ਬੀਤੇ ਕੁਝ ਦਿਨਾਂ ਤੋਂ ਪੰਜਾਬ ਅੰਦਰ ਖਾਸ ਕਰਕੇ ੨੪ ਸਤੰਬਰ ਨੂੰ ਅਚਨ ਚੇਤ ਪੰਜ ਸਿੰਘ ਸਾਹਿਬਾਨਾਂ ਵੱਲੋਂ ਸੌਦਾ ਸਾਧ ਦੇ ਮਾਫੀਨਾਮੇ ਦਾ ਹੁਕਮਨਾਮਾ ਜਾਰੀ ਹੋਣ ਤੋਂ ਬਾਅਦ, ਸਮਾਜਿਕ, ਰਾਜਸੀ ਅਤੇ ਧਾਰਮਿਕ ਤਣਾਅ, ਖਾਸ ਕਰਕੇ ਸਿੱਖ ਭਾਈਚਾਰੇ ਵਿੱਚ ਬਹੁਤ ਬੇਚੈਨੀ ਅਤੇ ਦੁਖਾਂਤ ਵਾਲਾ ਹੈ। ਇਨਾਂ ਦਿਨਾਂ ਵਿੱਚ ਕੁਝ ਅਣਪਛਾਤੇ ਬੰਦਿਆਂ ਵੱਲੋਂ ਇੱਕ ਜੂਨ ਨੂੰ ਇੱਕ ਪਿੰਡ ਦੇ ਗੁਰਦੁਆਰਾ ਸਾਹਿਬ ਵਿਚੋਂ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਚੋਰੀ ਕਰ ਲਿਆ ਸੀ। ਗੁਰੂ ਸਾਹਿਬ ਦੇ ਸਰੂਪ ਬਾਰੇ ਚੋਰੀ ਦੀ ਅਰਜੀ ਪਿੰਡ ਵਾਲਿਆਂ ਨੇ ਪੁਲੀਸ ਨੂੰ ਦੋ ਜੂਨ ਨੂੰ ਦੇ ਦਿੱਤੀ ਸੀ। ਉਸ ਵੇਲੇ ਇਹ ਮਾਮਲਾ ਇੱਕ ਦੋ ਅਖਬਾਰਾਂ ਦੀ ਛੋਟੀ ਜਿਹੀ ਖਬਰ ਬਣਿਆਂ ਤੇ ਪੁਲੀਸ ਦੀ ਕਾਰਜ਼ਗਾਰੀ ਵੀ ਕਾਗਜ਼ਾਂ ਤੱਕ ਹੀ ਸੀਮਿਤ ਰਹੀ। ਹੁਣ ਪਿਛਲੇ ਦਸ ਦਿਨਾਂ ਤੋਂ ਇੱਕ ਦੋ ਥਾਵਾਂ ਤੇ ਬਰਗਾੜੀ ਪਿੰਡ ਜੋ ਕੋਟਕਪੂਰਾ ਦੇ ਨੇੜੇ ਹੈ, ਵਿਖੇ ਹੱਥ ਲਿਖਤ ਪੋਸਟਰ ਲਾਏ ਗਏ ਜਿਨਾਂ ਰਾਹੀ ਇਹ ਦਾਅਵਾ ਕੀਤਾ ਗਿਆ ਕਿ ਚੋਰੀ ਹੋਇਆ ਸਰੂਪ ਸਾਡੇ ਕੋਲ ਹੈ ਅਤੇ ਸਿੱਖਾਂ ਨੂੰ ਇਹਨਾਂ ਪੋਸਟਰਾਂ ਰਾਹੀ ਦੱਸਿਆ ਗਿਆ ਸੀ ਕਿ ਸੱਤ ਦਿਨਾਂ ਦੇ ਅੰਦਰ ਤੁਸੀਂ ਆਪਣੇ ਗੁਰੂ ਨੂੰ ਲੱਭ ਲਉ ਜੋ ਬਰਗਾੜੀ ਪਿੰਡ ਵਿੱਚ ਕਿਸੇ ਜਗਾ ਤੇ ਹੈ ਨਹੀਂ ਤਾਂ ਸੱਤ ਦਿਨਾਂ ਤੋਂ ਬਾਅਦ ਗੁਰੂ ਸਾਹਿਬ ਦੇ ਸਰੂਪ ਨੂੰ ਪਿੰਡ ਦੀਆਂ ਗਲੀਆਂ ਵਿੱਚ ਖਿਲਾਰ ਦਿੱਤਾ ਜਾਵੇਗਾ। ਇੰਨੀ ਵੱਡੀ ਜਨਤਕ ਧਮਕੀ ਭਰੀ ਖਬਰ ਤੋਂ ਬਾਅਦ ਵੀ ਪੁਲੀਸ ਪ੍ਰਸ਼ਾਸਨ ਤੇ ਆਮ ਸਿੱਖਾਂ ਤੇ ਸਿੱਖ ਲੀਡਰਸ਼ਿਪ ਨੇ ਇਸ ਨੂੰ ਕੋਈ ਤਵੱਜੋਂ ਨਹੀਂ ਦਿੱਤੀ ਤੇ ਸਦਾ ਵਾਂਗ ਆਪਣੀ ਨਿੱਤਮਾਰੀ ਜਿੰਦਗੀ ਜਿਉਣ ਵਿੱਚ ਹੀ ਮਹਿਫੂਜ ਰਹੇ।

ਠੀਕ ਸੱਤ ਦਿਨ ਬਾਅਦ ਧਮਕੀ ਵਾਲੇ ਬੰਦਿਆਂ ਨੇ ਗੁਰੂ ਸਾਹਿਬ ਦੇ ਸਰੂਪ ਦੇ ਸੌ ਤੋਂ ਉਪਰ ਅੰਗ ਪਿੰਡ ਬਰਗਾੜੀ ਦੀਆਂ ਗਲੀਆਂ ਵਿੱਚ ਵੱਖ-ਵੱਖ ਥਾਵਾਂ ਤੋਂ ਖਿਲਾਰ ਦਿੱਤੇ। ਇਸ ਬੇਅਦਬੀ ਬਾਅਦ ਜਦੋਂ ਕੁਝ ਘੰਟਿਆਂ ਬਾਅਦ ਆਮ ਸਿੱਖਾਂ ਨੂੰ ਪਤਾ ਲੱਗਿਆ ਤਾਂ ਹਾਹਾਕਾਰ ਮੱਚ ਗਈ ਅਤੇ ਪ੍ਰਸਾਸ਼ਨ ਤੇ ਸਰਕਾਰ ਨੂੰ ਵੀ ਕੁੰਭ ਕਰਨੀ ਨੀਂਦ ਤੋਂ ਜਾਗਣਾ ਪਿਆ। ਇਸ ਦੇ ਬਾਵਜੂਦ ਸਿੱਖਾਂ ਦੇ ਮਨਾਂ ਵਿੱਚ ਪੰਜਾਬ ਅਤੇ ਦੁਨੀਆਂ ਵਿੱਚ ਇੱਕ ਬੇਵਸੀ ਅਤੇ ਮਾਯੂਸੀ ਆਉਣੀ ਲਾਜ਼ਮੀ ਸੀ। ੧੯੮੪ ਦੇ ਘੱਲੂਘਾਰੇ ਤੋਂ ਬਾਅਦ ਪਹਿਲੀ ਵਾਰ ਆਮ ਸਧਾਰਨ ਸਿੱਖ ਰਾਜਨੀਤਿਕ ਪ੍ਰਛਾਵੇਂ ਛੱਡ ਕੇ ਵੱਡੀ ਗਿਣਤੀ ਵਿੱਚ ਕੋਟਕਪੂਰੇ ਅਤੇ ਬਰਗਾੜੀ ਪਿੰਡ ਵਿੱਚ ਇਕੱਤਰ ਹੋਣੇ ਸ਼ੁਰੂ ਹੋ ਗਏ। ਇੰਨਾ ਇੱਕਠਾਂ ਵਿੱਚ ਨਾ ਤਾਂ ਕੋਈ ਪੰਜਾਬ ਸਰਕਾਰ ਦਾ ਨੁਮਾਇੰਦਾ ਸੀ ਤੇ ਨਾ ਹੀ ਸਿੱਖਾਂ ਦੀ ਸਭ ਤੋਂ ਵੱਡੀ ਪ੍ਰਤੀਨਿਧ ਜਮਾਤ ਜੋ ਕਿ ਪੰਜਾਬ ਸਰਕਾਰ ਹੀ ਚਲਾ ਰਹੀ ਸੀ ਦਾ ਕੋਈ ਮੈਂਬਰ ਸੀ ਤੇ ਨਾ ਹੀ ਐਸ.ਜੀ.ਪੀ.ਸੀ ਦੀ ਕੋਈ ਸਿਰਮੌਰ ਹਸਤੀ ਜਾਂ ਨੁਮਾਇੰਦਾ ਇੰਨਾ ਇੱਕਠਾਂ ਵਿੱਚ ਨਜ਼ਰ ਆਇਆ। ਇਸ ਰੋਸ ਭਰੀ ਘੜੀ ਵਿੱਚ ਸ਼੍ਰੋਮਣੀ ਅਕਾਲੀ ਦਲ ਦਾ ਅਤੇ ਐਸ.ਜੀ.ਪੀ.ਸੀ ਦਾ ਕਿਰਦਾਰ ਬਹੁਤ ਬੁਰੀ ਤਰਾਂ ਖੋਖਲਾ ਤੇ ਨਿਰਬਸਤਰ ਸਿੱਧ ਹੋਇਆ ਹੈ। ਆਮ ਸਿੱਖਾਂ ਨੇ ਆਪ ਮੁਹਾਰੇ ਹੀ ਆਪਣੇ ਵੈਰਾਗ ਦਾ ਅਤੇ ਗੁਰੂ ਦੀ ਹੋਈ ਬੇਅਦਬੀ ਦੇ ਰੋਸ ਨੂੰ ਸਮਝਦਿਆਂ ਹੋਇਆਂ ਸੜਕਾਂ ਹਜ਼ਾਰਾਂ ਦੀ ਗਿਣਤੀ ਵਿੱਚ ਭਰ ਦਿੱਤੀਆਂ ਜੋ ਕਿ ਅੱਜ ਵੀ ਬਹੁਤ ਥਾਵਾਂ ਸਿੱਖਾਂ ਦੇ ਇਕੱਠ ਨਾਲ ਭਰੀਆਂ ਨਜ਼ਰ ਆ ਰਹੀਆਂ ਹਨ ਅਤੇ ਥਾਂ ਥਾਂ ਤੇ ਪੰਜਾਬ ਵਿੱਚ ਪੂਰੀ ਆਵਾਜਾਈ ਨੂੰ ਪ੍ਰਭਾਵਤ ਕਰ ਰਹੇ ਹਨ।

ਗੁਰੂ ਸਾਹਿਬ ਜੀ ਦੀ ਬੇਅਦਬੀ ਤੋਂ ਕਾਫੀ ਅਰਸਾ ਬਾਅਦ ਸਿੱਖ ਅਵਾਮ ਨੇ ਆਪ ਮੁਹਾਰੇ ਇੱਕਠੇ ਹੋ ਕੇ, ਜਿਸ ਵਿੱਚ ਇਸਤਰੀਆਂ ਨੇ ਵੀ ਇੱਕਠੇ ਹੋ ਕੇ ਪੰਜਾਬ ਸਾਰਕਾਰ ਨੂੰ ਅਤੇ ਇਸ ਨਾਲ ਜੁੜੀ ਧਿਰ ਸ਼੍ਰੋਮਣੀ ਅਕਾਲੀ ਦਲ ਨੂੰ ਪੂਰੀ ਤਰਾਂ ਨਕਾਰ ਦਿੱਤਾ ਹੈ ਇੰਨਾ ਰੋਸ ਇੱਕਠਾਂ ਨੇ ਇਹ ਵੀ ਸਿੱਧ ਕੀਤਾ ਹੈ ਕਿ ਆਮ ਸਧਾਰਨ ਸਿੱਖ ਅੱਜ ਵੀ ਸਿੱਖੀ ਪ੍ਰਤੀ ਅਤੇ ਆਪਣੇ ਗੁਰੂ ਗ੍ਰੰਥ ਸਾਹਿਬ ਪ੍ਰਤੀ ਆਪਣੀ ਸ਼ਰਧਾ ਤੇ ਸਤਿਕਾਰ ਪੂਰੀ ਤਰਾਂ ਬਰਕਰਾਰ ਰੱਖ ਰਹੇ ਹਨ। ਇੰਨਾਂ ਰੋਸ ਇੱਕਠਾਂ ਵਿੱਚ ਭਾਵੇਂ ਕਈ ਥਾਵਾਂ ਤੇ ਖਾਲਿਸਤਾਨ ਪੱਖੀ ਨਾਅਰੇ ਤੇ ਬੋਰਡ ਵੀ ਲੱਗੇ ਹਨ ਪਰ ਇਹ ਰੋਸ ਕਰ ਰਹੇ ਸਿੱਖਾਂ ਦਾ ਪ੍ਰਗਾਟਾਵਾ ਨਹੀਂ ਜਾਪਦਾ ਸਗੋਂ ਸਦਾ ਵਾਂਗ ਜਦੋਂ ਵੀ ਸਿੱਖਾਂ ਦਾ ਕੋਈ ਰੋਸ ਜਾਂ ਜ਼ਜ਼ਬਾ ਸਾਹਮਣੇ ਆਇਆ ਹੈ ਉਸਨੂੰ ਨਾਅਰੇ ਲਾਉਣ ਵਾਲੀ ਜਮਾਤ ਬਰਸਾਤੀ ਡੱਡੂਆਂ ਵਾਂਗ ਉੱਠ ਕੇ ਆਪਣੇ ਲੇਖੇ ਵਿੱਚ ਪਾਉਣਾ ਚਾਹੁੰਦੀ ਹੈ। ਇਸ ਦੁਖਦਾਈ ਘਟਨਾ ਦਾ ਅਜੇ ਤੱਕ ਪੰਜਾਬ ਸਰਕਾਰ ਕੋਲ ਇੰਨੇ ਦਿਨ ਬੀਤਣ ਤੋਂ ਬਾਅਦ ਵੀ ਕੋਈ ਜਵਾਬ ਨਹੀਂ ਹੈ ਅਤੇ ਪੰਜਾਬ ਵਿੱਚੋਂ ਵੀ ਗੁਰੂ ਗ੍ਰੰਥ ਸਾਹਿਬ ਦੀ ਜੋ ਬੇਕਦਰੀ ਤੇ ਨਿਰਾਦਰੀ ਹੋਈ ਹੈ ਉਸਨੇ ਹਰ ਸਿੱਖ ਦਾ ਹਿਰਦਾ ਚੀਰ ਕੇ ਰੱਖ ਦਿੱਤਾ ਹੈ ਅਤੇ ਹਰ ਕੋਈ ਅਸੁਰੱਖਿਅਤ ਮਹਿਸ਼ੂਸ ਕਰ ਰਿਹਾ ਹੈ ਭਾਵੇਂ ਬਰਗਾੜੀ ਵਾਲੀ ਘਟਨਾ ਤੋਂ ਬਾਅਦ ਪੰਜਾਬ ਅੰਦਰ ਕਈ ਹੋਰ ਥਾਵਾਂ ਤੇ ਵੀ ਇਸ ਤਰਾਂ ਦੇ ਕਾਰਨਾਮੇ ਹੋਏ ਹਨ ਪਰ ਉਨਾਂ ਵਿੱਚੋਂ ਕਈ ਥਾਵਾਂ ਤੇ ਰੰਗੇ ਹੱਥੀ ਦੋਸ਼ੀਆਂ ਨੂੰ ਫੜ ਵੀ ਲਿਆ ਗਿਆ ਹੈ ਪਰ ਬਰਗਾੜੀ ਕਾਂਡ ਦਾ ਅੱਜ ਵੀ ਕੋਈ ਨਾ ਸੁਰਾਗ ਹੈ ਤੇ ਨਾ ਹੀ ਗੁਰੂ ਸਾਹਿਬ ਦੇ ਬਾਕੀ ਸਰੂਪ ਬਾਰੇ ਪ੍ਰਸ਼ਾਸਨ ਜਾਂ ਪੁਲੀਸ ਕੋਈ ਜਾਣਕਾਰੀ ਹਾਸਲ ਕਰ ਸਕੇ ਹਨ ਜਿਸ ਨੂੰ ਉਹ ਜਨਤਕ ਕਰ ਸਕਣ। ਬਰਗਾੜੀ ਵਾਲੇ ਦੁਖਾਂਤ ਕਾਂਡ ਤੋਂ ਬਾਅਦ ਸੰਤ-ਸਮਾਜ ਸ਼੍ਰੋਮਣੀ ਅਕਾਲੀ ਦਲ ਸਿੰਘ ਸਾਹਿਬਾਨ ਅਤੇ ਹੋਰ ਪੰਥਕ ਜੱਥੈਬੰਦੀਆਂ ਦਾ ਕਿਰਦਾਰ ਵੀ ਕਾਫੀ ਹੱਦ ਤੱਕ ਨੀਵਾਂ ਹੋਇਆ ਹੈ। ਆਮ ਸਿੱਖਾਂ ਦੇ ਦੁਖਾਂਤ ਭਰੇ ਰੋਸ ਅੱਗੇ ਝੁਕਦਿਆਂ ਵੀਹ ਤੋਂ ਉੱਪਰ ਐਸ.ਜੀ.ਪੀ.ਸੀ ਮੈਂਬਰਾਂ ਨੇ ਸ਼੍ਰੋਮਣੀ ਅਕਾਲੀ ਦਲ ਪਾਰਟੀ ਅਤੇ ਆਪਣੀ ਮੈਂਬਰੀ ਤੋਂ ਅਸਤੀਫੇ ਦੇ ਦਿੱਤੇ ਹਨ ਅਤੇ ਐਸ.ਜੀ.ਪੀ.ਸੀ ਦੇ ਇਕ ਸੀਨੀਅਰ ਲੀਡਰ ਜਥੇਦਾਰ ਭੌਰ ਨੇ ਐਸ.ਜੀ.ਪੀ.ਸੀ ਤੇ ਅਕਾਲੀ ਦਲ ਤੋਂ ਕਿਨਾਰਾ ਕਰ ਲਿਆ ਹੈ। ਇਸੇ ਤਰ੍ਹਾਂ ਕਾਂਗਰਸ ਦੇ ਐਮ.ਐਲ.ਏ. ਰਮਨਦੀਪ ਸਿੰਘ ਸਿੱਕੀ ਜੋ ਕਿ ਪੂਰਨ ਗੁਰਸਿੱਖ ਹਨ ਨੇ ਵੀ ਆਪਣੀ ਐਮ.ਐਲ.ਏ. ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ ਤੇ ਉਨਾਂ ਨੇ ਕਿਹਾ ਹੈ ਕਿ ਜਿਹੜੀ ਸਰਕਾਰ ਆਪਣੇ ਆਪ ਨੂੰ ਸਿੱਖਾਂ ਦੀ ਸਰਕਾਰ ਕਹਾਂਉਦੀ ਹੈ ਉਸ ਕੋਲ ਇੰਨੀ ਹਿੰਮਤ ਵੀ ਨਹੀਂ ਕਿ ਉਹ ਆਪਣੇ ਗੁਰੂ ਦੀ ਬੇਅਦਬੀ ਨੂੰ ਰੋਕ ਸਕਣ। ਇਸ ਲਈ ਅਜਿਹੀ ਵਿਧਾਨ ਸਭਾ ਦਾ ਮੈਂਬਰ ਹੋਣਾ ਮੈਂ ਆਪਣਾ ਅਪਮਾਨ ਸਮਝਦਾ ਹਾਂ। ਇਸੇ ਤਰਾਂ ਸੰਤ ਸਮਾਜ ਅੰਦਰ ਵੀ ਗੰਭੀਰ ਤੇੜਾਂ ਆ ਚੁੱਕੀਆਂ ਹਨ। ਇਸ ਰੋਸ ਪ੍ਰਗਟਾਵੇ ਨੇ ਆਮ ਸਿੱਖਾਂ ਨੂੰ ਇੱਕ ਵਾਰ ਫੇਰ ਹਲੂਣਿਆਂ ਹੈ ਅਤੇ ਇੱਕਠਿਆ ਬੈਠ ਕੇ ਸੋਚਣ ਦਾ ਮੌਕਾ ਦਿੱਤਾ ਹੈ ਕਿ ਆਮ ਤੇ ਸਧਾਰਨ ਸਿੱਖਾਂ ਦਾ ਇੱਕਠ ਸਿੱਖ ਪੰਥ ਨੂੰ ਚੇਤੰਨਤਾ ਵੱਲ ਲੈ ਕੇ ਆ ਸਕਦਾ ਹੈ ਅਤੇ ਆਪਣੇ ਗੁਰੂ ਸਾਹਿਬਾਨ ਪ੍ਰਤੀ ਬਚਨਵੱਧਦਾ ਨੂੰ ਦੁਨੀਆਂ ਸਾਹਮਣੇ ਇਕ ਵਾਰ ਦੁਬਾਰਾ ਪ੍ਰਗਟਾਇਆ ਹੈ।

ਇਸ ਬਰਗਾੜੀ ਦੀ ਘਟਨਾਂ ਤੋਂ ਬਾਅਦ ਸਭ ਤੋਂ ਦੁਖਦਾਈ ਘਟਨ ਇਹ ਹੋਈ ਹੈ ਕਿ ਪੰਜਾਬ ਪੁਲੀਸ ਦਾ ਲੋਕਾਂ ਪ੍ਰਤੀ ਜਾਲਮਾਨਾ ਵਤੀਰਾ ਜਿਸ ਰਾਹੀਂ ਨਿਹੱਕੇ ਲੋਕਾਂ ਦੇ ਇੱਕਠ ਨੂੰ ਖਿਲਾਰਨ ਲਈ ਕੀਤਾ ਜਬਰਦਸਤ ਲਾਠੀਚਾਰਜ ਤੇ ਇਸ ਤੋਂ ਵੱਧ ਪੁਲੀਸ ਵੱਲੋਂ ਨਿਹੱਥੇ ਲੋਕਾਂ ਤੇ ਗੋਲੀ ਚਲਾ ਦੇਣਾ। ਜਿਸ ਨਾਲ ਦੋ ਨੋਜਵਾਨ ਭਾਈ ਗੁਰਜੀਤ ਸਿੰਘ ਤੇ ਭਾਈ ਕ੍ਰਿਸ਼ਨ ਵਰਿਆਮ ਸਿੰਘ ਸ਼ਹੀਦ ਹੋ ਗਏ ਤੇ ਹੋਰ ਅਨੇਕਾਂ ਸਿੱਖਾਂ ਦੇ ਸੱਟਾਂ ਤੇ ਗੋਲੀਆਂ ਲੱਗੀਆਂ। ਪਰ ਇਸਦੇ ਬਾਵਜੂਦ ਵੀ ਅੱਜ ਵੀ ਪੰਜਾਬ ਦੇ ਸਿੱਖ ਨਿਧੜਕ ਹੋ ਕਿ ਆਪਣੇ ਗੁਰੂ ਸਾਹਿਬ ਦੇ ਸਤਿਕਾਰ ਲਈ ਬੇਡਰ ਹੋ ਕੇ ਅਨੇਕਾਂ ਥਾਵਾਂ ਤੇ ਪੰਜਾਬ ਅੰਦਰ ਵੱਖ-ਵੱਖ ਥਾਵਾਂ ਤੇ ਮੁਕੇਰੀਆਂ ਤੋਂ ਬਿਆਸ, ਬਰਗਾੜੀ ਤੋਂ ਹਰੀਕੇ ਪੱਤਣ ਤੱਕ ਸੜਕਾਂ ਉੱਪਰ ਬੈਠ ਕੇ ਨਾਮ ਜਪ ਰਹੇ ਹਨ। ਮੈਂ ਮਹਿਸੂਸ ਕਰਦਾ ਹਾਂ ਕਿ ਗੁਰੂ ਸਾਹਿਬ ਦੀ ਇਸ ਘੋਰ ਬੇਅਦਬੀ ਕਰਕੇ ਸਿੱਖ ਕੌਮ ਨੂੰ ਇਸ ਆ ਰਹੀ ਦੀਵਾਲੀ ਨੂੰ ਕਿਸੇ ਵੀ ਰੂਪ ਵਿੱਚ ਨਹੀਂ ਮਨਾਉਣਾ ਚਾਹੀਦਾ ਅਜਿਹਾ ਸਾਂਤਮਈ ਕਦਮ ਸਿੱਖ ਕੌਮ ਲਈ ਜਰੂਰ ਕੋਈ ਅਹਿਮ ਨਤੀਜਾ ਲੈ ਕੇ ਆਵੇਗਾ।

ਇਸ ਘਟਨਾਕ੍ਰਮ ਦੇ ਸਬੰਧ ਵਿੱਚ ਪੰਜਾਬ ਸਰਕਾਰ ਵੱਲੋਂ ਜੋ ਦੋ ਸਿੱਖਾਂ ਨੂੰ ਪੁਲੀਸ ਵੱਲੋਂ ਅੱਜ ਫੜਿਆ ਦਰਸਾਇਆ ਹੈ ਉਸ ਪ੍ਰਤੀ ਵੀ ਪੰਜਾਬ ਲੋਕਾਂ ਅੰਦਰ ਬੜਾ ਵੱਡਾ ਸ਼ੰਕਾ ਬਣਿਆ ਹੋਇਆ ਹੈ ਅਤੇ ਖਾਸ ਕਰਕੇ ਸਿੱਖ ਪੀ.ਟੀ.ਸੀ. ਚੈਨਲ ਤੇ ਵੀ ਇਤਬਾਰ ਨਹੀਂ ਕਰਨਾ ਚਾਹੁੰਦੇ। ਕੁਲ ਮਿਲਾ ਕੇ ਇੰਨਾ ਤਾਜਾ ਫੜਾਈਆਂ ਤੇ ਪੁਲੀਸ ਕਾਰਵਾਈ ਨਾਲ ਲੋਕਾਂ ਅੰਦਰ ਰੋਹ ਕਿਸੇ ਤਰਾਂ ਵੀ ਘਟਿਆ ਨਹੀਂ ਹੈ। ਇਸ ਘਟਨਾ ਕ੍ਰਮ ਨੇ ਇੱਕ ਗੱਲ ਹੋਰ ਸਾਹਮਣੇ ਲਿਆਂਦੀ ਹੈ ਕਿ ਕਿਸੇ ਵੀ ਹਿੰਦੂ ਲੀਡਰ ਖਾਸ ਕਰਕੇ ਪੰਜਾਬ ਸਰਕਾਰ ਦੇ ਭਾਈਵਾਲ ਭਾਜਪਾ ਦੇ ਵੀ ਕਿਸੇ ਬੰਦੇ ਨੇ ਇਸ ਘਟਨਾਂ ਪ੍ਰਤੀ ਨਿੰਦਾ ਤੇ ਅਫਸੋਸ ਦੀ ਗੱਲ ਜਿਤਾਈ ਨਹੀਂ ਹੈ।