਤ ਦਿਨ ਪੈਰ ਪੈਰ ਤੇ ਹੁੰਦੀ ਜਲਾਲਤ ਅਤੇ ਸੱਥਾਂ ਵਿੱਚ ਰੁਲਦੀਆਂ ਪੱਗਲ ਚੁੰਨੀਆਂ ਨੂੰ ਰੋਕਣਾਂ ਹੈ। ਜਦੋਂ ਸਿੱਖਾਂ ਦਾ ਸਵੈਮਾਣ ਬਰਕਰਾਰ ਰਹਿ ਗਿਆ ਫਿਰ ਉਹ ਕੌਮੀ ਕਾਜ ਲਈ ਆਪ ਹੀ ਸੰਗਠਿਤ ਹੋ ਜਾਣਗੇ। ਬਾਦਲਸ਼ਾਹੀ ਨੇ ਸਿੱਖਾਂ ਨੂੰ ਕੌਮੀ ਤੌਰ ਤੇ ਖੇਰੂੰ ਖੇਰੂੰ ਕਰ ਦਿੱਤਾ ਹੈ। ਜਿਸ ਧਿਰ ਨੇ ਪੰਜਾਬ ਲਈ ਕੁਝ ਕਰਨਾ ਸੀ ਉਹ ਜਾਂ ਤਾਂ ਲਾਲਚ ਦੇ ਕੇ ਆਪਣੇ ਨਾਲ ਰਲਾ ਲਈ ਹੈ ਜਾਂ ਫਿਰ ਜੇਲ਼੍ਹਾਂ ਵਿੱਚ ਡੱਕ ਦਿੱਤੀ ਹੈ। ਪੰਜਾਬ ਦੀ ਅਸਲ ਵਾਰਸ ਧਿਰ ਨੂੰ ਕੁਝ ਚਿਰ ਲਈ ਸਾਹ ਦਿਵਾਉਣ ਲਈ ਅਤੇ ਸਿਆਸੀ ਤੌਰ ਤੇ ਮੁੜ ਤੋਂ ਸੰਗਠਿਤ ਹੋਣ ਲਈ ਸੱਤਾ ਵਿੱਚ ਤਬਦੀਲੀ ਦੀ ਕਾਫੀ ਲੋੜ ਹੈ। ਅਸੀਂ ਸਮਝਦੇ ਹਾਂ ਕਿ ਤੀਜੀ ਧਿਰ ਪੁਲਿਸ ਅਤੇ ਅਫਸਰਸ਼ਾਹੀ ਦੀ ਵਰਤੋਂ ਏਨੀ ਬੇਕਿਰਕੀ ਨਾਲ ਨਹੀ ਕਰੇਗੀ ਜਿੰਨੀ ਬੇਕਿਰਕੀ ਨਾਲ ਬਾਦਲ-ਕੈਪਟਨ ਧਿਰਾਂ ਕਰਦੀਆਂ ਹਨ। ਕੁਉਂਕਿ ਇਨਾਂ ਦੇ ਲੀਡਰ ਦੀਆਂ ਨਿਗਾਹਾਂ ਦੇਸ਼ ਦਾ ਪ੍ਰਧਾਨ ਮੰਤਰੀ ਬਣਨ ਤੇ ਹਨ ਆਪਣੀ ਸਿਆਸੀ ਇੱਛਾ ਨੂੰ ਪੂਰਨ ਕਰਨ ਲਈ ਉਹ ਘੱਟੋ-ਘੱਟ ੧੦ ਸਾਲ ਤਾਂ ਬੇਕਿਰਕ ਨਹੀ ਹੋਵੇਗਾ। ਐਨੇ ਸਮੇਂ ਦੌਰਾਨ ਸਿੱਖਾਂ ਦੀ ਸਿਆਣੀ ਧਿਰ ਨੂੰ ਪੈਰ ਜਮਾਉਣ ਦਾ ਮੌਕਾ ਮਿਲ ਜਾਵੇਗਾ।

ਸੋ ਪੰਜਾਬ ਨੂੰ ਸਿਆਸੀ ਤੌਰ ਤੇ ਤਬਦੀਲ ਕਰਨ ਲਈ ਦੋ ਜਹਿਰ ਦੇ ਪਿਆਲਿਆਂ ਨੂੰ ਨਕਾਰ ਕੇ ਅਜਿਹੇ ਗਲਾਸ ਨੂੰ ਹੱਥ ਪਾਉਣਾਂ ਸਿਆਣਪ ਹੈ ਜਿਸ ਵਿੱਚ ਲਗਦਾ ਦੁੱਧ ਹੈ ਪਰ ਲੋਕ ਕਹਿੰਦੇ ਹਨ ਕਿ ਇਸ ਵਿੱਚ ਜਹਿਰ ਮਿਲਿਆ ਹੋ ਸਕਦਾ ਹੈ। ਪਹਿਲੇ ਦੋ ਪਿਆਲਿਆਂ ਦਾ ਤਾਂ ਪਤਾ ਹੀ ਹੈ ਕਿ ਉਹ ਜਹਿਰ ਦੇ ਹਨ।

ਬਾਕੀ ਪੰਜਾਬ ਦੇ ਲੋਕ ਆਪ ਸਿਆਣੇ ਹਨ।