ਪੰਜਾਬ ਵਿੱਚ ਪਿਛਲੇ ਹਫਤੇ ਦੌਰਾਨ ਦੋ ਵੱਡੀਆਂ ਘਟਨਾਵਾਂ ਸਾਹਮਣੇ ਆਈਆਂ ਹਨ। ਪਹਿਲੀ ਘਟਨਾ ਜਿਸ ਬਾਰੇ ਮੈਂ ਆਪਣੀ ਹੁਣੇ ਹੋਈ ਟੀ.ਵੀ. ਵਾਰਤਾਲਾਪ ਦੌਰਾਨ ਬੋਲਿਆ ਸੀ ਕਿ ਭਾਰਤ ਦੀ ਸੁਪਰੀਮ ਕੋਰਟ ਵੱਲੋਂ ਪੰਜ ਜੱਜਾਂ ਦੇ ਬੈਂਚ ਨੇ ਇੱਕ ਸੰਵਿਧਾਨਕ ਕਾਨੂੰਨ ਬਣਾਇਆ ਹੈ ਜਿਸਦਾ ਸਿੱਧਾ ਅਸਰ ਪੰਜਾਬ ਦੇ ਨੌਜਵਾਨ ਜੋ ਸਿੱਖ ਸੰਘਰਸ਼ ਕਰਦੇ ਆਪਣੀਆਂ ਉਮਰਾਂ ਨਾਲੋਂ ਵੱਧ ਕੈਦਾਂ ਕੱਟ ਚੁੱਕੇ ਹਨ ਅਤੇ ਕੱਟ ਰਹੇ ਹਨ, ਉਨਾਂ ਲਈ ਇਸ ਫੈਸਲੇ ਨੇ ਜੋ ਕਿ ਤਿੰਨ ਤੇ ਦੋ ਜੱਜਾਂ ਦਾ ਵੰਡਿਆਂ ਹੋਇਅਾ ਫੈਸਲਾ ਸੀ, ਨੇ ਉਨਾਂ ਦੀ ਰਿਹਾਈ ਦੇ ਦਰਵਾਜੇ ਸਦਾ ਲਈ ਬੰਦ ਕਰ ਦਿੱਤੇ ਹਨ। ਇਸ ਬਾਰੇ ਸਿੱਖਾਂ ਦੀ ਮੁੱਖ ਪ੍ਰਤੀਨਿਧ ਜਮਾਤ ਸ਼੍ਰੋਮਣੀ ਅਕਾਲੀ ਦਲ ਤਾਂ ਪੂਰੀ ਤਰਾਂ ਚੁੱਪੀ ਧਾਰੀ ਬੈਠੀ ਹੈ ਜਦਕਿ ਇਹ ਫੈਸਲਾ ਜੋ ਕਨੂੰਨ ਬਣਾਉਣ ਦੇ ਰੂਪ ਵਿੱਚ ਸਾਹਮਣੇ ਆਇਆ ਹੈ ਸਿੱਧਾ-ਸਿੱਧਾ ਸ਼੍ਰੋਮਣੀ ਅਕਾਲੀ ਦਲ ਦੇ ਮੁੱਖ ਮਨੋਰਥ ਅਨੰਦਪੁਰ ਸਾਹਿਬ ਦੇ ਮਤੇ ਦੀਆਂ ਧੱਜੀਆਂ ਉਡਾ ਰਿਹਾ ਹੈ। ਅੱਜ ਫੇਰ ਕੇਂਦਰ ਸਰਕਾਰ ਵੱਲੋਂ ਸੂਬੇ ਦੀਆਂ ਸਰਕਾਰਾਂ ਤੋਂ ਹੌਲੀ-ਹੌਲੀ ਨਿਆਪਾਲਿਕਾ ਦੇ ਸਹਾਰੇ ਤੇ ਸੰਵਿਧਾਨਕ ਹੱਕ ਖੋਹੇ ਜਾ ਰਹੇ ਹਨ। ਜੋ ਕਿ ਭਾਰਤੀ ਸੰਵਿਧਾਨ ਦੇ ਵੀ ਉਲਟ ਹੈ। ਪਹਿਲਾਂ ਬਣਾਏ ਗਏ ਕਨੂੰਨਾਂ ਦੇ ਵੀ ਉੱਪਰ ਦੀ ਲੰਘਦਾ ਹੈ।
ਦੂਜੀ ਵੱਡੀ ਘਟਨਾ ਇੱਕ ਉਸ ਸ਼ਖਸ਼ ਦੀ ਜਿਸਨੂੰ ਪੁਲੀਸ ਇੰਸਪੈਕਟਰ ਪਿੰਕੀ ਕੈਂਟ ਵੱਲੋਂ ਵੀ ਜਾਣਿਆ ਜਾਂਦਾ ਹੈ। ਇਹ ਇੱਕ ਛੋਟੇ ਜਿਹੇ ਘਰ ਵਿੱਚੋਂ ਉਠਿਆ ਪੁਲੀਸ ਦਾ ਐਸ.ਪੀ.ਓ ਭਰਤੀ ਹੋਇਆ ਸੀ ਜੋ ਪੁਲੀਸ ਦਾ ਸਭ ਤੋਂ ਹੇਠਲਾ ਦਰਜਾ ਸੀ। ਜਦੋਂ ਸਿੱਖ ਸੰਘਰਸ ਆਪਣੇ ਆਪ ਨੂੰ ਲਾਮਬੰਦ ਕਰ ਰਿਹਾ ਸੀ। ਇਹ ਇੰਸਪੈਕਟਰ ਜਿਸਦਾ ਪੁਲੀਸ ਰਿਕਾਰਡ ਮੁਤਾਬਕ ਹੌਲਦਾਰ ਦਾ ਰੈਂਕ ਹੈ ਪਰ ਪਦਵੀਂ ਉਸਨੂੰ ਇੰਸਪੈਕਟਰ ਦੀ ਦਿੱਤੀ ਗਈ ਹੈ ਤੇ ਹੁਣ ਖੋਹ ਲਈ ਗਈ ਹੈ। ਕਿਉਂਕਿ ਇਸ ਉਪਰ ਕੁਝ ਸਾਲ ਪਹਿਲਾਂ ਥੋੜੀ ਜਿਹੀ ਤਕਰਾਰ ਦੌਰਾਨ ਇੱਕ ਨੌਜਵਾਨ ਦੀ ਹੱਤਿਆਂ ਦਾ ਅਰੋਪ ਸਿੱਧ ਹੋਇਆ ਸੀ ਤੇ ਇਸ ਨੂੰ ਉਮਰ ਕੈਦ ਹੋ ਗਈ ਸੀ। ਇਸਦੀ ਉਮਰ ਕੈਦ ਸਿਰਫ ਦਸ ਸਾਲ ਤੋਂ ਘੱਟ ਸਮੇਂ ਵਿੱਚ ਹੀ ਪੂਰੀ ਹੋ ਗਈ ਤੇ ਬੜੀ ਜਲਦੀ ਨਾਲ ਇਸ ਦੀਆਂ ਸਿੱਖ ਮਾਰੂ ਨੀਤੀਆਂ ਕਾਰਨ ਇਸ ਨੂੰ ਅਕਾਲੀ ਸਰਕਾਰ ਨੇ ਪਿਛਲੇ ਸਾਲ ਰਿਹਾਅ ਕਰ ਦਿੱਤਾ ਸੀ ਤੇ ਇਸ ਸਾਲ ਦੌਰਾਨ ਮੁੜ ਬਹਾਲ ਵੀ ਕਰ ਦਿੱਤਾ ਗਿਆ ਸੀ ਤੇ ਪੁਰਾਣਾ ਰੁਤਬਾ ਵੀ ਦੇ ਦਿੱਤਾ ਗਿਆ ਸੀ। ਪਰ ਦੇਸ਼ਾ ਵਿਦੇਸ਼ਾ ਤੋਂ ਸਿੱਖਾਂ ਦੇ ਰੋਹ ਅੱਗੇ ਝੁਕਦਿਆਂ ਇਸਦੀ ਬਹਾਲੀ ਦਾ ਹੁਕਮ ਵਾਪਸ ਲੈਣਾ ਪਿਆ ਤੇ ਇਸਨੂੰ ਦੁਬਾਰਾ ਸਰਵਿਸ ਵਿਚੋਂ ਕੱਢ ਦਿੱਤਾ ਗਿਆ। ਹੁਣ ਪਿਛਲੇ ਕੁਝ ਦਿਨਾਂ ਤੋਂ ਇਸਨੇ ਕੰਵਰ ਸੰਧੂ ਪੱਤਰਕਾਰ ਰਾਹੀਂ ਸਿੱਖ ਸੰਘਰਸ਼ ਦੌਰਾਨ ਆਪਣੀ ਭੂਮਿਕਾ ਤਾਂ ਦੱਸੀ ਹੀ ਹੈ ਤੇ ਉਸਨੇ ਮੰਨਿਆ ਹੈ ਕਿ ਮੈਂ ਪੰਜਾਹ ਸਿੱਖ ਨੌਜਵਾਨਾਂ ਦਾ ਕਤਲ ਕੀਤਾ ਤੇ ਉਨਾਂ ਨੂੰ ਅਣਪਛਾਤੇ ਦੱਸ ਕੇ ਜਗ੍ਹਾ-ਜਗ੍ਹਾ ਖਿਲਾਰ ਦਿੱਤਾ। ਜਿਸ ਵਜੋਂ ਇਸਨੂੰ ਬੇਸ਼ਮਾਰ ਸਰਮਾਇਆ ਦਿੱਤਾ ਗਿਆ ਜਿਸ ਕਰਕੇ ਅੱਜ ਇਹ ਅਰਬਾਂ ਰੁਪਏ ਦਾ ਮਾਲਕ ਹੈ। ਇਹ ਹੀ ਨਹੀਂ ਸਗੋਂ ਇਸ ਨੇ ਆਪਣੇ ਖੁਲਾਸੇ ਦੌਰਾਨ ਰਹਿ ਚੁੱਕੇ ਪੰਜਾਬ ਦੇ ਡੀ.ਜੀ.ਪੀ. ਸੁਮੇਧ ਸੈਣੀ ਤੋਂ ਲੈ ਕੇ ਹੋਰ ਵੱਡੇ-ਵੱਡੇ ਅਫਸਰਾਂ ਦੇ ਨਾਮ ਵੀ ਲਏ ਹਨ ਅਤੇ ਦਾਅਵੇ ਨਾਲ ਕਿਹਾ ਹੈ ਕਿ ਜਿੰਨੀ ਕਤਲੋਗੈਰਤ ਲੁੱਟ, ਖਸੁੱਟ ਪੰਜਾਬ ਵਿੱਚ ਸਿੱਖ ਸੰਘਰਸ਼ ਦੇ ਲੇਖੇ ਲਾਈ ਗਈ ਉਸ ਵਿੱਚ ਬਹੁਤ ਸਾਰੀਆਂ ਪੁਲੀਸ ਦੀਆਂ ਉੱਚ ਅਹੁਦੇ ਤੇ ਬੈਠੀਆਂ ਸ਼ਕਤੀਆਂ ਜਿਸਦੀ ਲੜੀ ਪੰਜਾਬ ਦੇ ਰਹਿ ਚੁੱਕੇ ਡੀ.ਜੀ.ਪੀ., ਕੇ.ਪੀ.ਐਸ ਗਿੱਲ ਤੱਕ ਪਹੁੰਚਦੀ ਹੈ, ਨੂੰ ਇਹ ਸ਼ਖਸ਼ ਜੁੰਮੇਵਾਰ ਠਹਿਰਾ ਰਿਹਾ ਹੈ। ਇਹ ਆਪਣੇ-ਆਪ ਨੂੰ ਇੱਕ ਪੰਜਾਬ ਪੁਲੀਸ ਦਾ ਵਫਾਦਾਰ ਸਿਪਾਹੀ ਹੋਣ ਦੇ ਨਾਤੇ ਇਨਾਂ ਸਾਰੀਆਂ ਘਿਨਾਉਣੀਆਂ ਤੇ ਦਿਲ-ਕਬਊ-ਪੁਲੀਸ ਦੀ ਅਗਵਾਈ ਤੇ ਵੱਡੇ ਅਫਸਰਾਂ ਦੀ ਰਹਿਨੁਮਾਈ ਹੇਠ ਕੀਤੀਆਂ ਕਰਤੂਤਾਂ ਤੋਂ ਆਪਣੇ ਆਪ ਨੂੰ ਪਰੇ ਰੱਖ ਰਿਹਾ ਹੈ ਕਿ ਮੈਂ ਤਾਂ ਸਿਰਫ ਹੁਕਮ ਦਾ ਪਾਬੰਦ ਸੀ। ਇਸ ਨੇ ਜੋ ਹੋਰ ਵੱਡੇ ਖੁਲਾਸੇ ਕੀਤੇ ਹਨ ਜੋ ਕਿ ਬਹੁਤ ਚਿਰ ਤੋਂ ਸਿੱਖ ਅਵਾਮ ਵਿੱਚ ਚਰਚਾ ਦਾ ਵਿਸ਼ਾ ਰਹੇ ਹਨ ਜਿਸ ਤਰਾਂ ਕਿ ਸਿੱਖ ਸੰਘਰਸ਼ ਦੇ ਅੰਦਰ ਬੜੀਆਂ ਬੈਠੀਆਂ ਕਾਲੀਆਂ ਭੇਡਾਂ ਜੋ ਕਿ ਆਪਣੇ ਆਪ ਨੂੰ ਸਿੱਖ ਸੰਘਰਸ਼ ਦਾ ਵੱਡਾ ਥੰਮ ਦੱਸਦੇ ਹੋਏ ਖਾਲਿਸਤਾਨ ਦੇ ਵੱਡੇ ਹਮਾਇਤੀ ਦਰਸਾਉਂਦੇ ਹੋਏ ਭਾਵੇਂ ਅੱਜ ਉਹ ਪੁਲੀਸ ਦੇ ਸਹਾਰੇ ਤੇ ਪੱਛਮੀ ਮੁਲਕਾਂ ਵਿੱਚ ਰਾਜਨੀਤਿਕ ਸ਼ਰਣਾਂ ਦਾ ਅਨੰਦ ਮਾਣਦੇ ਹੋਏ ਸਰਮਾਏਦਾਰ ਸਿੱਖ ਬਣੇ ਬੈਠੇ ਹਨ, ਬਾਰੇ ਵੀ ਇਸ ਸਖਸ਼ ਨੇ ਵਿਸਥਾਰ ਨਾਲ ਚਾਨਣਾ ਪਾਇਆ ਹੈ। ਦੂਜੇ ਪਾਸੇ ਇਹ ਪਿੰਕੀ ਦਾਅਵਾ ਕਰਦਾ ਹੈ ਕਿ ਮੈਂ ਕਿਸੇ ਦੇ ਸਾਹਮਣੇ ਵੀ ਆਉਣ ਤੋਂ ਘਬਰਾਉਂਦਾ ਨਹੀਂ ਤੇ ਜੋ ਮੈਂ ਕਿਹਾ ਹੈ ਜਿਸ ਬਾਰੇ ਕਿਹਾ ਹੈ, ਤੇ ਜਿਹੜੀਆਂ ਘਿਨਾਉਣੀਆਂ ਤੇ ਦਿਲ ਕੰਬਊ ਹਰਕਤਾਂ ਪੁਲੀਸ ਕੇਂਦਰਾਂ ਵਿੱਚ, ਵੱਡੇ ਪੁਲੀਸ ਅਫਸਰਾਂ ਦੀ ਨਿਗਰਾਨੀ ਹੇਠ ਹੁੰਦੀਆਂ ਰਹੀਆਂ ਜਿਨਾਂ ਵਿੱਚ ਕਤਲੋਗਾਰਤ, ਸਿੱਖ ਬੀਬੀਆਂ ਦੀ ਇੱਜਤਾਂ ਨਾਲ ਖਿਲਵਾੜ ਹੋਇਆ ਉਸ ਬਾਰੇ ਖੁੱਲੀ ਬਹਿਸ ਕਰਨ ਨੂੰ ਤਿਆਰ ਹਾਂ।
ਇਸ ਪਿੰਕੀ ਨੇ ਆਪਣੇ ਖੁਲਾਸੇ ਵਿੱਚ ਕੰਵਰ ਸੰਧੂ ਨੂੰ ਇਹ ਵੀ ਦੱਸਿਆ ਹੈ ਕਿ ਕਿਸਦੀ ਪਛਾਣ ਦੇਹੀ ਤੇ ਸਤਿਕਾਰਯੋਗ ਤੇ ਸਿੱਖ ਸੰਘਰਸ਼ ਦੇ ਹਮਾਇਤੀ ਤੇ ਮੋਢੀ ਪ੍ਰੋ: ਰਾਜਿੰਦਰਪਾਲ ਸਿੰਘ ਜੀ ਬੁਲਾਰਾ ਸ਼ਹੀਦ ਹੋਏ ਤੇ ਕਿੰਨੀ ਬੇਰਹਿਮੀ ਨਾਲ ਉਨਾਂ ਨੂੰ ਖਦੇੜਿਆ ਗਿਆ ਸ਼ਹੀਦ ਕਰਨ ਤੋਂ ਪਹਿਲਾਂ। ਅੱਜ ਅਫਸ਼ੋਸ ਦੀ ਗੱਲ ਇਹ ਵੀ ਹੈ ਕਿ ਇਸ ਸ਼ਹੀਦ ਦਾ ਪਰਿਵਾਰ ਉਸਦੀ ਕੁਰਬਾਨੀ ਸਦਕਾ ਪਾਰਲੀਮੈਂਟ ਵਿੱਚ ਤਾਂ ਪਹੁੰਚ ਗਿਆ ਪਰ ਇਸ ਖੁਲਾਸੇ ਤੋਂ ਬਾਅਦ ਵੀ ਕੰਵਰ ਸੰਧੂ ਨਾਲ ਗੱਲ ਕਰਨ ਤੋਂ ਕਤਰਾ ਰਿਹਾ ਹੈ ਤੇ ਕੋਟ-ਕਚਹਿਰੀ ਜਾਣਾ ਤਾਂ ਦੂਰ ਦੀ ਗੱਲ ਹੈ। ਇਸੇ ਤਰਾਂ ਇਸ ਪਿੰਕੀ ਨੇ ਸਿੱਖ ਸੰਘਰਸ਼ ਦੇ ਸਿਰਮੌਰ ਯੋਧੇ ਬੱਬਰ ਸ਼ਹੀਦ ਸੁਖਦੇਵ ਸਿੰਘ ਜੀ ਬਾਰੇ ਵੀ ਤੇ ਉਨਾਂ ਦੀ ਸ਼ਹੀਦੀ ਬਾਰੇ ਵਿਸਥਾਰ ਨਾਲ ਦੱਸਿਆ ਹੈ। ਇਸੇ ਤਰਾਂ ਹੋਰ ਸਿੱਖ ਸੰਘਰਸ਼ ਦੇ ਮਹਾਨ ਨਾਇਕ ਭਾਈ ਗੁਰਬਖਸ਼ ਸਿੰਘ ਨਾਗੋਕੇ, ਭਾਈ ਹਰਿਮੰਦਰ ਸਿੰਘ ਸੁਲਤਾਵਿੰਡ ਵਰਗੇ ਸ਼ਹੀਦਾਂ ਦਾ ਪੁਲੀਸ ਵੱਲੋਂ ਵੱਡੇ ਅਫਸਰਾਂ ਦੀ ਰਹਿਨਮਾਈ ਹੇਠ ਹੋਵੇ ਕਤਲਾਂ ਬਾਰੇ ਪੂਰੀ ਜਾਣਕਾਰੀ ਵੀ ਦਿੱਤੀ। ਇਸ ਪਿੰਕੀ ਨੇ ਸਿੱਖ ਕੌਮ ਦੇ ਜਿੰਦਾ ਸ਼ਹੀਦ ਤੇ ਵੀ ਮੁਖਬਰੀ ਦਾ ਇਲਜ਼ਾਮ ਪੂਰੀ ਹਿੱਕ ਠੋਕ ਕੇ ਲਾਇਆ ਹੈ। ਹੁਣ ਸਿੱਖ ਪੰਥ ਅੱਗੇ ਇੰਨਾ ਵੱਡੇ ਖੁਲਾਸਿਆਂ ਤੋਂ ਬਾਅਦ ਇੱਕ ਲੀਹ ਸਾਹਮਣੇ ਆਉਂਦੀ ਹੈ ਕਿ ਅੱਜ ਸਾਰੇ ਦਾਨਸ਼ਮੰਦ ਤੇ ਸੂਝਵਾਨ ਸਿੱਖ ਸੋਚ-ਵਿਚਾਰ ਕਰਕੇ ਵੱਡੇ ਪੱਧਰ ਤੇ ਇੰਨਾ ਖੁਲਾਸਿਆਂ ਦੇ ਅਧਾਰ ਤੇ ਇੱਕ ਲਿਖਤੀ ਮੁਹਿੰਮ ਰਾਹੀਂ ਲੱਖਾਂ ਦੀ ਤਾਦਾਦ ਵਿੱਚ ਸਿੱਖਾਂ ਤੋਂ ਪਟੀਸ਼ਨ ਤੇ ਦਸਤਖਤ ਕਰਵਾਉਣ ਜਿਸਨੂੰ ਕਿ ਪੰਜਾਬ ਵਿੱਚੋਂ ਸੰਘਰਸ਼ ਨਾਲ ਸਬੰਧਤ ਬੰਦਿਆਂ ਦੀ ਅਗਵਾਈ ਵਿੱਚ ਇਹ ਦਰਖਾਸਤ International Criminal Court ਅੱਗੇ ਕਨੂੰਨੀ ਤੌਰ ਤੇ ਦਾਇਕ ਕੀਤੀ ਜਾਵੇ ਤੇ ਅਪੀਲ ਕੀਤੀ ਜਾਵੇ ਕਿ ਸਿੱਖਾਂ ਤੇ ਹੋਏ ਭਾਰਤੀ ਫੌਜ ਤੇ ਪੁਲੀਸ ਵੱਲੋਂ ਹੋਏ ਜੰਗੀ ਅਪਰਾਧਾਂ ਦੀ ਪੜਚੋਲ ਕੀਤੀ ਜਾਵੇ।