ਪੰਜਾਬ ਹੀ ਨਹੀ ਬਲਕਿ ਸਮੁੱਚੇ ਭਾਰਤ ਵਿੱਚ ਪੁਲਿਸ ਤਸ਼ੱਦਦ ਦੀਆਂ ਘਟਨਾਵਾਂ ਵਿੱਚ ਵਾਧਾ ਹੁੰਦਾ ਨਜ਼ਰ ਆ ਰਿਹਾ ਹੈੈ। ਹਰ ਨਵੇਂ ਦਿਨ ਭਾਰਤ ਦੇ ਕਿਸੇ ਨਾ ਕਿਸੇ ਹਿੱਸੇ ਵਿੱਚੋਂ ਪੁਲਿਸ ਦੇ ਤਸ਼ੱਦਦ ਦੀਆਂ ਘਟਨਾਵਾਂ ਦੀਆਂ ਵੀਡੀਓਜ਼ ਸ਼ੋਸ਼ਲ ਮੀਡੀਆ ਉੱਤੇ ਜਾਰੀ ਹੋ ਰਹੀਆਂ ਹਨ। ਇਹ ਤਸ਼ੱਦਦ ਕੇਵਲ ਸਿੱਖਾਂ ਖਿਲਾਫ ਹੀ ਨਹੀ ਹੋ ਰਿਹਾ ਬਲਕਿ ਹੋਰਨਾ ਕੌਮਾਂ ਦੇ ਖਿਲਾਫ ਵੀ ਹੋ ਰਿਹਾ ਹੈੈ।
ਕੁਝ ਸਮਾਂ ਪਹਿਲਾਂ ਉੱਤਰਾਖੰਡ ਵਿੱਚ ਰੁਦਰਪੁਰ ਦੇ ਲਾਗੇ ਪੁਲਿਸ ਮੁਲਾਜਮਾਂ ਨੇ ਇੱਕ ਸਿੱਖ ਟਰੱਕ ਡਰਾਇਵਰ ਦੀ ਡਟਕੇ ਮਾਰ-ਕੁਟਾਈ ਕੀਤੀ। ਉਸਦੀ ਦਸਤਾਰ ਲਾਹ ਦਿੱਤੀ ਗਈ ਅਤੇ ਬਹੁਤ ਸਾਰੇ ਪੁਲਿਸ ਮੁਲਾਜਮਾਂ ਨੇ ਰਲਕੇ ਉਸ ਇਕੱਲੇ ਸਿੱਖ ਨੂੰ ਕੁਟਿਆ। ਜਦੋਂ ਇਲਾਕੇ ਦੇ ਸਿੱਖਾਂ ਨੇ ਇਕੱਠੇ ਹੋ ਕੇ ਪੁਲਸ ਦੀ ਜਿਆਦਤੀ ਖਿਲਾਫ ਰੋਸ ਪਰਦਰਸ਼ਨ ਕੀਤਾ ਤਾਂ, ਸ਼ਹਿਰ ਵਿੱਚ ਕਰਫਿਉੂ ਵਰਗੇ ਹਾਲਾਤ ਬਣਾ ਦਿੱਤੇ ਗਏ। ਦਫਾ 144 ਲਗਾ ਕੇ ਅਮਨ ਕਨੂੰਨ ਦੇ ਪਰਦੇ ਹੇਠ ਦੋਸ਼ੀ ਪੁਲਿਸ ਅਫਸਰਾਂ ਨੂੰ ਬਚਾਉਣ ਦਾ ਕਾਰਜ ਹੀ ਕੀਤਾ ਗਿਆ।
ਉਸ ਤੋਂ ਬਾਅਦ ਉੱਤਰ ਪਰਦੇਸ ਵਿੱਚ ਇੱਕ ਅੰਮ੍ਰਿਤਧਾਰੀ ਸਿੱਖ ਨੌਜਵਾਨ ਨੂੰ ਟਰੱਕ ਵਿੱਚੋਂ ਲਾਹਕੇ ਉਸਦੇ ਕੇਸਾਂ ਦੀ ਬੇਅਦਬੀ ਕੀਤੀ ਗਈ ਅਤੇ ਉਸਦੀ ਵੀ ਮਾਰਕੁੱਟ ਕੀਤੀ ਗਈ। ਹਾਲੇ ਉਨ੍ਹਾਂ ਘਟਨਾਵਾਂ ਦੀ ਸਿਆਹੀ ਨਹੀ ਸੀ ਸੁੱਕੀ ਕਿ ਭਾਰਤ ਦੀ ਰਾਜਧਾਨੀ ਨਵੀਂ ਦਿੱਲੀ ਵਿੱਚ ਇੱਕ ਹੋਰ ਸਿੱਖ ਅਤੇ ਉਸਦੇ ਬੇਟੇ ਨੂੰ ਪੁਲਿਸ ਦੇ ਘੋਰ ਤਸ਼ੱਦਦ ਦਾ ਸ਼ਿਕਾਰ ਹੋਣਾਂ ਪਿਆ। ਜਿਸ ਬੇਕਿਰਕੀ ਨਾਲ ਪੁਲਿਸ ਮੁਲਾਜਮਾਂ ਨੇ ਸਿੱਖ ਦੇ ਸਿਰ ਵਿੱਚ ਠੁੱਡੇ ਮਾਰੇ ਉਸ ਤੋਂ ਇਹ ਗੱਲ ਸਪਸ਼ਟ ਹੁੰਦੀ ਸੀ ਕਿ ਭਾਰਤੀ ਪੁਲਿਸ ਆਪਣੇ ਆਪ ਨੂੰ ਅਤੇ ਆਮ ਨਾਗਰਿਕਾਂ ਨੂੰ ਸਮਝਦੀ ਕੀ ਹੈੈ।
ਹੁਣ ਉੱਤਰ ਪਰਦੇਸ਼ ਦੀ ਇੱਕ ਹੋਰ ਘਟਨਾ ਸਾਹਮਣੇ ਆਈ ਹੈ ਜਿਸ ਵਿੱਚ ਇੱਕ ਵਿਅਕਤੀ ਆਪਣੀ ਪਤਨੀ ਨਾਲ ਹੋਏ ਜਬਰ ਜਿਨਾਹ ਦੀ ਸ਼ਿਕਾਇਤ ਲਿਖਵਾਉਣ ਲਈ ਪੁਲਿਸ ਥਾਣੇ ਵਿੱਚ ਗਿਆ। ਉੱਥੇ ਉਸਦੀ ਸ਼ਿਕਾਇਤ ਲਿਖਣ ਦੀ ਥਾਂ ਪੁਲਿਸ ਨੇ ਉਸਨੂੰ ਹੀ ਬੁਰੀ ਤਰ੍ਹਾਂ ਕੁੱਟਿਆ ਮਾਰਿਆ ਅਤੇ ਬੇਇਜ਼ਤ ਕੀਤਾ।
ਇਸੇ ਤਰ੍ਹਾਂ ਦਾ ਇੱਕ ਹੋਰ ਮਾਮਲਾ ਪਿਛਲੇ ਦਿਨੀ ਪੰਜਾਬ ਦੇ ਅੰਮ੍ਰਿਤਸਰ ਜਿਲ੍ਹੇ ਵਿੱਚ ਸਾਹਮਣੇ ਆਇਆ ਹੈ ਜਿੱਥੇ, ਹਿਰਾਸਤ ਅਧੀਨ ਕੈਦੀ ਨੂੰ, ਹਸਪਤਾਲ ਵਿੱਚੋ ਅਗਵਾ ਕਰਕੇ ਕਤਲ ਕਰ ਦੇਣ ਦੇ ਮਾਮਲੇ ਵਿੱਚ 11 ਪੁਲਿਸ ਅਧਿਕਾਰੀਆਂ ਨੂੰ ਉਮਰ ਕੈਦ ਦੀ ਸਜ਼ਾ ਅਦਾਲਤ ਨੇ ਸੁਣਵਾਈ ਹੈੈ। ਉਕਤ ਨੌਜਵਾਨ ਕਿਸੇ ਕੇਸ ਵਿੱਚ ਸਜ਼ਾ ਭੁਗਤ ਰਿਹਾ ਸੀ ਪਰ ਹਸਪਤਾਲ ਵਿੱਚੋਂ ਪਹਿਰੇ ਹੇਠੋਂ ਉਸਨੂੰ ਅਗਵਾ ਕਰਕੇ ਕਤਲ ਕਰ ਦਿੱਤਾ ਗਿਆ। ਇਹ ਪੁਲਿਸ ਦੀ ਦਿਨ ਦੀਵੀਂ ਅੱਤ ਸੀ।
ਇਸ ਤੋਂ ਪਹਿਲਾਂ ਫਰੀਦਕੋਟ ਜਿਲ੍ਹੇ ਵਿੱਚ ਇੱਕ ਨੌਜਵਾਨ ਨੂੰ ਅਗਵਾ ਕਰਕੇ ਕਤਲ ਕਰ ਦਿੱਤਾ ਗਿਆ। ਉਸਦੀ ਲਾਸ਼ ਵੀ ਕਿਸੇ ਨੂੰ ਨਹੀ ਲੱਭੀ। ਬੇਸ਼ੱਕ ਇਨਸਾਫ ਪਸੰਦ ਜਥੇਬੰਦੀਆਂ ਨੇ ਬਥੇਰਾ ਸੰਘਰਸ਼ ਕੀਤਾ ਪਰ ਪੁਲਿਸ ਦੇ ਦਬਾਅ ਅਧੀਨ, ਪਰਿਵਾਰ ਨੇ ਸਮਝੌਤਾ ਕਰ ਲਿਆ।
ਪੁਲਿਸ ਤਸ਼ੱਦਦ ਦੀਆਂ ਇਹ ਘਟਨਾਵਾਂ ਦਰਸਾਉਂਦੀਆਂ ਹਨ ਕਿ ਸੱਤਾਧਾਰੀ ਤਾਕਤਾਂ ਆਪਣਾਂ ਰਾਜਭਾਗ ਪੁਲਿਸ ਦੇ ਜਬਰ ਨਾਲ ਹੀ ਚਲਾਉਣਾਂ ਚਾਹੁੰਦੀਆਂ ਹਨ। ਕਿਉਂਕਿ ਸੱਤਾਧਾਰੀ ਲੀਡਰਸ਼ਿੱਪ ਕੋਲ ਅਜਿਹੀ ਕੋਈ ਸਿਆਣਪ ਅਤੇ ਸੂਝ ਤਾਂ ਹੈ ਨਹੀ ਜਿਸ ਕਰਕੇ ਉਹ ਲੋਕਾਂ ਦਾ ਸਾਹਮਣਾਂ ਕਰ ਸਕਣ। ਆਪਣੀ ਨਿੱਜੀ ਕਮਜ਼ੋਰੀ ਨੂੰ ਲੁਕਾਉਣ ਅਤੇ ਕਮਜੋਰੀ ਦੇ ਬਾਵਜੂਦ ਸੱਤਾ ਦੇ ਮਾਲਕ ਬਣੇ ਰਹਿਣ ਦੀ ਇੱਛਾ ਅਧੀਨ ਇਨ੍ਹਾਂ ਸਿਆਸੀ ਲੋਕਾਂ ਨੇ ਪੁਲਸ ਨੂੰ ਭਰਿਸ਼ਟ ਕਰ ਲਿਆ ਹੈੈ। ਪੁਲਿਸ ਨੂੰ ਪਤਾ ਹੈ ਕਿ ਸਿਆਸੀ ਲੀਡਰ ਉਸ ਤੋਂ ਬਿਨਾ ਇੱਕ ਕਦਮ ਵੀ ਨਹੀ ਰੱਖ ਸਕਦੇ। ਇਸ ਲਈ ਉਹ ਆਪਣੀਆਂ ਮਨ ਆਈਆਂ ਕਰਦੀ ਹੈੈੈ।
ਤਸ਼ੱਦਦ ਕਰਨਾ ਅਤੇ ਬੰਦੇ ਚੁੱਕੇ ਮਾਰ ਦੇਣਾਂ ਇਹ ਪੁਲਿਸ ਦਾ ਸ਼ੁਗਲ ਬਣ ਗਿਆ ਹੈੈ। ਤੱਖ ਵੱਖ ਕਿਸਮ ਦੀਆਂ ਕਹਾਣੀਆਂ ਘੜਨੀਆਂ ਅਤੇ ਲੋਕਾਂ ਵਿੱਚ ਦਹਿਸ਼ਤ ਪਾਉਣੀ ਇਸ ਪੁਲਿਸ ਪਰਸ਼ਾਸ਼ਨ ਦੀ ਆਦਤ ਬਣ ਗਈ ਹੈੈ। ਭਾਰਤੀ ਕਨੂੰਨ ਨੇ ਦੋਸ਼ੀ ਪੁਲਿਸ ਅਫਸਰਾਂ ਨੂੰ ਜੋ ਪੁਸ਼ਤਪਨਾਹੀ ਦਿੱਤੀ ਹੈ, ਉਹ ਪੁੁਲਿਸ ਤਸ਼ੱਦਦ ਦਾ ਮੁਖ਼ ਕਾਰਨ ਬਣ ਰਹੀ ਹੈੈ। ਜਦੋਂ ਅਫਸਰਾਂ ਨੂੰ ਪਤਾ ਹੈ ਕਿ ਉਨ੍ਹਾਂ ਨੂੰ ਉਮਰ ਕੈਦ ਦੀ ਸਜ਼ਾ ਹੋਣ ਦੇ ਬਾਵਜੂਦ ਵੀ ਬਚਾ ਲਿਆ ਜਾਵੇਗਾ ਤਾਂ ਉਹ ਹਰ ਨਜਾਇਜ ਕੰਮ ਬਹੁਤ ਦਲੇਰੀ ਨਾਲ ਕਰਦੇ ਹਨ। ਇਸ ਨਾਲ ਸਮਾਜ ਦਾ ਜੋ ਨੁਕਸਾਨ ਹੁੰਦਾ ਹੈ ਉਸਦਾ ਅੰਦਾਜ਼ਾ ਨਾ ਪੁਲਿਸ ਅਫਸਰਾਂ ਨੂੰ ਹੈ ਅਤੇ ਨਾ ਉਨ੍ਹਾਂ ਦੀ ਪੁਸ਼ਤਪਨਾਹੀ ਕਰਨ ਵਾਲੇ ਸਿਆਸੀ ਨੇਤਾਵਾਂ ਨੂੰ।