ਪੰਜਾਬ ਨਾ ਹਿੰਦੂ ਨਾ ਮੁਸਲਮਾਨ
ਪੰਜਾਬ ਜੀਂਦਾ ਗੁਰਾਂ ਦੇ ਨਾਅ ਤੇ
ਪੰਜਾਬ ਹਮੇਸ਼ਾ ਹੀ ਗੁਰਾਂ ਦੇ ਨਾਅ ਤੇ ਜੀਂਦਾ ਰਿਹਾ ਹੈ। ਗੁਰੂ ਸਾਹਿਬ ਪੰਜਾਬ ਅਤੇ ਇੱਥੋਂ ਦੇ ਲੋਕਾਂ ਦੇ ਜੀਵਨ ਦਾ ਹਿੱਸਾ ਹਨ। ਪੰਜਾਬ ਜਾਗਦਾ ਵੀ ਗੁਰਾਂ ਦੇ ਨਾਅ ਤੇ ਹੈ ਅਤੇ ਸੌਂਦਾ ਵੀ ਗੁਰਾਂ ਦੇ ਨਾਅ ਤੇ ਹੈ। ਗੁਰਾਂ ਤੋਂ ਬਿਨਾ ਪੰਜਾਬ ਆਪਣੇ ਜੀਵਨ ਨੂੰ ਚਿਤਵ ਵੀ ਨਹੀ ਸਕਦਾ। ਗੁਰਾਂ ਦੀ ਬਖਸ਼ਿਸ਼ ਹੀ ਪੰਜਾਬ ਵਿੱਚ ਹਮੇਸ਼ਾ ਆਪਣਾਂ ਚਾਨਣ ਬਖੇਰਦੀ ਰਹਿੰਦੀ ਹੈ। ਪੰਜਾਬ ਦੇ ਕਣ ਕਣ ਵਿੱਚ ਗੁਰੂ ਵਸੇ ਹੋਏ ਹਨ। ਗੁਰੂ ਸਾਹਿਬਾਂ ਦੀ ਬਾਣੀ ਦੀ ਰੁਹਾਨੀਅਤ, ਉਨ੍ਹਾਂ ਦੇ ਜੀਵਨ ਦੀਆਂ ਘਟਨਾਵਾਂ ਅਤੇ ਉਨ੍ਹਾਂ ਵੱਲ਼ੋਂ ਪਾਏ ਪੂਰਨੇ ਹੀ ਪੰਜਾਬ ਦੇ ਮਾਰਗ ਦਰਸ਼ਕ ਹਨ। ਪੰਜਾਬ ਗੁਰਾਂ ਦੇ ਨਾਅ ਤੇ ਮਹਿਜ਼ ਜੀਵਨ ਹੀ ਨਹੀ ਜਿਉਂਦਾ ਬਲਕਿ ਆਪਣਾਂ ਜੀਵਨ ਵੀ ਗੁਰਾਂ ਦੇ ਨਾਅ ਤੇ ਵਾਰਦਾ ਹੈ। ਗੁਰੂ ਲਈ ਆਪਣੇ ਆਪ ਨੂੰ ਕੁਰਬਾਨ ਕਰ ਦੇਣਾਂ ਪੰਜਾਬ ਦੇ ਹਿੱਸੇ ਹੀ ਆਇਆ ਹੈ। ਇਸੇ ਲਈ ਹਰ ਸੌਖ਼ੀ ਅਤੇ ਔਖ਼ੀ ਘੜੀ ਪੰਜਾਬ ਗੁਰਾਂ ਦੀ ਬਖ਼ਸ਼ਿਸ਼ ਦਾ ਹੀ ਪਾਤਰ ਬਣਨਾ ਲੋਚਦਾ ਹੈ। ਗੁਰੂ ਪੰਜਾਬ ਦੇ ਹਿਰਦਿਆਂ ਵਿੱਚ ਇਤਿਹਾਸਕ ਤੌਰ ਤੇ ਵਸੇ ਹੋਏ ਹਨ ਇਸੇ ਲਈ ਜਦੋਂ ਗੁਰੂ ਸਾਹਿਬ ਦੀ ਕੋਈ ਗੱਲ ਹੁੰਦੀ ਹੈ ਤਾਂ ਪੰੰਜਾਬ ਆਪਣੇ ਛੋਟੇ ਛੋਟੇ ਵੈਰ ਵਿਰੋਧ ਭੁਲਾਕੇ ਗੁਰੂਆਂ ਦੀ ਅਜ਼ਮਤ ਅਤੇ ਸਤਿਕਾਰ ਲਈ ਇੱਕਮੁੱਠ ਹੋ ਜਾਂਦਾ ਹੈ। ਪੰਜਾਬ ਗੁਰਾਂ ਤੋਂ ਬਿਨਾ ਆਪਣੇ ਜੀਵਨ ਨੂੰ ਜੀਵਨ ਨਹੀ ਸਮਝਦਾ। ਗੁਰਾਂ ਤੋਂ ਵਿਹੂਣੀ ਜਿੰਦਗੀ ਦੇ ਪੰਜਾਬ ਲਈ ਕੋਈ ਅਰਥ ਨਹੀ ਹਨ। ਪੰਜਾਬ ਜੀਂਦਾ ਵੀ ਗੁਰਾਂ ਦੇ ਨਾਅ ਤੇ ਹੈ ਅਤੇ ਮਰਦਾ ਵੀ ਗੁਰਾਂ ਦੇ ਨਾਅ ਤੇ ਹੈ।
ਵੀਹਵੀਂ ਅਤੇ ਇੱਕੀਵੀਂ ਸਦੀ ਦੇ ਹਾਕਮਾਂ ਨੂੰ ਸ਼ਾਇਦ ਇਸ ਭੁਲੇਖੇ ਨੇ ਆਪਣੀ ਗਰਿਫਤ ਵਿੱਚ ਲੈ ਲਿਆ ਸੀ ਕਿ ਪੰਜਾਬ ਵਿੱਚੋਂ ਗੁਰਾਂ ਦੀ ਬਖਸ਼ਿਸ਼ ਵਾਲਾ ਕੰਡਾ ਉਨ੍ਹਾਂ ਨੇ ਕੱਢ ਦਿੱਤਾ ਹੈ। ਜਿਨ੍ਹਾਂ ਦੀ ਆਤਮਾਂ ਵਿੱਚੋਂ ਸਬਰ ਅਤੇ ਸ਼ੁਕਰ ਦੇ ਸੋਮੇ ਸੁੱਕ ਗਏ ਹੋਏ ਹਨ ਉਨ੍ਹਾਂ ਨੇ ਪੰਜਾਬ ਨੂੰ ਨਸ਼ੇੜੀਆਂ ਅਤੇ ਜਰਾਇਮ ਪੇਸ਼ਾ ਲੋਕਾਂ ਦਾ ਖਿੱਤਾ ਸਮਝਕੇ ਨਕਾਰ ਦਿੱਤਾ ਸੀ। ਵਕਤ ਦੇ ਅਬਦਾਲੀਆਂ ਅਤੇ ਨਾਦਰਾਂ ਨੇ ਇਹ ਸਮਝ ਲਿਆ ਸੀ ਕਿ ਪੰਜਾਬ ਮਹਿਜ਼ ਭੰਗੜੇ ਪਾਉਣ ਵਾਲਾ ਅਤੇ ਨਸ਼ਿਆਂ ਵਿੱਚ ਗਲਤਾਨ ਰਹਿਣ ਵਾਲਾ ਖਿੱਤਾ ਬਣਕੇ ਰਹਿ ਗਿਆ ਹੈ। ਉਹ ਆਪਣੀ ੩੦ ਸਾਲਾਂ ਦੀ ਕਾਰਗੁਜ਼ਾਰੀ ਤੇ ਖੁਸ਼ੀ ਮਨਾ ਰਹੇ ਸਨ। ਪਰ ਪੰਜਾਬ ਕਦੇ ਵੀ ਗੁਰਾਂ ਦੀ ਬਖਸ਼ਿਸ਼ ਅਤੇ ਰਹਿਮਤ ਤੋਂ ਸੱਖਣਾਂ ਨਹੀ ਹੁੰਦਾ। ਗੁਰੂ ਸਾਹਿਬ ਇਸਦੀ ਜਿੰਦਗੀ ਦੀ ਧੜਕਣ ਬਣੇ ਹੋਏ ਹਨ। ਗੁਰੂ ਦੀ ਬਖਸ਼ਿਸ਼ ਹੀ ਇਸ ਧਰਤੀ ਨੂੰ ਵਕਤ ਦੇ ਹਾਕਮਾਂ ਦੇ ਮਾਰੂ ਹੱਲਿਆਂ ਤੋਂ ਬਚਾਉਂਦੀ ਰਹੀ ਹੈ।
ਇਸੇ ਲਈ ਜਦੋਂ ਗੁਰੂ ਦੇ ਅਪਮਾਨ ਦੀ ਗੱਲ ਆਈ ਤਾਂ ਪੂਰਾ ਪੰਜਾਬ ਆਪਣੇ ਗੁਰੂ ਦੇ ਸਤਿਕਾਰ ਲਈ ਆਪਣੀਆਂ ਜਾਨਾਂ ਦੀ ਪਰਵਾਹ ਨਾ ਕਰਕੇ ਮੈਦਾਨ ਵਿੱਚ ਆ ਗਿਆ। ਜਿਹੜੇ ਪੁਲਿਸ ਅਫਸਰ ਇਹ ਮਾਣ ਕਰਦੇ ਹਨ ਕਿ ਉਨ੍ਹਾਂ ਨੇ ੨-੨ ਹਜਾਰ ਸਿੰਘ ਸ਼ਹੀਦ ਕਰਕੇ ਪੰਜਾਬ ਵਿੱਚੋਂ ਗੁਰਾਂ ਦੀ ਬਖਸ਼ਿਸ਼ ਦਾ ਖੁਰਾ ਖੋਜ ਮਿਟਾ ਦਿੱਤਾ ਹੈ ਉਨ੍ਹਾਂ ਨੂੰ ਪਿਛਲੇ ਹਫਤੇ ਪੰਜਾਬ ਵਿੱਚ ਵਾਪਰੀਆਂ ਘਟਨਾਵਾਂ ਤੋਂ ਕੋਈ ਸਬਕ ਲੈਣਾਂ ਚਾਹੀਦਾ ਹੈ। ਜਦੋਂ ਪੰਜਾਬ ਦੇ ਹਰ ਮੋੜ ਤੇ ਬਾਬਾ ਬੋਤਾ ਸਿੰਘ ਗਰਜਾ ਸਿੰਘ ਅਤੇ ਮਾਈ ਭਾਗ ਕੌਰ ਦੇ ਵਾਰਸ ਖੜ੍ਹੇ ਸਨ। ਗੁਰਾਂ ਦੇ ਪੁੱਤਰ ਪੁੱਤਰੀਆਂ ਜਿਵੇਂ ਆਪਣੇ ਇਤਿਹਾਸਕ ਨਾਇਕਾਂ ਦੇ ਹਵਾਲੇ ਦੇ ਕੇ ਵਕਤ ਦੇ ਹਾਕਮਾਂ ਨੂੰ ਬਾਜ ਆ ਜਾਣ ਦੀਆਂ ਚਿਤਾਵਨੀਆਂ ਦੇ ਰਹੇ ਸਨ ਇਹ ਸਭ ਕੁਝ ਗੁਰੂ ਸਾਹਿਬ ਦੀ ਸਿਖਿਆ ਅਤੇ ਗੁਰੂ ਸਾਹਿਬਾਂ ਵੱਲ਼ੋਂ ਪੰਜਾਬ ਉਤੇ ਕੀਤੀ ਹੋਈ ਬਖਸ਼ਿਸ਼ ਦਾ ਹੀ ਨਤੀਜਾ ਸੀ।
ਵਕਤ ਦੇ ਔਰੰਗਿਆਂ ਨੂੰ ਪੰਜਾਬ ਨੇ ਜਿਵੇਂ ਸ਼ਰੇਆਮ ਵੰਗਾਰਿਆ ਉਸ ਤੋਂ ਉਨ੍ਹਾਂ ਵਿਦਵਾਨਾਂ ਅਤੇ ‘ਮਾਹਰਾਂ’ ਨੂੰ ਇਹ ਸਮਝ ਲੈਣਾਂ ਚਾਹੀਦਾ ਹੈ ਕਿ ਪੰਜਾਬ ਦੇ ਮਨ ਵਿੱਚ ਕੀ ਹੈ। ਪੰਜਾਬ ਆਪਣੇ ਇਤਿਹਾਸ ਅਤੇ ਆਪਣੇ ਗੁਰੂ ਸਾਹਿਬਾਂ ਤੋਂ ਇੱਕ ਪਲ ਲਈ ਵੀ ਵੱਖ ਨਹੀ ਹੋ ਸਕਦਾ। ਆਪਣੇ ਗੁਰੂ ਸਾਹਿਬ ਲਈ ਉਹ ਕਿਸੇ ਸੰਗਤ ਦਰਸ਼ਨ ਦੇ ਮਾਹਰ, ਚਲਾਕ ਸਿਆਸਤਦਾਨ ਦੀ ਗੰਦੀ ਖੇਡ ਸਦਾ ਲਈ ਨਹੀ ਚੱਲਣ ਦੇ ਸਕਦਾ। ਪੰਜਾਬ ਤੋਂ ਲੈਕੇ ਕੈਲੇਫੋਰਨੀਆਂ ਤੱਕ ਦੀ ਸਿੱਖ ਕੌਮ ਨੇ ਜਿਵੇ ਸ਼ੋਸ਼ਲ ਮੀਡੀਆ ਤੇ ਆਪਣੇ ਇਤਿਹਾਸ ਦੀ ਜਾਗ ਲਗਾਕੇ ਸੰਦੇਸ਼ ਭੇਜੇ ਹਨ ਉਹ ਹਰ ਇੱਕ ਪੰਥ ਦੋਖੀ ਲਈ ਸਬਕ ਹਨ ਕਿ ਪੱੰਜਾਬ ਨੂੰ ਵਿਕਾਊ ਮਾਲ ਸਮਝਣਾਂ ਬੰਦ ਕਰ ਦੇਣ। ਜੇ ਅਕਾਲ ਤਖਤ ਸਾਹਿਬ ਤੋਂ ਵੀ ਗੁਰੂ ਦੀ ਸਿਖਿਆ ਦੇ ਉਲਟ ਕੋਈ ਫੈਸਲਾ ਆਉਂਦਾ ਹੈ ਤਾਂ ਪੰਥ ਉਸ ਨੂੰ ਵੀ ਮੰਨਣ ਤੋਂ ਇਨਕਾਰ ਕਰ ਦਿੰਦਾ ਹੈ ਕਿਉਂਕਿ ਪੰਥ ਜਾਣਦਾ ਹੈ ਕਿ ਗੁਰੂ ਸਾਹਿਬ ਦੀ ਰੂਹ ਨਾਲ ਦਗਾ ਕਮਾਕੇ ਉਹ ਚੈਨ ਦੀ ਨੀਂਦ ਨਹੀ ਸੌਂ ਸਕਦਾ।
ਪਿਛਲੇ ਹਫਤੇ ਗੁਰੂ ਸਾਹਿਬਾਂ ਦੀ ਰਹਿਮਤ ਪੰਜਾਬ ਤੇ ਦੂਣ ਸਵਾਈ ਹੋਕੇ ਵਗੀ ਹੈ। ਗੁਰੂ ਸਾਹਿਬਾਂ ਨੇ ਪੰਜਾਬ ਨੂੰ ਗੂੜ੍ਹੀ ਨੀਂਦ ਤੋਂ ਜਗ ਦਿੱਤਾ ਹੈ। ਇਹ ਸਭ ਗੁਰੂ ਸਾਹਿਬ ਦੇ ਆਪਣੇ ਹੀ ਚੋਜ ਹਨ। ਗੁਰੂ ਸਾਹਿਬ ਭਾਈ ਜੋਗਾ ਸਿੰਘ ਵਾਂਗ ਆਪ ਹੀ ਆਪਣੇ ਪੰਥ ਨੂੰ ਗਲਫਤ ਦੀ ਨੀਂਦ ਵਿੱਚੋਂ ਜਗਾਉਣ ਆ ਜਾਂਦੇ ਹਨ। ਨੀਂਦ ਵਿੱਚੋਂ ਜਾਗੇ ਪੰਥ ਖਾਲਸਾ ਨੇ ਇਸੇ ਲਈ ਹਾਕਮਾਂ ਦੀ ਨੀਂਦ ਹਰਾਮ ਕਰ ਦਿੱਤੀ ਹੈ।
ਇਹ ਸਭ ਕੁਝ ਗੁਰੂ ਦੀ ਕਲਾ ਹੀ ਵਰਤ ਰਹੀ ਹੈ ਇਸੇ ਲਈ ਪੰਜਾਬ ਨੂੰ ਆਪਣੀ ਜਾਗੀਰ ਸਮਝਣ ਵਾਲੇ ਪਿਛਲੇ ਇੱਕ ਹਫਤੇ ਤੋਂ ਪੰਜਾਬ ਵਿੱਚ ਪੈਰ ਧਰਨ ਜੋਗੇ ਨਹੀ ਰਹੇ। ਗੁਰੂ ਸਾਹਿਬਾਂ ਦੀ ਬਖਸ਼ਿਸ਼ ਦੇ ਰੰਗ ਅਨੇਕ ਹਨ । ਆਪਣੀ ਆਕੜ ਅਤੇ ਹੰਕਾਰ ਵਿੱਚ ਅੰਨ੍ਹਾਂ ਹੋਇਆ ਕੋਈ ਹਾਕਮ ਜੇ ਇਹ ਸਮਝਦਾ ਹੈ ਕਿ ਪੰਜਾਬ ਨੂੰ ਉਸਨੇ ਗੁਲਾਮ ਬਣਾ ਲਿਆ ਹੈ ਤਾਂ ਉਸ ਦੇ ਹੰਕਾਰ ਨੂੰ ਗੁਰੂ ਸਾਹਿਬ ਆਪ ਹੀ ਤੋੜ ਦਿੰਦੇ ਹਨ।
ਗੁਰੂ ਸਾਹਿਬ ਨੇ ਆਪ ਹੀ ਪੰਜਾਬ ਨੂੰ ਨੀਂਦ ਤੋਂ ਜਗਾ ਦਿੱਤਾ ਹੈ। ਪੰਜਾਬ ਹੁਣ ਫਿਰ ਆਪਣੀ ਹੋਣੀ ਅਤੇ ਆਪਣੇ ਇਤਿਹਾਸ ਬਾਰੇ ਚੇਤੰਨ ਹੋ ਗਿਆ ਹੈ। ਸਿਰਫ ਇਤਿਹਾਸ ਬਾਰੇ ਹੀ ਨਹੀ ਬਲਕਿ ਆਪਣੇ ਭਵਿੱਖ ਬਾਰੇ ਵੀ। ਇਹੋ ਹੀ ਗੁਰੂ ਦੀ ਬਖਸ਼ਿਸ ਹੈ ਅਤੇ ਪੰਜਾਬ ਹਮੇਸ਼ਾ ਗੁਰੂ ਸਾਹਿਬ ਦੀ ਇਸੇ ਬਖਸ਼ਿਸ਼ ਦੇ ਸਹਾਰੇ ਜੀਂਦਾ ਰਿਹਾ ਹੈ।