ਸਿੱਖ ਪੰਥ ਇਸ ਵੇਲੇ ਦੋ ਪਾਸੀਂ ਹਮਲੇ ਦਾ ਸ਼ਿਕਾਰ ਹੈ। ਇੱਕ ਪਾਸੇ ਤਾਂ ਭਾਰਤ ਸਰਕਾਰ ਨੇ ਫਿਰ ਸਿੱਖਾਂ ਨੂੰ ਆਪਣੇ ਨਿਸ਼ਾਨੇ ਤੇ ਲੈ ਕੇ ਤਸ਼ੱਦਦ ਦੀ ਲਹਿਰ ਚਲਾ ਦਿੱਤੀ ਹੈ ਅਤੇ ਦੂਜੇ ਪਾਸੇ ਕੌਮ ਦੇ ਧਾਰਮਕ ਆਗੂ ਘਟੀਆ ਕਿਸਮ ਦੀ ਦੂਸ਼ਣਬਾਜ਼ੀ ਵਿੱਚ ਫਸੇ ਨਜ਼ਰ ਆ ਰਹੇ ਹਨ। ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠਲੀ ਕਾਂਗਰਸ ਸਰਕਾਰ ਨੇ, ਅਕਾਲੀ ਦਲ ਦੀਆਂ ਪੈੜਾਂ ਤੇ ਚਲਦਿਆਂ ਪੰਜਾਬ ਵਿੱਚ ਸਿੱਖ ਨੌਜਵਾਨਾਂ ਖਿਲਾਫ ਤਸ਼ੱਦਦ ਦੀ ਮੁਹਿੰਮ ਚਖਾ ਦਿੱਤੀ ਹੈ। ਪਿਛਲੇ ਕੁਝ ਦਿਨਾਂ ਤੋਂ ਬਹੁਤ ਸਾਰੇ ਸਿੱਖ ਨੌਜਵਾਨਾਂ ਨੂੰ ਫੜ ਕੇ ਘੋਰ ਤਸ਼ੱਦਦ ਕੀਤਾ ਜਾ ਰਿਹਾ ਹੈ। ਉਨ੍ਹਾਂ ਤੇ ਝੂਠੇ ਕੇਸ ਬਣਾਏ ਜਾ ਰਹੇ ਹਨ। ਪੰਜਾਬ ਪੁਲਿਸ ਨੇ ਅੰਨ੍ਹੇ ਤਸ਼ੱਦਦ ਦੇ ਸਾਰੇ ਹੱਦਾਂ ਬੰਨੇ ਤੋੜ ਦਿੱਤੇ ਹਨ। ਪਹਿਲਾਂ ਤੋਂ ਹੀ ਜੇਲ਼੍ਹਾਂ ਵਿੱਚ ਬੰਦ ਸਿੰਘਾਂ ਨੂੰ ਮੁੜ ਰਿਮਾਂਡ ਤੇ ਲਿਆ ਕੇ ਅੰਨ੍ਹੇ ਤਸ਼ੱਦਦ ਦਾ ਸ਼ਿਕਾਰ ਬਣਾਇਆ ਜਾ ਰਿਹਾ ਹੈ। ਇੱਥੇ ਹੀ ਬਸ ਪੰਜਾਬ ਦਾ ਨਵਾਂ ਸੂਬੇਦਾਰ ਆਪਣੇ ਪੁਰਾਣੇ ਜੀਵਨ ਤੋਂ ਬਿਲਕੁਲ ਮੋੜਾ ਕੱਟਕੇ ਇਸ ਵੇਲੇ ਸਿੱਖਾਂ ਖਿਲਾਫ ਚਲਾਈ ਜਾ ਰਹੀ ਮੁਹਿੰਮ ਨੂੰ ਹਿੱਕ ਥਾਪੜ ਕੇ ਜਾਇਜ ਠਹਿਰਾ ਰਿਹਾ ਹੈ। ਪੰਜਾਬ ਦੇ ਪਾਣੀਆਂ ਦਾ ਰਾਖਾ ਪੰਜਾਬ ਦਾ ਖੂਨ ਵਹਾਉਣ ਦੀਆਂ ਤਿਆਰੀਆਂ ਕਰ ਰਿਹਾ ਹੈ। ਮੁੱਖ ਮੰਤਰੀ ਬੇਅੰਤ ਸਿੰਘ ਅਤੇ ਪ੍ਰਕਾਸ਼ ਸਿੰਘ ਬਾਦਲ ਵਾਂਗ।

ਦੂਜੇ ਪਾਸੇ ਸਿੱਖਾਂ ਦੀ ਧਾਰਮਕ ਲੀਡਰਸ਼ਿੱਪ ਜੋ ਬਹੁਤ ਦੇਰ ਤੋਂ ਦੋ ਧੜਿਆਂ ਵਿੱਚ ਵੰਡੀ ਹੋਈ ਸੀ ਹੁਣ ਇੱਕ ਦੂਜੇ ਦੇ ਲਹੂ ਦੀ ਪਿਆਸੀ ਹੋਈ ਨਜ਼ਰ ਆ ਰਹੀ ਹੈ।ਦੋਵਾਂ ਧਿਰਾਂ ਵੱਲ਼ੋਂ ਇੱਕ ਦੂਜੇ ਦੇ ਖਿਲਾਫ ਸ਼ਬਦੀ ਜੰਗ ਤੇਜ਼ ਕਰ ਦਿੱਤੀ ਗਈ ਹੈ। ਤਖਤਾਂ ਦੇ ਜਥੇਦਾਰਾਂ ਨੂੰ ਸਿਰਦ ਆਪਣਾਂ ਦਾਲ ਮੰਡਾ ਚਲਾਉਣ ਦਾ ਹੀ ਫਿਕਰ ਹੈ ਉਨ੍ਹਾਂ ਲਈ ਕੌਮੀ ਦਰਦ ਅਤੇ ਕੌਮੀ ਲੀਡਰ ਦੀ ਜਿੰਮੇਵਾਰੀ ਕੋਈ ਅਰਥ ਨਹੀ ਰੱਖਦੀ। ਆਪਣੇ ਆਕਾਵਾਂ ਦੇ ਹਰ ਸਿਆਸੀ ਵਿਰੋਧੀ ਦੀ ਗਿੱਚੀ ਨੂੰ ਹੱਥ ਪਾਉਣਾਂ ਜਥੇਦਾਰਾਂ ਨੇ ਆਪਣਾਂ ਧਰਮ ਬਣਾ ਲਿਆ ਹੈ। ਕੌਮ ਦੇ ਬੱਚਿਆਂ ਦੀਆਂ ਗ੍ਰਿਫਤਾਰੀਆਂ ਅਤੇ ਉਨ੍ਹਾਂ ਤੇ ਹੁੰਦੇ ਤਸ਼ੱਦਦ ਵਿਰੁੱਧ ਕਿਸੇ ਜਥੇਦਾਰ ਨੇ ਅਵਾਜ਼ ਨਹੀ ਉਠਾਈ, ਹਾਂ ਇੱਕ ਧਾਰਮਕ ਪ੍ਰਚਾਰਕ ਨੂੰ ਮੰਦਾ ਚੰਗਾ ਜਰੂਰ ਬੋਲ ਦਿੱਤਾ ਹੈ।

ਦੂਜੇ ਪਾਸੇ ਸਿੱਖੀ ਦਾ ਪਰਚਾਰ ਕਰਨ ਦਾ ਦਾਅਵਾ ਕਰਨ ਵਾਲੇ ਦੋਹਾਂ ਧੜਿਆਂ ਵਿੱਚੋਂ ਵੀ ਕਿਸੇ ਨੇ ਸਿੱਖਾਂ ਖਿਲਾਫ ਵਿੱਢੀ ਗਈ ਤਸ਼ੱਦਦ ਦੀ ਤਾਜ਼ੀ ਮੁਹਿੰਮ ਦਾ ਕੋਈ ਨੋਟਿਸ ਨਹੀ ਲਿਆ, ਨਾ ਹੀ ਇਨ੍ਹਾਂ ਨੇ ਗ੍ਰਿਫਤਾਰ ਸਿੱਖਾਂ ਦੀ ਰਿਹਾਈ ਲਈ ਕੋਈ ਸੰਘਰਸ਼ ਕਰਨ ਦਾ ਐਲਾਨ ਹੀ ਕੀਤਾ ਹੈ।

ਇਨ੍ਹਾਂ ਨਾਲ਼ੋਂ ਤਾਂ ਚੰਗਾ ਉਹ ਨੌਜਵਾਨ ਪੰਜਾਬੀ ਗਾਇਕ ਨਿਕਲਿਆ ਜਿਸ ਨੇ ਘੱਟੋ ਘੱਟ ਸਿੱਖਾਂ ਤੇ ਹੁੰਦੇ ਤਸ਼ੱਦਦ ਵਿਰੁੱਧ ਅਵਾਜ਼ ਤਾਂ ਉਠਾ ਦਿੱਤੀ ਹੈ। ਚਾਹੀਦਾ ਤਾਂ ਇਹ ਸੀ ਕਿ ਸ੍ਰੀ ਅਕਾਲ ਤਖਤ ਸਾਹਿਬ ਤੇ ਸੇਵਾ ਨਿਭਾ ਰਹੇ ਸਿੰਘ ਬਾਕੀ ਸਿੰਘਾਂ ਨਾਲ ਸਲਾਹ ਕਰਕੇ ਸਿੱਖ ਨੌਜਵਾਨਾਂ ਤੇ ਝੂਠੇ ਕੇਸ ਪਾਉਣ ਵਿਰੁੱਧ ਪੰਜਾਬ ਸਰਕਾਰ ਖਿਲਾਫ ਕੌਮੀ ਇਕੱਠ ਬੁਲਾਉਂਦੇ ਅਤੇ ਸੰਘਰਸ਼ ਦਾ ਬਿਗਲ ਵਜਾ ਕੇ ਆਪਣਾਂ ਅਤੇ ਕੌਮ ਦਾ ਖੁਸਿਆ ਮਾਣ ਬਹਾਲ ਕਰਦੇ ਪਰ ਨਾ ਸਿੰਘ ਸਾਹਿਬਾਨ ਅਤੇ ਨਾ ਹੀ ਧਰਮ ਦਾ ਪਰਚਾਰ ਕਰਨ ਵਾਲੇ ਸੱਜਣ ਸਿੱਖ ਨੌਜਵਾਨਾਂ ਦੀਆਂ ਗ੍ਰਿਫਤਾਰੀਆਂ ਖਿਲਾਫ ਉਠੇ ਹਨ।

ਅਸੀਂ ਸਮਝਦੇ ਹਾਂ ਕਿ ਧਾਰਮਕ ਤੌਰ ਤੇ ਕੌਮ ਵਿੱਚ ਉਠਿਆ ਸੰਕਟ ਕਾਫੀ ਗੰਭੀਰ ਹੈ ਕਿਉਂਕਿ ਇਸਨੇ ਕੌਮ ਨੂੰ ਸਾਂਝੇ ਦੁਸ਼ਮਣ ਖਿਲਾਫ ਲੜਾਈ ਵਿੱਢਣ ਤੋਂ ਮੋੜ ਕੇ ਆਪਣੇ ਖਿਲਾਫ ਹੀ ਲੜਾਈ ਦੇ ਮੋਰਚੇ ਖੋਲ਼੍ਹ ਦਿੱਤੇ ਹਨ। ਜਿਸ ਵੇਲੇ ਕੌਮ ਨੂੰ ਇੱਕ ਪਰਪੱਕ ਅਤੇ ਸਿਧਾਂਤਕ ਅਗਵਾਈ ਦੀ ਲੋੜ ਹੈ ਉਸ ਵੇਲੇ ਕੌਮ ਦੇ ਧਾਰਮਕ ਰਹਿਬਰ ਬਹੁਤ ਹੀ ਨਿਗੂਣੀਆਂ ਹਰਕਤਾਂ ਵਿੱਚ ਉਲਝੇ ਹੋਏ ਹਨ। ਕੌਮੀ ਅਜ਼ਾਦੀ ਦੇ ਵੱਡੇ ਸੁਆਲ ਨੂੰ ਨਿੱਤਨੇਮ ਦੀਆਂ ਬਾਣੀਆਂ ਅਤੇ ਦਸਮ ਗਰੰਥ ਦੀ ਪਰਸੰਗਿਕਤਾ ਦੇ ਘਟੀਆ ਜਿਹੇ ਰਾਮ ਰੌਲੇ ਵਿੱਚ ਰੋਲਿਆ ਜਾ ਰਿਹਾ ਹੈ। ਕੌਮ ਦੀ ਧਾਰਮਕ ਸ਼ਕਤੀ ਜਿਸ ਵਿੱਚ ਵੱਡੇ ਇਨਕਲਾਬ ਲਿਆਉਣ ਦੀ ਸਮਰਥਾ ਹੈ ਨੂੰ ਆਪਣੀ ਨੀਵੀਂ ਚੌਧਰ ਲਈ ਵਰਤਿਆ ਜਾ ਰਿਹਾ ਹੈ।

ਅਸੀਂ ਸਮਝਦੇ ਹਾਂ ਕਿ ਇਹ ਗੁਰੂ ਦੇ ਰਾਹ ਤੋਂ ਭਟਕਣ ਵਾਲੀ ਗੱਲ ਹੈ ਅਤੇ ਨਾਲ ਹੀ ਅਜਿਹਾ ਕਰਕੇ ਕੌਮੀ ਲੀਡਰ, ਸੰਤ ਜਰਨੈਲ ਸਿੰਘ ਜੀ ਵੱਲ਼ੋਂ ਦਰਸਾਏ ਮਾਰਗ ਤੋਂ ਦੂਰ ਜਾ ਰਹੇ ਹਨ। ਸੁਨਹਿਰੇ ਕੌਮੀ ਭਵਿੱਖ ਲਈ ਗੁਰੂ ਸਾਹਿਬ ਦਾ ਰੁਹਾਨੀ ਸੰਦੇਸ਼ ਅਤੇ ਉਸ ਰੁਹਾਨੀ ਸੰਦੇਸ਼ ਤੇ ਪਹਿਰਾ ਦੇਂਦਿਆਂ, ਸੰਤ ਜਰਨੈਲ ਸਿੰਘ ਜੀ ਵੱਲ਼ੋਂ ਦਰਸਾਈ ਗੁਰਮਤ ਸੇਧ ਤੇ ਚਲਕੇ ਹੀ ਅਸੀਂ ਕੋਈ ਕੌਮੀ ਪ੍ਰਾਪਤੀ ਕਰ ਸਕਾਂਗੇ।