ਕਿਸਾਨ ਮੋਰਚੇ ਵਿੱਚੋਂ ਜਿਵੇਂ ਗਿਣ ਮਿਥ ਕੇ ਸਿੱਖ ਸਰੋਕਾਰਾਂ ਨੂੰ ਨਿੰਦਿਆ ਜਾ ਰਿਹਾ ਸੀ ਜਾਂ ਕਹਿ ਲਵੋ ਜਿਵੇਂ ਸਾਜਿਸ਼ ਤਹਿਤ ਸਿੱਖਾਂ ਖਿਲਾਫ ਨਫਰਤ ਫੈਲਾਈ ਜਾ ਰਹੀ ਸੀ ਉਸਦੇ ਚਲਦੇ ਖਾਲਸਾਈ ਰਵਾਇਤਾਂ ਦੇ ਪੈਰੋਕਾਰ ਨੌਜਵਾਨਾਂ ਵਿੱਚ ਜਿਸ ਕਿਸਮ ਦਾ ਰੋਹ ਉਤਪਨ ਹੋ ਰਿਹਾ ਸੀ ਉਸ ਰੋਹ ਦਾ ਪਰਗਟਾਵਾ ਪਿਛਲੇ ਦਿਨੀ ਮਹਿਰਾਜ ਵਾਲੀ ਰੈਲੀ ਦੌਰਾਨ ਹੋਇਆ। ਬਹੁਤ ਲੰਬੇ ਸਮੇਂ ਤੋਂ ਖੱਬੇਪੱਖੀ ਧਿਰਾਂ ਵੱਲੋਂ, ਕਿਸਾਨ ਮੋਰਚੇ ਦੀ ਏਕਤਾ ਦੀ ਆੜ ਵਿੱਚ ਸਿੱਖਾਂ ਖਿਲਾਫ ਨਫਰਤ ਭਰਪੂਰ ਬਿਆਨਬਾਜੀ ਕੀਤੀ ਜਾ ਰਹੀ ਸੀ। ਉੱਥੇ ਮੌਜੂਦ ਸਿੱਖ ਨੌਜਵਾਨਾਂ ਦੇ ਗਰੁੱਪਾਂ ਖਿਲਾਫ ਪਰਚੇ ਤੰਬੂਆਂ ਉੱਤੇ ਚਿਪਕਾਏ ਜਾ ਰਹੇ ਸਨ, ਉਨ੍ਹਾਂ ਖਿਲਾਫ ਭੱਦੀ ਸ਼ਬਦਾਵਲੀ ਬੋਲੀ ਜਾ ਰਹੀ ਸੀ ਅਤੇ ਉਨ੍ਹਾਂ ਨੂੰ ਅਹਿਸਾਸ ਕਰਵਾਇਆ ਜਾ ਰਿਹਾ ਸੀ ਕਿ ਮੋਰਚੇ ਦੇ ਚੌਧਰੀ ਤਾਂ ਖੱਬੇਪੱਖੀ ਲੀਡਰ ਹੀ ਹਨ ਸਿੱਖਾਂ ਨੂੰ ਤਾਂ ਇੱਥੇ ਲੰਗਰ ਪਕਾਉਣ ਲਈ ਹੀ ਬੁਲਾਇਆ ਗਿਆ ਹੈੈ।
ਦਰਦਮੰਦ ਸਿੱਖ ਭਾਵੇਂ ਇਸ ਘਟੀਆ ਸੋਚ ਕਾਰਨ ਦੁਖੀ ਸਨ ਪਰ ਉਹ ਮੋਰਚੇ ਦੀ ਏਕਤਾ ਅਤੇ ਅਨੁਸ਼ਾਸ਼ਨ ਦੇ ਮੱਦੇਨਜ਼ਰ ਚੁੱਪ ਰਹਿਕੇ, ਮੋਰਚੇ ਨੂੰ ਸਫਲ ਕਰਨ ਵੱਲ ਧਿਆਨ ਦੇ ਰਹੇ ਸਨ। ਕਿਸਾਨ ਲੀਡਰਸ਼ਿੱਪ ਮੋਰਚੇ ਦੇ ਹਾਣ ਦੀ ਨਹੀ ਸੀ। ਇਹ ਤਾਂ ਸਿਰਫ ਥਾਣੇ ਕਚਹਿਰੀਆਂ ਬਾਹਰ ਜਿੰਦਾਬਾਦ-ਮੁਰਦਾਬਾਦ ਕਰਨ ਵਾਲੇ ਹੀ ਲੋਕ ਸਨ। ਬਹੁਤ ਹੀ ਨੀਵੀਂ ਸੋਚ ਦੇ ਮਾਲਕ। ਪੇਂਡੂ ਰਾਜਨੀਤੀ ਦੇ ਮਾਹਰ ਲੋਕਾਂ ਨੂੰ ਇਤਿਹਾਸ ਨੇ ਜਦੋਂ ਸਾਮਰਾਜੀ ਤਾਕਤਾਂ ਖਿਲਾਫ ਲੀਡਰ ਬਣਾਕੇ ਪੇਸ਼ ਕਰ ਦਿੱਤਾ ਤਾਂ ਵੀ ਉਨ੍ਹਾਂ ਦਾ ਖਾਸਾ ਨਾ ਬਦਲਿਆ। ਉਨ੍ਹਾਂ ਨੇ ਆਪਣੇ ਬੌਣੇਪਣ ਅਤੇ ਕਮੀਨੇਪਣ ਵਿੱਚੋਂ ਇਹੋ ਹੀ ਸੋਚ ਲਿਆ ਕਿ, ਸਿੱਖ ਸਾਡੇ ਤੋਂ ਡਰ ਗਏ ਹਨ ਜਾਂ ਅਸੀਂ ਸਿੱਖਾਂ ਨੂੰ ਦਬਕਾ ਲਿਆ ਹੈੈ। ਸਿੱਖ ਪੰਥ ਕਿਸੇ ਵੱਡੇ ਕਾਰਜ ਦੇ ਮੱਦੇਨਜ਼ਰ ਚੁੱਪ ਰਹਿਣ ਵਿੱਚ ਹੀ ਭਲਾਈ ਸਮਝ ਰਿਹਾ ਸੀ। ਕਿਉਂਕਿ ਸਿੱਖ ਪੰਥ ਨੂੰ ਆਪਣੇ 30 ਸਾਲਾਂ ਦੇ ਤਜਰਬੇ ਤੋਂ ਇਹ ਗੱਲ ਭਲੀਭਾਂਤ ਪਤਾ ਸੀ ਕਿ ਸਰਕਾਰਾਂ ਕਿਵੇਂ ਕੰਮ ਕਰਦੀਆਂ ਹਨ। ਉਹ ਆਪਣੇ ਸਹਿਜ ਗੁਣ ਕਾਰਨ ਖੱਬੇਪੱਖੀਆਂ ਨਾਲ ਖਹਿਬੜਣ ਨਾਲੋਂ ਆਪਣੇ ਵੱਡੇ ਦੁਸ਼ਮਣ ਖਿਲਾਫ ਡਟਣ ਨੂੰ ਤਰਜੀਹ ਦੇ ਰਹੇ ਸਨ। ਪਰ ਪਿੰਡ ਪੱਧਰ ਦੀ ਬੌਣੀ ਲੀਡਰਸ਼ਿੱਪ ਨੂੰ ਸ਼ਾਇਦ ਇਹ ਭਰਮ ਹੋ ਗਿਆ ਸੀ ਕਿ ਉਨ੍ਹਾਂ ਨੇ ਸਿੱਖਾਂ ਨੂੰ ਦਬਕਾ ਲਿਆ ਹੈੈ। ਤਸ਼ੱਦਦ ਸਹਿੰਦੇ ਸਹਿੰਦੇ ਆਖਰ ਉਹ ਦਿਨ ਵੀ ਆ ਗਿਆ ਜਿਸ ਦਿਨ ਇਸ ਕਲੇਸ਼ ਦਾ ਸਪਸ਼ਟ ਵਖਰੇਵਾਂ ਹੋਣਾਂ ਸੀ।
23 ਫਰਵਰੀ ਵਾਲੇ ਦਿਨ ਇਤਿਹਾਸਕ ਪਿੰਡ ਮਹਿਰਾਜ ਵਿੱਚ ਹੋਇਆ ਇਕੱਠ, ਖਾਲਸਾ ਪੰਥ ਦੇ ਸੁੱਚੇ ਜਜਬਿਆਂ ਦਾ ਮੇਲਾ ਸੀ। ਇਹ ਖਾਲਸਾ ਜੀ ਦੇ ਅਣਭੋਲ ਅਰਮਾਨਾਂ ਦਾ ਜੋੜਮੇਲਾ ਸੀ। ਇਸ ਦਿਨ ਗੁਰੂ ਸਾਹਿਬ ਦਾ ਸ਼ਬਦ ਆਪ ਉਸ ਇਕੱਠ ਵਿੱਚ ਨਾਜ਼ਲ ਹੋ ਰਿਹਾ ਸੀ। ਗੁਰੂ ਸਾਹਿਬ ਨੇ ਰੁਹਾਨੀ ਜਜਬਿਆਂ ਦਾ ਦਰਿਆ ਵਗਾ ਦਿੱਤਾ ਸੀ। ਉੱਥੇ ਇਕੱਠੀ ਹੋਈ ਸੰਗਤ ਮਹਿਜ਼ ਖੇਤੀ ਕਨੂੰਨਾਂ ਨੂੰ ਰੱਦ ਕਰਵਾਉਣ ਦਾ ਜਜਬੇ ਨਾਲ ਨਹੀ ਸੀ ਆਈ ਬਲਕਿ, ਭਾਰਤ ਸਰਕਾਰ ਦੀਆਂ ਨੀਤੀਆਂ ਅਤੇ ਪੰਜਾਬ ਦੀ ਧਰਤੀ ਤੇ ਰਹਿ ਰਹੇ ਪੰਜਾਬ ਵਿਰੋਧੀਆਂ ਨੂੰ ਇੱਕ ਬਰਾਬਰ ਦਾ ਸੰਦੇਸ਼ ਦੇਣ ਆਈ ਸੀ ਕਿ ਜੇ ਪੰਜਾਬ ਜਿਉਂਦਾ ਹੈ ਤਾਂ ਸਿਰਫ ਤੇ ਸਿਰਫ ਗੁਰਾਂ ਦੇ ਨਾਅ ਤੇ ਹੀ ਜਿਉਂਦਾ ਹੈੈ।
ਇਹ ਇਕੱਠ ਉਸ ਤੁਫਾਨ ਦੀ ਤਰਜਮਾਨੀ ਕਰ ਰਿਹਾ ਸੀ ਜੋ ਖਾਲਸਾ ਪੰਥ ਆਪਣੇ ਜਿਹਨ ਵਿੱਚ ਸਮੋਈ ਬੈਠਾ ਹੈੈ। ਕੌਮੀ ਬੇਇਨਸਾਫੀਆਂ ਦਾ ਉਹ ਤੂਫਾਨ ਜੋ ਖਾਲਸਾ ਜੀ ਦੇ ਮਨ ਵਿੱਚ ਬਹੁਤ ਲੱਬੇ ਸਮੇਂ ਤੋਂ ਖੌਲ ਰਿਹਾ ਹੈ ਉਸਦਾ ਇੱਕ ਝਲਕ ਮਾਤਰ ਪਰਗਟਾਵਾ ਮਹਿਰਾਜ ਦੇ ਇਕੱਠ ਵਿੱਚ ਹੋਇਆ।
ਸਿਆਣੇ ਸਿਆਸਤਦਾਨਾਂ ਲਈ ਇਸ਼ਾਰਾ ਹੀ ਕਾਫੀ ਹੁੰਦਾ ਹੈੈ। ਕੌਮਾਂ ਜੋ ਆਪਣੇ ਦਿਲ ਵਿੱਚ ਸਮੋਈ ਬੈਠੀਆਂ ਹੁੰਦੀਆਂ ਹਨ ਉਸਦੇ ਝਲਕਾਰੇ ਇਸੇ ਤਰ੍ਹਾਂ ਹੀ ਦੇਂਦੀਆਂ ਹਨ। ਤੁਫਾਨਾਂ ਦਾ ਪਰਗਟਾਵਾ ਜੇ ਕੋਈ ਕੌਮ ਬਹੁਤ ਹੀ ਅਨੁਸ਼ਾਸ਼ਨ ਵਿੱਚ ਰਹਿ ਕੇ ਕਰ ਰਹੀ ਹੈ ਤਾਂ ਇਸਦਾ ਇੱਕ ਮਤਲਬ ਇਹ ਵੀ ਹੁੰਦਾ ਹੈ ਕਿ ਕੌਮ ਆਪਣੇ ਆਪ ਨੂੰ ਕਿਸੇ ਵੱਡੇ ਕਾਰਜ ਲਈ ਤਿਆਰ ਕਰੀ ਬੈਠੀ ਹੈ ਅਤੇ ਇਤਿਹਾਸ ਵਿੱਚ ਉਹ ਮਹਾਨ ਕਾਰਜ ਕਦੋਂ ਕੌਮ ਦੇ ਸਾਹਮਣੇ ਦਰਪੇਸ਼ ਹੋ ਜਾਵੇ ਇਸਦਾ ਪਤਾ ਵਾਹਿਗੁਰੂ ਨੂੰ ਹੀ ਹੁੰਦਾ ਹੈੈ।
ਮਹਿਰਾਜ ਦੇ ਇਕੱਠ ਨੇ ਕਿਸਾਨ ਮੋਰਚੇ ਦੀ ਬੌਣੀ ਲੀਡਰਸ਼ਿੱਪ ਨੂੰ ਕੋਈ ਸੰਦੇਸ਼ ਨਹੀ ਦਿੱਤਾ। ਜਿਹੜੇ ਵਿਸ਼ਲੇਸ਼ਕ ਮਹਿਰਾਜ ਦੇ ਇਕੱਠ ਨੂੰ ਕਿਸਾਨ ਮੋਰਚੇ ਲਈ ਕੋਈ ਚੁਣੌਤੀ ਆਦਿ ਬਾਰੇ ਕਿਆਸੇ ਲਗਾ ਰਹੇ ਹਨ ਉਹ ਇਤਿਹਾਸ ਦੇ ਵੱਡੇ ਉਥਲਪੁਥਲ ਨੂੰ ਨਹੀ ਸਮਝ ਰਹੇ। ਮਹਿਰਾਜ ਦੇ ਇਕੱਠ ਨੇ ਭਾਰਤ ਦੇ ਸੱਤਾਧਾਰੀਆਂ ਨੂੰ ਸੰਦੇਸ਼ ਦਿੱਤਾ ਹੈ ਕਿ ਸਿੱਖ ਕੌਮ ਦੀਆਂ ਰਗਾਂ ਵਿੱਚ ਹਾਲੇ ਵੀ ਬਾਬਾ ਦੀਪ ਸਿੰਘ, ਬਾਬਾ ਬੰਦਾ ਸਿੰਘ ਬਹਾਦਰ, ਭਾਈ ਮਨੀ ਸਿੰਘ ਅਤੇ ਭਾਈ ਤਾਰੂ ਸਿੰਘ ਵਰਗੇ ਸ਼ਹੀਦਾਂ ਅਤੇ ਬਹਾਦਰਾਂ ਦਾ ਖੂਨ ਦੌੜ ਰਿਹਾ ਹੈੈੈ। ਕਿਤੇ ਇਸ ਕੌਮ ਬਾਰੇ ਕੋਈ ਭੁਲੇਖਾ ਸਿਰਜਣ ਦੀ ਗਲਤੀ ਨਾ ਕਰ ਬੈਠਣਾਂ।