ਭਾਵੇਂ ਉਪਰੋਂ ਵੇਖਣ ਨੂੰ ਇਸ ਵੇਲੇ ਪੰਥਕ ਸਿਆਸਤ ਕਾਫੀ ਸੁਸਤ ਅਤੇ ਗੈਰ-ਸਰਗਰਮ ਨਜ਼ਰ ਆ ਰਹੀ ਹੈ ਪਰ ਜੋ ਕੁਝ ਉਪਰੋਂ ਨਜ਼ਰ ਆ ਰਿਹਾ ਹੈ ਉਹ ਅਸਲ ਸੱਚ ਨਹੀ ਹੈ।ਇਸ ਵੇਲੇ ਪੰਥਕ ਸਿਆਸਤ ਵਿੱਚ ਭੁਚਾਲ ਵਰਗੀ ਸਥਿਤੀ ਹੈ। ਜਾਂ ਇਹ ਕਹਿ ਲਵੋਂ ਕਿ ਭੁਚਾਲ ਤੋਂ ਪਹਿਲਾਂ ਦੀ ਸਥਿਤੀ ਨਾਲ ਇਸ ਵੇਲੇ ਪੰਥਕ ਸਿਆਸਤ ਜੂਝ ਰਹੀ ਹੈ। ਪੁਰਾਣੇ ਰਿਸ਼ਤੇ ਬਹੁਤ ਵੱਡੇ ਧਮਾਕਿਆਂ ਨਾਲ ਟੁੱਟ ਸਕਦੇ ਹਨ ਅਤੇ ਨਵੇਂ ਰਿਸ਼ਤੇ ਓਨੇ ਹੀ ਵੱਡੇ ਧਮਾਕਿਆਂ ਨਾਲ ਉਸਰ ਸਕਦੇ ਹਨ। ਹਾਸ਼ੀਏ ਤੇ ਪਹੁੰਚੇ ਅਕਾਲੀ ਦਲ ਨੂੰ ਹੋਰ ਤਬਾਹ ਕਰਨ ਵਾਲੀਆਂ ਤਾਕਤਾਂ ਇੱਕਜੁੱਟ ਹੋ ਰਹੀਆਂ ਹਨ ਅਤੇ ਅਕਾਲੀ ਦਲ ਨੂੰ ਤਬਾਹੀ ਤੋਂ ਬਚਾਉਣ ਲਈ ਸੁਖਬੀਰ ਸਿੰਘ ਬਾਦਲ ਕੁਝ ਦਲੇਰਾਨਾ ਸਟੈਂਡ ਲੈਂਦੇ ਨਜ਼ਰ ਆ ਰਹੇ ਹਨ। ਗੱਲ ਸੁਖਬੀਰ ਸਿੰਘ ਬਾਦਲ ਤੋਂ ਹੁੰਦੀ ਹੋਈ ਗਿਆਨੀ ਹਰਪਰੀਤ ਸਿੰਘ, ਬੀਬੀ ਜਗੀਰ ਕੌਰ ਅਤੇ ਭਾਈ ਜਸਬੀਰ ਸਿੰਘ ਰੋਡੇ ਰਾਹੀਂ ਹੁੰਦੀ ਹੋਈ ਦਿੱਲੀ ਦੇ ਗਲਿਆਰਿਆਂ ਤੱਕ ਪਹੁੰਚ ਗਈ ਹੈ।
ਰਾਘਵ ਚੱਡਾ ਦੀ ਮੰਗਣੀ ਤੇ ਨਿੱਜੀ ਤੌਰ ਤੇ ਸ਼ਿਰਕਤ ਕਰਕੇ ਗਿਆਨੀ ਹਰਪਰੀਤ ਸਿੰਘ ਨੇ ਅਕਾਲੀ ਦਲ ਨੂੰ ਜੋ ਸੁਨੇਹਾ ਦਿੱਤਾ ਸੀ ਉਸ ਸੁਨੇਹੇ ਨੇ ਅਕਾਲੀ ਰਾਜਨੀਤੀ ਦੇ ਨਵੇਂ ਰਿਸ਼ਤੇ ਤੈਅ ਕਰਨੇ ਸ਼ੁਰੂ ਕਰ ਦਿੱਤੇ ਹਨ। ਗਿਆਨੀ ਹਰਪਰੀਤ ਸਿੰਘ ਸਪਸ਼ਟ ਰੂਪ ਵਿੱਚ ਆਖ ਰਹੇ ਹਨ ਕਿ ਰਾਘਵ ਚੱਡੇ ਦੀ ਮੰਗਣੀ ਤੇ ਜਾਣ ਦਾ ਇੱਕੋ ਇੱਕ ਮਕਸਦ ਅਕਾਲੀ ਲੀਡਰਸ਼ਿੱਪ ਨੂੰ ਇਹ ਸੁਨੇਹਾ ਦੇਣ ਦਾ ਸੀ ਕਿ ਮੈਂ ਸਿਰਫ ਤੁਹਾਡਾ ਹੀ ਗੁਲਾਮ ਨਹੀ ਹਾਂ ਬਲਕਿ ਮੇਰੇ ਮਾਲਕ ਤੁਹਾਡੇ ਤੋਂ ਉਪਰਲੇ ਅਹੁਦਿਆਂ ਤੇ ਵੀ ਬੈਠੇ ਹਨ। ਇਹ ਗੱਲ ਦੋ ਸਾਲ ਪਹਿਲਾਂ ਉਨ੍ਹਾਂ ਸਾਡੇ ਕੁਝ ਨਿੱਜੀ ਮਿੱਤਰਾਂ ਨੂੰ ਵੀ ਸਪਸ਼ਟ ਕਰ ਦਿੱਤੀ ਸੀ ਜਦੋਂ ਉਹ ਵਿਦੇਸ਼ ਆਏ ਸਨ। ਮੇਰੇ ਮਿੱਤਰਾਂ ਨੇ ਪੁੱਛਿਆ ਸੀ ਕਿ ਜਿਵੇਂ ਅਕਾਲੀ ਲੀਡਰਸ਼ਿੱਪ ਹਰ ਜਥੇਦਾਰ ਨੂੰ ਆਪਣੀਆਂ ਉਂਗਲਾਂ ਤੇ ਨਚਾਉਂਦੀ ਹੈ ਫਿਰ ਤੁਸੀਂ ਕਿੰਨੀ ਕੁ ਅਜ਼ਾਦੀ ਨਾਲ ਕੰਮ ਕਰ ਸਕੋਗੇ। ਜਥੇਦਾਰ ਸਾਹਿਬ ਨੇ ਜਵਾਬ ਦਿੱਤਾ ਸੀ ਕਿ ਜਿੰਨਾ ਅਕਾਲੀ ਦਲ ਕਮਜੋਰ ਹੋਵੇਗਾ ਓਨਾ ਹੀ ਜਥੇਦਾਰ ਮਜਬੂਤ ਹੋਵੇਗਾ। ਇਸਦੇ ਨਾਲ ਹੀ ਉਨ੍ਹਾਂ ਇਹ ਵੀ ਆਖਿਆ ਕਿ ਮੈਂ ਅਕਾਲੀ ਲੀਡਰਸ਼ਿੱਪ ਨੂੰ ਦੱਸ ਦਿੱਤਾ ਹੈ ਕਿ ਜੇ ਮੇਰੇ ਨਾਲ ਕੋਈ ਗਲਤ ਵਿਵਹਾਰ ਕਰਨ ਦੀ ਕੋਸ਼ਿਸ਼ ਕੀਤੀ ਤਾਂ ਤੁਹਾਡੇ ਤੋਂ ਉਪਰਲੇ ਸਾਡੇ ਨਾਲ ਹੱਥ ਮਿਲਾਉਣ ਲਈ ਸੁਨੇਹੇ ਭੇਜ ਰਹੇ ਹਨ। ਇਹ ਦੋ ਸਾਲ ਪਹਿਲਾਂ ਦੀ ਗੱਲ ਹੈ।
ਗਿਆਨੀ ਹਰਪਰੀਤ ਸਿੰਘ ਦੀ ਇਸ ਟਿੱਪਣੀ ਦੇ ਸੰਦਰਭ ਵਿੱਚ ਹੀ ਮੌਜੂਦਾ ਪੰਥਕ ਸਿਆਸਤ ਨੂੰ ਦੇਖਿਆ ਜਾ ਸਕਦਾ ਹੈ। ਰਾਘਵ ਚੱਡਾ ਦੀ ਮੰਗਣੀ ਤੇ ਜਾਕੇ ਜੋ ਬਗਾਵਤ ਗਿਆਨੀ ਹਰਪਰੀਤ ਸਿੰਘ ਨੇ ਕੀਤੀ ਸੀ ਉਸਦੇ ਮੱਦੇਨਜ਼ਰ ਉਨ੍ਹਾਂ ਨੂੰ ਅਹੁਦੇ ਤੋਂ ਹਟਾਉਣਾਂ ਤੈਅ ਸੀ। ਪਰ ਅਜਿਹਾ ਨਹੀ ਹੋਇਆ। ਅਕਾਲੀ ਦਲ ਤੋਂ ਉਪਰ, ਦਿੱਲੀ ਬੈਠੇ ਆਕਾ ਆਪਣੀ ਸਿਆਸਤ ਪੁਗਾ ਗਏ। ਹੁਣ ਉਹ ਜਥੇਦਾਰ ਸਾਹਿਬ ਨੂੰ ਆਪਣੇ ਲਈ ਵਰਤ ਰਹੇ ਹਨ ਇਸ ਤਰ੍ਹਾਂ ਦੀਆਂ ਖਬਰਾਂ ਹਨ।
ਜਲੰਧਰ ਦੀ ਚੋਣ ਵਿੱਚ ਤੀਜੇ ਥਾਂ ਤੇ ਆਉਣ ਤੋਂ ਬਾਅਦ ਅਕਾਲੀ ਦਲ ਵਿੱਚ, ਭਾਜਪਾ ਨਾਲ ਮੁੜ ਤੋਂ ਗੱਠਜੋੜ ਕਰਨ ਦੀ ਜੋ ਲਲਕ ਅਤੇ ਲਾਲਸਾ ਪੈਦਾ ਹੋਈ ਸੀ ਉਸਨੂੰ ਸੁਖਬੀਰ ਸਿੰਘ ਬਾਦਲ ਦੇ ਦਲੇਰਾਨਾ ਸਟੈਂਡ ਨੇ ਖਤਮ ਕਰ ਦਿੱਤਾ ਹੈ। ਇਸ ਵੇਲੇ ਸੁਖਬੀਰ ਸਿੰਘ ਬਾਦਲ ਸਪਸ਼ਟ ਸਟੈਂਡ ਲੈ ਰਹੇ ਹਨ ਕਿ ਭਾਰਤੀ ਜਨਤਾ ਪਾਰਟੀ ਨਾਲ ਕੋਈ ਗੱਠਜੋੜ ਨਹੀ ਕਰਨਾ। ਅਕਾਲੀ ਦਲ ਅਤੇ ਸਿੱਖ ਰਾਜਨੀਤੀ ਆਪਣੇ ਪੈਰਾਂ ਤੇ ਆਪ ਖੜ੍ਹੀ ਹੋਵੇਗੀ, ਕਿਸੇ ਦੀਆਂ ਵੈਸਾਖੀਆਂ ਦੇ ਸਹਾਰੇ ਨਹੀ। ਸੁਖਬੀਰ ਸਿੰਘ ਬਾਦਲ ਦਾ ਇਹ ਟਰੇਡ ਮਾਰਕ ਬਹੁਤ ਪੁਰਾਣਾਂ ਹੈ। ਜਦੋਂ ਵੀ ਉਹ ਆਪਣੇ ਖਾਸ ਮਿੱਤਰਾਂ ਦੀ ਮੰਡਲੀ ਵਿੱਚ ਬੈਠਦੇ ਸਨ ਤਾਂ ਭਾਜਪਾ ਖਿਲਾਫ ਆਪਣੀ ਜਾਤੀ ਨਫਰਤ ਦਾ ਹਮੇਸ਼ਾ ਖੁੱਲ੍ਹਕੇ ਪਰਗਟਾਵਾ ਕਰਦੇ ਸਨ। ਪਰਕਾਸ਼ ਸਿੰਘ ਬਾਦਲ ਦੀ ਫੈਸਲੇ ਲੈਣ ਦੀ ਜਿੰਮੇਵਾਰੀ ਸੁਖਬੀਰ ਸਿੰਘ ਦੇ ਇਰਾਦਿਆਂ ਨੂੰ ਬੂਰ ਨਹੀ ਸੀ ਪੈਣ ਦੇਂਦੀ। ਉਹ ਵਾਰ ਵਾਰ ਇਹ ਆਖਦੇ ਸਨ ਕਿ ਪੰਜਾਬ ਨੂੰ ਭਾਜਪਾ ਤੋਂ ਮੁਕਤ ਸਿਆਸਤ ਦੇ ਹਮਾਇਤੀ ਹਨ। ਉਹ ਇਹ ਵੀ ਆਖਦੇ ਸਨ ਕਿ ਜੇ ਸਿੱਖ ਮੇਰਾ ਸਾਥ ਦੇਣ ਤਾਂ ਮੈਂ ਭਾਜਪਾ ਦੀਆਂ ਪੰਜਾਬ ਵਿੱਚੋਂ ਛਾਲਾਂ ਚੁਕਾ ਦੇਵਾਂ। ਪਰ ਪਰਕਾਸ਼ ਸਿੰਘ ਬਾਦਲ ਦੇ ਵੱਡੇ ਕੱਦ ਨੇ ਸੁਖਬੀਰ ਸਿੰਘ ਦੇ ਸੁਪਨੇ ਪੂਰੇ ਨਹੀ ਹੋਣ ਦਿੱਤੇ। ਹੁਣ ਸੁਖਬੀਰ ਸਿੰਘ ਬਾਦਲ ਆਪਣੀ ਰਾਜਨੀਤੀ ਅੱਗੇ ਵਧਾ ਰਹੇ ਹਨ।
ਦੂਜੇ ਪਾਸੇ ਗਿਆਨੀ ਹਰਪਰੀਤ ਸਿੰਘ ਅਤੇ ਭਾਈ ਜਸਬੀਰ ਸਿੰਘ ਰੋਡੇ ਭਾਜਪਾ ਨਾਲ ਸਾਂਝ ਭਿਆਲੀ ਪਾਕੇ ਸੁਖਬੀਰ ਸਿੰਘ ਬਾਦਲ ਨੂੰ ਅਕਾਲੀ ਦਲ ਦੀ ਪਰਧਾਨਗੀ ਤੋਂ ਲਾਂਭੇ ਕਰਨ ਜਾਂ ਫਿਰ ਸੁਖਬੀਰ ਸਿੰਘ ਤੋਂ ਬਾਗੀ ਹੋਕੇ ਨਵਾਂ ਅਕਾਲੀ ਦਲ ਬਣਾਉਣ ਲਈ ਯਤਨਸ਼ੀਲ ਹਨ। ਖਬਰਾਂ ਦੱਸਦੀਆਂ ਹਨ ਕਿ ਬਿਕਰਮ ਸਿੰਘ ਮਜੀਠੀਆ ਤੋਂ ਲੈਕੇ ਵਿਰਸਾ ਸਿੰਘ ਵਲਟੋਹਾ ਤੱਕ ਸਾਰੇ ਵੱਡੇ ਲੀਡਰ ਸੁਖਬੀਰ ਸਿੰਘ ਬਾਦਲ ਦਾ ਸਾਥ ਛੱਡਕੇ ਭਾਜਪਾ ਦੀ ਅਗਵਾਈ ਹੇਠਲੇ ਅਕਾਲੀ ਦਲ ਵਿੱਚ ਜਾਣ ਲਈ ਤਿਆਰ ਹਨ। ਹਾਲੇ ਉਹ ਸੁਖਬੀਰ ਸਿੰਘ ਬਾਦਲ ਤੇ ਦਬਾਅ ਪਾ ਰਹੇ ਹਨ ਕਿ ਉ੍ਹਹ ਪਰਧਾਨਗੀ ਤੋਂ ਅਸਤੀਫਾ ਦੇ ਦੇਵੇ। ਪਰ ਸੁਖਬੀਰ ਸਿੰਘ ਬਾਦਲ ਇਨ੍ਹਾਂ ਨੂੰ ਅਕਾਲੀ ਦਲ ਦਾ ਵਜੂਦ ਖਤਮ ਕਰਨ ਵਾਲੀਆਂ ਤਾਕਤਾਂ ਆਖ ਕੇ ਇਸ ਤੋਂ ਦੂਰੀ ਬਣਾ ਕੇ ਰੱਖ ਰਹੇ ਹਨ।
ਭਾਜਪਾ ਸਿਰਫ ਅਕਾਲੀ ਦਲ ਦੀ ਲੀਡਰਸ਼ਿੱਪ ਨੂੰ ਹੀ ਬਦਲਣਾਂ ਨਹੀ ਚਾਹੁੰਦੀ ਬਲਕਿ ਉਹ ਤਾਂ ਦਮਦਮੀ ਟਕਸਾਲ ਦੇ ਮੁਖੀ ਨੂੰ ਵੀ ਤਬਦੀਲ ਕਰਨ ਦੀ ਸਿਆਸਤ ਕਰ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਭਾਈ ਜਸਬੀਰ ਸਿੰਘ ਰੋਡੇ ਨੂੰ ਜਾਂ ਅਕਾਲ ਤਖਤ ਦਾ ਜਥੇਦਾਰ ਜਾਂ ਫਿਰ ਦਮਦਮੀ ਟਕਸਾਲ ਦਾ ਮੁਖੀ ਲਗਾਇਆ ਜਾ ਸਕਦਾ ਹੈ।
ਸੁਖਬੀਰ ਸਿੰਘ ਬਾਦਲ ਨੂੰ ਪਰਧਾਨਗੀ ਤੋਂ ਲਾਹੁਣ ਵਾਲੀਆਂ ਧਿਰਾਂ ਨੂੰ ਜਦੋਂ ਅਸੀਂ ਇਹ ਪੁੱਛਿਆ ਕਿ ਸੁਖਬੀਰ ਸਿੰਘ ਦੀ ਗੈਰ-ਹਾਜ਼ਰੀ ਵਿੱਚ ਕਿਹੜਾ ਲੀਡਰ ਪੂਰੇ ਪੰਜਾਬ ਨੂੰ ਅਗਵਾਈ ਦੇਣ ਦੀ ਸਮਰੱਥਾ ਰੱਖਦਾ ਹੈ ਤਾਂ ਉਨ੍ਹਾਂ ਕੋਲ ਕੋਈ ਜਵਾਬ ਨਹੀ ਹੈ।
ਇਹ ਵੀ ਖਬਰ ਮਿਲੀ ਹੈ ਕਿ ਗਿਆਨੀ ਹਰਪਰੀਤ ਸਿੰਘ ਨੇ ਆਪਣੀਆਂ ਸਰਗਰਮੀਆਂ ਦੌਰਾਨ, ਜੇਲ੍ਹ ਵਿੱਚ ਬੰਦ ਭਾਈ ਅੰਮ੍ਰਿਤਪਾਲ ਸਿੰਘ ਨਾਲ ਵੀ ਅਸਿੱਧੇ ਤੌਰ ਵੇ ਸੰਪਰਕ ਕੀਤਾ। ਗਿਆਨੀ ਹਰਪਰੀਤ ਸਿੰਘ ਨੇ ਭਾਈ ਅੰਮ੍ਰਿਤਪਾਲ ਸਿੰਘ ਦੇ ਮਾਪਿਆਂ ਨੂੰ ਮਿਲਣ ਦੀ ਇੱਛਾ ਜਾਹਰ ਕੀਤੀ। ਉਨ੍ਹਾਂ ਇਹ ਵੀ ਪੇਸ਼ਕਸ਼ ਕੀਤੀ ਕਿ ਉਹ ਭਾਈ ਅੰਮ੍ਰਿਤਪਾਲ ਸਿੰਘ ਦੇ ਸਾਰੇ ਕੇਸ ਖਤਮ ਕਰਵਾ ਕੇ ਜੇਲ੍ਹ ਚੋਂ ਰਿਹਾ ਕਰਵਾ ਸਕਦੇ ਹਨ, ਪਰ ਸ਼ਰਤ ਹੈ ਕਿ ਉਨ੍ਹਾਂ ਨੂੰ ਇਸ ਨਵੇਂ ਉਭਰ ਰਹੇ ਗਰੁੱਪ ਨਾਲ ਚੱਲਣਾਂ ਪਵੇਗਾ। ਦੱਸਿਆ ਜਾਂਦਾ ਹੈ ਕਿ ਭਾਈ ਅੰਮ੍ਰਿਤਪਾਲ ਸਿੰਘ ਨੇ ਨਾ ਕੇਵਲ ਜਥੇਦਾਰ ਦੀ ਇਹ ਪੇਸ਼ਕਸ਼ ਠੁਕਰਾ ਦਿੱਤੀ ਬਲਕਿ ਇਹ ਵੀ ਆਖਿਆ ਕਿ ਜੇ ਜਥੇਦਾਰ ਇਸ ਦਿਸ਼ਾ ਵਿੱਚ ਅੱਗੇ ਵਧੇ ਤਾਂ ਉਹ ਜਥੇਦਾਰ ਦੇ ਖਿਲਾਫ ਬਿਆਨ ਜਾਰੀ ਕਰ ਦੇਣਗੇ।
ਇਸ ਹਾਲਾਤ ਵਿੱਚ ਪੰਥਕ ਜਜਬੇ ਨੂੰ ਸਿਧਾਂਤਕ ਅਗਵਾਈ ਦੇਣ ਵਾਲੇ ਸਿੱਖ ਵਿਦਵਾਨ ਵੀ ਸੋਚ ਰਹੇ ਹਨ ਕਿ ਭਾਜਪਾ ਦੀਆਂ ਸਿੱਖ ਪੰਥ ਦੀਆਂ ਸੰਸਥਾਵਾਂ ਵਿੱਚ ਵਧਦੀਆਂ ਸਰਗਰਮੀਆਂ ਦੇ ਮੱਦੇਨਜ਼ਰ ਕੀ ਰਣਨੀਤੀ ਬਣਾਈ ਜਾਵੇ। ਹਾਲ ਦੀ ਘੜੀ ਸੁਖਬੀਰ ਸਿੰਘ ਬਾਦਲ ਭਾਜਪਾ ਖਿਲਾਫ ਡਟੇ ਹੋਏ ਹਨ। ਪਰ ਉਹ ਕਿੰਨਾ ਚਿਰ ਡਟਦੇ ਹਨ ਇਹ ਦੇਖਣਾਂ ਹੋਵੇਗਾ। ਜੇ ਉਹ ਅਕਾਲੀ ਦਲ ਨੂੰ ਸਿੱਖੀ ਦੇ ਜਜਬੇ ਤੋਂ ਅੱਗੇ ਲਿਜਾਣ ਦੀ ਪੁਜੀਸ਼ਨ ਲੈ ਲੈਂਦੇ ਹਨ ਤਾਂ ਕੁਝ ਹਾਰਾਂ ਤੋਂ ਬਾਅਦ ਅਕਾਲੀ ਦਲ ਦੀ ਪੰਥਕ ਪੁਨਰ ਸੁਰਜੀਤੀ ਕਰ ਸਕਦੇ ਹਨ। ਅਸੀਂ ਇਹ ਗੱਲ ਨਹੀ ਭੁੱਲ ਰਹੇ ਕਿ ਸੁਖਬੀਰ ਸਿੰਘ ਬਾਦਲ ਸਿਆਸਤ ਅਤੇ ਸੱਤਾ ਦਾ ਭੁੱਖਾ ਆਗੂ ਹੈ। ਇਸ ਸਥਿਤੀ ਵਿੱਚ ਉਹ ਕੀ ਸਟੈਂਡ ਲੈਂਦੇ ਹਨ, ਇਹ ਵਕਤ ਤੈਅ ਕਰੇਗਾ।