ਪਿਛਲੇ ਹਫਤੇ ਇੱਕ ਬਹੁਤ ਹੀ ਦੁਖਦਾਈ ਖਬਰ ਆਈ ਹੈ ਕਿ ਸਿੱਖ਼ ਕੌਮ ਦੇ ਦਲੇਰ ਪੱਤਰਕਾਰ ਭਾਈ ਜਰਨੈਲ ਸਿੰਘ ਜੀ ਸਾਨੂੰ ਵਿਛੋੜਾ ਦੇ ਗਏ ਹਨ। ਭਾਈ ਜਰਨੈਲ ਸਿੰਘ ਜੀ ਦੀ ਮੌਤ ਕਰੋਨਾ ਕਾਰਨ ਹੋਈ ਦੱਸੀ ਜਾਂਦੀ ਹੈੈ। ਜਿਸ ਦਿਨ ਉਹ ਹਸਪਤਾਲ ਗਏ ਉਸ ਤੋਂ ਪਹਿਲਾਂ ਸ਼ੋਸ਼ਲ ਮੀਡੀਆ ਉੱਤੇ ਉਨ੍ਹਾਂ ਨੇ ਆਪਣੀ ਬਿਮਾਰੀ ਬਾਰੇ ਸਿੱਖ ਸੰਗਤਾਂ ਨੂੰ ਦੱਸ ਦਿੱਤਾ ਸੀ।
ਭਾਈ ਜਰਨੈਲ ਸਿੰਘ ਕੋਈ ਸਧਾਰਨ ਪੱਤਰਕਾਰ ਨਹੀ ਸਨ। ਉਹ ਕੌਮ ਦੀ ਉਸ ਪੀੜ੍ਹੀ ਦੀ ਤਰਜਮਾਨੀ ਕਰਦੇ ਸਨ ਜਿਸ ਦੀਆਂ ਅੱਖਾਂ ਸਾਹਮਣੇ 1984 ਦੇ ਕੌਮੀ ਦੁਖਾਂਤ ਵਾਪਰੇ ਸਨ। ਉਨ੍ਹਾਂ ਨੇ 1984 ਦੀ ਸਿੱਖ ਨਸਲਕੁਸ਼ੀ ਨੂੰ ਆਪਣੀਆਂ ਅੱਖਾਂ ਸਾਹਮਣੇ ਵਰਤਦੇ ਹੋਏ ਦੇਖਿਆ ਸੀ। ਪਹਿਲਾਂ ਜੂਨ ਮਹੀਨੇ ਵਿੱਚ ਅਤੇ ਫਿਰ ਨਵੰਬਰ ਮਹੀਨੇ ਵਿੱਚ। ਭਾਈ ਜਰਨੈਲ ਸਿੰਘ ਨੇ ਉਹ ਘਟਨਾਵਾਂ ਮਹਿਜ਼ ਦੇਖੀਆਂ ਹੀ ਨਹੀ ਸਨ ਬਲਕਿ ਉਨ੍ਹਾਂ ਘਟਨਾਵਾਂ ਨੇ ਸਿੱਖ ਕੌਮ ਨੂੰ ਕੀ ਸੰਦੇਸ਼ ਦਿੱਤੇ ਸਨ, ਉਨ੍ਹਾਂ ਇਹ ਵੀ ਬਹੁਤ ਬਾਰੀਕੀ ਨਾਲ ਜਾਣ ਲਿਆ ਸੀ। 1984 ਦੀਆਂ ਘਟਨਾਵਾਂ ਦੇ ਸਿੱਖ ਕੌਮ ਲਈ ਕੀ ਸੰਦੇਸ਼ ਸਨ ਅਤੇ ਇਨ੍ਹਾਂ ਲੁਕਵੇਂ ਸੰਦੇਸ਼ਾਂ ਨੂੰ ਸਮਝ ਕੇ ਸਿੱਖ ਕੌਮ ਨੇ ਕਿਸ ਕਿਸਮ ਦੇ ਫੈਸਲੇ ਲੈਣੇ ਹਨ ਭਾਈ ਜਰਨੈਲ ਸਿੰਘ ਨੇ ਉਹ ਸਾਰਾ ਕੁਝ ਬੁਝ ਲਿਆ ਸੀ।
ਇੱਕ ਪਾਸੇ ਜਿੱਥੇ ਉਹ 1984 ਦੇ ਸਿੱਖ ਕਤਲੇਆਮ ਦਾ ਅਦਾਲਤੀ ਇਨਸਾਫ ਲੈਣ ਲਈ ਪੀੜਤ ਪਰਵਾਰਾਂ ਦੀ ਮਦਦ ਕਰਦੇ ਰਹੇ ਇਸਦੇ ਨਾਲ ਹੀ ਉਨ੍ਹਾਂ ਨੇ ਕੌਮ ਲਈ ਸਦੀਵੀ ਇਨਸਾਫ ਲੈਣ ਦਾ ਰਾਹ ਵੀ ਬੁਝ ਲਿਆ ਸੀ। ਆਪ ਜੀ ਨੇ ਇੱਕ ਸਹਿਜਵਾਨ ਸਿੱਖ ਦੇ ਤੌਰ ਤੇ ਜੋ ਵੀ ਕੁਝ ਲਿਖਿਆ ਬੋਲਿਆ ਉਸ ਵਿੱਚੋਂ ਸਿੱਖਾਂ ਲਈ ਸਦੀਵੀ ਇਨਸਾਫ ਲੈਣ ਦੀ ਝਲਕ ਵਾਰ ਵਾਰ ਮਿਲ ਜਾਂਦੀ ਸੀ।
ਭਾਈ ਜਰਨੈਲ ਸਿੰਘ ਨੇ 1984 ਦੀਆਂ ਘਟਨਾਵਾਂ ਨੂੰ ਇੱਕ ਸੂਝਵਾਨ ਸਿੱਖ ਵਾਂਗ ਇਤਿਹਾਸ ਦੇ ਜ਼ੀਰੋ ਆਵਰ ਵਾਂਗ ਦੇਖਿਆ ਸੀ। ਉਸ ਦਿਨ ਤੋਂ ਸਿੱਖਾਂ ਦਾ ਭਾਰਤੀ ਹਕੂਮਤ ਨਾਲ ਨਵਾਂ ਰਿਸ਼ਤਾ ਤੈਅ ਹੋਇਆ ਸੀ। ਇਸਤੋਂ ਪਹਿਲਾਂ ਦੇ ਸਾਰੇ ਸਬੰਧ ਉਸ ਦਿਨ ਬਿਖਰ ਗਏ ਸਨ। ਉਹ ਵਾਰ ਵਾਰ ਆਪਣੇ ਭਾਸ਼ਣਾਂ ਵਿੱਚ ਅਤੇ ਲਿਖਤਾਂ ਵਿੱਚ ਇਸਦੇ ਸਪਸ਼ਟ ਅਤੇ ਕਈ ਵਾਰ ਲੁਕਵੇਂ ਇਸ਼ਾਰੇ ਕਰਦੇ ਰਹੇ।
1984 ਦੇ ਕਤਲੇਆਮ ਲਈ ਅਦਾਲਤੀ ਇਨਸਾਫ ਦੀ ਜੰਗ ਦੌਰਾਨ ਉਨ੍ਹਾਂ ਸਰਕਾਰੀ ਮਸ਼ੀਨਰੀ ਦਾ ਡਟਕੇ ਮੁਕਾਬਲਾ ਕੀਤਾ। ਜਦੋਂ ਰਾਜੀਵ ਗਾਂਧੀ ਦੇ ਪਾਲੇ ਹੋਏ ਗੁੰਡੇ ਅਤੇ ਸਰਕਾਰੀ ਅਫਸਰ ਕਤਲੇਆਮ ਪੀੜਤਾਂ ਨੂੰ ਡਰਾ ਧਮਕਾ ਰਹੇ ਸਨ, ਜਦੋਂ ਉਨ੍ਹਾਂ ਨੂੰ ਕਾਤਲਾਂ ਦੇ ਖਿਲਾਫ ਗਵਾਹੀਆਂ ਨਾ ਦੇਣ ਦੀਆਂ ਧਮਕੀਆਂ ਦਿੱਤਆਂਿ ਜਾ ਰਹੀਆਂ ਸਨ ਅਤੇ ਜਦੋਂ ਕਤਲੇਆਮ ਪੀੜਤਾਂ ਨੂੰ ਪੁਲਸ ਕੇਸਾਂ ਵਿੱਚ ਉਲਝਾ ਕੇ ਉਨ੍ਹਾਂ ਦੇ ਹੌਸਲੇ ਪਸਤ ਕਰਨ ਦੇ ਯਤਨ ਕੀਤੇ ਜਾ ਰਹੇ ਸਨ, ਉਸ ਵੇਲੇ ਭਾਈ ਜਰਨੈਲ ਸਿੰਘ ਨੇ ਆਪ ਉਸ ਜੰਗ ਵਿੱਚ ਆ ਕੇ ਪੀੜਤਾਂ ਦੀ ਮਦਦ ਕੀਤੀ।
ਸਿਸਟਮ ਵਿਰੁੱਧ ਅਜਿਹੀ ਜੰਗ ਲੜਨ ਲਈ ਬੰਦੇ ਕੋਲ ਬੁਲੰਦ ਕਿਰਦਾਰ ਦਾ ਹੋਣਾਂ ਬਹੁਤ ਜਰੂਰੀ ਹੁੰਦਾ ਹੈੈੈ। ਕਿਰਦਾਰ ਦੀ ਇਹ ਬੁਲੰਦੀ ਗੁਰਬਾਣੀ ਦੇ ਲੜ ਲੱਗਕੇ ਹੀ ਹਾਸਲ ਕੀਤੀ ਜਾ ਸਕਦੀ ਹੈੈ। ਭਾਈ ਜਰਨੈਲ ਸਿੰਘ ਨੇ ਗੁਰਬਾਣੀ ਦੇ ਰੰਗ ਵਿੱਚ ਰੰਗਕੇ ਹੀ ਕਿਰਦਾਰ ਦੀ ਇਹ ਬੁਲੰਦੀ ਹਾਸਲ ਕੀਤੀ ਸੀ। ਗੁਰਬਾਣੀ ਨਾਲ ਜੁੜੇ ਹੋਏ ਹੋਣ ਕਰਕੇ ਹੀ ਉਹ ਭਾਰਤ ਦੇ ਗ੍ਰਹਿ ਮੰਤਰੀ ਤੇ ਭਰੀ ਸਭਾ ਵਿੱਚ ਸੰਕੇਤਕ ਹਮਲਾ ਕਰਨ ਦਾ ਜਿਗਰਾ ਕਰ ਪਾਏ। ਨਹੀ ਤਾਂ ਸਧਾਰਨ ਬੰਦਾ ਆਪਣੇ ਰੋਜ਼ਗਾਰ ਦੇ ਖੁਸ ਜਾਣ ਦੇ ਝੋਰੇ ਕਾਰਨ ਹੀ ਕੋਈ ਕਦਮ ਨਹੀ ਪੁੱਟ ਸਕਦਾ। ਇੱਕ ਵੱਡੇ ਅਖਬਾਰ ਦੇ ਸੀਨੀਅਰ ਪੱਤਰਕਾਰ ਹੋਣ ਦੇ ਬਾਵਜੂਦ ਵੀ ਉਨ੍ਹਾਂ ਵਕਤ ਆਉਣ ਤੇ ਆਪਣੀ ਕੌਮ ਨਾਲ ਖੜ੍ਹਨ ਨੂੰ ਤਰਜੀਹ ਦਿੱਤੀ।
ਜਿੰਦਗੀ ਦੇ ਲੰਬੇ ਸਮੇਂ ਦੌਰਾਨ ਕਦੇ ਵੀ ਉਨ੍ਹਾਂ ਦੀ ਸ਼ਖਸ਼ੀ ਅਤੇ ਪੰਥਕ ਜਿੰਦਗੀ ਵਿੱਚ ਕੋਈ ਖੜੋਤ ਦੇਖਣ ਨੂੰ ਨਹੀ ਮਿਲੀ। ਨਹੀ ਤਾਂ ਹੁੰਦਾ ਇਹ ਹੈ ਕਿ ਲੰਬੇ ਸੰਘਰਸ਼ਾਂ ਦੌਰਾਨ ਬੰਦੇ ਥੱਕ ਜਾਂਦੇ ਹਨ ਜਾਂ ਸਿਸਟਮ ਉਨ੍ਹਾਂ ਨੂੰ ਕਈ ਪਾਸਿਆਂ ਤੋਂ ਘੇਰ ਕੇ ਚੁੱਪ ਵੱਟਕੇ ਘਰੇ ਬਹਿਣ ਲਈ ਮਜਬੂਰ ਕਰ ਦੇਂਦਾ ਹੈ ਪਰ ਆਪ ਗੁਰੂ ਦੇ ਰੰਗ ਵਿੱਚ ਰੰਗੇ ਹੋਏ ਹੋਣ ਕਰਕੇ ਹਰ ਪਲ ਆਪਣੀ ਕੌਮ ਨੂੰ ਸਮਰਪਤ ਰਹੇ।
ਕੌਮ ਨੂੰ ਅਦਾਲਤੀ ਇਨਸਾਫ ਦੇ ਨਾਲ ਨਾਲ ਕੌਮੀ ਅਤੇ ਨੈਤਿਕ ਇਨਸਾਫ ਵੀ ਮਿਲੇ, ਭਾਈ ਜਰਨੈਲ ਸਿੰਘ ਲਗਾਤਾਰ ਇਸ ਲਈ ਸ਼ੰਘਰਸ਼ਸ਼ੀਲ ਰਹੇ।
ਆਖਰ ਉਹ ਸੂਰਮਾ ਸਾਡੇ ਸਾਹਮਣੇ ਜਿੰਦਗੀ ਦੀ ਬਾਜੀ ਹਾਰ ਗਿਆ ਅਤੇ ਵਾਹਿਗੁਰੂ ਜੀ ਦੇ ਚਰਨਾ ਵਿੱਚ ਵਲੀਨ ਹੋ ਗਿਆ। ਵਾਹਿਗੁਰੂ ਜੀ ਮਾਣ ਬਖਸ਼ਣ ਅਤੇ ਤਾਣ ਬਖਸ਼ਣ ਕਿ 1984 ਦੀਆਂ ਘਟਨਾਵਾਂ ਦੇ ਸ਼ਿਕਾਰ ਹੋਏ ਗੁਰਸਿੱਖਾਂ ਨੂੰ ਭਾਈ ਜਰਨੈਲ ਸਿੰਘ ਵਾਲੇ ਰਾਹ ਤੇ ਚਲਣ ਦਾ ਬਲ ਬਖਸ਼ਣ ਅਤੇ ਭਾਈ ਜਰਨੈਲ ਸਿੰਘ ਦੀ ਆਤਮਾ ਨੂੰ ਆਪਣੇ ਚਰਨਾ ਵਿੱਚ ਨਿਵਾਸ ਬਖਸ਼ਣ।