ਪੰਜਾਬ ਦੀ ਰਾਜਨੀਤੀ ਵਿਚ ਇਸ ਸਮੇਂ ਰਾਜਨੀਤਿਕ ਖਲਾਅ ਸਹਿਜੇ ਹੀ ਮਹਿਸੂਸ ਕੀਤਾ ਜਾ ਸਕਦਾ ਹੈ।ਇਸ ਵਿਚ ਬਦਲਾਅ ਲੈ ਕੇ ਆਉਣ ਲਈ ਗਹਿਰੀ ਸੰਵੇਦਨਾ ਦੀ ਮੌਜੂਦਗੀ ਵੀ ਦੇਖੀ ਜਾ ਸਕਦੀ ਹੈ ਕਿਉਂਕਿ ਪੰਜਾਬ ਦੇ ਲੋਕ ਨਵੀ ਲੀਡਰਸ਼ਿਪ ਦੀ ਤਾਂਘ ਰੱਖਦੇ ਹਨ।ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਇਸ ਖਲਾਅ ਨੂੰ ਪੂਰਨ ਲਈ ਪੂਰੀ ਵਾਹ ਲਗਾ ਰਹੇ ਹਨ।ਆਉਣ ਵਾਲੀਆਂ ਚੋਣਾਂ ਬਾਦਲ-ਕੈਪਟਨ ਦੇ ਰਾਜਨੀਤਿਕ ਯੁੱਗ ਤੋਂ ਬਾਅਦ ਕਿਸੇ ਹੋਰ ਦੀ ਅਗਵਾਈ ਵਿਚ ਲੜੀਆਂ ਜਾ ਵਾਲੀਆਂ ਪਹਿਲੀਆਂ ਚੋਣਾਂ ਹਨ।
ਸੀ ਵੋਟਰ ਅਤੇ ਏਬੀਪੀ ਨਿਊਜ਼ ਦੁਆਰਾ ਕੀਤੇ ਸਰਵੇ ਅਨੁਸਾਰ ਪੰਜਾਬ ਦੇ ਮੁੁੱਖ ਮੰਤਰੀ ਚੰਨੀ ਇਸ ਸਮੇਂ ਕਾਂਗਰਸ ਦੀ ਜੋਰਦਾਰ ਵਾਪਸੀ ਲਈ ਕੋਸ਼ਿਸ਼ਾਂ ਕਰਦੇ ਨਜ਼ਰ ਆ ਰਹੇ ਹਨ।ਹਾਲਾਂਕਿ ਆਮ ਸਮਝ ਅਨੁਸਾਰ ਮੌਜੂਦਾ ਕਾਂਗਰਸ ਪਾਰਟੀ, ਸੂਬਾ ਸਰਕਾਰ ਅਤੇ ਕੇਂਦਰੀ ਲੀਡਰਸ਼ਿਪ ਪ੍ਰਤੀ ਸੰਤੁਸ਼ਟੀ ਦੀ ਦਰ ਨਾਕਾਰਤਮਕ ਜਿਆਦਾ ਨਜ਼ਰ ਆਉਂਦੀ ਹੈ।ਪਰ ਫਿਰ ਵੀ ਹਾਲੀਆ ਸਰਵੇ ਅਨੁਸਾਰ ਪਿਛਲੇ ਇਕ ਮਹੀਨੇ ਵਿਚ ਹੀ ਮੁੱਖ ਮੰਤਰੀ ਚੰਨੀ ਦੀ ਲੋਕਪ੍ਰਿਯਤਾ ਵਿਚ ਗਿਆਰਾ ਅੰਕਾਂ ਨਾਲ ਭਾਰੀ ਵਾਧਾ ਹੋਇਆ ਹੈ।ਸੀ ਵੋਟਰ ਸਰਵੇ ਅਨੁਸਾਰ ਵੀਹ ਪ੍ਰਤੀਸ਼ਤ ਲੋਕ ਚੰਨੀ ਨੂੰ ਮੁੱਖ ਮੰਤਰੀ ਦੇ ਰੂਪ ਵਿਚ ਦੇਖਣਾ ਚਾਹੁੰਦੇ ਸਨ ਜਿਨ੍ਹਾਂ ਦੀ ਗਿਣਤੀ ਵਧ ਕੇ ਇਕੱਤੀ ਪ੍ਰਤੀਸ਼ਤ ਹੋ ਗਈ ਹੈ ਜੋ ਕਿ ਆਪਣੇ ਵਿਰੋਧੀਆਂ ਅਤੇ ਪ੍ਰਤੀਦਵੰਦੀਆਂ ਤੋਂ ਕਾਫੀ ਅੱਗੇ ਹੈ। ਇਸ ਦੇ ਮੁਕਾਬਲੇ ਅਰਵਿੰਦ ਕੇਜਰੀਵਾਲ ਦੀ ਰੇਟਿੰਗ ਅਕਤੂਬਰ ਵਿਚ ੨੨.੨ ਪ੍ਰਤੀਸ਼ਤ ਤੋਂ ਘੱਟ ਕੇ ੨੦.੯ ਪ੍ਰਤੀਸ਼ਤ ਤੱਕ ਆ ਗਈ ਹੈ।ਸੁਖਬੀਰ ਬਾਦਲ ਦੀ ਇਸ ਸਮੇਂ ਸੀਮਿਤ ਲੋਕਪ੍ਰਿਯਤਾ ਹੈ ਕਿਉਂਕਿ ਪੰਜਾਬ ਦੇ ਜਿਆਦਾਤਰ ਲੋਕ ਉਸ ਨੂੰ ਨਾਕਾਰਤਮਕ ਰੂਪ ਵਿਚ ਦੇਖ ਰਹੇ ਹਨ।ਅਕਾਲੀ ਪਾਰਟੀ ਆਪਣੇ ਮੁੱਖ ਅਕਾਲੀ ਸਮਰਥਕਾਂ ਤੋਂ ਪਰੇ ਆਪਣੀ ਪਹੁੰਚ ਬਣਾਉਣ ਵਿਚ ਨਾਕਾਮਯਾਬ ਰਹੀ ਹੈ।ਇਸ ਸਮੇਂ ਲੋਕਾਂ ਦਾ ਕਾਂਗਰਸ ਨਾਲੋਂ ਮੋਹ ਭੰਗ ਹੋਣ ਦੇ ਬਾਵਜੂਦ ਮੁੱਖ ਮੰਤਰੀ ਵਜੋਂ ਚੰਨੀ ਦਾ ਪੱਲੜਾ ਜਿਆਦਾ ਭਾਰੀ ਲੱਗ ਰਿਹਾ ਹੈ।
ਹਾਲੀਆ ਸਰਵੇ ਅਨੁਸਾਰ ਆਉਣ ਵਾਲੀਆਂ ਚੋਣਾਂ ਵਿਚ ਆਮ ਆਦਮੀ ਪਾਰਟੀ ਮੁੱਖ ਪ੍ਰਤੀਯੋਗੀ ਹੋਵੇਗੀ ਅਤੇ ਤ੍ਰਿਸ਼ੰਕੂ ਵਿਧਾਨ ਸਭਾ ਦੀ ਭਵਿੱਖਬਾਣੀ ਕੀਤੀ ਗਈ ਹੈ ਜਿਸ ਵਿਚ ਕਾਂਗਰਸ ਦੇ ਦੂਜੇ ਨੰਬਰ ਅਤੇ ਅਕਾਲੀ-ਬਸਪਾ ਗਠਜੋੜ ਦੇ ਤੀਜੇ ਨੰਬਰ ’ਤੇ ਰਹਿਣ ਦੀ ਸੰਭਾਵਨਾ ਹੈ।ਬੀਜੇਪੀ ਆਪਣੀ ਮਾਮੂਲੀ ਮੌਜੂਦਗੀ ਹੀ ਦਰਜ ਕਰਵਾ ਸਕਦੀ ਹੈ।ਸਰਵੇ ਅਨੁਸਾਰ ਆਮ ਆਦਮੀ ਪਾਰਟੀ ਨੂੰ ਪੰਜਾਬ ਵਿਚ ੪੯ ਤੋਂ ੫੫ ਸੀਟਾਂ ਪ੍ਰਾਪਤ ਹੋ ਸਕਦੀਆਂ ਹਨ ਜਦੋਂ ਕਿ ਕਾਂਗਰਸ ਪਾਰਟੀ ੩੦ ਤੋਂ ੪੭ ਸੀਟਾਂ ਪ੍ਰਾਪਤ ਕਰ ਸਕਦੀ ਹੈ।ਇਸ ਵਿਚ ਅਕਾਲੀ ਦਲ ਲਈ ੧੭ ਤੋਂ ੨੫ ਅਤੇ ਭਾਜਪਾ ਲਈ ੦-੧ ਸੀਟਾਂ ਦੀ ਭਵਿੱਖਬਾਣੀ ਕੀਤੀ ਗਈ ਹੈ।ਇਹ ਦੇਖਣਾ ਕਾਫੀ ਦਿਲਚਸਪ ਹੋਵੇਗਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਮੌਜੂਦਗੀ ਕਾਂਗਰਸ ਨੂੰ ਕਿਸ ਤਰਾਂ ਪ੍ਰਭਾਵਿਤ ਕਰਦੀ ਹੈ।ਇਸ ਬਾਰੇ ਅੰਦਾਜ਼ਾ ਕਾਂਗਰਸ ਦੁਆਰਾ ਆਪਣੇ ਉਮੀਦਵਾਰ ਘੋਸ਼ਿਤ ਕਰਨ ਤੋਂ ਵੀ ਲਗਾਇਆ ਜਾ ਸਕੇਗਾ।ਕੈਪਟਨ ਦੀ ਧਰਮ-ਨਿਰਪੱਖ ਛਵੀ ਹਿਦੂ ਵੋਟ ਬੈਂਕ ਨੂੰ ਪ੍ਰਭਾਵਿਤ ਕਰ ਸਕਦੀ ਹੈ।ਅਕਾਲੀ ਦਲ ਤੋਂ ਅਲੱਗ ਹੋਏ ਗਰੁੱਪ ਅਤੇ ਕੈਪਟਨ ਅਮਰਿੰਦਰ ਸਿੰਘ ਕਾਂਗਰਸ ਦੀ ਖੇਡ ਵਿਗਾੜਨ ਵਿਚ ਆਪਣਾ ਹਿੱਸਾ ਪਾ ਸਕਦੇ ਹਨ।ਆਮ ਆਦਮੀ ਪਾਰਟੀ ਤੋਂ ਭਾਰੀ ਉਮੀਦਾਂ ਦੇ ਬਾਵਜੂਦ ਅਜੇ ਤੱਕ ਮੁੱਖ ਮੰਤਰੀ ਦਾ ਚਿਹਰਾ ਨਾ ਐਲਾਨਿਆ ਜਾਣਾ ਉਨ੍ਹਾਂ ਦੇ ਵਿਰੁੱਧ ਭੁਗਤ ਸਕਦਾ ਹੈ।੨੦੧੪ ਦੀਆਂ ਸੰਸਦੀ ਚੋਣਾਂ ਵਿਚ ਚੰਗੀ ਕਾਰਗੁਜ਼ਾਰੀ ਤੋਂ ਬਾਅਦ ਆਮ ਆਦਮੀ ਪਾਰਟੀ ਪੰਜਾਬ ਵਿਚ ਸੱਤਾ ਦੇ ਰੂਪ ਵਿਚ ਆਪਣੀ ਮਹੱਤਵਪੂਰਨ ਮੌਜੂਦਗੀ ਨਹੀਂ ਦਰਜ ਕਰਵਾ ਸਕੀ ਹੈ।ਇਹਨਾਂ ਚੋਣਾਂ ਵਿਚ ਆਮ ਆਦਮੀ ਪਾਰਟੀ ਵਾਪਸੀ ਕਰ ਸਕਦੀ ਹੈ।ਅਗਰ ਮੁਕਾਬਲਾ ਬਾਦਲ ਜਾਂ ਕੈਪਟਨ ਅਮਰਿੰਦਰ ਦੇ ਵਿਰੁੱਧ ਹੁੰਦਾ ਤਾਂ ਆਮ ਆਦਮੀ ਪਾਰਟੀ ਦਾ ਸੂਬਾ ਪ੍ਰਧਾਨ ਭਗਵੰਤ ਮਾਨ ਮੁੱਖ ਮੰਤਰੀ ਵਜੋਂ ਮਹੱਤਵਪੂਰਨ ਭੂਮਿਕਾ ਨਿਭਾ ਸਕਦਾ ਸੀ।ਪਰ ਕਾਂਗਰਸ ਦੁਆਰਾ ਚੰਨੀ ਨੂੰ ਮੁੱਖ ਮੰਤਰੀ ਵਜੋਂ ਪੇਸ਼ ਕਰਨ ਨੇ ਸਾਰੇ ਰਾਜਨੀਤਿਕ ਸਮੀਕਰਨ ਕੁਝ ਹੱਦ ਤੱਕ ਬਦਲ ਦਿੱਤੇ ਹਨ।ਮੁੱਖ ਮੰਤਰੀ ਚੰਨੀ ਦੇ ਦਲਿਤ ਅਤੇ ਆਮ ਪਿਛੋਕੜ ਨਾਲ ਸੰਬੰਧਿਤ ਹੋਣ ਅਤੇ ਦ੍ਰਿੜ ਸੁਭਾਅ ਨੇ ਲੋਕਾਂ ਨੂੰ ਉਸ ਨਾਲ ਜੋੜ ਦਿੱਤਾ ਹੈ।
ਚੰਨੀ ਨੇ ਕੈਪਟਨ ਦੁਆਰਾ ਲੋਕਾਂ ਵਿਚ ਪੈਦਾ ਹੋਈ ਬੇਗਾਨਗੀ ਦੀ ਭਾਵਨਾ ਨੂੰ ਵੀ ਘੱਟ ਕੀਤਾ ਹੈ ਕਿਉਂਕਿ ਉਸ ਨੂੰ ਆਮ ਹੀ ਲੋਕਾਂ ਨਾਲ ਘੁਲਦੇ-ਮਿਲਦੇ ਦੇਖਿਆ ਜਾ ਸਕਦਾ ਹੈ।ਪਰ ਕਾਂਗਰਸ ਪਾਰਟੀ ਅਜੇ ਵੀ ਸਮੱਸਿਆਵਾਂ ਦਾ ਸਾਹਮਣਾ ਕਰ ਰਹੀ ਹੈ ਕਿਉਂਕਿ ਇਹ ਆਪਣੇ ਰਵਾਇਤੀ ਹਿੰਦੂ ਵੋਟ ਬੈਂਕ ਨੂੰ ਮਜਬੂਤ ਨਹੀਂ ਕਰ ਪਾਈ ਹੈ।ਇਸੇ ਰਵਾਇਤੀ ਹਿੰਦੂ ਵੋਟ ਬੈਂਕ ਨੇ ੨੦੧੭ ਦੀਆਂ ਚੋਣਾਂ ਵਿਚ ਮਹੱਤਵਪੂਰਨ ਭੂਮਿਕਾ ਅਦਾ ਕੀਤੀ ਸੀ।ਇਸ ਹਿੰਦੂ ਤਬਕੇ ਨੇ ਅਜੇ ਤੱਕ ਆਪਣੇ ਪੱਤੇ ਨਹੀਂ ਖੋਲੇ ਹਨ।ਆਮ ਆਦਮੀ ਪਾਰਟੀ ਦਾ ਮੁਖੀ ਅਰਵਿੰਦ ਕੇਜਰੀਵਾਲ ਵੀ ਇਸ ਹਿੰਦੂ ਤਬਕੇ ਦਾ ਸਮਰਥਨ ਪ੍ਰਾਪਤ ਕਰਨ ਲਈ ਪੁਰਜ਼ੋਰ ਕੋਸ਼ਿਸ਼ ਕਰ ਰਿਹਾ ਹੈ।ਅਕਾਲੀ-ਭਾਜਪਾ ਗਠਬੰਧਨ ਦੇ ਟੁੱਟਣ ਨਾਲ ਵੀ ਅਕਾਲੀ ਦਲ ਦੇ ਚੋਣ ਸਮੀਕਰਨਾਂ ਉੱਪਰ ਇਸ ਦਾ ਪ੍ਰਭਾਵ ਪਵੇਗਾ।
ਆਉਣ ਵਾਲੀਆਂ ਚੋਣਾਂ ਵਿਚ ਇਹ ਦੇਖਣਾ ਕਾਫੀ ਦਿਲਚਸਪ ਹੋਵੇਗਾ ਕਿ ਕਿਸਾਨੀ ਲੀਡਰਸ਼ਿਪ ਇਸ ਵਿਚ ਕੀ ਰੋਲ ਅਦਾ ਕਰਦੀ ਹੈ ਕਿਉਂਕਿ ਅੰਦੋਲਨ ਦੀ ਜਿੱਤ ਤੋਂ ਬਾਅਦ ਉਹ ਦਿੱਲੀ ਦੀਆਂ ਬਰੂਹਾਂ ਤੋਂ ਵਾਪਿਸ ਪੰਜਾਬ ਆ ਚੁੱਕੇ ਹਨ।ਕਿਸਾਨ ਅੰਦੋਲਨ ਦਾ ਹੁਣ ਤੱਕ ਮੁੱਖ ਪ੍ਰਭਾਵ ਇਹ ਰਿਹਾ ਹੈ ਕਿ ਇਸ ਨੇ ਭਾਜਪਾ ਨੂੰ ਹਾਸ਼ੀਏ ’ਤੇ ਕਰ ਦਿੱਤਾ ਹੈ ਕਿਉਂਕਿ ਖੇਤੀ ਕਾਨੂੰਨਾਂ ਨੂੰ ਲਾਗੂ ਕਰਨ ਕਰਕੇ ਲੋਕਾਂ ਦੇ ਵਿਰੋਧ ਦਾ ਸਾਹਮਣਾ ਪਾਰਟੀ ਨੂੰ ਕਰਨਾ ਪਿਆ ਹੈ।ਪੰਜਾਬ ਅਤੇ ਉੱਤਰ ਪ੍ਰਦੇਸ਼ ਵਿਚ ਚੋਣਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਖੇਤੀ ਕਾਨੂੰਨਾਂ ਦੀ ਵਾਪਸੀ ਤੋਂ ਬਾਅਦ ਭਾਜਪਾ ਪਿਛਲ਼ੇ ਇਕ ਸਾਲ ਦੌਰਾਨ ਪੈਦਾ ਹੋਏ ਲੋਕਾਂ ਦੇ ਵਿਰੋਧ ਨੂੰ ਵੀ ਘੱਟ ਕਰਨਾ ਚਾਹੁੰਦੀ ਹੈ।ਇਸੇ ਦੀ ਰੋਸ਼ਨੀ ਵਿਚ ਅਕਾਲੀਆਂ ਦੇ ਸਹਿਯੋਗੀ ਮਨਜਿੰਦਰ ਸਿੰਘ ਸਿਰਸਾ ਨੂੰ ਭਾਜਪਾ ਵਿਚ ਸ਼ਾਮਿਲ ਕੀਤੇ ਜਾਣਾ ਧਿਆਨ ਖਿੱਚਦਾ ਹੈ।ਰਾਜਨੀਤਿਕ ਨੇਤਾ ਵਿਚਾਰਧਾਰਕ ਦੀਵਾਲੀਆਪਣ ਦੇ ਸ਼ਿਕਾਰ ਹੋ ਚੁੱਕੇ ਹਨ।ਸਿਰਸਾ ਦੁਆਰਾ ਅਚਾਨਕ ਹੀ ਭਾਜਪਾ ਵਿਚ ਚਲੇ ਜਾਣਾ ਇਸੇ ਦੀ ਨਿਸ਼ਾਨਦੇਹੀ ਕਰਦਾ ਹੈ।ਇਸੇ ਸਿਰਸਾ ਨੇ ੨੦੨੦ ਦੀਆਂ ਦਿੱਲੀ ਅਸੈਂਬਲੀ ਦੀਆਂ ਚੋਣਾਂ ਭਾਜਪਾ ਦੁਆਰਾ ਪੇਸ਼ ਕੀਤੇ ਨਾਗਰਿਕਤਾ ਸੋਧ ਕਾਨੂੰਨ ਦੇ ਮੱੁਦੇ ’ਤੇ ਮਤਭੇਦ ਨੂੰ ਮੁੱਖ ਬਣਾ ਕੇ ਹੀ ਲੜੀਆਂ ਗਈਆਂ ਸਨ।ਸਿਰਸਾ ਨੇ ਕਿਹਾ ਸੀ, “ਸਾਡਾ ਸਟੈਂਡ ਬਿਲਕੁਲ ਸਪੱਸ਼ਟ ਹੈ ਕਿ ਦੇਸ਼ ਨੂੰ ਧਰਮ ਦੇ ਅਧਾਰ ਤੇ ਨਹੀਂ ਵੰਡਿਆ ਜਾ ਸਕਦਾ।” ਸਿਰਸਾ ਨੂੰ ਆਪਣੇ ਵਿਚ ਸ਼ਾਮਿਲ ਕਰਕੇ ਭਾਜਪਾ ਇਕ ਪੱਥਰ ਨਾਲ ਦੋ ਸ਼ਿਕਾਰ ਕਰਨਾ ਚਾਹੁੰਦੀ ਹੈ।ਉਹ ਕਿਸਾਨੀ ਅੰਦੋਲਨ ਦੇ ਸਮਰਥੱਕ ਨੂੰ ਆਪਣੀ ਪਾਰਟੀ ਵਿਚ ਸ਼ਾਮਿਲ ਕਰਕੇ ਕਿਸਾਨਾਂ ਦਾ ਭਰੋਸਾ ਜਿੱਤਣਾ ਚਾਹੁੰਦੀ ਹੈ।ਸਿਰਸਾ ਖੇਤੀ ਕਾਨੂੰਨਾਂ ਦਾ ਪ੍ਰਮੁੱਖ ਆਲੋਚਕ ਰਿਹਾ ਹੈ ਅਤੇ ਸਿੰਘੂ, ਟਿੱਕਰੀ ਅਤੇ ਗਾਜ਼ੀਪੁਰ ਸਰਹੱਦਾਂ ਉੱਪਰ ਲੰਗਰ ਲਗਾਉਣ ਵਿਚ ਉਸ ਨੇ ਮਹੱਤਵਪੂਰਨ ਭੂਮਿਕਾ ਅਦਾ ਕੀਤੀ।ਭਾਜਪਾ ਦੇ ਘੇਰੇ ਵਿਚ ਆਪਣੀ ਰਾਜਨੀਤਿਕ ਭਰੋਸੇਯੋਗਤਾ ਨੂੰ ਵਧਾਉਣ ਲਈ ਉਸ ਨੇ ੨੬ ਜਨਵਰੀ ਦੀ ਹਿੰਸਾ ਸਮੇਂ ਗ੍ਰਿਫਤਾਰ ਹੋਏ ਕਿਸਾਨਾਂ ਦੀ ਮਦਦ ਵੀ ਕੀਤੀ।ਖੇਤੀ ਕਾਨੂੰਨਾਂ ਦੇ ਵਿਰੋਧ ਤੋਂ ਬਾਅਦ ਭਾਜਪਾ ਦਾ ਗੇਮ ਪਲਾਨ ਸਿਰਸਾ ਰਾਹੀ ਸਿੱਖ ਭਾਈਚਾਰੇ ਵਿਚ ਆਪਣੇ ਪ੍ਰਤੀ ਮੁੜ ਵਿਸ਼ਵਾਸ ਜਗਾਉਣਾ ਹੈ।
ਗੁਰੂ ਨਾਨਕ ਦੇਵ ਜੀ ਦੀ ਜਨਮਭੂਮੀ ਕਰਤਾਰਪੁਰ ਸਾਹਿਬ ਜਾਣ ਲਈ ਕੋਰੀਡੋਰ ਮੁੜ ਖੋਲਣਾ ਵੀ ਭਾਜਪਾ ਦੀ ਰਣਨੀਤੀ ਦਾ ਹੀ ਹਿੱਸਾ ਹੈ ਕਿਉਂਕਿ ਪੰਜਾਬ ਵਿਚ ਸਰਕਾਰ ਬਣਾਉਣ ਲਈ ਸਿੱਖਾਂ ਦਾ ਸਮਰਥਨ ਹੋਣਾ ਬਹੁਤ ਜਰੂਰੀ ਹੈ।ਸਿਰਸਾ ਤੋਂ ਬਾਅਦ ਭਾਜਪਾ ਕੈਪਟਨ ਅਮਰਿੰਦਰ ਸਿੰਘ ਨਾਲ ਸਹਿਯੋਗ ਕਰਨ ਲਈ ਵੀ ਤਿਆਰ ਹੈ।ਕੈਪਟਨ ਨੇ ਇਹ ਪਹਿਲਾਂ ਹੀ ਐਲਾਨ ਕਰ ਦਿੱਤਾ ਹੈ ਕਿ ਉਹ ਅਕਾਲੀ ਦਲ ਤੋਂ ਅਲੱਗ ਹੋਏ ਨੇਤਾਵਾਂ ਨਾਲ ਵੀ ਗੱਲਬਾਤ ਕਰਨ ਲਈ ਤਿਆਰ ਹੈ ਜਿਸ ਵਿਚ ਸੁਖਦੇਵ ਸਿੰਘ ਢੀਂਡਸਾ ਦਾ ਨਾਂ ਮੁੱਖ ਰੂਪ ਵਿਚ ਸਾਹਮਣੇ ਆਉਂਦਾ ਹੈ।ਸਿਰਸਾ ਦੁਆਰਾ ਭਾਜਪਾ ਵਿਚ ਸ਼ਾਮਿਲ ਹੋਣ ਤੋਂ ਬਾਅਦ ਪਾਰਟੀ ਦੁਆਰਾ ਇਹ ਸੰਕੇਤ ਦਿੱਤੇ ਗਏ ਕਿ ਹੋਰ ਸਿੱਖ ਨੇਤਾ ਵੀ ਪਾਰਟੀ ਵਿਚ ਆਉਣ ਲਈ ਤਿਆਰ ਹਨ।ਇਸ ਦੀ ਝਲਕ ਉਦੋਂ ਦੇਖਣ ਨੂੰ ਮਿਲੀ ਜਦੋਂ ਸਾਬਕਾ ਡੀਜੀਪੀ ਸਰਬਜੀਤ ਸਿੰਘ ਵਿਰਕ ਅਤੇ ਸਾਬਕਾ ਅਕਾਲੀ ਨੇਤਾ ਸਰਬਜੀਤ ਸਿੰਘ ਮੱਕੜ ਵੀ ਭਾਜਪਾ ਵਿਚ ਸ਼ਾਮਿਲ ਹੋ ਗਏ।
ਅਸਲ ਵਿਚ ਇਨ੍ਹਾਂ ਕਥਿਤ ਸਿੱਖ ਨੇਤਾਵਾਂ ਦਾ ਸਿੱਖ ਵੋਟਰਾਂ ਵਿਚ ਕੋਈ ਅਧਾਰ ਨਹੀਂ ਹੈ।ਆਪੂ-ਘੋਸ਼ਿਤ ਸਿੱਖ ਨੇਤਾਵਾਂ ਨੂੰ ਪਾਰਟੀ ਵਿਚ ਸ਼ਾਮਿਲ ਕਰਨਾ ਭਾਜਪਾ ਨੂੰ ਪਿੰਡਾਂ ਵਿਚ ਚੋਣ ਪ੍ਰਚਾਰ ਕਰਨ ਲਈ ਕੁਝ ਸਪੇਸ ਪ੍ਰਦਾਨ ਕਰ ਸਕਦਾ ਹੈ ਕਿਉਂਕਿ ਭਾਜਪਾ ਪਿਛਲੇ ਸਮੇਂ ਤੋਂ ਹੀ ਸਿੱਖ ਚਿਹਰਿਆਂ ਦੀ ਭਾਲ ਵਿਚ ਸੀ।ਪਹਿਲਾਂ ਉਨ੍ਹਾਂ ਨੇ ਅਕਾਲੀ ਦਲ ਨਾਲ ਗਠਜੋੜ ਕੀਤਾ ਸੀ।ਹੁਣ ਉਨ੍ਹਾਂ ਨੇ ਸਿਰਸਾ ਨੂੰ ਪਾਰਟੀ ਵਿਚ ਸ਼ਾਮਿਲ ਕੀਤਾ ਹੈ।ਆਉਣ ਵਾਲੇ ਸਮੇਂ ਵਿਚ ਕੁਝ ਹੋਰ ਨੇਤਾ ਵੀ ਭਾਜਪਾ ਵਿਚ ਸ਼ਾਮਿਲ ਹੋ ਸਕਦੇ ਹਨ ਕਿਉਂਕਿ ਉਨ੍ਹਾਂ ਦਾ ਕੋਈ ਰਾਜਨੀਤਿਕ ਅਧਾਰ ਨਹੀਂ ਹੈ।ਪਰ ਇਸ ਤਰਾਂ ਨੇਤਾਵਾਂ ਨੂੰ ਪਾਰਟੀ ਵਿਚ ਸ਼ਾਮਿਲ ਕਰਨਾ ਭਾਜਪਾ ਦੁਆਰਾ ਆਪਣੀ ਛਵੀ ਸੁਧਾਰਨ ਦੀ ਕੋਸ਼ਿਸ਼ ਹੈ ਕਿ ਉਹ ਪੰਜਾਬ ਵਿਚ ਹਾਸ਼ੀਏ ’ਤੇ ਨਹੀ ਹਨ।ਅਮਰਿੰਦਰ ਸਿੰਘ ਅਤੇ ਹੋਰ ਅਕਾਲੀ ਗਰੁੱਪਾਂ ਨਾਲ ਗਠਬੰਧਨ ਨੂੰ ਇਸੇ ਦੀ ਰੋਸ਼ਨੀ ਵਿਚ ਦੇਖਿਆ ਜਾਣਾ ਚਾਹੀਦਾ ਹੈ।ਇਹ ਮਹਿਜ਼ ਪ੍ਰਤੀਕ ਹੀ ਹੈ।ਇਸ ਗੱਲ ਦੇ ਪੁਖਤਾ ਸਬੂਤ ਮਿਲਦੇ ਹਨ ਕਿ ਸਿੱਖ ਵੋਟਰਾਂ ਵਿਚ ਕਦੇ ਵੀ ਭਾਜਪਾ ਦੀ ਪ੍ਰਧਾਨਤਾ ਨਹੀਂ ਰਹੀ ਹੈ।ਕੁਝ ਕੁ ਸਿੱਖ ਚਿਹਰਿਆਂ ਨੂੰ ਪਾਰਟੀ ਵਿਚ ਸ਼ਾਮਿਲ ਕਰਨ ਨਾਲ ਰਾਤੋਂ-ਰਾਤ ਰਾਜਨੀਤਿਕ ਸਮੀਕਰਨ ਨਹੀਂ ਬਦਲਣਗੇ ਕਿਉਂਕਿ ਆਮ ਲੋਕ ਇਹ ਸਮਝ ਚੁੱਕੇ ਹਨ ਕਿ ਚੋਣਾਂ ਤੋਂ ਪਹਿਲਾਂ ਪਾਰਟੀ ਬਦਲਣਾ ਨੇਤਾਵਾਂ ਲਈ ਆਮ ਹੋ ਚੁੱਕਿਆ ਹੈ।ਸਿਰਸਾ ਦੁਆਰਾ ਭਾਜਪਾ ਵਿਚ ਸ਼ਾਮਿਲ ਹੋਣਾ ਅਕਾਲੀ ਦਲ ਲਈ ਮਨੋਵਿਗਿਆਨਕ ਧੱਕਾ ਹੋ ਸਕਦਾ ਹੈ ਕਿਉਂ ਕਿ ਉਹ ਕਿਸਾਨ ਅੰਦੋਲਨ ਸਮੇਂ ਪਾਰਟੀ ਦਾ ਸਰਗਰਮ ਚਿਹਰਾ ਰਿਹਾ ਹੈ, ਪਰ ਇਸ ਦਾ ਪੰਜਾਬ ਦੀ ਰਾਜਨੀਤੀ ਉੱਪਰ ਕੋਈ ਜਿਆਦਾ ਪ੍ਰਭਾਵ ਨਹੀਂ ਪੈਣ ਲੱਗਿਆ ਕਿਉਂਕਿ ਉਸ ਦਾ ਪੰਜਾਬ ਵਿਚ ਕੋਈ ਅਧਾਰ ਨਹੀਂ ਹੈ।ਉਹ ਦਿੱਲੀ ਅਧਾਰਿਤ ਨੇਤਾ ਹੈ। ਉਸ ਦਾ ਭਾਜਪਾ ਵਿਚ ਸ਼ਾਮਿਲ ਹੋਣਾ ਜਿਆਦਾ ਤੋਂ ਜਿਆਦਾ ਕਿਸਾਨ ਅੰਦੋਲਨ ਦੇ ਪ੍ਰਭਾਵ ਨੂੰ ਘੱਟ ਕਰ ਸਕਦਾ ਹੈ।
ਪੰਜਾਬ ਵਿਚ ਦਲਿਤਾਂ ਵੋਟਰਾਂ ਦੀ ਅਬਾਦੀ ੩੨ ਪ੍ਰਤੀਸ਼ਤ ਹੈ।੨੦੨੨ ਦੀਆਂ ਚੋਣਾਂ ਤੋਂ ਪਹਿਲਾਂ ਸਾਰੀਆਂ ਪਾਰਟੀਆਂ ਹੀ ਉਨ੍ਹਾਂ ਦੀਆਂ ਵੋਟਾਂ ਬਟੋਰਨ ਦੀ ਕੋਸ਼ਿਸ਼ ਵਿਚ ਹਨ।ਇਸ ਦੇ ਉਲਟ ਭਾਈਚਾਰੇ ਦੇ ਨੇਤਾ ਇਹ ਗਿਲਾ ਕਰਦੇ ਹਨ ਕਿ ਚੋਣਾਂ ਸਮੇਂ ਕੀਤੇ ਗਏ ਵਾਅਦਿਆਂ ਨੂੰ ਚੋਣਾਂ ਤੋਂ ਬਾਅਦ ਕੋਈ ਬੂਰ ਨਹੀਂ ਪੈਂਦਾ।ਪੰਜਾਬ ਵਿਚ ਪਿੱਛੜੀਆਂ ਜਾਤਾਂ ਵਿਚ ੨੫ ਪ੍ਰਤੀਸ਼ਤ ਮਜ਼ਹਬੀ ਸਿੱਖ ਹਨ ਅਤੇ ੨੦ ਪ੍ਰਤੀਸ਼ਤ ਰਾਮਦਾਸੀਆ ਸਿੱਖ ਹਨ।ਪੂਰੇ ਪੰਜਾਬ ਵਿਚ ਪੰਜਾਹ ਸੀਟਾਂ ਉੱਪਰ ਦਲਿਤ ਭਾਈਚਾਰੇ ਦਾ ਦਬਦਬਾ ਰਹਿੰਦਾ ਹੈ।ਇਹ ਦੇਖਣਾ ਕਾਫੀ ਦਿਲਚਸਪ ਹੈ ਕਿ ਜੱਟਾਂ ਦਾ ਵੋਟ ਹਿੱਸਾ ਮਹਿਜ਼ ਅਠਾਰਾਂ ਪ੍ਰਤੀਸ਼ਤ ਹੈ, ਪਰ ਫਿਰ ਵੀ ਉਹ ਸੂਬੇ ਵਿਚ ਸੱਤਾ ਦੇ ਗਲਿਆਰਿਆਂ ਵਿਚ ਹੀ ਰਹਿੰਦੇ ਹਨ।੨੦੨੨ ਦੀਆਂ ਚੋਣਾਂ ਤੋਂ ਮਸਾਂ ਹੀ ਛੇ ਕੁ ਮਹੀਨੇ ਪਹਿਲਾਂ ਕਾਂਗਰਸ ਪਾਰਟੀ ਨੇ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਬਣਾਇਆ।ਬਹੁਤ ਸਾਰੇ ਰਾਜਨੀਤਿਕ ਮਾਹਿਰ ਇਸ ਨੂੰ ਕਾਂਗਰਸ ਦੁਆਰਾ ਭਾਈਚਾਰੇ ਦੀਆਂ ਵੋਟਾਂ ਲੈਣ ਦਾ ਦਾਅ ਮੰਨਦੇ ਹਨ।ਪਰ ਦਲਿਤ ਭਾਈਚਾਰੇ ਨਾਲ ਸੰਬੰਧਿਤ ਨੇਤਾ ਇਸ ਵਿਚਾਰ ਨਾਲ ਮੁਤਫਿਕ ਨਹੀਂ ਹਨ।
ਅਕਾਲੀ ਦਲ ਨੇ ਇਸ ਸਮੇਂ ਬਸਪਾ ਨਾਲ ਗਠਜੋੜ ਕੀਤਾ ਹੈ।ਇਸ ਗਠਜੋੜ ਰਾਹੀ ਅਕਾਲੀ ਦਲ ਮਾਲਵੇ ਅਤੇ ਦੁਆਬੇ ਵਿਚੋਂ ਜਿਆਦਾ ਤੋਂ ਜਿਆਦਾ ਵੋਟਾਂ ਪ੍ਰਾਪਤ ਕਰਨਾ ਚਾਹੁੰਦਾ ਹੈ।ਪਰ ਪਿਛਲੇ ਕੁਝ ਸਾਲਾਂ ਵਿਚ ਬਸਪਾ ਦੇ ਵੋਟ ਹਿੱਸੇ ਵਿਚ ਭਾਰੀ ਕਮੀ ਆਈ ਹੈ।ਕਿਸੇ ਸਮੇਂ ਹਾਸ਼ੀਆਗ੍ਰਸਤ ਲੋਕਾਂ ਦੀ ਪਾਰਟੀ ਵਜੋਂ ਜਾਣੀ ਜਾਂਦੀ ਬਸਪਾ ਹੁਣ ਮੁੱਖਧਾਰਾ ਦੀਆਂ ਪਾਰਟੀਆਂ ਦੇ ਇਸ਼ਾਰੇ ’ਤੇ ਹੀ ਕੰਮ ਕਰਦੀ ਹੈ।ਚਰਨਜੀਤ ਸਿੰਘ ਚੰਨੀ ਨੂੰ ਇਸ ਸਮੇਂ ਫਾਇਦਾ ਮਿਲ ਸਕਦਾ ਹੈ ਕਿਉਂਕਿ ਬਹੁਤ ਸਾਰੇ ਲੋਕਾਂ ਉਸ ਦੇ ਮੁੱਖ ਮੰਤਰੀ ਬਣਨ ਨੂੰ ਭਾਈਚਾਰੇ ਲਈ ਮਜਬੂਤ ਕਦਮ ਮੰਨਦੇ ਹਨ।ਕਾਂਸ਼ੀ ਰਾਮ ਦੇ ਭਤੀਜੇ ਬਲਵੰਤ ਨੇ ਕਿਹਾ ਕਿ ਇਹ ਭਾਈਚਾਰੇ ਦੀ ਮਹੱਤਵਪੂਰਨ ਪ੍ਰਾਪਤੀ ਹੈ।ਦਲਿਤ ਨੇਤਾ ਇਸ ਬਾਰੇ ਵੀ ਆਪਣੇ ਸ਼ੱਕ ਪ੍ਰਗਟ ਕਰ ਰਹੇ ਹਨ ਕਿ ਅਗਰ ਚੰਨੀ ਨੂੰ ਮਹੱਤਵਪੂਰਨ ਫੈਸਲੇ ਨਹੀਂ ਲੈਣ ਦਿੱਤਾ ਜਾਂਦਾ ਤਾਂ ਇਸ ਦਾ ਭਾਈਚਾਰੇ ਨੂੰ ਕੋਈ ਜਿਆਦਾ ਫਾਇਦਾ ਨਹੀਂ ਹੋਵੇਗਾ।
੨੦੧੭ ਦੀਆਂ ਪੰਜਾਬ ਚੋਣਾਂ ਸਮੇਂ ਐਗਜ਼ਿਟ ਪੋਲ ਕਾਫੀ ਗਲਤ ਸਾਬਿਤ ਹੋਇਆ ਸੀ।ਕਈਆਂ ਨੇ ਆਮ ਆਦਮੀ ਪਾਰਟੀ ਦੀ ਜਿੱਤ ਦੀ ਭਵਿੱਖਬਾਣੀ ਕੀਤੀ ਸੀ ਅਤੇ ਬਹੁਤ ਘੱਟ ਪੋਲ ਵਿਚ ਕਾਂਗਰਸ ਨੂੰ ਬਹੁਮਤ ਦਿਖਾਇਆ ਗਿਆ ਸੀ।੨੦੧੯ ਦੀਆਂ ਲੋਕ ਸਭਾ ਦੀਆਂ ਚੋਣਾਂ ਤੋਂ ਬਾਅਦ ਪੰਜਾਬ ਵਿਚ ਸਭ ਤੋਂ ਵੱਡਾ ਬਦਲਾਅ ਅਕਾਲੀ ਦਲ ਅਤੇ ਭਾਜਪਾ ਦਾ ਗਠਬੰਧਨ ਟੁੱਟਣਾ ਹੀ ਹੈ।ਅਕਾਲੀ ਦਲ ਦੇ ਖੇਤੀ ਕਾਨੂੰਨਾਂ ਪ੍ਰਤੀ ਵਿਰੋਧ ਨੂੰ ਧਿਆਨ ਵਿਚ ਰੱਖਦੇ ਹੋਏ ਭਾਜਪਾ ਤੋਂ ਆਪਣਾ ਰਾਹ ਵੱਖ ਕਰ ਲਿਆ ਸੀ।੨੦੧੪ ਵਿਚ ਸੁਨਿਹਰੀ ਸ਼ੁਰੂਆਤ ਤੋਂ ਬਾਅਦ ਆਮ ਆਦਮੀ ਪਾਰਟੀ ਆਪਣੇ ਅੰਦਰਲੇ ਕਲੇਸ਼ ਅਤੇ ਬਾਗੀ ਸੁਰਾਂ ਨਾਲ ਹੀ ਨਜਿੱਠ ਰਹੀ ਹੈ।ਪਾਰਟੀ ਆਪਣੇ ਦਮ ਤੇ ਬਹੁਮਤ ਪ੍ਰਾਪਤ ਕਰਨ ਜਾਂ ਤਿੰਨ ਮੁੱਖ ਪਾਰਟੀਆਂ ਦੀ ਕਮਜ਼ੋਰੀ ਕਰਕੇ ਪੈਦਾ ਹੋਏ ਖਲਾਅ ਤੋਂ ਫਾਇਦਾ ਮਿਲਣ ਦੀ ਉਮੀਦ ਕਰ ਰਹੀ ਹੈ।ਅਗਰ ਆਮ ਆਦਮੀ ਪਾਰਟੀ ਮੁੱਖ ਮੰਤਰੀ ਦਾ ਚਿਹਰਾ ਘੋਸ਼ਿਤ ਕਰ ਦਿੰਦੀ ਹੈ ਤਾਂ ਉਨ੍ਹਾਂ ਨੂੰ ਸ਼ਾਇਦ ਜਿੱਤ ਪ੍ਰਾਪਤ ਹੋ ਸਕਦੀ ਹੈ।ਭਾਜਪਾ ਦਾ ਅਧਾਰ ਸੂਬੇ ਦੇ ਉੱਚ ਜਾਤੀ ਹਿੰਦੂਆਂ ਵਿਚ ਹੀ ਹੈ, ਹੋਰ ਭਾਈਚਾਰਿਆਂ ਤੋਂ ਉਨ੍ਹਾਂ ਨੂੰ ਸਮਰਥਨ ਮਿਲਣ ਦੀ ਉਮੀਦ ਬਹੁਤ ਘੱਟ ਹੈ।ਅਕਾਲੀਆਂ ਨਾਲ ਤੋੜ-ਵਿਛੋੜਾ ਹੋਣ ਤੋਂ ਬਾਅਦ ਉਨ੍ਹਾਂ ਨੇ ੧੧੭ ਅਸੈਂਬਲੀ ਸੀਟਾਂ ਉੱਪਰ ਆਪਣੇ ਉਮੀਦਵਾਰ ਖੜੇ ਕਰਨ ਦਾ ਫੈਸਲਾ ਲਿਆ ਹੈ।ਉਹ ਜੱਟ-ਸਿੱਖਾਂ ਦੇ ਵਿਰੋਧ ਦਲਿਤ ਅਤੇ ਹੋਰ ਪਿਛੜੀਆਂ ਜਾਤਾਂ ਦੇ ਹਿੰਦੂਆਂ ਅਤੇ ਸਿੱਖਾਂ ਨੂੰ ਇਕੱਠਾ ਕਰਨ ਦੀ ਉਮੀਦ ਕਰ ਰਹੀ ਹੈ।
੨੦੧੪ ਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਦੀ ਤਰਾਂ ਪੰਜਾਬ ਦੀ ਚੋਣਾਂ ਦੋ-ਪੱਖੀ ਨਹੀਂ ਹੋਣਗੀਆਂ ਅਤੇ ਨਾ ਹੀ ਤਿੰਨ ਪੱਖੀ, ਬਲਕਿ ਚਾਰ ਮੁੱਖ ਪਾਰਟੀਆਂ ਅਤੇ ਹੋਰ ਛੋਟੀਆਂ ਪਾਰਟੀਆਂ ਕਰਕੇ ਇਹ ਬਹੁ-ਪੱਖੀ ਹੋਣਗੀਆਂ। ਮੌਜੂਦਾ ਸਮੇਂ ਵਿਚ ਕਾਂਗਰਸ ਸੱਤਾਧਾਰੀ ਪਾਰਟੀ ਹੈ ਅਤੇ ਪਿਛਲੀਆਂ ਲੋਕ ਸਭਾ ਚੋਣਾਂ ਵਿਚ ਵੀ ਇਸ ਦੀ ਕਾਰਗੁਜ਼ਾਰੀ ਚੰਗੀ ਸੀ।ਪਰ ਪਿਛਲੇ ਕੁਝ ਕੁ ਮਹੀਨਿਆਂ ਵਿਚ ਪੰਜਾਬ ਵਿਚ ਕਾਫੀ ਕੁਝ ਬਦਲ ਚੁੱਕਿਆ ਹੈ।ਪੰਜਾਬ ਵਿਚ ਭਾਰਤ ਦੇ ਕਿਸੇ ਵੀ ਹੋਰ ਸੂਬੇ ਦੇ ਮੁਕਾਬਲੇ ਜਿਆਦਾ ਦਲਿਤ ਅਬਾਦੀ ਹੈ, ਪਰ ਉਹ ਰਾਜਨੀਤਿਕ ਜਾਂ ਆਰਥਿਕ ਰੂਪ ਵਿਚ ਸਸ਼ਕਤ ਨਹੀਂ ਹਨ ਅਤੇ ਨਾ ਹੀ ਚੋਣਾਂ ਵਿਚ ਉਨ੍ਹਾਂ ਦੀ ਕਾਰਗੁਜ਼ਾਰੀ ਸੰਤੁਸ਼ਟਦਾਇਕ ਹੈ।ਪੰਜਾਬ ਵਿਚ ਸਭ ਤੋਂ ਸ਼ਕਤੀਸ਼ਾਲੀ ਭਾਈਚਾਰਾ ਜੱਟ ਭਾਈਚਾਰਾ ਹੈ ਜਿਸ ਦਾ ਸੂਬੇ ਦੀ ਸੱਤਾ ਵਿਚ ਦਬਦਬਾ ਹੈ।ਉੱਚ ਜਾਤੀ ਹਿੰਦੂ ਤਬਕਾ ਸ਼ਹਿਰੀ ਇਲਾਕਿਆਂ ਵਿਚ ਆਪਣਾ ਪ੍ਰਭਾਵ ਰੱਖਦਾ ਹੈ।ਹੋਰ ਪਿਛੜੀਆਂ ਜਾਤਾਂ ਦੀ ਵੱਡੀ ਗਿਣਤੀ ਇਕ ਕਾਰਣ ਹੈ ਕਿ ਉਨ੍ਹਾਂ ਵਿਚ ਏਕਤਾ ਨਹੀਂ ਹੈ।੨੦੧੧ ਦੀ ਜਨਗਣਨਾ ਅਨੁਸਾਰ, ਪੰਜਾਬ ਵਿਚ ਸਿੱਖ ਭਾਈਚਾਰਾ ਸਭ ਤੋਂ ਵੱਡਾ ਹੈ ਜਿਸ ਵਿਚ ਹਿੰਦੂ ਦੂਜੇ ਨੰਬਰ ’ਤੇ ਆਉਂਦੇ ਹਨ।ਪੰਜਾਬ ਵਿਚ ਤਿੰਨ ਪ੍ਰਮੁੱਖ ਖਿੱਤੇ ਹਨ ਜੋ ਕਿ ਬਿਆਸ, ਰਾਵੀ ਅਤੇ ਸਤਲੁਜ ਦੁਆਰਾ ਵੰਡੇ ਹੋਏ ਹਨ।ਇਹਨਾਂ ਖਿੱਤਿਆਂ ਦੀਆਂ ਬੋਲੀ, ਖਾਣ-ਪੀਣ ਅਤੇ ਜਾਤੀ ਸਮੀਕਰਨ ਪੱਖੋਂ ਆਪਣੀਆਂ ਕੁਝ ਖਾਸ ਵਿਸ਼ੇਸ਼ਤਾਵਾਂ ਹਨ।ਰਾਜਨੀਤਿਕ ਆਲੋਚਕ ਪੰਜਾਬ ਵਿਚ ਸੀਟਾਂ ਤਿੰਨ ਖਿੱਤਿਆਂ ਅਨੁਸਾਰ ਵੰਡ ਕੇ ਆਪਣਾ ਵਿਸ਼ਲੇਸ਼ਣ ਕਰਦੇ ਹਨ।
੨੦੧੭ ਤੋਂ ਬਾਅਦ ਅਕਾਲੀ ਦਲ ਖਿਲਾਫ ਲੋਕਾਂ ਵਿਚ ਅਜੇ ਵੀ ਗੁੱਸਾ ਬਰਕਰਾਰ ਹੈ ਜਿਸ ਕਰਕੇ ਇਹ ਸੱਤਾ ਵਿਰੋਧੀ ਹਵਾ ਤੋਂ ਕੋਈ ਵੀ ਫਾਇਦਾ ਲੈਣ ਵਿਚ ਅਸਮਰੱਥ ਹੈ।ਪੂਰਬੀ ਮਾਲਵਾ ਅਤੇ ਦੁਆਬਾ ਖਿੱਤਿਆਂ ਵਿਚ ਕਾਂਗਰਸ ਦਾ ਅਧਾਰ ਵੀ ਲਗਾਤਾਰ ਘੱਟ ਰਿਹਾ ਹੈ।ਭਾਜਪਾ ਅਤੇ ਕਾਂਗਰਸ ਨੂੰ ਨੁਕਸਾਨ ਪਹੁੰਚਾਉਣ ਵਿਚ ਕਿਸਾਨ ਅੰਦੋਲਨ ਨੇ ਵੀ ਵੱਡਾ ਹਿੱਸਾ ਪਾਇਆ ਹੈ ਅਤੇ ਆਪ ਇਸ ਦਾ ਫਾਇਦਾ ਲੈਣ ਦੀ ਕੋਸ਼ਿਸ਼ ਕਰ ਰਹੀ ਹੈ।ਆਉਣ ਵਾਲੀਆਂ ਚੋਣਾਂ ਵਿਚ ਤਿੰਨ ਪ੍ਰਮੁੱਖ ਪ੍ਰਤੀਯੋਗੀ ਹਨ:
੧) ਸੱਤਾਧਾਰੀ ਕਾਂਗਰਸ ਪਾਰਟੀ ਸੂਬੇ ਵਿਚ ਆਪਣੀ ਸੱਤਾ ਨੂੰ ਬਣਾਈ ਰੱਖਣ ਲਈ ਪੁਰਜ਼ੋਰ ਕੋਸ਼ਿਸ਼ ਕਰ ਰਹੀ ਹੈ।ਸੱਤਾ ਵਿਰੋਧੀ ਮਜਬੂਤ ਲਹਿਰ ਕਰਕੇ ਅਤੇ ਆਪਣੇ ਚੋਣ ਵਾਅਦਿਆਂ ਨੂੰ ਪੂਰਾ ਕਰਨ ਵਿਚ ਨਾਕਾਮ ਰਹਿਣ ਕਰਕੇ ਸਾਬਕਾ ਮੁੱਖ ਮੰਤਰੀ ਨੂੰ ਆਪਣੇ ਅਹੁਦੇ ਤੋਂ ਅਲਹਿਦਾ ਹੋਣਾ ਪਿਆ, ਪਰ ਪਾਰਟੀ ਉਸ ਵਿਰੋਧ ਅਤੇ ਅਸੰਤੁਸ਼ਟੀ ਨੂੰ ਘੱਟ ਕਰਨ ਦੀ ਕੋਸ਼ਿਸ਼ ਵਿਚ ਹੈ।ਇਸੇ ਕਰਕੇ ਪਾਰਟੀ ਨੇ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਬਣਾਇਆ।ਪਾਰਟੀ ਦਲਿਤ ਮੁੱਖ ਮੰਤਰੀ ਬਣਾ ਕੇ ਕੁਝ ਨਾਕਾਰਤਮਕ ਪੱਖਾਂ ਨੂੰ ਬਦਲਣ ਦੀ ਕੋਸ਼ਿਸ਼ ਵਿਚ ਹੈ, ਪਰ ਇਸ ਤੋਂ ਪਾਰਟੀ ਦਾ ਅੰਦਰੂਨੀ ਕਾਟੋ-ਕਲੇਸ਼ ਨਹੀਂ ਸੰਭਲ ਰਿਹਾ।ਅਸਤੀਫਾ ਦਿੱਤੇ ਜਾਣ ਤੋਂ ਖ਼ਫ਼ਾ ਹੋ ਕੇ ਕੈਪਟਨ ਨੇ ਆਪਣੀ ਪਾਰਟੀ ਬਣਾ ਲਈ ਹੈ ਅਤੇ ਉਹ ਭਾਜਪਾ ਅਤੇ ਹੋਰ ਅਕਾਲੀ ਗਰੁੱਪਾਂ ਨਾਲ ਸਹਿਯੋਗ ਕਰਨ ਨੂੰ ਤਿਆਰ ਹੈ।
੨) ਅਕਾਲੀ ਦਲ, ਜੋ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਿਚ ਸੱਤਾ ਵਿਚ ਮੁੜ ਆਉਣਾ ਲੋਚਦਾ ਹੈ, ਉਸ ਨੇ ਆਪਣਾ ਟੀਚਾ ਪੂਰਾ ਕਰਨ ਲਈ ਬਸਪਾ ਨਾਲ ਗਠਬੰਧਨ ਕੀਤਾ ਹੈ।ਆਉਣ ਵਾਲੀਆਂ ਚੋਣਾਂ ਵਿਚ ਅਕਾਲੀ ਦਲ ਦੀ ਇਕ ਹੋਰ ਹਾਰ ਬਾਦਲ ਪਰਿਵਾਰ ਲਈ ਰਾਜਨੀਤੀ ਵਿਚ ਅੰਤ ਹੋ ਸਕਦਾ ਹੈ।
੩) ਆਮ ਆਦਮੀ ਪਾਰਟੀ ਲੋਕਾਂ ਵਿਚ ਸੱਤਾ ਪ੍ਰਤੀ ਗੁੱਸਾ ਅਤੇ ਅਸੰਤੁਸ਼ਟੀ ਦੀ ਭਾਵਨਾ ਕਰਕੇ ਸੱਤਾ ਵਿਚ ਆਉਣ ਦੀ ਉਮੀਦ ਲਗਾਈ ਬੈਠੀ ਹੈ ਅਤੇ ਉਨ੍ਹਾਂ ਕੋਲ ਜਿੱਤਣ ਦਾ ਮੌਕਾ ਵੀ ਹੈ।ਪਾਰਟੀ ਨੇ ਪਹਿਲਾਂ ਹੀ ਸਿੱਖ ਮੁੱਖ ਮੰਤਰੀ ਚਿਹਰੇ ਬਾਰੇ ਵਾਅਦਾ ਕੀਤਾ ਹੈ, ਪਰ ਕੀ ਇਹ ਇਕੱਠੇ ਹੋ ਕੇ ਕਾਂਗਰਸ ਨੂੰ ਹਰਾ ਪਾਵੇਗੀ?ਵੱਖ-ਵੱਖ ਸਰਵੇ ਇਹ ਦਿਖਾਉਂਦੇ ਹਨ ਕਿ ਆਮ ਆਦਮੀ ਪਾਰਟੀ ਕਾਂਗਰਸ ਨੂੰ ਹਰਾ ਸਕਦੀ ਹੈ ਅਤੇ ਇਕਹਰੀ ਮਜਬੂਤ ਪਾਰਟੀ ਵਜੋਂ ਉੱਭਰ ਸਕਦੀ ਹੈ।ਸਰਵੇ ਵਿਚ ਆਮ ਆਦਮੀ ਪਾਰਟੀ ਦੁਆਰਾ ੫੧ ਤੋਂ ੫੭ ਸੀਟਾਂ ਜਿੱਤਣ ਦੀ ਭਵਿੱਖਬਾਣੀ ਕੀਤੀ ਗਈ ਹੈ।ਜਿਸ ਵਿਚ ੩੮-੪੬ ਸੀਟਾਂ ਨਾਲ ਕਾਂਗਰਸ ਦੂਜੇ ਨੰਬਰ ਤੇ ਅਤੇ ੧੬-੨੪ ਸੀਟਾਂ ਨਾਲ ਅਕਾਲੀ ਦਲ ਤੀਜੇ ਨੰਬਰ ਤੇ ਦਿਖਾਇਆ ਗਿਆ ਹੈ।